ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸਿਆਸਤ 'ਚ ਆਉਣ ਬਾਰੇ ਕਿਹਾ, 'ਮੈਂ ਇਸ ਨੂੰ ਰੂਲ ਆਊਟ ਨਹੀਂ ਕਰਦਾ', ਪੜ੍ਹੋ ਗੱਲਬਾਤ ਦੀਆਂ 11 ਅਹਿਮ ਗੱਲਾਂ

ਤਸਵੀਰ ਸਰੋਤ, Getty Images
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
"ਮੈਂ ਰੂਲ ਆਊਟ ਨਹੀਂ ਕਰਦਾ, ਮੈਨੂੰ ਦਿਖਦਾ ਹੈ ਕਿ ਕੁਦਰਤ ਨੇ ਕੁਝ ਕਰਨਾ ਹੈ ਅਤੇ ਮੈਂ ਇਸ ਵਿੱਚ ਬਹੁਤ ਵਿਸਵਾਸ਼ ਕਰਦਾ ਹਾਂ, ਇਸ ਵਾਰ ਲੋਕਾਂ ਵਿੱਚ ਜੋਸ਼ ਬੁਹਤ ਹੈ ਪਰ ਮੈਨੂੰ ਇਸ ਨੂੰ ਨਾਪਣ ਤੋਲਣ ਲਈ ਸਮਾਂ ਚਾਹੀਦਾ ਹੈ।'' ਇਹ ਸ਼ਬਦ ਹਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੇ।
ਰਾਜੇਵਾਲ ਕਿਸਾਨ ਅੰਦੋਲਨ ਦਾ ਚਰਚਿਤ ਚਿਹਰਾ ਹੋਣ ਦੇ ਨਾਲ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਅਹਿਮ ਆਗੂ ਵੀ ਹਨ। ਉਨ੍ਹਾਂ ਦਾ ਇਹ ਉੱਤਰ, ਆਗਾਮੀ ਚੋਣਾਂ ਵਿੱਚ ਰਾਜੇਵਾਲ ਦੀ ਰਾਜਨੀਤਿਕ ਭੂਮਿਕਾ ਦੇ ਸੰਦਰਭ ਵਿੱਚ ਬੀਬੀਸੀ ਪੰਜਾਬੀ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸੀ।
ਸਮਰਾਲਾ ਵਿਖੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨ ਅੰਦੋਲਨ ਵਿੱਚ ਮਿਲੀ ਸਫਲਤਾ ਨੂੰ ਕੁਦਰਤ ਦਾ ਕਰਿਸ਼ਮਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੋ ਕੁਝ ਹੋਇਆ ਉਹ ਕੁਦਰਤ ਨੇ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਕਦੇ-ਕਦੇ ਹੀ ਅਜਿਹਾ ਭਾਣਾ ਵਰਤਦਾ ਹੈ ਅਤੇ ਕਈ ਸਾਲਾਂ ਬਾਅਦ ਅਜਿਹਾ ਮਾਹੌਲ ਬਣਿਆ। ਇਹ ਬਿਲਕੁਲ ਓਵੇਂ ਹੈ, ਜਿਵੇਂ 1977 ਵਿੱਚ ਜੇ ਪੀ ਅੰਦੋਲਨ ਦੇ ਸਮੇਂ ਹੋਇਆ ਸੀ।
ਉਨ੍ਹਾਂ ਕਿਹਾ ਕਿ 50 ਸਾਲਾਂ ਬਾਅਦ ਲੋਕ ਰਾਜਨੀਤਿਕ ਪਾਰਟੀਆਂ ਦੇ ਵਿਛਾਏ ਜਾਲਾਂ ਵਿੱਚੋਂ ਨਿੱਕਲ ਕੇ ਆਪਣੇ ਹੱਕ ਲਈ ਲੜੇ ਹਨ ਅਤੇ ਇਹ ਮਾਹੌਲ ਕਦੇ-ਕਦੇ ਬਣਦਾ ਹੈ।
ਰਾਜਨੀਤੀ ਵਿੱਚ ਸਰਗਰਮ ਭੂਮਿਕਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਆਖਿਆ ਕਿ ਜਦੋਂ ਤੱਕ ਸਾਰੇ ਕਿਸਾਨ ਆਗੂ ਇਸ ਗੱਲ ਉੱਤੇ ਸਹਿਮਤ ਨਹੀਂ ਹੋ ਜਾਂਦੇ ਕਿ ਚੋਣਾਂ ਵਿੱਚ ਹਿੱਸਾ ਲੈਣਾ ਹੈ ਜਾਂ ਨਹੀਂ, ਉਦੋਂ ਤੱਕ ਇਸ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ, ਪਰ ਨਾਲ ਹੀ ਉਨ੍ਹਾਂ ਚੋਣਾਂ ਲੜਨ ਤੋਂ ਸਾਫ਼ ਇਨਕਾਰ ਵੀ ਨਹੀਂ ਕੀਤਾ।
ਇਹ ਵੀ ਪੜ੍ਹੋ:

ਉਨ੍ਹਾਂ ਸਪਸ਼ਟ ਕੀਤਾ ਕਿ ਜਦੋਂ ਤੱਕ ਕਿਸਾਨ ਜਥੇਬੰਦੀਆਂ ਨੂੰ ਚੋਣਾਂ ਲੜਨ ਸਬੰਧੀ ਉਨ੍ਹਾਂ ਨੂੰ ਆਦੇਸ਼ ਨਹੀਂ ਦਿੰਦੀਆਂ ਉਦੋਂ ਤੱਕ ਉਹ ਕੁਝ ਨਹੀਂ ਕਰਨਗੇ। ਜੇਕਰ ਉਹ ਆਗਿਆ ਦੇਣਗੇ ਤਾਂ ਮੈਂ ਸਭ ਨੂੰ ਨਾਲ ਲੈ ਕੇ ਜਾਵਾਂਗਾ, ਇਕੱਲਾ ਨਹੀਂ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਬਾਰੇ ਸੰਯੁਕਤ ਕਿਸਾਨ ਮੋਰਚੇ ਦਾ ਫ਼ੈਸਲਾ ਅੰਤਿਮ ਹੋਵੇਗਾ।
ਰਾਜੇਵਾਲ ਨੇ ਕਿਹਾ ਕਿ ਲੋਕਾਂ ਵਿੱਚ ਜੋਸ਼ ਹੈ ਪਰ ਮੈਨੂੰ ਇਸ ਨੂੰ ਨਾਪਣ ਅਤੇ ਤੋਲਣ ਦੇ ਲਈ ਵਕਤ ਚਾਹੀਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਚੋਣਾਂ ਦਾ ਐਲਾਨ ਹੋ ਜਾਣ ਦਿਓ, ਉਸ ਤੋਂ ਬਾਅਦ ਕਿਸਾਨ ਆਗੂ ਮੀਟਿੰਗ ਕਰ ਕੇ ਆਪਣੀ ਸਥਿਤੀ ਸਪਸ਼ਟ ਕਰ ਦੇਣਗੇ।
ਉਨ੍ਹਾਂ ਆਖਿਆ ਕਿ ਕਿਸਾਨ ਜਥੇਬੰਦੀਆਂ ਲੋਕਾਂ ਦੀ ਅਗਵਾਈ ਕਰਨ ਦੇ ਯੋਗ ਹਨ ਅਤੇ ਕੀ ਲੋਕ ਕਿਸਾਨਾਂ ਦੇ ਨਾਲ ਖੜੇ ਰਹਿਣਗੇ, ਇਹ ਇੱਕ ਸਵਾਲ ਹੈ ਇਸ ਨੂੰ ਦੇਖਣਾ ਬਹੁਤ ਜ਼ਰੂਰੀ ਵੀ ਹੈ।
ਗੱਲਬਾਤ ਦੇ ਮੁੱਖ ਬਿੰਦੂ
- ਮੈਨੂੰ ਨਹੀਂ ਲੱਗਦਾ ਪ੍ਰਧਾਨ ਮੰਤਰੀ ਆਪਣੀਆਂ ਆਖੀਆਂ ਗੱਲਾਂ ਉੱਤੇ ਖਰਾ ਉੱਤਰੇਗਾ। 2024 ਤੱਕ ਕਿਸਾਨੀ ਮੁੱਦਿਆਂ ਉੱਤੇ ਇਹ ਸਰਕਾਰ ਕੁਝ ਨਹੀਂ ਕਰੇਗੀ।
- ਫ਼ੌਜ ਨੂੰ ਦੂਜੀ ਲੜਾਈ ਲਈ ਤਿਆਰ ਕਰਨ ਤੋਂ ਪਹਿਲਾਂ ਉਸ ਨੂੰ ਰਿਚਾਰਜ ਕਰਨਾ ਜ਼ਰੂਰੀ ਹੈ। ਥੱਕੀ ਹੋਈ ਫ਼ੌਜ ਜਿੱਤ ਨਹੀਂ ਸਕਦੀ। ਅਸੀਂ ਵੱਡੀ ਜਿੱਤ ਹਾਸਲ ਕੀਤੀ ਹੈ ਜਿਸ ਦੀ ਉਦਾਹਰਨ ਪੂਰੀ ਦੁਨੀਆ ਵਿੱਚ ਨਹੀਂ ਹੈ। ਕਾਨੂੰਨ ਬਣਨ ਤੋਂ ਬਾਅਦ ਉਹ ਰੱਦ ਹੋ ਜਾਣੇ, ਇਹ ਕੋਈ ਛੋਟੀ ਗੱਲ ਨਹੀਂ ਹੈ।
- ਚੋਣਾਂ ਲਈ ਪੰਜਾਬ ਵਿੱਚ ਚੰਗੇ ਲੋਕਾਂ ਦੀ ਕਮੀ ਨਹੀਂ ਹੈ। ਜੇਕਰ ਪੰਜਾਬ ਵਿੱਚ ਬਦਲਾਅ ਆ ਗਿਆ ਤਾਂ ਪੂਰੇ ਦੇਸ਼ ਦੇ ਵਿੱਚ ਇਸ ਦਾ ਅਸਰ ਹੋਵੇਗਾ ਖਾਸ ਤੌਰ ਉਤੇ 2024 ਦੀਆਂ ਆਮ ਚੋਣਾਂ ਵਿੱਚ।
- ਪੰਜਾਬ ਦੇ ਹਾਲਤ ਬਦਲ ਰਹੇ ਹਨ, ਕੁਦਰਤ ਕੁਝ ਕਰਨਾ ਚਾਹੁੰਦੀ ਹੈ ਮੈਨੂੰ ਇੰਝ ਲੱਗ ਰਿਹਾ ਹੈ। ਲੋਕਾਂ ਵਿੱਚ ਜੋਸ਼ ਹੈ ਅਤੇ ਲੋਕ ਬਦਲਾਅ ਚਾਹੁੰਦੇ ਵੀ ਹਨ।
- ਰਾਜਨੀਤੀ ਕਾਰੋਬਾਰ ਬਣ ਗਈ ਹੈ, ਪਹਿਲਾਂ ਆਗੂ ਨਿਵੇਸ਼ ਕਰਦੇ ਹਨ ਅਤੇ ਫਿਰ ਕਮਾਈ।

ਤਸਵੀਰ ਸਰੋਤ, Getty Images
- ਪੰਜਾਬ ਦੇ ਟੋਲ ਬੈਰੀਅਰ ਉੱਤੇ ਧਰਨੇ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ।
- ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦਾ ਫ਼ੈਸਲਾ ਹੋਇਆ ਹੈ ਅੰਦੋਲਨ ਖ਼ਤਮ ਨਹੀਂ ਸਗੋਂ ਮੁਲਤਵੀ ਹੋਇਆ ਹੈ।
- ਚੋਣਾਂ ਦੇ ਐਲਾਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਆਪਣਾ ਪ੍ਰੋਗਰਾਮ ਦੇਣਗੀਆਂ।
- 26 ਜਨਵਰੀ ਦੀ ਘਟਨਾ ਨੇ ਮੈਨੂੰ ਤੋੜ ਦਿੱਤਾ ਸੀ।
- ਕਿਸਾਨ ਅੰਦੋਲਨ ਦਾ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਪ੍ਰਭਾਵ।
- ਅਸੀਂ ਹਰ ਵਾਰ ਚੋਣਾਂ ਵਿੱਚ ਕਿਸ ਰਾਜਨੀਤਿਕ ਪਾਰਟੀ ਦਾ ਸਾਥ ਦੇਣਾ ਹੈ ਇਸ ਬਾਰੇ ਬਕਾਇਦਾ ਐਲਾਨ ਕਰਦੇ ਹਾਂ, ਇਸ ਵਾਰ ਵੀ ਅਜਿਹਾ ਹੋਵੇਗਾ ਅਤੇ ਇਹ ਸਾਡਾ ਇਤਿਹਾਸ ਵੀ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














