ਪੰਜਾਬ ਚੋਣਾਂ 2022: ਭਾਜਪਾ ਦਾ ਸਿੱਖ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਕਿੰਨਾ ਲਾਹੇਵੰਦ ਹੋਵੇਗਾ

ਸਿਰਸਾ ਬਾਜਵਾ

ਤਸਵੀਰ ਸਰੋਤ, FatehJungBajwa/mssirsa/FB

ਤਸਵੀਰ ਕੈਪਸ਼ਨ, ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਦਿੱਲੀ ਤੇ ਪੰਜਾਬ ਦੇ ਦੋ ਚਿਹਰੇ- ਮਨਜਿੰਦਰ ਸਿੰਘ ਸਿਰਸਾ ਅਤੇ ਫ਼ਤਹਿ ਜੰਗ ਬਜਾਵਾ
    • ਲੇਖਕ, ਗੁਰਕਿਰਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਭਗ ਇੱਕ ਸਾਲ ਤੱਕ ਚੱਲੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਵਿੱਚ ਭਾਜਪਾ ਖਿਲਾਫ਼ ਇੱਕ ਵੱਡੀ ਲਹਿਰ ਵੇਖਣ ਨੂੰ ਮਿਲੀ ਹੈ।

ਇਸ ਅੰਦੋਲਨ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਮੋਹਰੀ ਭੂਮਿਕਾ ਵਿੱਚ ਸਨ। ਪੰਜਾਬ ਅਤੇ ਹਰਿਆਣਾ ਵਿੱਚ ਅਤੇ ਕਈ ਥਾਂਈਂ ਪੱਛਮੀ ਯੂਪੀ ਵਿੱਚ ਵੀ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਰੋਹ ਨੂੰ ਸਹਿਣ ਕਰਨਾ ਪਿਆ।

ਹਾਲਾਂਕਿ ਦੇਖਣ ਵਿੱਚ ਆ ਰਿਹਾ ਹੈ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ ਅਤੇ ਉਸ ਤੋਂ ਕੁਝ ਸਮਾਂ ਪਹਿਲਾਂ ਤੋਂ ਭਾਜਪਾ ਪੰਜਾਬ ਵਿੱਚ ਆਪਣੀਆਂ ਸਿਆਸੀ ਫ਼ਸੀਲਾਂ ਨੂੰ ਮਜ਼ਬੂਤ ਕਰ ਰਹੀ ਹੈ।

ਇਸੇ ਰਣਨੀਤੀ ਦੇ ਤਹਿਤ ਪਾਰਟੀ ਦਿਨੋਂ ਦਿਨ ਸਿੱਖ ਆਗੂਆਂ ਨੂੰ ਆਪਣੇ ਵਿੱਚ ਸ਼ਾਮਲ ਕਰ ਰਹੀ ਹੈ ਜਾਂ ਪੰਥਕ ਆਗੂਆਂ ਦੇ ਬਿਆਨਾਂ ਰਾਹੀਂ ਉਨ੍ਹਾਂ ਦੀ ਹਮਾਇਤ ਹਾਸਲ ਕਰ ਰਹੀ ਹੈ।

ਕੀ ਇਹ ਰਣਨੀਤੀ ਭਾਜਪਾ ਲਈ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਲਾਹੇਵੰਦ ਸਾਬਤ ਹੋਵੇਗੀ? ਉਸ ਤੋਂ ਵੀ ਪਹਿਲਾ ਸਵਾਲ ਇਹ ਹੈ ਕਿ ਭਾਜਪਾ ਅਜਿਹਾ ਕਰਕੇ ਸਾਬਤ ਕੀ ਕਰਨਾ ਚਾਹੁੰਦੀ ਹੈ?

ਇਹ ਪਹਿਲੀ ਵਾਰ ਹੈ ਕਿ ਭਾਜਪਾ ਇਕੱਲਿਆਂ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ 80 ਸੀਟਾਂ ਉੱਪਰ ਆਪਣੇ ਉਮੀਦਵਾਰ ਖੜ੍ਹੇ ਕਰ ਰਹੀ ਹੈ। ਸਾਲ 2017 ਵਿੱਚ ਪਾਰਟੀ ਨੇ 23 ਸੀਟਾਂ ਲੜੀਆਂ ਸਨ ਅਤੇ ਮੌਜੂਦਾ ਵਿਧਾਨ ਸਭਾ ਵਿੱਚ ਉਸ ਦੇ ਦੋ ਵਿਧਾਇਕ ਹਨ।

ਇਹ ਵੀ ਪੜ੍ਹੋ:

ਭਾਜਪਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮਰਹੂਮ ਅਕਾਲੀ ਆਗੂ ਗੁਰਚਰਣ ਸਿੰਘ ਟੌਹੜਾ ਦੇ ਪੋਤੇ ਕੰਵਰਵੀਰ ਸਿੰਘ ਟੌਹੜਾ ਭਾਜਪਾ ਵਿੱਚ ਸ਼ਾਮਲ ਹੋਣ ਸਮੇਂ

ਭਾਜਪਾ ਵਿੱਚ ਸ਼ਾਮਲ ਹੋਏ ਸਿੱਖ ਚਿਹਰੇ

ਭਾਜਪਾ ਇੱਕ ਕੌਮੀ ਪਾਰਟੀ ਹੈ ਜਿਸ ਦੇ ਬਹੁਗਿਣਤੀ ਮੈਂਬਰ ਹਿੰਦੂਭਾਈਚਾਰੇ ਤੋਂ ਹਨ। ਹਾਲਾਂਕਿ ਇਸ ਵਿੱਚ ਕੁਝ ਇੱਕ ਆਗੂ ਹੋਰ ਧਰਮਾਂ ਦੇ ਵੀ ਹਨ। ਇਸ ਪਾਰਟੀ ’ਤੇ ਆਰਐਸਐਸ ਦੀ ਸਿਆਸੀ ਵਿਚਾਰਧਾਰਾ ਦਾ ਅਸਰ ਸਾਫ਼ ਵੇਖਣ ਨੂੰ ਮਿਲਦਾ ਹੈ।

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਭਾਜਪਾ ਦਾ ਇੱਕ ਸਿੱਖ ਚਿਹਰਾ ਹਨ ਜੋ ਇਸ ਵੇਲੇ ਕੇਂਦਰੀ ਵਜ਼ਾਰਤ ਵਿੱਚ ਮੰਤਰੀ ਵੀ ਹਨ। ਖ਼ੈਰ ਪਾਰਟੀ ਨੇ ਪੰਜਾਬ ਦੇ ਸਿੱਖ ਹਲਕਿਆਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਹਾਲ ਹੀ ਵਿੱਚ ਕਈ ਹੋਰ ਸਿੱਖ ਚਿਹਰਿਆਂ ਨੂੰ ਆਪਣੇ ਨਾਲ ਸ਼ਾਮਲ ਕੀਤਾ ਹੈ।

  • ਸਿਲਸਿਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਸ਼ੁਰੂ ਹੋਇਆ। ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਦਾ ਦਿੱਲੀ ਵਿੱਚ ਇੱਕ ਵੱਡਾ ਚਿਹਰਾ ਸਨ। ਸਿੱਖ ਮਸਲਿਆਂ ’ਤੇ ਉਹ ਖਾਸ ਤੌਰ ’ਤੇ ਸਰਗਰਮ ਨਜ਼ਰ ਆਉਂਦੇ ਹਨ।
  • ਹਾਲ ਫ਼ਿਲਹਾਲ ਵਿੱਚ ਪ੍ਰਤਾਪ ਬਾਜਵਾ ਦੇ ਭਰਾ ਤੇ ਕਾਦੀਆਂ ਤੋਂ ਵਿਧਾਇਕ ਫ਼ਤਹਿਜੰਗ ਬਾਜਵਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ।
  • ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੋਗਿੰਦਰ ਜਸਵੰਤ ਸਿੰਘ ਜਿਨ੍ਹਾਂ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਾਕਾਮ ਚੁਣੌਤੀ ਦਿੱਤੀ ਸੀ, ਉਹ ਭਾਜਪਾ ਦੀ ਬੱਸ ਵਿੱਚ ਸਵਾਰ ਹੋ ਚੁੱਕੇ ਹਨ।
  • ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ਅਡਵਾਈਜ਼ਰ ਅਤੇ ਦਮਦਮੀ ਟਕਸਾਲ ਦੇ ਬੁਲਾਰੇ ਪ੍ਰੋਫ਼ੈਸਰ ਸਰਚੰਦ ਸਿੰਘ ਭਾਜਪਾ ਦਾ ਪੱਲਾ ਫੜ ਚੁੱਕੇ ਹਨ।
  • ਹਰਿੰਦਰ ਸਿੰਘ ਕਾਹਲੋਂ ਜੋ ਕਦੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਖੀ ਹੁੰਦੇ ਸਨ, ਉਹ ਵੀ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ।
  • ਦਮਦਮੀ ਟਕਸਾਲ ਦੇ ਬੁਲਾਰੇ ਸਰਚੰਦ ਸਿੰਘ ਭੰਗੂ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਤੇ ਸਤਵੰਤ ਸਿੰਘ ਮੋਹੀ, ਮਰਹੂਮ ਅਕਾਲੀ ਆਗੂ ਗੁਰਚਰਨ ਸਿੰਘ ਟੌਹੜਾ ਦੇ ਪੋਤੇ ਕੰਵਰਵੀਰ ਸਿੰਘ ਟੌਹੜਾ ਵੀ ਇਸ ਲਿਸਟ ਵਿੱਚ ਸ਼ਾਮਿਲ ਹਨ।
  • ਉਸ ਤੋਂ ਬਾਅਦ ਜਦੋਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤਾ ਤਾਂ ਉਹ ਭਾਜਪਾ ਦੇ ਨਾਲ ਖੜ੍ਹੇ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਤੇ ਉਨ੍ਹਾਂ ਨੇ ਭਾਜਪਾ ਨਾਲ ਸਮਝੌਤਾ ਹੈ।
  • ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਭਾਜਪਾ ਨਾਲ ਚੋਣ ਸਮਝੌਤੇ ਵਿੱਚ ਹਨ।
ਮੋਦੀ

ਤਸਵੀਰ ਸਰੋਤ, NARENDRA MODI/TWITTER

ਸਿਆਸਤ: 'ਧਰਮ ਕੀ ਜੀਤ ਤੋਂ ਜੀਤ ਹੀ ਧਰਮ'

ਸਿਆਸੀ ਮਾਮਲਿਆਂ ਦੇ ਜਾਣਕਾਰ ਡਾ. ਪ੍ਰਮੋਦ ਕੁਮਾਰ ਦਾ ਕਹਿਣਾ ਹੈ ਕਿ ਅਸਲ ਵਿੱਚ ਇਸ ਨੂੰ ਇਸ ਤਰ੍ਹਾਂ ਨਹੀਂ ਦੇਖਿਆ ਜਾਣਾ ਚਾਹੀਦਾ ਕਿ ਸਿੱਖ ਸਿਆਸਤਦਾਨ ਭਾਜਪਾ ਵਿੱਚ ਜਾ ਰਹੇ ਹਨ ਸਗੋਂ ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ''ਸਿਆਸੀ ਪਾਰਟੀਆਂ ਧਰਮਸ਼ਾਲਾਵਾਂ ਬਣ ਗਈਆਂ ਹਨ ਜਿਨ੍ਹਾਂ ਦਾ ਕੋਈ ਦਰਵਾਜ਼ਾ ਨਹੀਂ ਹੈ। ਭਾਵੇਂ ਜਿੱਧਰੋਂ ਕੋਈ ਆ ਜਾਵੇ ਅਤੇ ਜਿੱਧਰੋਂ ਮਨ ਕਰੇ ਨਿਕਲ ਜਾਵੇ।''

ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਡੀ ਸਿਆਸਤ ਦਾ ਨਿਘਾਰ ਹੋ ਚੁੱਕਿਆ ਹੈ ਅਤੇ ਵਿਚਾਰਧਾਰਕ ਵਖਰੇਵੇਂ ਖ਼ਤਮ ਹੋ ਚੁੱਕੇ ਹਨ। ਸਿਆਸਤਦਨਾਂ ਦਾ ਪਾਰਟੀਆਂ ਬਦਲਣਾ ਇੱਕ ਨਿਊ ਨਾਰਮਲ ਬਣ ਚੁੱਕਿਆ ਹੈ।''

“ਲੋਕਤੰਤਰ ਹੈ ਪਰ ਇਸ ਵਿੱਚ ਚੋਣਾਂ ਹੀ ਸ਼੍ਰੋਮਣੀ ਬਣ ਚੁੱਕੀਆਂ ਹਨ। ਸਿਆਸਤਦਾਨ ਜਿੱਥੇ ਪਹਿਲਾਂ ਕਹਿੰਦੇ ਸਨ ਕਿ ਧਰਮ ਕੀ ਜੀਤ ਹੁਣ ਜੀਤ ਹੀ ਧਰਮ ਉਨ੍ਹਾਂ ਦਾ ਨਾਅਰਾ ਬਣ ਚੁੱਕਿਆ ਹੈ।''

ਭਾਜਪਾ ਦੇ ਸਿੱਖ ਵਿਰੋਧੀ ਹੋਣ ਦੇ ਪ੍ਰਚੱਲਿਤ ਬਿਰਤਾਂਤ ਨੂੰ ਸਪਸ਼ਟ ਕਰਦੇ ਹੋਏ ਡਾ. ਪ੍ਰਮੋਦ ਨੇ ਕਿਹਾ, “ਭਾਜਪਾ ਨੂੰ ਮੁਸਲਮਾਨ ਵਿਰੋਧੀ ਪਾਰਟੀ ਤਾਂ ਮੰਨ ਸਕਦਾ ਹਾਂ ਪਰ ਸਿੱਖਾਂ ਲਈ ਤਾਂ ਘੱਟੋ-ਘੱਟ ਭਾਜਪਾ ਦੇ ਆਗੂ ਅਜਿਹਾ ਦਾਅਵਾ ਨਹੀਂ ਕਰਦੇ।”

ਇਹ ਵੀ ਪੜ੍ਹੋ:

ਡਾ਼ ਪ੍ਰਮੋਦ
ਤਸਵੀਰ ਕੈਪਸ਼ਨ, ਡਾ. ਪ੍ਰਮੋਦ ਦਾ ਕਹਿਣਾ ਹੈ ਕਿ ਇਸ ਘਟਨਾਕ੍ਰਮ ਨੂੰ ਸਿਆਸਤ ਦੇ ਸਮੁੱਚੇ ਨਿਘਾਰ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਜਿੱਤ ਸਕਣ ਦੀ ਯੋਗਤਾ ਹੀ ਪ੍ਰਮੁੱਖਤਾ ਧਾਰਨ ਕਰ ਗਈ ਹੈ

“ਸਗੋਂ ਇਤਿਹਾਸਕ ਤੌਰ 'ਤੇ ਦੇਖਿਆ ਜਾਵੇ ਤਾਂ 1971 ਵਿੱਚ ਭਾਜਪਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਵਸਨੀਕਾਂ ਨੂੰ ਸਮੇਤ ਹਿੰਦੂਆਂ ਦੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਵਾਉਣੀ ਚਾਹੀਦੀ ਹੈ।”

“ਫਿਰ 1997 ਵਿੱਚ ਮੋਗਾ ਐਲਾਨ ਵਿੱਚ ਕਿਹਾ ਗਿਆ ਕਿ ਜੇ ਪੰਜਾਬ ਨਾਲ ਕੋਈ ਧੱਕਾ ਹੁੰਦਾ ਹੈ ਤਾਂ ਉਹ ਸਿਰਫ਼ ਸਿੱਖਾਂ ਨਾਲ ਧੱਕਾ ਨਹੀਂ ਸਮਝਿਆ ਜਾਣਾ ਚਾਹੀਦਾ ਸਗੋਂ ਉਹ ਸਮੁੱਚੇ ਪੰਜਾਬੀਆਂ ਨਾਲ ਧੱਕਾ ਹੈ, ਜਿਨ੍ਹਾਂ ਵਿੱਚ ਹਿੰਦੂ ਵੀ ਸ਼ਾਮਲ ਹਨ।”

ਤੀਜੇ ਨੁਕਤੇ ਵਜੋਂ ਡਾ. ਪ੍ਰਮੋਦ ਕੁਮਾਰ ਦੱਸਦੇ ਹਨ,''ਭਾਜਪਾ ਦਾਅਵਾ ਕਰਦੀ ਹੈ ਕਿ ਭਾਵੇਂ ਆਪਰੇਸ਼ਨ ਬਲਿਊ ਸਟਾਰ ਹੋਵੇ ਜਾਂ ਦਿੱਲੀ ਦੇ ਦੰਗੇ ਉਹ ਤਾਂ ਕਾਂਗਰਸ ਨੇ ਕਰਵਾਏ ਸਨ। ਸਾਡਾ ਇਸ ਵਿੱਚ ਕੋਈ ਹੱਥ ਨਹੀਂ ਸੀ। ਸਗੋਂ ਅਸੀਂ ਤਾਂ ਇਨਸਾਫ਼ ਲਈ ਸਿੱਖਾਂ ਦੇ ਨਾਲ ਮਿਲ ਕੇ ਕੰਮ ਕੀਤਾ ਹੈ।''

“ਇਸ ਤੋਂ ਇਲਾਵਾ ਆਰਐੱਸਐੱਸ ਦੇ ਨਾਗਪੁਰ ਸਥਿਤ ਮੁੱਖ ਦਫ਼ਤਰ ਵਿੱਚ ਜੋ ਤਿੰਨ ਤਸਵੀਰਾਂ ਲੱਗੀਆਂ ਹਨ ਉਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਵੀ ਸ਼ਾਮਲ ਹੈ।”

“ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਪੰਥਕ ਸਿਆਸਤ ਤੇ ਭਾਜਪਾ ਵਿੱਚ ਸਭ ਚੰਗਾ ਹੈ। ਇੱਕ ਵਖਰਵੇਂ ਵਾਲੀ ਲਾਈਨ ਇਹ ਹੈ ਕਿ, ਭਾਜਪਾ ਸੰਵਿਧਾਨ ਦੇ ਆਰਟੀਕਲ 25 ਦਾ ਹਵਾਲਾ ਦੇ ਕੇ ਕਹਿੰਦੀ ਹੈ ਕਿ ਸਿੱਖ ਹਿੰਦੂਆਂ ਦਾ ਹੀ ਇੱਕ ਹਿੱਸਾ ਹਨ।''

ਮਨਜਿੰਦਰ ਸਿੰਘ ਸਿਰਸਾ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਮਕਸਦ ਰਵਾਇਤੀ ਹਿੰਦੂ-ਸਿੱਖ ਏਕਤਾ ਨੂੰ ਮੁੜ ਬਹਾਲ ਕਰਾਉਣਾ ਅਤੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਵਾਉਣਾ ਹੈ।

''ਜਦਕਿ ਸਿੱਖਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਕਿ ਅਸੀਂ ਹਿੰਦੂ ਧਰਮ ਦਾ ਹਿੱਸਾ ਨਹੀਂ ਹਾਂ ਸਗੋਂ ਵੱਖਰੇ ਹਾਂ।''

“ਇਸ ਤੋਂ ਇਲਾਵਾ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਦੌਰਾਨ ਇਹ ਸੰਵਾਦ ਬਣਿਆ ਕਿ ਇਹ ਖੇਤੀ ਕਾਨੂੰਨ ਸਿੱਖਾਂ ਦੇ ਖ਼ਿਲਾਫ਼ ਹਨ ਜਦਕਿ ਉਹ ਮਹਿਜ਼ ਖੇਤੀ ਦੀ ਕਾਰੋਪਰੇਟਾਈਜ਼ੇਸ਼ਨ ਦਾ ਮੁੱਦਾ ਸੀ, ਜਿਸ ਬਾਰੇ ਕਾਂਗਰਸ ਵੀ ਸਹਿਮਤ ਹੈ ਤੇ ਭਾਜਪਾ ਵੀ।''

ਭਾਜਪਾ ਨੂੰ ਇਨ੍ਹਾਂ ਸਿੱਖ ਚਿਹਰਿਆਂ ਦਾ ਕਿੰਨਾ ਕੁ ਫ਼ਾਇਦਾ ਪਹੁੰਚੇਗਾ ਜਾਂ ਉਸ ਦੇ ਅਧਾਰ ਵਿੱਚ ਕਿੰਨਾ ਵਾਧਾ ਹੋਵੇਗਾ?

ਇਸ ਬਾਰੇ ਡਾ਼ ਪ੍ਰਮੋਦ ਕੁਮਾਰ ਕਹਿੰਦੇ ਹਨ, ''ਦੁਕਾਨ ਵਿੱਚ ਹਰ ਕੋਈ ਅਜਿਹਾ ਸਮਾਨ ਰੱਖਣਾ ਚਾਹੁੰਦਾ ਹੈ ਜਿਸ ਨੂੰ ਵੋਟਰ ਖ਼ਰੀਦ ਲਵੇ ਪਰ ਵੋਟਰ ਕਿਸ ਨੂੰ ਖ਼ਰੀਦੇਗਾ ਜਾਂ ਕਿਸ ਨੂੰ ਨਹੀਂ, ਇਸ ਬਾਰੇ ਕੁਝ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ।''

''ਸਾਰੀਆਂ ਪਾਰਟੀਆਂ ਦਾ ਮਕਸਦ ਇੱਕੋ ਹੈ ਕਿ ਚੋਣਾਂ ਕਿਵੇਂ ਜਿੱਤੀਆਂ ਜਾਣ''। ਉਹ ਇੱਕ ਹੋਰ ਸਵਾਲ ਚੁੱਕਦੇ ਹਨ, ''ਸਿਆਸੀ ਪਾਰਟੀਆਂ ਵੋਟਰਾਂ ਨੂੰ ਇੱਕ ਪੋਸਟ ਡੇਟਡ ਚੈਕ ਦੇ ਦਿੰਦੀਆਂ ਹਨ ਕਿ ਸਾਨੂੰ ਵੋਟ ਪਾ ਦਿਓ ਅਤੇ ਸਟੇਟ ਤੁਹਾਨੂੰ ਦੋ ਹਜ਼ਾਰ ਰੁਪਏ ਦੇਵੇਗੀ।''

ਡਾ. ਪ੍ਰਮੋਦ ਦੱਸਦੇ ਮੁਤਾਬਕ ਇਸ ਨੂੰ ਤਾਂ, ''ਪਾਰਟੀਆਂ ਦੇ ਚੋਣ ਖ਼ਰਚੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸਰਕਾਰ/ਸਟੇਟ ਦਾ ਕੰਮ ਥੋੜ੍ਹੇ ਹੈ ਇਨ੍ਹਾਂ ਦੀਆਂ ਚੋਣਾਂ ਨੂੰ ਫੰਡ ਕਰਨਾ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

'ਮੌਕਾਪ੍ਰਸਤ ਲੋਕ ਜਾ ਰਹੇ ਹਨ ਕੋਰ ਵੋਟਰ ਨੂੰ ਫਰਕ ਨਹੀਂ ਪੈਣਾ'

ਅਜ਼ਾਦੀ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਇਹ ਚਲਣ ਰਿਹਾ ਹੈ ਕਿ ਅਕਾਲੀ ਅਤੇ ਕਾਂਗਰਸੀ ਆਗੂ ਆਪਸ ਵਿੱਚ ਪਾਰਟੀਆਂ ਬਦਲਦੇ ਰਹਿੰਦੇ ਸਨ ਅਤੇ ਇਸ ਨੂੰ ਕੋਈ ਮੁੱਦਾ ਨਹੀਂ ਸਮਝਿਆ ਜਾਂਦਾ ਸੀ।

ਇਸ ਵਿੱਚ ਸਮੇਂ ਨਾਲ ਬਦਲਾਅ ਆਇਆ ਅਤੇ ਆਪਰੇਸ਼ਨ ਬਲਿਊ ਸਟਾਰ ਦੀ ਘਟਨਾ ਤੋਂ ਬਾਅਦ ਅਕਾਲੀ ਸਿਆਸਤ ਕਰਨ ਵਾਲਿਆਂ ਵਿੱਚ ਕਾਂਗਰਸ ਵੱਲ ਜਾਣ ਦਾ ਰੁਝਾਨ ਘਟਿਆ।

ਕਿਰਨਜੋਤ ਕੌਰ

ਤਸਵੀਰ ਸਰੋਤ, KIRANJOT KAUR/FACEBOOK

ਤਸਵੀਰ ਕੈਪਸ਼ਨ, ਕਿਰਨਜੋਤ ਕੌਰ ਮੁਤਾਬਕ ਜੋ ਲੋਕ ਬੀਜੇਪੀ ਵਿੱਚ ਗਏ ਹਨ ਉਹ ਸਿੱਖ ਸੋਚ ਛੱਡ ਨੂੰ ਛੱਡ ਕੇ ਇੱਕ ਨਵੀਂ ਸੋਚ ਅਤੇ ਨਵੀਂ ਪਛਾਣ ਲੈ ਕੇ ਬੀਜੇਪੀ ਵਿੱਚ ਗਏ ਹਨ

ਐਸਜੀਪੀਸੀ ਮੈਂਬਰ ਕਿਰਨਜੋਤ ਕੌਰ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, ''ਜਦਕਿ ਉਸ ਤੋਂ ਪਹਿਲਾਂ ਸਿੱਖਾਂ ਦੀ ਸਮਾਜਿਕ, ਸਿਆਸੀ ਤੇ ਧਾਰਮਿਕ ਜਥੇਬੰਦੀ ਅਕਾਲੀ ਦਲ ਸੀ ਪਰ ਜਦੋਂ ਇਸ ਦੀ 75ਵੀਂ ਵਰ੍ਹੇਗੰਢ ’ਤੇ ਇਸ ਨੂੰ ਇੱਕ ਸੈਕੂਲਰ ਰੂਪ ਦੇ ਦਿੱਤਾ ਗਿਆ ਤਾਂ ਇਹ ਨਿਰੋਲ ਸਿੱਖ ਪਾਰਟੀ ਨਹੀਂ ਰਹਿ ਗਈ।''

ਹੁਣ ਜੋ ਕੁਝ ਨਜ਼ਰ ਆ ਰਿਹਾ ਹੈ ਇਹ ਉਸ ਤੋਂ ਬਾਅਦ ਦੇ 25 ਸਾਲਾਂ ਦੌਰਾਨ ਆਏ ਬਦਲਾਵਾਂ ਦਾ ਸਿੱਟਾ ਹੈ। ਕਿਰਨਜੋਤ ਕੌਰ ਕਹਿੰਦੇ ਹਨ, ''ਇਹ ਸਿਆਸਤਦਾਨਾਂ ਦੀ ਚੌਧਰ ਦੀ ਭੁੱਖ ਹੁੰਦੀ ਹੈ ਜੋ ਉਨ੍ਹਾਂ ਨੂੰ ਲੈ ਕੇ ਜਾਂਦੀ ਹੈ। ਜਦੋਂ ਤੁਸੀਂ ਸਿਧਾਂਤ ਨੂੰ ਛੱਡ ਜਾਂਦੇ ਹੋ ਤਾਂ ਤੁਹਾਡੀ ਦਿਲਚਸਪੀ ਕੁਝ ਹੋਰ ਹੋ ਜਾਂਦੀ ਹੈ। ਪਾਵਰ ਪੌਲਿਟਿਕਸ ਵਿੱਚ ਪਾਵਰ ਹੀ ਮੁੱਖ ਹੁੰਦੀ ਹੈ।''

“ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਵਿੱਚ ਦੋ ਧਾਰਾਵਾਂ ਚੱਲਦੀਆਂ ਸਨ। ਇੱਕ ਬਾਦਲ ਸਾਹਿਬ ਵਾਲਾ ਗਰੁੱਪ ਸੀ ਅਤੇ ਦੂਜਾ ਟੌਹੜਾ ਸਾਹਿਬ ਵਾਲਾ ਗਰੁੱਪ ਸੀ ਜੋ ਕਿ ਪੰਥਕ ਨਬਜ਼ ਨੂੰ ਫੜਦਾ ਸੀ। ਟੌਹੜਾ ਦੇ ਜਾਣ ਤੋਂ ਬਾਅਦ ਅਕਾਲੀ ਦਲ ਪੰਥਕ ਸੋਚ ਦੇ ਖਲਾਅ ਨੂੰ ਪੂਰ ਨਹੀਂ ਸਕਿਆ।”

ਵੀਡੀਓ ਕੈਪਸ਼ਨ, ਬਾਲ ਵੀਰ ਦਿਵਸ ਦੀ ਘੋਸ਼ਣਾ ਤੋਂ ਬਾਅਦ ਇਸ ਦੇ ਪੱਖ ਅਤੇ ਵਿਰੋਧ ਵਿੱਚ ਵਿਚਾਰ ਸਾਹਮਣੇ ਆਏ ਹਨ।

''ਉਸ ਤੋਂ ਬਾਅਦ ਅਕਾਲੀ ਦਲ ਅਤੇ ਕਿਸੇ ਵੀ ਹੋਰ ਸਿਆਸੀ ਪਾਰਟੀ ਵਿੱਚ ਕੋਈ ਫ਼ਰਕ ਨਹੀਂ ਰਹਿ ਗਿਆ।''

''ਅਕਾਲੀ ਦਲ ਵਿੱਚ ਵੀ ਜਾਤਪਾਤ ਹਾਵੀ ਹੋ ਗਈ। ਇਸ ਤੋ ਪਹਿਲਾਂ ਅਕਾਲੀ ਦਲ ਦੀ ਪਛਾਣ ਹੁੰਦੀ ਸੀ ਕਿ ਇੱਥੇ ਸਿੱਖ ਨੂੰ ਸਿਰਫ਼ ਸਿੱਖ ਵਜੋਂ ਹੀ ਦੇਖਿਆ ਜਾਂਦਾ ਸੀ। ਜਦੋਂ ਅਕਾਲੀ ਦਲ ਨੇ ਹੀ ਜਾਤ ਨੂੰ ਉਭਾਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਬੰਦੇ ਅਣਦੇਖਿਆ ਮਹਿਸੂਸ ਕਰਨ ਲੱਗੇ। ਅਕਾਲੀ ਦਲ ਨੇ ਆਪਣੇ ਨਾਲ ਕੋਈ ਥਿੰਕ ਟੈਂਕ ਵੀ ਜੋੜ ਕੇ ਨਹੀਂ ਰੱਖੇ।''

ਇੱਕ ਹੋਰ ਨੁਕਤਾ ਕਿਰਨਜੋਤ ਕੌਰ ਚੁੱਕਦੇ ਹਨ,''ਅਕਾਲੀ ਦਲ ਨਾਲ ਗਠਜੋੜ ਖ਼ਤਮ ਹੋਣ ਤੋਂ ਬਾਅਦ ਭਾਜਪਾ ਪਹਿਲੀ ਵਾਰ ਇਕੱਲੀ ਪੰਜਾਬ ਵਿੱਚ ਪੈਰ ਪਸਾਰ ਰਹੀ ਹੈ ਪਰ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਕਿਵੇਂ ਕੀਤਾ ਜਾਵੇ ਇਸ ਲਈ ਉਹ ਸਿੱਖ ਚਿਹਰਿਆਂ ਨੂੰ ਹਾਈਜੈਕ ਕਰ ਰਹੀ ਹੈ।''

ਵੀਡੀਓ ਕੈਪਸ਼ਨ, ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ‘ਬਾਲ ਵੀਰ ਦਿਵਸ’ ਵਜੋਂ ਮਨਾਏ ਜਾਣ ‘ਤੇ ਕੀ ਇਤਰਾਜ਼

ਉਨ੍ਹਾਂ ਨੇ ਕਿਹਾ, “ਅਗਰ ਜੇ ਤੁਸੀਂ ਦੇਖੋਗੇ ਕਿ ਜਿਨ੍ਹਾਂ ਨੂੰ ਉਹ ਹਾਈਜੈਕ ਕਰ ਰਹੇ ਹਨ ਉਨ੍ਹਾਂ ਦੀ ਆਪਣੇ ਖੇਤਰ ਵਿੱਚ ਪਛਾਣ ਜਾਂ ਕੀਤਾ ਹੋਇਆ ਕੰਮ ਹੋਏਗਾ ਪਰ ਅਗਰ ਤੁਸੀਂ ਕਹੋ ਕਿ ਉਹ ਮੇਨ ਸਟਰੀਮ ਪੌਲੀਟਿਕਸ ਦਾ ਹਿੱਸਾ ਹਨ, ਤਾਂ ਅਜਿਹੇ ਚਿਹਰੇ ਘੱਟ ਹਨ।

“ਇਸ ਲਈ ਜਿੱਥੋਂ ਤੱਕ ਸਿੱਖ ਚਿਹਰਿਆਂ ਦੇ ਭਾਜਪਾ ਵਿੱਚ ਜਾਣ ਦਾ ਸਵਾਲ ਹੈ ਤਾਂ ਉਹ ਕਾਂਗਰਸ ਵਿੱਚ ਨਹੀਂ ਜਾ ਸਕਦੇ ਹਾਂ ਚਲੋ ਭਾਜਪਾ ਵਿੱਚ ਚਲੇ ਗਏ। ਮੈਂ ਸਮਝਦੀ ਹਾਂ ਕਿ ਜਿੰਨੇ ਵੀ ਬੀਜੇਪੀ ਵੱਲ ਗਏ ਹਨ ਉਨ੍ਹਾਂ ਨੇ ਸਿੱਖ ਪਛਾਣ ਛੱਡ ਦਿੱਤੀ ਹੈ ਤੇ ਨਵੀਂ ਸੋਚ ਦੇ ਨਾਲ ਬੀਜੇਪੀ ਵਿੱਚ ਜਾ ਰਹੇ ਹਨ।''

ਕਿਰਨਜੋਤ ਕੌਰ ਮੁਤਾਬਕ,''ਸਿੱਖ ਚਿਹਰਿਆਂ ਨੂੰ ਸ਼ਾਮਲ ਕਰਕੇ ਬੀਜੇਪੀ ਇਹ ਵੀ ਦਰਸਾਉਣਾ ਚਾਹੁੰਦੀ ਹੈ ਕਿ ਪਾਰਟੀ ਨੂੰ ਉਹ ਲੋਕ ਸਵੀਕਾਰ ਕਰਦੇ ਹਨ ਜਿਨ੍ਹਾਂ ਦੀ ਸਿੱਖ ਸੋਚ ਹੈ।''

ਵੀਡੀਓ ਕੈਪਸ਼ਨ, ਸਿਰਸਾ ਭਾਜਪਾ ’ਚ ਸ਼ਾਮਿਲ: ‘ਜਾਂ ਭਾਜਪਾ ’ਚ ਆਓ ਜਾਂ ਜੇਲ੍ਹ ਜਾਓ’

ਹਾਲਾਂਕਿ ਕਿਰਨਜੋਤ ਕੌਰ ਕਾਂਗਰਸ ਅਤੇ ਬੀਜੇਪੀ ਵਿੱਚ ਕੋਈ ਭੇਦ ਨਹੀਂ ਦੇਖਦੇ।

ਉਹ ਕਹਿੰਦੇ ਹਨ, ''ਇਸ ਵੇਲੇ ਇਹ ਜੋ ਮਰਜ਼ੀ ਕਹੀ ਜਾਣ। ਕਿਸਾਨ ਅੰਦੋਲਨ ਨੂੰ ਤੋੜਨ ਲਈ ਬੀਜੇਪੀ ਨੇ ਜੋ ਕੰਮ ਕੀਤਾ ਹੈ, ਕੀ ਇਨ੍ਹਾਂ ਨੇ ਅੰਦੋਲਨ ਵਿੱਚ ਸ਼ਾਮਿਲ ਹੋਏ ਲੋਕਾਂ ਨੂੰ ਖਾਲਿਸਤਾਨੀ ਨਹੀਂ ਕਿਹਾ।”

''1984 ਬਾਰੇ ਠੀਕ ਹੈ ਇਹ ਕਹਿੰਦੇ ਹਨ ਕਿ ਅਸੀਂ ਸ਼ਾਮਲ ਨਹੀਂ ਸੀ। ਠੀਕ ਹੈ ਪਾਰਟੀ ਵਜੋਂ ਕਾਂਗਰਸ ਸ਼ਾਮਲ ਸੀ। ਹਾਲਾਂਕਿ ਜੇ ਤੁਸੀਂ ਤਫ਼ਸੀਲ ਵਿੱਚ ਜਾਂਦੇ ਹੋ ਤਾਂ ਬੀਜੇਪੀ ਵਾਲਿਆਂ ਦੇ ਇਮੋਸ਼ਨ ਐਂਡ ਸੈਂਟੀਮੈਂਟ ਫਰਕ ਤਾਂ ਨਹੀਂ ਸਨ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)