'ਸਿਰਸਾ ਨੂੰ ਪੇਸ਼ਕਸ਼ ਹੋਈ ਸੀ ਜਾਂ ਜੇਲ੍ਹ ਜਾਓ ਜਾਂ ਭਾਜਪਾ ਵਿਚ ਆਓ, ਉਨ੍ਹਾਂ ਭਾਜਪਾ ਚੁਣ ਲਈ'
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਬੁੱਧਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਗਰਮੀ ਲਗਾਤਾਰ ਤੇਜ਼ੀ ਫੜਦੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਿਰਸਾ ਨੂੰ ਦਬਾਅ ਪਾਕੇ ਅਤੇ ਜੇਲ੍ਹ ਦਾ ਡਰ ਦਿਖਾ ਕੇ ਭਾਜਪਾ ਵਿਚ ਜਾਇੰਨ ਕਰਵਾਈ ਗਈ ਹੈ।
ਸਿਰਸਾ ਨੇ ਭਾਜਪਾ ਵਿੱਚ ਸ਼ਾਮਲ ਹੋਣ ਸਮੇਂ ਪਾਰਟੀ ਆਗੂਆਂ ਦੀ ਮੌਜੂਦਗੀ ਵਿੱਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਭਾਜਪਾ ਵਿੱਚ ਸ਼ਾਮਲ ਹੋਣ ਦਾ ਮਕਸਦ ਰਵਾਇਤੀ ਹਿੰਦੂ-ਸਿੱਖ ਏਕਤਾ ਨੂੰ ਮੁੜ ਬਹਾਲ ਕਰਾਉਣਾ ਅਤੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਵਾਉਣਾ ਹੈ।
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਡੀਐਸਜੀਐਮਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਅਤੇ ਆਪਣੇ ਅਸਤੀਫ਼ੇ ਦੀ ਕਾਪੀ ਆਪਣੇ ਟਵਿੱਟਰ ਅਕਾਊਂਟ ਤੋਂ ਸਾਂਝੀ ਕੀਤੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ,“ਜਦੋਂ ਤੋਂ ਅਕਾਲੀ ਦਲ ਨੇ ਨਾਤਾ ਤੋੜਿਆ ਉਦੋਂ ਤੋਂ ਸੈਂਟਰ ਸਰਕਾਰ ਨੇ ਅਕਾਲੀ ਦਲ ਅਤੇ ਪੰਥ ਦੇ ਖ਼ਿਲਾਫ਼ ਸਾਜਿਸ਼ਾਂ ਸ਼ੁਰੂ ਕਰ ਦਿੱਤੀਆਂ।”
ਬਾਦਲ ਨੇ ਕਿਹਾ ਕਿ ਸਿਰਸਾ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਅਕਾਲੀ ਦੱਲ ਛੱਡਣ ਜਾਂ ਜੇਲ੍ਹ ਜਾਣ ਲਈ ਧਮਕਾਇਆ ਜਾ ਰਿਹਾ ਹੈ। ਸੁਖਬੀਰ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਸਿਰਸਾ ਦਬਾਅ ਦਾ ਸਾਹਮਣਾ ਇੱਕ ਆਗੂ ਵਾਂਗ ਨਹੀਂ ਕਰ ਸਕੇ।
ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਕਿ ਜਿਵੇਂ ਵਿਦੇਸ਼ੀ ਹਾਕਮ ਧਰਮ ਤੇ ਜਾਨ ਵਿੱਚ ਕੋਈ ਇੱਕ ਚੁਣਨ ਲਈ ਕਹਿੰਦੇ ਸਨ ਸਿਰਸਾ ਨੂੰ ਵੀ ਬੀਜੇਪੀ ਜਾਂ ਜੇਲ੍ਹ ਵਿੱਚੋਂ ਇੱਕ ਦੀ ਚੋਣ ਕਰਨ ਦੀ ਪੇਸ਼ਕਸ਼ ਕੀਤੀ ਗਈ।

ਤਸਵੀਰ ਸਰੋਤ, Sad/Facebook
ਸੁਖਬੀਰ ਬਾਦਲ ਨੇ ਕੀ ਕਿਹਾ
- ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਆਪਣੀ ਮਰਜ਼ੀ ਦੇ ਮੈਂਬਰ ਖੜ੍ਹੇ ਕੀਤੇ ਪਰ ਜਦੋਂ ਅਕਾਲੀ ਦਲ ਦੇ ਨੁਮਾਇੰਦੇ ਜਿੱਤ ਗਏ ਤਾਂ 11 ਮੈਂਬਰਾਂ ਨੂੰ ਤੋੜਨ ਲਈ ਪਰਚੇ ਦਰਜ ਕਰਵਾਏ ਗਏ।
- ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਰਾ ਉੱਪਰ ਵੀ ਪਰਚਾ ਦਿੱਤਾ ਗਿਆ।
- ਸਿਰਸਾ ਨੇ ਮੈਨੂੰ ਦੱਸਿਆ ਕਿ ਮੇਰੇ ਉੱਪਰ ਪਰਚਾ ਦਿੱਤਾ ਗਿਆ ਕਿ ਜਾਂ ਤਾਂ ਅਕਾਲੀ ਦਲ ਛੱਡੋ ਜਾਂ ਗ੍ਰਿਫ਼ਤਾਰੀ ਲਈ ਤਿਆਰ ਰਹੇ।
- ਮੈਨੂੰ ਦੁੱਖ ਹੈ ਕਿ ਸਿਰਸਾ ਭਾਜਪਾ ਵਿੱਚ ਚਲੇ ਗਏ ਹਨ।
- ਹਰਮੀਤ ਕਾਲਕਾ ਉੱਪਰ ਵੀ ਉਹੀ ਪਰਚਾ ਦਿੱਤਾ ਗਿਆ ਸੀ ਪਰ ਉਹ ਦਬਾਅ ਨਹੀਂ ਸਹਿ ਸਕੇ, ਅਤੇ ਮੈਨੂੰ ਇਸ ਗੱਲ ਦਾ ਅਫ਼ਸੋਸ ਹੈ।
- ਜਿਨ੍ਹਾਂ-ਜਿਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ, ਕੇਂਦਰ ਸਰਕਾਰ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
- ਰੱਖੜਾ ਪਰਿਵਾਰ ਖ਼ਿਲਾਫ਼ ਕਾਰਵਾਈ ਕੀਤੀ ਗਈ, ਰੱਖੜਾ ਸਾਹਿਬ ਨੂੰ ਏਅਰਪੋਰਟ ਤੋਂ ਵਾਪਸ ਮੋੜ ਦਿੱਤਾ ਗਿਆ।
- ਅਫ਼ਸੋਸ ਹੈ ਕਿ ਅਕਾਲੀ ਦਲ ਨੇ ਜਿਸ ਸਿਰਸਾ ਨੂੰ ਇੰਨਾ ਮਾਣ ਸਨਮਾਨ ਦਿੱਤਾ ਉਹ ਝੁਕ ਗਿਆ।
- ਉਨ੍ਹਾਂ ਨੂੰ ਵੀ ਬਾਕੀ ਮੈਂਬਰਾਂ ਵਾਂਗ, ਜਿਨ੍ਹਾਂ ਉੱਪਰ ਪਰਚੇ ਦਰਜ ਕੀਤੇ ਗਏ ਸਨ, ਖੜ੍ਹੇ ਰਹਿਣਾ ਚਾਹੀਦਾ ਸੀ।
- ਕਾਂਗਰਸ ਨੇ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ।
ਅਕਾਲ ਤਖ਼ਤ ਦੇ ਜਥੇਦਾਰ ਨੇ ਕੀ ਕਿਹਾ
ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਦਾਅਵਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਧਮਕੀ ਦੇ ਕੇ ਭਾਰਤੀ ਜਨਤਾ ਪਾਰਟੀ ਜਾਇੰਨ ਕਰਵਾਈ ਗਈ ਹੈ।
”ਵਿਦੇਸ਼ੀ ਹੁਕਮਰਾਨ ਜਦੋਂ ਭਾਰਤ ਆਏ ਤਾਂ ਉਨ੍ਹਾਂ ਨੇ ਭਾਰਤੀ ਲੋਕਾਂ ਨੂੰ ਕਿਹਾ ਕਿ ਜਾਂ ਧਰਮ ਚੁਣ ਲਓ ਜਾਂ ਕਰਮ ਚੁਣ ਲਓ। ਜਿਨ੍ਹਾਂ ਨੂੰ ਧਰਮ ਪਿਆਰਾ ਸੀ, ਉਨ੍ਹਾਂ ਨੇ ਧਰਮ ਚੁਣ ਲਿਆ ਅਤੇ ਜਿਨ੍ਹਾਂ ਨੂੰ ਕਰਮ ਪਿਆਰਾ ਸੀ ਉਨ੍ਹਾਂ ਨੇ ਕਰਮ ਚੁਣ ਲਿਆ।”
”ਮੇਰੀ ਮਨਜਿੰਦਰ ਸਿੰਘ ਸਿਰਸਾ ਨਾਲ ਗੱਲ ਹੋਈ ਸੀ। ਮੈਨੂੰ ਲੱਗਿਆ ਕਿ ਉਨ੍ਹਾਂ ਦੇ ਅੱਗੇ ਵੀ ਇਹੀ ਪੇਸ਼ਕਸ਼ ਰੱਖੀ ਗਈ ਕਿ ਜਾਂ ਬੀਜੇਪੀ ਜੁਆਇਨ ਕਰੋ ਜਾਂ ਫਿਰ ਜੇਲ੍ਹ ਜਾਓ।”
”ਉਨ੍ਹਾਂ ਨੇ ਬੀਜੇਪੀ ਨੂੰ ਜੁਆਇਨ ਕੀਤਾ ਹੈ। ਬਿਲਕੁਲ ਉਵੇਂ ਹੋਇਆ ਹੈ ਜਿਵੇਂ ਮੁਗਲਾਂ ਦੌਰਾਨ ਜਾਂ ਵਿਦੇਸ਼ੀ ਹੁਕਮਰਾਨ ਜੋ ਉਨ੍ਹਾਂ ਤੋਂ ਪਹਿਲਾਂ ਆਏ ਉਨ੍ਹਾਂ ਨੇ ਕੀਤਾ ਸੀ।”

ਤਸਵੀਰ ਸਰੋਤ, SGPC
”ਫਰਕ ਇਹ ਹੈ ਕਿ ਉਸ ਸਮੇ ਕਰਮ, ਧਰਮ ਵਿੱਚੋਂ ਚੁਣਨ ਲਈ ਕਿਹਾ ਜਾਂਦਾ ਸੀ, ਜਾਂ ਧਰਮ ਤੇ ਜ਼ਿੰਦਗੀ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਕਿਹਾ ਜਾਂਦਾ ਸੀ, ਜਦਕਿ ਸਿਰਸਾ ਨੂੰ ਜੇਲ੍ਹ ਜਾਂ ਬੀਜੇਪੀ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਬੀਜੇਪੀ ਚੁਣ ਲਈ।”
”ਇਸ ਦੇ ਲਈ ਦਿੱਲੀ ਦੇ ਆਪਣੇ-ਆਪ ਨੂੰ ਸਿੱਖ ਅਖਵਾਉਣ ਵਾਲੇ ਆਗੂਆਂ ਨੇ ਵੀ ਜ਼ਮੀਨ ਤਿਆਰ ਕੀਤੀ।”
”ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣ ਕੇ ਆਏ ਨੁਮਾਇੰਦਿਆਂ ਉੱਪਰ ਕੇਸ ਦਰਜ ਕੀਤੇ ਗਏ। ਉਨ੍ਹਾਂ ਨੂੰ ਕਿਹਾ ਗਿਆ ਕਿ ਇਸ ਸਭ ਕੁਝ ਛੱਡੋ ਅਤੇ ਸਾਡੇ ਵੱਲ ਆਓ।”
”ਹੋ ਸਕਦਾ ਹੈ ਉਹ ਕਮੇਟੀ ਦਾ ਪ੍ਰਬੰਧ ਕਿਤੇ ਨਾ ਕਿਤੇ ਸੰਭਾਲ ਲੈਣ ਪਰ ਇਸ ਲਈ ਸਾਡੇ ਸਿੱਖ ਵੀ ਜ਼ਿੰਮੇਵਾਰ ਹਨ।”
ਰਾਜਾਵੜਿੰਗ ਨੇ ਕੀ ਕਿਹਾ
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਰਸਾ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਕੋਈ ਹੈਰਾਨੀ ਨਹੀਂ ਹੋਵੇਗੀ, ਜੇ ਬਿਕਰਮ ਮਜੀਠੀਆ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਹੀ ਭਾਜਪਾ ਵਿੱਚ ਸ਼ਾਮਲ ਹੋ ਜਾਣ।
ਰਾਜਾ ਵੜਿੰਗ ਨੇ ਕਿਹਾ ਕਿ ਸਿਰਸਾ ਦਾ ਬੀਜੇਪੀ ਵਿੱਚ ਸ਼ਾਮਲ ਹੋਣਾ ਅਕਾਲੀ ਦਲ ਅਤੇ ਬੀਜੇਪੀ ਦੀ ਸਾਂਝ ਨੂੰ ਉਜਾਗਰ ਕਰਦਾ ਹੈ।ਉਨ੍ਹਾਂ ਨੇ ਕਿਹਾ ਕਿ ਸਿਰਸਾ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਉੱਤੇ ਜੋ ਝੂਠੇ ਹੰਝੂ ਸੁਖਬੀਰ ਬਾਦਲ ਬਹਾ ਰਹੇ ਹਨ ਉਹ ਨਾਟਕ ਪੰਜਾਬ ਪਹਿਲਾਂ ਹੀ ਦੇਖ ਚੁੱਕਿਆ ਹੈ।ਰਾਜਾ ਵੜਿੰਗ ਖਰੜ ਵਿੱਚ ਆਧੁਨਿਕ ਬਸ ਅੱਡੇ ਦਾ ਨੀਂਹ ਪੱਥਰ ਰੱਖਣ ਆਏ ਸਨ, ਜਦੋਂ ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਇਹ ਸ਼ਬਦ ਕਹੇ।
ਦੇਸ਼ ਦੇ ਸਿੱਖਾਂ ਦੇ ਮੁੱਦੇ ਹੱਲ ਹੋਣ ਨੂੰ ਪਏ - ਸਿਰਸਾ
ਬੁੱਧਵਾਰ ਨੂੰ ਬੀਜੇਪੀ ਵਿੱਚ ਸ਼ਾਮਲ ਹੋਣ ਸਮੇਂ ਸਿਰਸਾ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ ਸੀ ਅਤੇ ਕਿਹਾ ਸੀ ਕਿ ਭਾਜਪਾ ਵਿੱਚ ਸ਼ਾਮਲ ਹੁਣ ਦਾ ਮਕਸਦ ਰਵਾਇਤੀ ਹਿੰਦੂ-ਸਿੱਖ ਏਕਤਾ ਨੂੰ ਮੁੜ ਬਹਾਲ ਕਰਾਉਣਾ ਅਤੇ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਵਾਉਣਾ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਕਿਹਾ, "ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਜਿੱਥੇ ਵੀ ਦੇਸ਼, ਮਨੁੱਖਤਾ ਭਾਈਚਾਰੇ ਨੂੰ ਲੋੜ ਪਈ ਸੇਵਾ ਕੀਤੀ।ਜਿੱਥੇ ਵੀ ਲੋੜ ਪਈ ਆਪਣੇ ਲੋਕਾਂ ਦੀ ਅਵਾਜ਼ ਚੁੱਕੀ।"

ਤਸਵੀਰ ਸਰੋਤ, Ani
"ਲੋਕਾਂ ਨੇ ਮੈਨੂੰ ਦੋ ਵਾਰ ਦਿੱਲੀ ਦਾ ਵਿਧਾਨ ਸਭਾ ਮੈਂਬਰ ਅਤੇ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਬਣਾਇਆ। ਕੋਰੋਨਾ ਦੌਰਾਨ ਕਮੇਟੀ ਦੇ ਕੰਮ ਦੀ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਪ੍ਰਸ਼ੰਸਾ ਕੀਤੀ ਸੀ।"
"ਅੱਜ ਦੇਸ਼ ਦੇ ਹਰ ਹਿੱਸੇ ਵਿੱਚ ਸਿੱਖਾਂ ਦੇ ਮੁੱਦੇ ਹੱਲ ਹੋਣ ਵਾਲੇ ਪਏ ਹਨ। ਇਸ ਵਿੱਚ ਸਭ ਤੋਂ ਪਹਿਲੀ ਲੋੜ ਹੁੰਦੀ ਹੈ ਉਸ ਸਰਕਾਰ ਦੀ ਜੋ ਇਹ ਮਸਲੇ ਹੱਲ ਕਰੇ।"
ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਮੈਨੂੰ ਸਿੱਖ ਮਸਲਿਆਂ ਦੇ ਹੱਲ ਦਾ ਭਰੋਸਾ ਦਿੱਤਾ ਹੈ। ਸ਼ਿਲਾਂਗ ਦੇ ਡਾਂਗ ਮਾਰ ਗੁਰਦੁਆਰੇ ਦਾ ਸਮਲਾ, ਮੱਧ ਪ੍ਰਦੇਸ਼ ਦੇ ਸਿਕਲੀਗਰ ਸਿੱਖਾਂ ਦਾ ਸਮਲਿਆਂ ਸਮੇਤ ਸਿੱਖ ਮਸਲੇ ਹੱਲ ਕਰਵਾਉਣ ਲਈ ਕੰਮ ਕਰਾਂਗਾ। ਦੇਸ਼ ਦੀ ਅਜ਼ਾਦੀ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













