ਵੈਸ਼ਨੋ ਦੇਵੀ ਮੰਦਰ ਕੰਪਲੈਕਸ 'ਚ ਮਚੀ ਭਗਦੜ, 12 ਦੀ ਮੌਤ ਤੇ ਕਈ ਜ਼ਖ਼ਮੀ - ਪ੍ਰੈੱਸ ਰਿਵੀਊ

ਨਵੇਂ ਸਾਲ ਦੀ ਸਵੇਰ ਜੰਮੂ-ਕਸ਼ਮੀਰ ਦੇ ਕਟੜਾ ਜ਼ਿਲ੍ਹੇ 'ਚ ਮਾਤਾ ਵੈਸ਼ਨੋ ਦੇਵੀ ਮੰਦਰ 'ਚ ਤੜਕੇ-ਤੜਕੇ ਭਗਦੜ ਮਚਣ ਨਾਲ ਘੱਟੋ-ਘੱਟ12 ਲੋਕਾਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ ਹਨ।

ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਨਿਊਜ਼ ਏਜੰਸੀ ਏਐਨਆਈ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਕਿ, "ਕਟੜਾ ਦੇ ਮਾਤਾ ਵੈਸ਼ਨੋ ਦੇਵੀ ਭਵਨ ਵਿੱਚ ਭਗਦੜ ਵਿੱਚ12 ਮੌਤਾਂ ਹੋਈਆਂ ਹਨ, 13 ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਸਵੇਰੇ 2:45 ਵਜੇ ਦੇ ਨੇੜੇ ਵਾਪਰੀ ਅਤੇ ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਇੱਕ ਬਹਿਸ ਸ਼ੁਰੂ ਹੋਈ, ਜਿਸ ਦੇ ਨਤੀਜੇ ਵਜੋਂ ਲੋਕਾਂ ਨੇ ਇੱਕ ਦੂਜੇ ਨੂੰ ਧੱਕਾ ਮਾਰਿਆ, ਜਿਸ ਤੋਂ ਬਾਅਦ ਭਗਦੜ ਮਚ ਗਈ।"

ਇੰਡੀਆ ਟੁਡੇ ਦੀ ਖ਼ਬਰ ਮੁਤਾਬਕ, ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਕੱਢਣ ਲਈ ਪੁਲਿਸ ਨੇ ਬਚਾਅ ਮੁਹਿੰਮ ਚਲਾਈ ਅਤੇ ਹੁਣ ਸਥਿਤੀ ਕਾਬੂ 'ਚ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਇਸ ਘਟਨਾ 'ਤੇ ਦੁੱਖ ਪ੍ਰਗਟਾਉਂਦੇ ਹੋਏ, ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖ਼ਮੀਆਂ ਨੂੰ ਹਰ ਸੰਭਵ ਡਾਕਟਰੀ ਸਹਾਇਤਾ ਦਾ ਭਰੋਸਾ ਦਿੱਤਾ।

ਪੀਐਮ ਮੋਦੀ ਨੇ ਭਗਦੜ ਵਿੱਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ, ਜਦਕਿ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਇਹ ਰਾਹਤ ਰਾਸ਼ੀ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਤੋਂ ਜਾਰੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

ਹਰਿਦੁਆਰ ਦੇ ਨਫ਼ਰਤ ਭਰੇ ਭਾਸ਼ਣਾਂ 'ਤੇ 5 ਸਾਬਕਾ ਸੈਨਾ ਮੁਖੀਆਂ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਭਾਰਤੀ ਸੈਨਾਵਾਂ ਦੇ ਪੰਜ ਸਾਬਕਾ ਮੁਖੀਆਂ ਅਤੇ ਸੌ ਤੋਂ ਵੱਧ ਲੋਕਾਂ ਸਮੇਤ ਸਾਬਕਾ ਫੌਜੀਆਂ, ਨੌਕਰਸ਼ਾਹਾਂ ਅਤੇ ਜਾਣੇ-ਮਾਣੇ ਨਾਗਰਿਕਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਧਰਮ ਸੰਸਦ 'ਚ ਨਫਰਤ ਭਰੇ ਭਾਸ਼ਣਾਂ ਨੂੰ ਲੈ ਕੇ ਚਿੰਤਾ ਜਤਾਈ ਹੈ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਇਸ ਪੱਤਰ 'ਚ ਹਾਲ ਹੀ 'ਚ ਹਰਿਦੁਆਰ ਅਤੇ ਦਿੱਲੀ 'ਚ ਵੱਖ-ਵੱਖ ਸਮਾਗਮਾਂ ਵਿੱਚ "ਭਾਰਤੀ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਖੁੱਲੇ ਸੱਦੇ" ਬਾਰੇ ਲਿਖਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਅੰਦਰੂਨੀ ਤੌਰ 'ਤੇ ਅਸਹਿਮਤੀ ਦਾ ਮਾਹੌਲ ਬਣ ਸਕਦਾ ਹੈ।

ਪੱਤਰ ਵਿੱਚ ਇਸਾਈਆਂ, ਦਲਿਤਾਂ ਅਤੇ ਸਿੱਖਾਂ ਵਰਗੀਆਂ ਹੋਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਚਿੱਠੀ ਵਿੱਚ, ਸਰਹੱਦਾਂ 'ਤੇ ਮੌਜੂਦਾ ਸਥਿਤੀ ਦਾ ਹਵਾਲਾ ਦਿੰਦੇ ਹੋਏ ਚੇਤਾਵਨੀ ਦਿੱਤੀ ਗਈ ਹੈ ਕਿ ਹਿੰਸਾ ਲਈ ਚੁੱਕੀਆਂ ਜਾ ਰਹੀਆਂ ਅਵਾਜ਼ਾਂ ਅੰਦਰੂਨੀ ਤੌਰ 'ਤੇ ਅਸਹਿਮਤੀ ਪੈਦਾ ਕਰ ਸਕਦੀਆਂ ਹਨ ਅਤੇ ਬਾਹਰੀ ਤਾਕਤਾਂ ਨੂੰ ਵੀ ਹੌਸਲਾ ਦਿੰਦੀਆਂ ਹਨ।

ਪੱਤਰ ਵਿੱਚ ਕਿਹਾ ਗਿਆ ਹੈ, "ਅਸੀਂ ਨਫ਼ਰਤ ਦੇ ਜਨਤਕ ਪ੍ਰਗਟਾਵੇ ਨਾਲ ਹਿੰਸਾ ਦੇ ਅਜਿਹੇ ਪ੍ਰੋਤਸਾਹਨ ਦੀ ਇਜਾਜ਼ਤ ਨਹੀਂ ਦੇ ਸਕਦੇ - ਜੋ ਨਾ ਸਿਰਫ਼ ਅੰਦਰੂਨੀ ਸੁਰੱਖਿਆ ਦੀ ਗੰਭੀਰ ਉਲੰਘਣਾ ਹੈ, ਸਗੋਂ ਜੋ ਸਾਡੇ ਰਾਸ਼ਟਰ ਦੇ ਸਮਾਜਿਕ ਤਾਣੇ-ਬਾਣੇ ਨੂੰ ਵੀ ਢਾਹ ਦੇ ਸਕਦੀ ਹੈ।"

"ਇੱਕ ਬੁਲਾਰੇ ਨੇ ਫੌਜ ਅਤੇ ਪੁਲਿਸ ਨੂੰ ਹਥਿਆਰ ਚੁੱਕਣ ਅਤੇ ਸਫਾਈ ਅਭਿਆਨ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਇਹ ਫੌਜ ਨੂੰ ਸਾਡੇ ਆਪਣੇ ਨਾਗਰਿਕਾਂ ਦੀ ਨਸਲਕੁਸ਼ੀ ਵਿੱਚ ਹਿੱਸਾ ਲੈਣ ਲਈ ਕਹਿਣਾ ਹੈ ਅਤੇ ਇਹ ਨਿੰਦਣਯੋਗ ਅਤੇ ਅਸਵੀਕਾਰਨਯੋਗ ਹੈ।''

ਕੇਂਦਰ ਦੀਆਂ ਸੂਬਿਆਂ ਨੂੰ ਹਿਦਾਇਤਾਂ: ਬੁਖਾਰ, ਗਲੇ 'ਚ ਖਰਾਸ਼, ਥਕਾਵਟ ਵਾਲੇ ਲੋਕਾਂ ਦੀ ਕੋਵਿਡ ਜਾਂਚ ਕਰੋ

ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੈਸਟਿੰਗ ਵਧਾਉਣ ਦੀਆਂ ਹਿਦਾਇਤਾਂ ਦਿੱਤੀਆਂ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਸਿਹਤ ਸਕੱਤਰ ਰਾਜੇਸ਼ ਭੂਸ਼ਣ ਅਤੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਦੁਆਰਾ ਸਾਂਝੇ ਤੌਰ 'ਤੇ ਹਸਤਾਖਰ ਕੀਤੇ ਗਏ ਇੱਕ ਪੱਤਰ ਵਿੱਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਧੇਰੇ ਕੇਸਾਂ ਵਾਲੇ ਸਥਾਨਾਂ 'ਤੇ RTPCR-ਅਧਾਰਿਤ ਟੈਸਟਿੰਗ ਨੂੰ ਜਾਰੀ ਰੱਖਣ ਦੀ ਬਜਾਏ ਰੈਪਿਡ ਐਂਟੀਜੇਨ ਟੈਸਟਾਂ (RATs) ਦੀ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ ਹੈ।

ਇਸ ਪੱਤਰ ਵਿੱਚ ਕੋਵਿਡ ਦੇ ਲੱਛਣਾਂ ਵਾਲੇ ਵਿਅਕਤੀਆਂ ਲਈ ਘਰੇਲੂ ਜਾਂਚ ਦੀ ਸਿਫਾਰਸ਼ ਵੀ ਕੀਤੀ ਗਈ ਹੈ।

ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਕੋਵਿਡ-19 ਮਾਮਲਿਆਂ ਦੇ ਮੌਜੂਦਾ ਵਾਧੇ ਦੇ ਮੱਦੇਨਜ਼ਰ, ਬੁਖਾਰ (ਖੰਘ ਨਾਲ ਜਾਂ ਖੰਗ ਤੋਂ ਬਿਨਾਂ), ਸਿਰ ਦਰਦ, ਗਲੇ ਵਿੱਚ ਖਰਾਸ਼, ਸਾਹ ਲੈਣ ਵਿੱਚ ਤਕਲੀਫ਼, ਸਰੀਰ ਵਿੱਚ ਦਰਦ, ਸਵਾਦ ਜਾਂ ਗੰਧ ਵਿੱਚ ਕਮੀ, ਥਕਾਵਟ ਅਤੇ ਦਸਤ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਵਿਡ -19 ਕੇਸ ਦਾ ਸ਼ੱਕੀ ਮੰਨਿਆ ਜਾਣਾ ਚਾਹੀਦਾ ਹੈ, ਜਦੋਂ ਤੱਕ ਕਿਸੇ ਹੋਰ ਈਟੀਓਲੋਜੀ ਦੁਆਰਾ ਇਸਦੀ ਪੁਸ਼ਟੀ ਨਹੀਂ ਹੁੰਦੀ।

ਦੂਜੇ ਪਾਸੇ ਏਮਜ਼ ਦੇ ਮੁਖੀ ਡਾ. ਰਣਦੀਪ ਗੁਲੇਰੀਆ ਨੇ ਦਿ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਬਹੁਤ ਜ਼ਿਆਦਾ ਛੂਤ ਵਾਲਾ ਓਮਾਈਕਰੋਨ ਰੂਪ ਮੁੱਖ ਤੌਰ 'ਤੇ ਫੇਫੜਿਆਂ ਦੀ ਬਜਾਏ ਉੱਪਰੀ ਸਾਂਹ ਨਾਲੀਆਂ ਨੂੰ ਪ੍ਰਭਾਵਤ ਕਰਦਾ ਹੈ ਅਤੇ ਜਿਨ੍ਹਾਂ ਵਿੱਚ ਹੋਰ ਕੋਈ ਦੂਜੀ ਬਿਮਾਰੀ ਨਹੀਂ ਹੈ, ਉਨ੍ਹਾਂ ਨੂੰ ਘਬਰਾਉਣਾ ਨਹੀਂ ਚਾਹੀਦਾ।

ਗੁਲੇਰੀਆ ਨੇ ਕਿਹਾ, ਕਿ ਘਬਰਾਉਣ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ ਯੂਰੋਪ, ਯੂਐਸ, ਅਤੇ ਦੱਖਣੀ ਅਫ਼ਰੀਕਾ ਤੋਂ ਓਮੀਕਰੋਨ ਦਾ ਜੋ ਡੇਟਾ ਉਹ ਦੇਖ ਰਹੇ ਹਨ, ਉਹ ਇਹ ਸੁਝਾਅ ਦਿੰਦਾ ਹੈ ਕਿ ਵਾਇਰਸ ਦਾ ਇਹ ਰੂਪ ਹਲਕਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)