ਮਹਾਤਮਾ ਗਾਂਧੀ ਨੂੰ ਗਾਲ਼ਾਂ ਕੱਢਣ ਵਾਲਾ ਅਤੇ ਗੌਡਸੇ ਦੀਆਂ ਤਾਰੀਫ਼ਾਂ ਕਰਨ ਵਾਲਾ ਕਾਲੀਚਰਨ ਕੌਣ ਹੈ

    • ਲੇਖਕ, ਨਿਤਿਨ ਸੁਲਤਾਨੇ
    • ਰੋਲ, ਬੀਬੀਸੀ ਲਈ

ਇਸ ਤੋਂ ਪਹਿਲਾਂ ਕਿ ਹਰਿਦੁਆਰ 'ਚ ਹੋਈ ਧਰਮ ਸੰਸਦ 'ਚ ਵਿਵਾਦਤ ਬਿਆਨਾਂ ਨਾਲ ਜੁੜਿਆ ਵਿਵਾਦ ਖਤਮ ਹੁੰਦਾ, ਰਾਏਪੁਰ 'ਚ ਹੋਈ ਇੱਕ ਹੋਰ ਧਰਮ ਸੰਸਦ ਨੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਆਯੋਜਿਤ ਧਰਮ ਸੰਸਦ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਅਕੋਲਾ ਦੇ ਕਾਲੀਚਰਨ ਮਹਾਰਾਜ ਮਹਾਤਮਾ ਗਾਂਧੀ ਨੂੰ ਗਾਲ਼ ਕੱਢ ਰਹੇ ਹਨ।

ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕਾਲੀਚਰਣ ਮਹਾਰਾਜ ਮਹਾਤਮਾ ਗਾਂਧੀ ਲਈ ਬੇਇੱਜ਼ਤੀ ਭਰੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮਾਰਨ ਵਾਲੇ ਨੱਥੂਰਾਮ ਗੋਡਸੇ ਦੀ ਤਾਰੀਫ਼ ਕਰ ਰਹੇ ਹਨ।

ਵੀਡੀਓ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਧਰਮ ਸੰਸਦ ਦੇ ਅੰਦਰ ਕੁਝ ਲੋਕ ਵੀ ਉਨ੍ਹਾਂ ਦੇ ਭਾਸ਼ਣ 'ਤੇ ਤਾੜੀਆਂ ਵਜਾ ਰਹੇ ਹਨ।

ਰਾਏਪੁਰ ਨਗਰ ਨਿਗਮ ਦੇ ਸਪੀਕਰ ਅਤੇ ਕਾਂਗਰਸ ਆਗੂ ਪ੍ਰਮੋਦ ਦੂਬੇ ਦੀ ਸ਼ਿਕਾਇਤ ਤੋਂ ਬਾਅਦ ਸਥਾਨਕ ਪੁਲਸ ਨੇ ਕਾਲੀਚਰਨ ਮਹਾਰਾਜ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਦਿਲਚਸਪ ਇਤਫ਼ਾਕ ਇਹ ਹੈ ਕਿ ਪ੍ਰਮੋਦ ਦੂਬੇ ਧਰਮ ਸੰਸਦ ਦੇ ਪ੍ਰਬੰਧਕਾਂ ਵਿੱਚ ਸ਼ਾਮਲ ਹਨ। ਇਸ ਮਾਮਲੇ 'ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਵਿਧਾਇਕ ਮੋਹਨ ਮਰਕਾਮ ਨੇ ਵੀ ਸ਼ਿਕਾਇਤ ਦਰਜ ਕਰਵਾਈ ਹੈ।

ਪੁਲਿਸ ਨੇ ਕੀਤਾ ਗ੍ਰਿਫ਼ਤਾਰ

30 ਦਸੰਬਰ, ਅੱਜ ਸਵੇਰੇ ਰਾਏਪੁਰ ਪੁਲਿਸ ਨੇ ਕਾਲੀਚਰਣ ਮਹਾਰਾਜ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਰਾਏਪੁਰ ਦੇ ਐਸਪੀ ਪ੍ਰਸ਼ਾਂਤ ਅੱਗਰਵਾਲ ਦੇ ਅਨੁਸਾਰ,''ਬਾਗੇਸ਼ਵਰ ਧਾਮ ਨੇੜੇ ਇੱਕ ਵਿਅਕਤੀ ਦੇ ਘਰ ਤੋਂ ਸਵੇਰੇ 4 ਵਜੇ ਕਾਲੀਚਰਣ ਨੂੰ ਗ੍ਰਿਫਤਾਰ ਕੀਤਾ ਗਿਆ। ਉਸਨੇ ਨੇੜੇ ਹੀ ਇੱਕ ਲੌਜ ਵੀ ਬੁੱਕ ਕਰਵਾ ਰੱਖਿਆ ਸੀ।"

ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲੀਸ ਨੇ ਕਾਲੀਚਰਣ ਮਹਾਰਾਜ ਖ਼ਿਲਾਫ਼ ਦੇਸ਼ ਧ੍ਰੋਹ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਰਾਏਪੁਰ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਗ੍ਰਿਫ਼ਤਾਰੀ ਦੀ ਉੱਠ ਰਹੀ ਸੀ ਮੰਗ

ਪ੍ਰਮੋਦ ਦੂਬੇ ਨੇ ਬੀਬੀਸੀ ਨੂੰ ਦੱਸਿਆ ਕਿ, "ਸਾਨੂੰ ਉਮੀਦ ਨਹੀਂ ਸੀ ਕਿ ਮਹਾਤਮਾ ਗਾਂਧੀ ਲਈ ਅਜਿਹੀ ਅਪਮਾਨਜਨਕ ਭਾਸ਼ਾ ਇਸਤੇਮਾਲ ਕੀਤੀ ਜਾਵੇਗੀ। ਲੱਗ ਰਿਹਾ ਹੈ ਕਿ ਇਹ ਕਿਸੇ ਏਜੰਡੇ ਦੇ ਤਹਿਤ ਕੀਤਾ ਗਿਆ ਹੋਵੇਗਾ।"

ਉਨ੍ਹਾਂ ਨੇ ਕਾਲੀਚਰਨ ਮਹਾਰਾਜ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਸੀ।

ਮਹਾਤਮਾ ਗਾਂਧੀ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਦਾ ਮੁੱਦਾ ਮਹਾਰਾਸ਼ਟਰ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਵੀ ਚੁੱਕਿਆ ਗਿਆ।

ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਨਵਾਬ ਮਲਿਕ ਨੇ ਇਸ ਮਾਮਲੇ ਵਿੱਚ ਕਾਲੀਚਰਣ ਮਹਾਰਾਜ ਦੇ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ।

ਨਾਲ ਹੀ ਸੂਬੇ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਵੀ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ:

ਕੌਣ ਹਨ ਕਾਲੀਚਰਣ ਮਹਾਰਾਜ?

ਕਾਲੀਚਰਨ ਮਹਾਰਾਜ ਸਭ ਤੋਂ ਪਹਿਲਾਂ ਉਸ ਸਮੇਂ ਸੁਰਖੀਆਂ 'ਚ ਆਏ ਸਨ ਜਦੋਂ ਸ਼ਿਵ ਤਾਂਡਵ 'ਤੇ ਉਨ੍ਹਾਂ ਦਾ ਭਜਨ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਿਆ ਸੀ। ਉਨ੍ਹਾਂ ਦਾ ਅਸਲੀ ਨਾਮ ਅਭਿਜੀਤ ਸਾਰਗ ਹੈ।

ਉਹ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਦੇ ਮੂਲ ਨਿਵਾਸੀ ਹਨ ਅਤੇ ਸ਼ਿਵਾਜੀ ਨਗਰ ਦੇ ਭਾਵਸਰ ਪੰਚਬੰਗਲਾ ਇਲਾਕੇ ਵਿੱਚ ਰਹਿੰਦੇ ਹਨ। ਸਥਾਨਕ ਪੱਤਰਕਾਰ ਉਮੇਸ਼ ਅਕੇਲਾ ਮੁਤਾਬਕ ਉਨ੍ਹਾਂ ਦਾ ਬਚਪਨ ਅਕੋਲਾ 'ਚ ਹੀ ਬੀਤਿਆ ਹੈ।

ਕਾਲੀਚਰਨ ਮਹਾਰਾਜ ਦੀ ਸਿੱਖਿਆ ਬਾਰੇ ਕੋਈ ਭਰੋਸੇਯੋਗ ਅਤੇ ਪੱਕੀ ਜਾਣਕਾਰੀ ਤਾਂ ਨਹੀਂ ਮਿਲ ਸਕੀ ਹੈ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅੱਠਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ।

ਸਥਾਨਕ ਲੋਕਾਂ ਨੇ ਇਹ ਵੀ ਦੱਸਿਆ ਕਿ ਕਾਲੀਚਰਨ ਮਹਾਰਾਜ ਆਪਣੇ ਅਤੇ ਆਪਣੇ ਪਰਿਵਾਰ ਵਾਲਿਆਂ ਬਾਰੇ ਜਾਣਕਾਰੀ ਦੇਣ ਤੋਂ ਬਚਦੇ ਰਹਿੰਦੇ ਹਨ।

ਹਾਲਾਂਕਿ, ਆਪਣੇ ਇੱਕ ਇੰਟਰਵਿਊ ਵਿੱਚ ਕਾਲੀਚਰਨ ਮਹਾਰਾਜ ਨੇ ਕਿਹਾ, "ਮੈਨੂੰ ਸਕੂਲ ਜਾਣਾ ਕਦੇ ਵੀ ਪਸੰਦ ਨਹੀਂ ਰਿਹਾ। ਮੇਰੀ ਪੜ੍ਹਾਈ-ਲਿਖਾਈ ਵਿੱਚ ਵੀ ਕੋਈ ਦਿਲਚਸਪੀ ਨਹੀਂ ਰਹੀ। ਜੇਕਰ ਮੈਨੂੰ ਜ਼ਬਰਦਸਤੀ ਸਕੂਲ ਭੇਜਿਆ ਜਾਂਦਾ ਸੀ ਤਾਂ ਮੈਂ ਬਿਮਾਰ ਹੋ ਜਾਂਦਾ ਸੀ। ਹਾਲਾਂਕਿ ਸਾਰੇ ਜਣੇ ਮੈਨੂੰ ਪਿਆਰ ਕਰਦੇ ਸਨ, ਇਸੇ ਲਈ ਸਾਰੇ ਮੇਰੀ ਗੱਲ ਮੰਨਦੇ ਸਨ। ਮੇਰੀ ਧਰਮ ਵਿੱਚ ਦਿਲਚਸਪੀ ਹੋਈ ਅਤੇ ਮੈਂ ਅਧਿਆਤਮ ਵੱਲ ਮੁੜ ਗਿਆ।"

ਜਦੋਂ ਕਾਲੀਚਰਨ ਮਹਾਰਾਜ ਨਗਰ ਨਿਗਮ ਚੋਣਾਂ ਹਾਰੇ

ਕਾਲੀਚਰਨ ਮਹਾਰਾਜ ਆਪਣੀ ਜਵਾਨੀ ਵਿੱਚ ਇੰਦੌਰ ਗਏ। ਉਹ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਲੱਗੇ ਸਨ।

ਇੰਦੌਰ ਵਿੱਚ ਉਹ ਭਿਊਜੀ ਮਹਾਰਾਜ ਦੀ ਸ਼ਰਣ ਵਿੱਚ ਆਏ, ਹਾਲਾਂਕਿ ਕੁਝ ਦਿਨਾਂ ਬਾਅਦ ਹੀ ਉਹ ਭਿਊਜੀ ਮਹਾਰਾਜ ਦਾ ਆਸ਼ਰਮ ਛੱਡ ਕੇ ਅਕੋਲਾ ਪਹੁੰਚ ਗਏ।

ਸਥਾਨਕ ਪੱਤਰਕਾਰ ਉਮੇਸ਼ ਅਕੇਲਾ ਦੱਸਦੇ ਹਨ, ਕਾਲੀਚਰਨ ਮਹਾਰਾਜ 2017 ਵਿੱਚ ਅਕੋਲਾ ਮੁੜ ਆਏ ਅਤੇ ਉਨ੍ਹਾਂ ਨੇ ਨਗਰ ਨਿਗਮ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਈ ਅਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਵੈਸੇ ਅਭਿਜੀਤ ਸਰਾਗ ਦੇ ਕਾਲੀਚਰਨ ਵਿੱਚ ਤਬਦੀਲ ਹੋਣ ਦੀ ਕਹਾਣੀ ਬੇਹੱਦ ਦਿਲਚਸਪ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਦੇਵੀ ਕਾਲੀ ਨੇ ਨਾ ਸਿਰਫ਼ ਉਨ੍ਹਾਂ ਨੂੰ ਦਰਸ਼ਨ ਦਿੱਤੇ ਸਗੋਂ ਉਨ੍ਹਾਂ ਨੂੰ ਬਚਾਇਆ ਵੀ।

ਇਸ ਦਾਅਵੇ ਬਾਰੇ ਉਨ੍ਹਾਂ ਨੇ ਮੀਡੀਆ ਨੂੰ ਦੱਸਿਆ, ਇੱਕ ਹਾਦਸੇ ਵਿੱਚ ਮੇਰਾ ਪੈਰ ਟੁੱਟ ਗਿਆ ਸੀ। ਮੇਰਾ ਪੈਰ 90 ਡਿਗਰੀ ਤੋਂ ਜ਼ਿਆਦਾ ਮੁੜ ਗਿਆ ਸੀ ਅਤੇ ਦੋਵੇਂ ਹੱਡੀਆਂ ਟੁੱਟ ਗਈਆਂ ਸਨ। ਕਾਲੀ ਮਾਂ ਨੇ ਨਾ ਸਿਰਫ਼ ਮੈਨੂੰ ਦਰਸ਼ਨ ਦਿੱਤੇ ਅਤੇ ਮੇਰਾ ਪੈਰ ਫੜ ਕੇ ਖਿੱਚਿਆ ਅਤੇ ਉਸੇ ਸਮੇਂ ਮੇਰਾ ਪੈਰ ਠੀਕ ਹੋ ਗਿਆ।"

“ਇਹ ਇੱਕ ਗੰਭੀਰ ਦੁਰਘਟਨਾ ਸੀ ਪਰ ਮੈਨੂੰ ਸਰਜਰੀ ਨਹੀਂ ਕਰਾਉਣੀ ਪਈ, ਮੇਰੇ ਪੈਰ ਵਿੱਚ ਰਾਡ ਨਹੀਂ ਪਾਉਣਾ ਪਿਆ। ਇਹ ਚਮਤਕਾਰ ਤੋਂ ਘੱਟ ਨਹੀਂ ਸੀ। ਮੈਂ ਕਾਲੀ ਮਾਂ ਨੂੰ ਦੇਖ ਸਕਦਾ ਸੀ ਅਤੇ ਉਸ ਤੋਂ ਬਾਅਦ ਮੈਂ ਉਨ੍ਹਾਂ ਦਾ ਪਰਮ ਭਗਤ ਬਣ ਗਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕਾਲੀਚਰਨ ਮਹਾਰਾਜ ਦੱਸਦੇ ਹਨ,"ਮੇਰੀ ਦਾਦੀ ਕਿਹਾ ਕਰਦੀ ਸੀ ਕਿ ਮੈਂ ਰਾਤ ਨੂੰ ਵੀ ਕਾਲੀ ਮਾਂ ਦਾ ਨਾਮ ਧਿਆਇਆ ਕਰਦਾ ਸੀ। ਮੈਂ ਕਾਲੀ ਮਾਂ ਦੀ ਪੂਜਾ ਸ਼ੂਰੂ ਕੀਤੀ ਅਤੇ ਮੇਰੀ ਧਰਮ ਵਿੱਚ ਦਿਲਚਸਪੀ ਸ਼ੁਰੂ ਹੋਈ ਅਤੇ ਫਿਰ ਮੈਂ ਕਾਲੀ ਮਾਂ ਦਾ ਪੁੱਤਰ ਬਣ ਗਿਆ।"

ਉਂਝ ਕਾਲੀਚਰਨ ਆਪਣੇ ਗੁਰੂ ਦਾ ਨਾਮ ਮਹਾਰਿਸ਼ੀ ਅਗਸਤ ਦੱਸਦੇ ਹਨ।

ਕਾਲੀਚਰਨ ਮਹਾਰਾਜ ਦਾ ਦਾਅਵਾ ਹੈ ਕਿ ਮਹਾਰਿਸ਼ੀ ਅਗਸਤ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਉਦੋਂ ਹੋਈ ਜਦੋਂ ਉਹ 15 ਸਾਲ ਦੇ ਸਨ।ਉਹ ਕਹਿੰਦੇ ਹਨ ਕਿ ਮਹਾਰਿਸ਼ੀ ਅਗਸਤ ਨੇ ਉਨ੍ਹਾਂ ਨੂੰ ਲਾਲ ਕੱਪੜੇ ਪਾਉਣ ਨੂੰ ਕਿਹਾ ਸੀ ਪਰ ਉਹ ਦਾਅਵਾ ਕਰਦੇ ਹਨ ਕਿ ਉਹ ਰਿਸ਼ੀ ਨਹੀਂ ਹਨ।

ਕਾਲੀਚਰਨ ਮਹਾਰਾਜ ਕਹਿੰਦੇ ਹਨ,"ਰਿਸ਼ੀ ਮੁਨੀ ਕੋਈ ਮੇਕਅਪ ਨਹੀਂ ਕਰਦੇ ਪਰ ਮੈਨੂੰ ਵਧੀਆਂ ਡਿਜ਼ਾਈਨ ਵਾਲੇ ਕੱਪੜੇ ਪਾਉਣੇ ਪਸੰਦ ਹਨ। ਮੈਂ ਕੁਮਕੁਮ ਵੀ ਲਗਾਉਂਦਾ ਹਾਂ, ਮੈਂ ਦਾੜ੍ਹੀ ਬਣਾਉਂਦਾ ਹਾਂ ਇਸ ਲਈ ਮੈਂ ਖ਼ੁਦ ਨੂੰ ਰਿਸ਼ੀ ਮੁਨੀ ਨਹੀਂ ਕਹਿ ਸਕਦਾ।"

ਜਦੋਂ ਹੋਇਆ ਵੀਡੀਓ ਵਾਇਰਲ

ਕਾਲੀਚਰਨ ਪਿਛਲੇ ਸਾਲ ਉਦੋਂ ਸੁਰਖੀਆਂ ਵਿੱਚ ਆਏ ਸਨ ਜਦੋਂ ਜੂਨ 2020 ਵਿੱਚ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਉਸ ਵੀਡੀਓ ਵਿੱਚ ਉਹ ਸ਼ਿਵ ਤਾਂਡਵ ਸਤੋਤਰ ਦਾ ਪਾਠ ਕਰਦੇ ਨਜ਼ਰ ਆ ਰਹੇ ਸਨ। ਕੁਝ ਦਿਨ ਪਹਿਲਾਂ ਕਾਲੀਚਰਨ ਮਹਾਰਾਜ ਨੇ ਕੋਰੋਨਾਵਾਇਰਸ ਬਾਰੇ ਵੀ ਇੱਕ ਅਜੀਬੋ-ਗ਼ਰੀਬ ਬਿਆਨ ਦਿੱਤਾ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਵਿਸ਼ਵ ਸਿਹਤ ਸੰਗਠਨ ਇੱਕ ਫਰਾਡ ਸੰਸਥਾ ਹੈ ਅਤੇ ਉਸਦੇ ਡਾਕਟਰ ਅਤੇ ਮਾਹਰ ਵੀ ਫਰਾਡ ਹਨ।

ਉਨ੍ਹਾਂ ਨੇ ਇਲਜ਼ਾਮ ਲਾਇਆ ਸੀ ਕਿ ਵਿਸ਼ਵ ਸਿਹਤ ਸੰਗਠਨ ਵੈਕਸੀਨ ਕੰਪਨੀਆਂ ਨਾਲ ਮਿਲ ਕੇ ਭਾਰਤ ਵਾਸੀਆਂ ਨੂੰ ਡਰਾ ਰਿਹਾ ਹੈ ਤਾਂ ਜੋ ਵੈਕਸੀਨ ਦੀ ਵਿਕਰੀ ਵਧੇ।

ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਜਿਨ੍ਹਾਂ ਕੋਵਿਡ ਮਰੀਜ਼ਾਂ ਦੀ ਮੌਤ ਹੋਈ ਹੈ ਉਨ੍ਹਾਂ ਦੀਆਂ ਲਾਸ਼ਾਂ ਪਰਿਵਾਰ ਵਾਲਿਆਂ ਦੇ ਸਪੁਰਦ ਨਹੀਂ ਕੀਤੀਆਂ ਜਾਂਦੀਆਂ, ਅਜਿਹੇ ਵਿੱਚ ਉਨ੍ਹਾਂ ਦੀ ਗੁਰਦੀ ਅਤੇ ਅੱਖਾਂ ਵਗੈਰਾ ਵੀ ਕੱਢ ਲਈਆਂ ਜਾਂਦੀਆਂ ਹੋਣਗੀਆਂ।

ਹਾਲਾਂਕਿ, ਆਪਣੇ ਇਨ੍ਹਾਂ ਇਲਜ਼ਾਮਾਂ ਦੀ ਪੁਸ਼ਟੀ ਲਈ ਕਾਲੀਚਰਨ ਮਹਾਰਾਜ ਕੋਈ ਸਬੂਤ ਪੇਸ਼ ਨਹੀਂ ਕਰ ਸਕੇ।

ਕੀ ਕਾਲੀਚਰਨ ਤੇ ਕੋਈ ਕਾਰਵਾਈ ਹੋਵੇਗੀ?

ਮਹਾਤਮਾ ਗਾਂਧੀ ਬਾਰੇ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਕਾਲੀਚਰਨ ਤੇ ਫਿਰਕੂ ਸਦਭਾਵਨਾ ਵਿਗਾੜਨ ਦੇ ਇਲਜ਼ਾਮਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਮਹਾਰਾਸ਼ਟਰ ਸਰਕਾਰ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸੀ ਮੰਤਰੀਆਂ ਨੇ ਕਾਲੀਚਰਨ ਮਹਾਰਾਜ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਉੱਥੇ ਹੀ ਸੋਸ਼ਲ ਮੀਡੀਆ ਉੱਪਰ ਕੋਈ ਲੋਕ ਸਵਾਲ ਚੁੱਕ ਰਹੇ ਹਨ ਕਿ ਛੱਤੀਸਗੜ੍ਹ ਵਿੱਚ ਬਹੁਮਤ ਵਾਲੀ ਕਾਂਗਰਸ ਸਰਕਾਰ ਕਾਲੀਚਰਣ ਉੱਪਰ ਕੋਈ ਕਾਰਵਾਈ ਕਰੇਗੀ।

ਫੈਕਟ ਚੈਕ ਵੈਬਸਾਈਟ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੇ ਟਵੀਟ ਕੀਤਾ ਹੈ,"

ਕੀ ਕਾਲੀਚਰਣ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਜਾਂ ਫਿਰ ਉੱਥੇ ਵੀ ਹਿਰਦੁਆਰ ਵਾਂਗ ਮਾਮਲੇ ਵਿੱਚ ਕੁਝ ਨਹੀਂ ਹੋਵੇਗਾ।"

ਉੱਥੇ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਕਿਹਾ,"ਬਾਪੂ ਨੂੰ ਗਾਲ਼ ਕੱਢਕੇ ਅਤੇ ਸਮਾਜ ਵਿੱਚ ਜ਼ਹਿਰ ਘੋਲ ਕੇ, ਜੇ ਕੋਈ ਪਖੰਡੀ ਸੋਚਦਾ ਹੈ ਕਿ ਉਹ ਆਪਣੇ ਇਰਾਦੇ ਵਿੱਚ ਕਾਮਯਾਬ ਹੋਵੇਗਾ ਤਾਂ ਇਹ ਉਸ ਦਾ ਵਹਿਮ ਹੈ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)