ਕੋਰੋਨਾਵਾਇਰਸ : ਵੈਕਸੀਨ ਲੁਆਉਣ ਤੋਂ ਬਾਅਦ ਕਿੰਨੀ ਦੇਰ ਸੁਰੱਖਿਅਤ ਰਹਿੰਦਾ ਹੈ ਵਿਅਕਤੀ, ਜਾਣੋ ਭਾਰਤ ਦੇ ਨਵੇਂ ਟੀਕਿਆਂ ਬਾਰੇ

ਭਾਰਤ ਦੇ ਸਿਹਤ ਮੰਤਰਾਲੇ ਦੀ ਵੀਰਵਾਰ ਸ਼ਾਮੀਂ ਕੀਤੀ ਗਈ ਪ੍ਰੈੱਸ ਬਰੀਫਿੰਗ ਵਿੱਚ ਦੱਸਿਆ ਕਿ ਓਮੀਕਰੋਨ ਅਤੇ ਕੋਰੋਨਾਵਾਇਰਸ ਦੀ ਰੋਕਥਾਮ ਲਈ ਵੈਕਸੀਨ ਕਿੰਨਾ ਸਮਾਂ ਕੰਮ ਕਰਦੀ ਹੈ।

ਆਈਸੀਐਮਆਰ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਕਿਹਾ, "ਲਾਗ ਤੋਂ ਬਾਅਦ ਲਗਭਗ ਨੌਂ ਮਹੀਨਿਆਂ ਤੱਕ ਵਿਅਕਤੀ ਕੋਵਿਡ ਤੋਂ ਸੁਰੱਖਿਅਤ ਰਹਿੰਦਾ ਹੈ।"

ਸਾਰਸਕੋਵੀ ਤੋਂ ਸਰੀਰ ਤਿੰਨ ਤਰ੍ਹਾਂ ਦੀ ਪ੍ਰਤੀਕਿਰਿਆ ਕਰਦਾ ਹੈ- ਐਂਟੀਬਾਡੀ ਮੀਡੀਏਟਿਡ, ਸੈੱਲ ਮੈਮੋਰੀ, ਇਮਨੌਲੋਜੀਕਲ ਮੈਮੋਰੀ।

"ਲਾਗ ਤੋਂ ਬਾਅਦ ਲਗਭਗ ਨੌਂ ਮਹੀਨਿਆਂ ਤੱਕ ਵਿਅਕਤੀ ਕੋਵਿਡ ਤੋਂ ਸੁਰੱਖਿਅਤ ਰਹਿੰਦਾ ਹੈ।"

ਉਨ੍ਹਾਂ ਨੇ ਦੱਸਿਆ, "ਅਮਰੀਕਾ ਦੇ ਅਧਿਐਨਾਂ ਮੁਤਾਬਕ ਕੁਦਰਤੀ ਲਾਗ ਤੋਂ ਬਾਅਦ ਇਮਨੌਲੋਜੀਕਲ ਮੈਮੋਰੀ ਅੱਠ ਮਹੀਨੇ ਤੱਕ ਰਹਿੰਦੀ ਹੈ।"

"ਚੀਨ ਵਿੱਚ ਹੋਏ ਅਧਿਐਨਾਂ ਮੁਤਾਬਕ ਐਂਟੀਬਾਡੀ ਮੀਡੀਏਟਿਡ ਇਮੂਨਿਟੀ ਨੌਂ ਮਹੀਨਿਆਂ ਤੱਕ ਰਹਿੰਦੀ ਹੈ।"

ਭਾਰਤ ਵਿੱਚ ਹੋਏ ਅਧਿਐਨਾਂ ਮੁਤਾਬਕ ਸਾਲ 2020 ਤੇ 2021 ਦੌਰਾਨ ਹੋਏ ਕੇਸਾਂ ਉੱਪਰ ਕੀਤੇ ਗਏ ਤਿੰਨ ਅਧਿਐਨਾਂ ਦੇ ਨਤੀਜਿਆਂ ਮੁਤਾਬਕ ਦੇਖਿਆ ਗਿਆ ਕਿ 90 ਫ਼ੀਸਦੀ ਲੋਕ ਕੁਦਰਤੀ ਲਾਗ ਤੋਂ ਬਾਅਦ 9 ਮਹੀਨਿਆਂ ਤੱਕ ਸੁਰੱਖਿਅਤ ਰਹੇ।

ਇਸ ਤੋਂ ਇਲਾਵਾ ਵੈਕਸੀਨ ਵੀ ਰੱਖਿਆ ਪ੍ਰਦਾਨ ਕਰਦੇ ਹਨ।

"ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਗਈ ਉਨ੍ਹਾਂ ਵਿੱਚੋਂ ਕੁਝ ਨੂੰ ਪਹਿਲਾਂ ਤੋਂ ਹੀ ਲੱਛਣਾਂ ਵਾਲਾ ਅਤੇ ਕੁਝ ਨੂੰ ਬਗੈਰ ਲੱਛਣਾਂ ਵਾਲਾ ਕੋਵਿਡ ਸੀ। ਇਸ ਤਰ੍ਹਾਂ ਇਹ ਲੋਕ ਵਾਇਰਸ ਦੇ ਇੱਕ ਤੋਂ ਜ਼ਿਆਦਾ ਵਾਰ ਸੰਪਰਕ ਵਿੱਚ ਆਏ ਸਨ। ਉਹ ਭਾਵੇਂ ਲਾਗ, ਜਾਂ ਕਿਸੇ ਦੇ ਸੰਪਰਕ ਵਿੱਚ ਆਉਣ ਕਰਕੇ ਜਾਂ ਫਿਰ ਟੀਕੇ ਕਾਰਨ।"

"ਵਾਇਰਸ ਤੋਂ ਇਸ ਤਰ੍ਹਾਂ ਹਾਸਲ ਕੀਤੀ ਗਈ ਰੱਖਿਆ ਵੀ ਅੱਠ ਮਹੀਨਿਆਂ ਤੱਕ ਬਰਕਰਾਰ ਰਹਿੰਦੀ ਹੈ।"

"ਕੋਵੀਸ਼ੀਲਡ ਤੇ ਕੋਵੈਕਸੀਨ ਤੋਂ ਬਾਅਦ ਲਗਭਗ ਦਸ ਮਹੀਨਿਆਂ ਤੱਕ ਸੈੱਲ ਮੀਡੀਏਟਿਡ ਇਮਿਊਨਿਟੀ ਬਰਕਰਾਰ ਰਹਿੰਦੀ ਹੈ।"

"ਇੱਕਲੇ ਵੈਕਸੀਨ ਦੇ ਮੁਕਾਬਲੇ ਜਿਨ੍ਹਾਂ ਲੋਕਾਂ ਨੂੰ ਲਾਗ ਵੀ ਹੋਈ ਅਤੇ ਵੈਕਸੀਨ ਵੀ ਲੱਗਿਆ ਉਨ੍ਹਾਂ ਦੀ ਇਮਿਊਨਿਟੀ ਇੱਕਲੀ ਲਾਗ ਅਤੇ ਇਕੱਲੇ ਟੀਕੇ ਵਾਲਿਆਂ ਤੋਂ ਜ਼ਿਆਦਾ ਮਜ਼ਬੂਤ ਦੇਖੀ ਗਈ ਗਈ।"

"ਇਸ ਤਰ੍ਹਾਂ ਦੀ ਇਮਿਊਨਿਟੀ ਨੂੰ "ਹਾਈਬਰਿੱਡ ਇਮਿਊਨਿਟੀ" ਕਿਹਾ ਜਾਂਦਾ ਹੈ।"

"ਅਹਿਤਿਆਤੀ ਖ਼ੁਰਾਕ ਬਾਰੇ ਉਨ੍ਹਾਂ ਨੇ ਦੱਸਿਆ ਕਿ ਪ੍ਰੀਕਾਸ਼ਨਰੀ ਡ਼ੋਜ਼ ਤਿੰਨ ਚੀਜ਼ਾਂ"ਲਾਗ ਦੀ ਗੰਭੀਰਤਾ, ਹਸਪਤਾਲ ਜਾਣਾ ਅਤੇ ਮੌਤ ਨੂੰ ਘੱਟ ਕਰਨ ਲਈ ਹੈ।"

ਉਨ੍ਹਾਂ ਨੇ ਜ਼ੋਰ ਦਿੱਤਾ ਕਿ "ਟੀਕਾ ਲੱਗਣ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਮਾਸਕ ਲਗਾਉਣਾ ਅਹਿਮ ਹੈ। ਵਾਇਰਸ ਭਾਵੇਂ ਮਿਊਟੈਂਟ ਹੋ ਰਿਹਾ ਹੈ ਭਾਵੇਂ ਨਹੀਂ ਇਸ ਦੇ ਫ਼ੈਲਣ ਦੇ ਜ਼ਰੀਏ ਉਹੀ ਹਨ ਅਤੇ ਇਲਾਜ ਪ੍ਰਕਿਰਿਆ ਵੀ ਉਹੀ ਹੈ ਬਦਲਾਅ ਨਹੀਂ ਆਇਆ ਹੈ।

"ਸਿਹਤ ਮੰਤਰਾਲਾ ਦੀ ਪ੍ਰੈੱਸ ਬਰੀਫਿੰਗ ਵਿੱਚ ਓਮੀਕਰੋਨ ਅਤੇ ਵੈਕਸੀਨਾਂ ਤੋਂ ਮਿਲਣ ਵਾਲੀ ਸੁਰੱਖਿਆ ਬਾਰੇ ਆਸੀਐਮਆਰ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਕਿਹਾ, "ਲਾਗ ਤੋਂ ਬਾਅਦ ਲਗਭਗ ਨੌਂ ਮਹੀਨਿਆਂ ਤੱਕ ਵਿਅਕਤੀ ਕੋਵਿਡ ਤੋਂ ਸੁਰੱਖਿਅਤ ਰਹਿੰਦਾ ਹੈ।"

ਇਹ ਵੀ ਪੜ੍ਹੋ :

ਦੋ ਨਵੇਂ ਟੀਕਿਆਂ ਦੀ ਪ੍ਰਵਾਨਗੀ

ਕੋਰੋਨਾਵਇਰਸ ਦੀ ਤੀਜੀ ਲਹਿਰ ਦੇ ਡਰ ਦੇ ਚਰਚਿਆਂ ਦੌਰਾਨ ਭਾਰਤ ਸਰਕਾਰ ਨੇ ਆਪਣਾ ਟੀਕਾਕਰਨ ਪ੍ਰੋਗਰਾਮ ਤੇਜ਼ ਕਰਨ ਦੇ ਇਰਾਦੇ ਨਾਲ ਵਾਇਰਸ ਦੇ ਦੋ ਨਵੇਂ ਟੀਕਿਆਂ ਨੂੰ ਪ੍ਰਵਾਨਗੀ ਦਿੱਤੀ ਹੈ।

ਇਹ ਨਵੇਂ ਵੈਕਸੀਨ ਹਨ ਸੀਰਮ ਇੰਸਟੀਚਿਊਟ ਦੀ ਕੋਵੋਵੈਕਸ ਅਤੇ ਬਾਇਓਲੋਜੀਕਲ ਈ ਦੀ ਕੋਰੋਬੇਵੈਕਸ। ਇਨ੍ਹਾਂ ਦੋਵਾਂ ਟੀਕਿਆਂ ਨੂੰ ਦੇਖ-ਰੇਖ ਹੇਠ ਐਮਰਜੈਂਸੀ ਸਥਿਤੀ ਵਿੱਚ ਵਰਤਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਭਾਰਤ ਵਿੱਚ ਹੁਣ ਤੱਕ ਕੋਰੋਨਾਵਇਰਸ ਦੇ ਅੱਠ ਟੀਕਿਆਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਜਿਨ੍ਹਾਂ ਵਿੱਚੋਂ ਪੰਜ ਟੀਕੇ ਭਾਰਤ ਵਿੱਚ ਹੀ ਵਿਕਸਿਤ ਕੀਤੇ ਗਏ ਹਨ।

ਹੁਣ ਤੱਕ ਭਾਰਤ ਵਿੱਚ 1.4 ਬਿਲੀਅਨ ਲੋਕਾਂ ਦਾ ਮੁਕੰਮਲ ਜਾਂ ਆਂਸ਼ਿਕ ਟੀਕਾਕਰਨ ਕੀਤਾ ਜਾ ਚੁੱਕਿਆ ਹੈ।

ਸਰਕਾਰ ਸ਼ੁਰੂ ਵਿੱਚ ਮੌਜੂਦਾ ਸਾਲ ਦੇ ਮੁੱਕਣ ਤੋਂ ਪਹਿਲਾਂ ਸਾਰੀ ਵਸੋਂ ਦਾ ਟੀਕਾਕਰਨ ਮੁਕੰਮਲ ਕਰਨਾ ਚਾਹੁੰਦੀ ਸੀ ਪਰ ਹੁਣ ਸਮਾਂ ਲੰਘਦਾ ਜਾ ਰਿਹਾ ਹੈ।

ਜਨਵਰੀ ਤੋਂ ਲੈ ਕੇ ਹੁਣ ਤੱਕ 65% ਯੋਗ ਲੋਕਾਂ ਦਾ ਟੀਕਾਕਰਨ ਮੁਕੰਮਲ ਅਤੇ ਜਦਕਿ 90% ਤੋਂ ਜ਼ਿਆਦਾ ਨੂੰ ਵੈਕਸੀਨ ਦੀ ਇੱਕ ਖ਼ੁਰਾਕ ਲਗਾਈ ਜਾ ਚੁੱਕੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਆਪਣੇ ਨਾਗਰਿਕਾਂ ਨੂੰ ਬੂਸਟਰ ਖ਼ੁਰਾਕ ਵੀ ਦੇਵੇਗਾ। ਹਾਲਾਂਕਿ ਇਸ ਲਈ ਉਨ੍ਹਾਂ ਨੇ ਅਹਿਤਿਆਤੀ ਖ਼ੁਰਾਕ ਸ਼ਬਦ ਦੀ ਵਰਤੋਂ ਕੀਤੀ। 10 ਜਨਵਰੀ ਤੋਂ ਸ਼ੁਰੂ ਕੀਤੇ ਜਾਣ ਵਾਲੇ ਬੂਸਟਰ ਟੀਕਾਕਰਨ ਪ੍ਰੋਗਰਾਮ ਵਿੱਚ ਹੈਲਥਕੇਅਰ ਵਰਕਰ, ਫਰੰਟ ਲਾਈਨਰਜ਼ ਅਤੇ 60 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਤਿੰਨ ਜਨਵਰੀ ਤੋਂ 15-18 ਸਾਲ ਦੇ ਬੱਚਿਆਂ ਨੂੰ ਵੀ ਵੈਕਸੀਨ ਦਿੱਤੀ ਜਾਣੀ ਸ਼ੁਰੂ ਕਰ ਦਿੱਤੀ ਜਾਵੇਗੀ।

ਭਾਰਤ ਵਿੱਚ ਕੋਰੋਨਾਵਇਰਸ ਦੇ ਲਗਭਗ 6000 ਕੇਸ ਸਾਹਮਣੇ ਆ ਰਹੇ ਹਨ ਜਦਕਿ ਨਵੇਂ ਵੇਰੀਐਂਟ ਓਮੀਕਰੋਨ ਦੇ ਕੇਸ ਲਗਭਗ 700 ਹੋ ਚੁੱਕੇ ਹਨ।

ਓਮੀਕਰੋਨ ਦੀ ਲਾਗ ਕਈ ਸੂਬਿਆਂ ਵਿੱਚ ਤੇਜ਼ੀ ਨਾਲ ਫ਼ੈਲਦੀ ਜਾ ਰਹੀ ਹੈ ਅਤੇ ਕੁਝ ਥਾਵਾਂ 'ਤੇ ਰਾਤ ਦਾ ਕਰਫ਼ਿਊ ਲਗਾਉਣ ਤੋਂ ਇਲਾਵਾ ਹੋਰ ਵੀ ਅਹਿਤਿਆਤੀ ਕਦਮ ਚੁੱਕੇ ਜਾ ਰਹੇ ਹਨ।

ਨਵੇਂ ਵੈਕਸੀਨ ਕਿਵੇਂ ਕੰਮ ਕਰਦੇ ਹਨ?

ਕੋਰਬੇਵੈਕਸ ਨੂੰ ਭਾਰਤ ਦੀ ਦਵਾਈ ਨਿਰਮਾਤਾ ਕੰਪਨੀ ਬਾਇਓਲੌਜੀਕਲ ਈ ਨੇ ਅਮਰੀਕੀ ਕੰਪਨੀ ਡਾਇਨਾਵੈਕਸ ਅਤੇ ਬੇਲੋਰ ਕਾਲਜ ਆਫ਼ ਮੈਡੀਸਨ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ।

ਇਹ ਭਾਰਤ ਦੀ ਪਹਿਲੀ ਰੀਕੌਂਬੀਨੈਂਟ ਪ੍ਰੋਟੀਨ ਸਬ-ਯੂਨਿਟ ਵੈਕਸੀਨ ਹੈ। ਕੇਂਦਰੀ ਸਿਹਤ ਮੰਤਰੀ ਮੰਸੁੱਖ ਮੰਡਾਵੀਆ ਨੇ ਦੱਸਿਆ ਕਿ ਇਸ ਵਿੱਚ ਕੋਰੋਨਾਵਇਰਸ ਦੇ "ਸਪਾਇਕ ਪ੍ਰੋਟੀਨ" ਦੀ ਵਰਤੋਂ ਕੀਤੀ ਗਈ ਹੈ। ਇਹ ਉਹੀ ਪ੍ਰੋਟੀਨ ਹੈ ਜਿਸ ਦੀ ਵਰਤੋਂ ਕਰਕੇ ਵਾਇਰਸ ਮਨੁੱਖੀ ਸਰੀਰ ਵਿੱਚ ਦਾਖ਼ਲ ਹੁੰਦਾ ਹੈ।

ਜਦੋਂ ਇਸ ਪ੍ਰੋਟੀਨ ਨੂੰ ਟੀਕੇ ਰਾਹੀਂ ਅੰਦਰ ਦਾਖ਼ਲ ਕੀਤਾ ਜਾਂਦਾ ਹੈ ਤਾਂ ਸਰੀਰ ਇਸ ਖ਼ਿਲਾਫ਼ ਰੱਖਿਆ ਪ੍ਰਣਾਲੀ ਨੰ ਸਰਗਰਮ ਕਰਦਾ ਹੈ।

ਇਹ ਵੀ ਪੜ੍ਹੋ:

ਕੋਵੋਵੈਕਸ, ਨੋਵੋਵੈਕਸ ਦਾ ਦੇਸੀ ਰੂਪ ਹੈ, ਜਿਸ ਦਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਉਤਪਾਦਨ ਕੀਤਾ ਜਾਵੇਗਾ।

ਸੀਰਮ ਇੰਸਟੀਚਿਊਟ ਹੀ ਆਕਸਫੋਰਡ-ਐਸਟਰਾਜ਼ੈਨਿਕਾ ਵੈਕਸੀਨ ਵੀ ਤਿਆਰ ਕਰ ਰਿਹਾ ਹੈ, ਜਿਸ ਨੂੰ ਕੋਵੀਸ਼ੀਲਡ ਵਜੋਂ ਜਾਣਿਆਂ ਜਾਂਦਾ ਹੈ।

ਕੰਪਨੀ ਮੁਤਾਬਕ ਕੋਵੀਸ਼ੀਲਡ ਵੈਕਸੀਨ ਬਾਅਦ ਦੇ ਪੜਾਵਾਂ ਵਿੱਚ ਅਮਰੀਕੀ ਸੂਬਿਆਂ ਵਿੱਚ 90% ਤੱਕ ਕਾਰਗਰ ਪਾਇਆ ਗਿਆ ਸੀ।

ਇਸ ਤੋਂ ਪਹਿਲਾਂ ਭਾਰਤ ਵਿੱਚ ਕਿਹੜੇ ਵੈਕਸੀਨਾਂ ਨੂੰ ਮਾਨਤਾ ਹਾਸਲ ਹੈ

ਭਾਰਤ ਵਿੱਚ ਛੇ ਟੀਕਿਆਂ ਨੂੰ ਪਹਿਲਾਂ ਹੀ ਮਾਨਤਾ ਹਾਸਲ ਹੈ।

ਹਾਲਾਂਕਿ ਫ਼ਿਲਹਾਲ ਇੱਥੇ ਸਿਰਫ਼ ਤਿੰਨ ਦੀ ਵਰਤੋਂ ਕੀਤੀ ਜਾ ਰਹੀ ਹੈ- ਕੋਵੀਸ਼ੀਲਡ, ਕੋਵੈਕਸੀਨ ਜਿਸ ਨੂੰ ਭਾਰਤ ਬਾਇਓਟੈਕ ਨੇ ਬਣਾਇਆ ਹੈ ਅਤੇ ਰੂਸ ਦੀ ਸਪੂਤਨਿਕ-ਵੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਦੇਸ਼ ਵਿੱਚ ਜਿੰਨਾਂ ਟੀਕਾਕਰਨ ਹੋਇਆ ਹੈ ਉਸ ਵਿੱਚ 90% ਕੋਵੀਸ਼ੀਲਡ ਲਗਾਈ ਗਈ ਹੈ।

ਭਾਰਤ ਨੇ ਭਾਰਤੀ ਦਵਾਈ ਕੰਪਨੀ ਕੈਡੀਲਾ ਵੱਲੋਂ ਵਿਕਸਿਤ ਜ਼ਾਇਕੋਵ-ਡੀ ਨੂੰ ਵੀ ਮਾਨਤਾ ਦਿੱਤੀ ਹੈ ਪਰ ਇਹ ਅਜੇ ਵਰਤੋਂ ਲਈ ਉਪਲਭਦ ਨਹੀਂ ਹੈ। ਜ਼ਾਇਕੋਵ-ਡੀ ਦੁਨੀਆਂ ਦੀ ਪਹਿਲੀ ਡੀਐਨਏ ਅਧਾਰਿਕ ਵੈਕਸੀਨ ਹੈ।

ਕੇਂਦਰ ਸਰਕਾਰ ਨੇ ਜੌਹਨਸ ਐਂਡ ਜੌਹਨਸਨ ਦੀ ਇਕਹਿਰੀ ਖ਼ੁਰਾਕ ਵਾਲੀ ਵੈਕਸੀਨ ਨੂੰ ਵੀ ਮਾਨਤਾ ਦੇ ਰੱਖੀ ਹੈ। ਭਾਰਤ ਵਿੱਚ ਇਸ ਦੀ ਪੂਰਤੀ ਬਾਇਓਲੌਜੀਕਲ-ਈ ਨਾਲ ਹੋਏ ਇੱਕ ਕਾਰੋਬਾਰੀ ਸਮਝੌਤੇ ਤਹਿਤ ਕੀਤੀ ਜਾਣੀ ਸੀ।

ਇਸੇ ਤਰ੍ਹਾਂ ਸਰਕਾਰ ਨੇ ਭਾਰਤੀ ਦਵਾਈ ਕੰਪਨੀ ਸਿਪਲਾ ਨੂੰ ਮੌਡਰਨਾ ਵੈਕਸੀਨ ਮੰਗਵਾਉਣ ਦੀ ਇਜਾਜ਼ਤ ਵੀ ਦਿੱਤੀ ਹੋਈ ਹੈ।

ਹਾਲਾਂਕਿ ਇਹ ਦੋਵੇਂ ਕਦੋਂ ਤੋਂ ਭਾਰਤ ਵਿੱਚ ਉਪਲਭਦ ਹੋਣਗੀਆਂ ਇਸ ਬਾਰੇ ਕੁਝ ਨਿਸ਼ਚਿਤ ਨਹੀਂ ਹੈ।

ਸਾਨੂੰ ਇਨ੍ਹਾਂ ਵੈਕਸੀਨਾਂ ਬਾਰੇ ਕੀ ਕੁਝ ਪਤਾ ਹੈ?

ਐਸਟਰਾਜ਼ੈਨਿਕਾ ਦੀ ਵੈਕਸੀਨ ਨੂੰ ਭਾਰਤ ਵਿੱਚ ਕੋਵੀਸ਼ੀਲਡ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਇਸ ਨੂੰ ਬਣਾਉਣ ਲਈ ਚਿੰਪਾਂਜ਼ੀਆਂ ਤੋਂ ਹਾਸਲ ਕੀਤੇ ਗਏ ਸਧਾਰਨ ਸਰਦੀ-ਜ਼ੁਖਾਮ ਲਈ ਜ਼ਿੰਮੇਵਾਰ ਵਾਇਰਸ ਦੇ ਕਮਜ਼ੋਰ ਕੀਤੇ ਹੋਏ ਰੂਪ ਦੀ ਵਰਤੋਂ ਕੀਤੀ ਗਈ ਹੈ।

ਇਸ ਨੂੰ ਸੋਧ ਕਰਕੇ ਕੋਰੋਨਾਵਇਰਸ ਦਾ ਹਮਸ਼ਕਲ ਬਣਾਇਆ ਗਿਆ ਹੈ, ਹਾਲਾਂਕਿ ਇਹ ਬਿਮਾਰ ਨਹੀਂ ਕਰਦਾ ਹੈ।

ਕੋਵੈਕਸੀਨ ਜਿਸ ਨੂੰ ਭਾਰਤੀ ਕੰਪਨੀ ਭਾਰਤ ਬਾਇਓਟੈਕ ਵੱਲੋਂ ਵਿਕਸਿਤ ਕੀਤਾ ਗਿਆ ਹੈ, ਇਸ ਵਿੱਚ ਮ੍ਰਿਤ ਕੋਰੋਨਾਵਇਰਸ ਦੀ ਵਰਤੋਂ ਕੀਤੀ ਗਈ ਹੈ।

ਵੈਕਸੀਨ ਉਦੋਂ ਵਿਵਾਦਾਂ ਵਿੱਚ ਆ ਗਿਆ ਸੀ ਜਦੋਂ ਭਾਰਤੀ ਰੈਗੂਲੇਟਰ ਨੇ ਇਸ ਨੂੰ ਜਨਵਰੀ ਵਿੱਚ ਪ੍ਰਵਾਨਗੀ ਦੇ ਦਿੱਤੀ ਜਦੋਂ ਇਸ ਦੇ ਤੀਜੇ ਪੜਾਅ ਦੇ ਟਰਾਇਲ ਅਜੇ ਪੂਰੇ ਨਹੀਂ ਹੋਏ ਸਨ।

ਇਸ ਦੀ ਵਿਕਾਸਕਾਰ ਕੰਪਨੀ ਭਾਰਤ ਬਾਇਓਟੈਕ ਵੱਲੋਂ ਪ੍ਰਕਾਸ਼ਿਤ ਡੇਟਾ ਮੁਤਾਬਕ ਇਹ 78% ਤੱਕ ਕਾਰਗਰ ਹੈ।

ਰੂਸੀ ਵੈਕਸੀਨ ਸਪੂਤਨਿਕ ਨੂੰ ਮਾਸਕੋ ਗਮੇਲਿਆ ਇੰਸਟੀਚਿਊਟ ਵੱਲੋਂ ਵਿਕਸਿਤ ਕੀਤਾ ਗਿਆ ਹੈ।

ਇਸ ਵੈਕਸੀਨ ਬਾਰੇ ਵੀ ਵਿਵਾਦ ਛਿੜਿਆ ਜਦੋਂ ਇਸ ਨੂੰ ਟਰਾਇਲ ਪੂਰੇ ਹੋਣ ਤੋਂ ਪਹਿਲਾਂ ਹੀ ਮਾਨਤਾ ਦੇ ਦਿੱਤੀ ਗਈ।

ਹਾਲਾਂਕਿ ਸਾਇੰਸਦਾਨਾਂ ਦਾ ਕਹਿਣਾ ਹੈ ਕਿ ਹੁਣ ਇਸ ਦੇ ਲਾਭ ਚੰਗੀ ਤਰ੍ਹਾਂ ਉਜਾਗਰ ਹੋ ਚੁੱਕੇ ਹਨ।

ਇਸ ਵਿੱਚ ਠੰਡੇ ਕਿਸਮ ਦੇ ਵਾਇਰਸ ਦੀ ਵਰਤੋਂ ਕੀਤੀ ਗਈ ਹੈ, ਇਸ ਨੂੰ ਇਸ ਤਰ੍ਹਾਂ ਇੰਜੀਨੀਅਰ ਕੀਤਾ ਗਿਆ ਹੈ ਕਿ ਇਹ ਸਰੀਰ ਨੂੰ ਨੁਕਸਾਨ ਨਾ ਕਰੇ। ਇਸ ਵਿੱਚ ਕੋਰੋਨਾਵਇਰਸ ਦਾ ਇੱਕ ਛੋਟਾ ਅੰਸ਼ ਸਰੀਰ ਵਿੱਚ ਪਹੁੰਚਾਇਆ ਜਾਂਦਾ ਹੈ।

ਟੀਕਾ ਲੱਗਣ ਤੋਂ ਬਾਅਦ ਸਰੀਰ ਕੋਰੋਨਾਵਾਇਰਸ ਵਿਰੋਧੀ ਐਂਟੀਬੌਡੀਜ਼ ਬਣਾਉਣੀਆਂ ਸ਼ੁਰੂ ਕਰ ਦਿੰਦਾ ਹੈ।

ਜ਼ਾਇਕੋਵ-ਡੀ ਵੈਕਸੀਨ ਵਿੱਚ ਪਲਾਜ਼ਮਿਡਸ ਦੀ ਵਰਤੋਂ ਕੀਤੀ ਜਾਂਦੀ ਹੈ। ਪਲਾਜ਼ਮਿਡ ਡੀਐਨਏ ਦੇ ਛੋਟੇ ਛੱਲੇ ਹੁੰਦੇ ਹਨ ਜਿਨ੍ਹਾਂ ਵਿੱਚ ਜਨੈਟਿਕ ਜਾਣਕਾਰੀ ਹੁੰਦੀ ਹੈ। ਇਹ ਟੀਕਾ ਚਮੜੀ ਦੀਆਂ ਦੋ ਪਰਤਾਂ ਥੱਲੇ ਲਗਾਇਆ ਜਾਂਦਾ ਹੈ।

ਵੈਕਸੀਨ ਦੀ ਨਿਰਮਾਤਾ ਕੰਪਨੀ ਵੱਲੋਂ ਕੀਤੇ ਗਏ ਇੱਕ ਅੰਤਰਿਮ ਅਧਿਐਨ ਦੇ ਨਤੀਜਿਆਂ ਮੁਤਾਬਕ ਜ਼ਾਇਕੋਵ-ਡੀ ਜਿਨ੍ਹਾਂ ਲੋਕਾਂ ਨੂੰ ਲਗਾਇਆ ਗਿਆ ਉਨ੍ਹਾਂ ਵਿੱਚੋਂ 66% ਲੋਕਾਂ ਵਿੱਚ ਲੱਛਣਾਂ ਦੀ ਰੋਕਥਾਮ ਹੋਈ।

ਇਹ ਭਾਰਤ ਦਾ ਪਹਿਲਾ ਸੂਈ-ਰਹਿਤ ਵੈਕਸੀਨ ਵੀ ਹੈ ਜਿਸ ਨੂੰ ਡਿਸਪੋਜ਼ੇਬਲ ਸੂਈ ਵਾਲੇ ਇੰਜੈਕਟਰ ਨਾਲ ਲਗਾਇਆ ਜਾਂਦਾ ਹੈ।

ਇਹ ਇੰਜੈਕਟਰ ਤਰਲ ਦੀ ਇੱਕ ਮਹੀਨ ਧਾਰ ਦੀ ਵਰਤੋਂ ਕਰਕੇ ਵੈਕਸੀਨ ਨੂੰ ਸਰੀਰ ਵਿੱਚ ਭੇਜਦਾ ਹੈ।

ਪੁਰਾਣੇ ਡੀਐਨਏ ਵੈਕਸੀਨ ਮਨੁੱਖਾਂ ਦੇ ਮੁਕਾਬਲੇ ਪਸ਼ੂਆਂ ਵਿੱਚ ਕਾਰਗਰ ਰਹੇ ਹਨ।

ਲੂਸੀਆਨਾ ਸਟੇਟ ਯੂਨੀਵਰਿਸਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਇਰਲੋਜਿਸਟ ਜੈਰਿਮੀ ਕਾਮਿਲ ਨੇ ਬੀਬੀਸੀ ਨੂੰ ਦੱਸਿਆ ਕਿ ਵੈਕਸੀਨਾਂ ਦੇ ਕਾਰਗਰਤਾ ਡੇਟਾ ਦੀ ਸੁਤੰਤਰ ਜਾਂਚ ਕੀਤੀ ਜਾਣਾ ਜ਼ਰੂਰੀ ਸੀ।

ਹੋਰ ਕਿਹੜੇ ਵੈਕਸੀਨ ਉਮੀਦਵਾਰ ਹਨ

ਉਪਰੋਕਤ ਤੋਂ ਇਲਾਵਾ ਹੇਠ ਲਿਖੇ ਵੈਕਸੀਨ ਵੀ ਭਾਰਤ ਵਿੱਚ ਵਿਕਾਸ ਦੇ ਵੱਖੋ-ਵੱਖ ਪੜਾਅਵਾਂ ਵਿੱਚੋਂ ਲੰਘ ਰਹੇ ਹਨ-

  • ਐਚਜੀਸੀਓ-19, ਭਾਰਤ ਦਾ ਪਹਿਲਾ ਐਮਆਰਐਨਏ ਵੈਕਸੀਨ ਹੈ। ਇਸ ਨੂੰ ਪੁਣੇ ਅਧਾਰਿਤ ਜਿਨੋਵਾ ਨੇ ਸਿਆਟਲ ਅਧਾਰਿਤ ਐਡੀਟੀ ਬਾਇਓਟੈਕ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਵਿੱਚ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਉਤੇਜਿਤ ਕਰਨ ਲਈ ਜਨੈਟਿਕ ਕੋਡ ਦੇ ਕੁਝ ਅੰਸ਼ ਵਰਤੇ ਗਏ ਹਨ।
  • ਭਾਰਤ ਬਾਇਓਟੈਕ ਦੀ ਨੱਕ ਰਾਹੀਂ ਲਈ ਜਾਣ ਵਾਲੀ ਵੈਕਸੀਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)