You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਕੀ ਪੰਜਾਬ ਵਿੱਚ ਵੀ ਲੱਗ ਸਕਦਾ ਹੈ ਰਾਤ ਦਾ ਕਰਫਿਊ, 9 ਨੁਕਤਿਆਂ 'ਚ ਜਾਣੋ ਦੁਨੀਆਂ ਦਾ ਹਾਲ
ਕੋਰੋਨਾਵਾਇਰਸ ਦੁਨੀਆ ਭਰ ਦੇ ਦੇਸ਼ਾਂ ਵਿੱਚ ਮੁੜ ਆਪਣੇ ਪੈਰ ਪਸਾਰ ਰਿਹਾ ਹੈ ਅਤੇ ਇਸਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਸਰਕਾਰਾਂ ਅਤੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ।
ਹਾਲ ਹੀ ਦੇ ਦਿਨਾਂ ਵਿੱਚ ਅਮਰੀਕਾ ਅਤੇ ਯੂਕੇ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵਧੇਰੇ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸੇ ਤਰ੍ਹਾਂ ਭਾਰਤ ਵਿੱਚ ਵੀ ਹੁਣ ਨਵੇਂ ਕੇਸਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
ਇਸ ਦੇ ਚੱਲਦਿਆਂ ਕੇਂਦਰ ਸਰਕਾਰ ਅਤੇ ਵੱਖ-ਵੱਖ ਸੂਬਿਆਂ ਸਮੇਤ ਪੰਜਾਬ ਸਰਕਾਰ ਨੇ ਵੀ ਕੁਝ ਪਾਬੰਦੀਆਂ ਦਾ ਐਲਾਨ ਕੀਤਾ ਹੈ।
ਕਿੱਥੇ ਕੀ ਹਨ ਹਾਲਾਤ ਅਤੇ ਪੰਜਾਬ ਸਣੇ ਭਾਰਤ 'ਚ ਕੀ ਹਨ ਕੋਵਿਡ ਸਬੰਧੀ ਨਵੀਆਂ ਪਾਬੰਦੀਆਂ, ਇਨ੍ਹਾਂ 9 ਬਿੰਦੂਆਂ ਨਾਲ ਸਮਝੋ...
ਇਹ ਵੀ ਪੜ੍ਹੋ:
1. ਭਾਰਤ ਵਿੱਚ ਕੋਰੋਨਾਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਮਾਮਲੇ ਵੱਧ ਕੇ 781 ਹੋ ਗਏ ਹਨ। ਇਸ ਦੇ ਸਭ ਤੋਂ ਵੱਧ 238 ਮਾਮਲੇ ਦਿੱਲੀ ਅਤੇ 167 ਮਾਮਲੇ ਮਹਾਰਾਸ਼ਟਰ ਵਿੱਚ ਹਨ। ਇਸ ਦੇ ਨਾਲ ਹੀ, ਬੁੱਧਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ, ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 9,195 ਮਾਮਲੇ ਸਾਹਮਣੇ ਆਏ, ਜੋ ਮੰਗਲਵਾਰ ਦੇ ਮੁਕਾਬਲੇ 44 ਫੀਸਦ ਵੱਧ ਸਨ।
2. ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਕੋਵਿਡ-19 ਦੀਆਂ ਨਵੀਆਂ ਪਾਬੰਦੀਆਂ ਜਾਰੀ ਕਰ ਕੇ ਵੱਡੇ ਇਕੱਠਾਂ ਵਾਲੀਆਂ ਜਨਤਕ ਥਾਵਾਂ ਜਿਵੇਂ ਕਿ ਸਬਜ਼ੀ ਮੰਡੀ, ਅਨਾਜ ਮੰਡੀ, ਜਨਤਕ ਆਵਾਜਾਈ, ਪਾਰਕ, ਧਾਰਮਿਕ ਸਥਾਨ, ਮਾਲ, ਸ਼ਾਪਿੰਗ ਕੰਪਲੈਕਸ, ਹਾਟ, ਸਥਾਨਕ ਬਾਜ਼ਾਰ ਅਤੇ ਹੋਰ ਜਨਤੱਕ ਥਾਵਾਂ 'ਤੇ ਉਨ੍ਹਾਂ ਲੋਕਾਂ ਨੂੰ ਨਾ ਜਾਣ ਦੀ ਹਿਦਾਇਤ ਦਿੱਤੀ ਹੈ ਜਿਨ੍ਹਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਨਹੀਂ ਲਈਆਂ ਹਨ।
3. ਪੰਜਾਬ ਸਰਕਾਰ ਦੇ ਚੰਡੀਗੜ੍ਹ ਸਥਿਤ ਸਾਰੇ ਬੋਰਡ/ਕਾਰਪੋਰੇਸ਼ਨ ਜਾਂ ਸਰਕਾਰੀ ਦਫ਼ਤਰਾਂ ਵਿੱਚ ਸਿਰਫ਼ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਹੋਵੇਗੀ ਜਿਨ੍ਹਾਂ ਨੇ ਟੀਕੇ ਦੀ ਦੋਵੇਂ ਡੋਜ਼ ਲਈ ਹੈ। ਹੋਟਲ, ਬਾਰ, ਰੈਸਟੋਰੈਂਟ, ਮਾਲ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਜਿੰਮ ਅਤੇ ਫਿਟਨੈਸ ਸੈਂਟਰਾਂ ਵਿੱਚ ਸਿਰਫ਼ ਪੂਰੀ ਤਰ੍ਹਾਂ ਟੀਕਾਕਰਨ (ਦੂਜੀ ਖੁਰਾਕ) ਲੈ ਚੁਕੇ ਲੋਕਾਂ ਨੂੰ ਜਾਣ ਦੀ ਇਜਾਜ਼ਤ ਹੋਵੇਗੀ। ਇਹ ਪਾਬੰਦੀਆਂ 15 ਜਨਵਰੀ, 2022 ਤੋਂ ਲਾਗੂ ਹੋਣਗੀਆਂ।
4. ਪੰਜਾਬ ਦੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਓਮੀਕਰੋਨ ਦਾ ਅਜੇ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਇਸ ਲਈ ਅਜੇ ਨਾਈਟ ਕਰਵਿਊ ਲਗਾਇਆ ਨਹੀਂ ਜਾਵੇਗਾ। ਹਰਿਆਣਾ ਤੇ ਉੱਤਰ ਪ੍ਰਦੇਸ਼ ਸਣੇ ਭਾਰਤ ਦੇ ਕਈ ਸੂਬਿਆਂ ਵਿੱਚ ਨਾਈਟ ਕਰਫਿਊ ਲਗਾਇਆ ਜਾ ਚੁੱਕਾ ਹੈ।
5. ਕੋਰੋਨਾ ਦੀ ਲਾਗ ਦੇ ਵਧਦੇ ਮਾਮਲਿਆਂ ਤੋਂ ਬਾਅਦ ਦਿੱਲੀ ਵਿੱਚ ਸਿਨੇਮਾਘਰਾਂ ਅਤੇ ਜਿੰਮ ਬੰਦ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ, ਜਦਕਿ ਸ਼ਾਪਿੰਗ ਮਾਲ ਅਤੇ ਦੁਕਾਨਾਂ ਔਡ-ਈਵਨ ਆਧਾਰ 'ਤੇ ਖੁੱਲ੍ਹਣਗੀਆਂ। ਦਿੱਲੀ 'ਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ। ਇਸ ਦੌਰਾਨ ਦਿੱਲੀ ਮੈਟਰੋ, ਰੈਸਟੋਰੈਂਟਾਂ ਅਤੇ ਬਾਰਾਂ ਵਿੱਚ ਸਮਰੱਥਾ ਅਨੁਸਾਰ ਸਿਰਫ਼ 50% ਲੋਕਾਂ ਨੂੰ ਹੀ ਇਜਾਜ਼ਤ ਹੈ। ਇੱਥੇ ਵਿਆਹ ਵਿੱਚ ਸਿਰਫ਼ 20 ਲੋਕ ਹੀ ਸ਼ਾਮਲ ਹੋ ਸਕਣਗੇ ਅਤੇ ਸਕੂਲ-ਕਾਲਜ ਬੰਦ ਰਹਿਣਗੇ।
6. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ ਨੂੰ ਘੋਸ਼ਣਾ ਕੀਤੀ ਕਿ 10 ਜਨਵਰੀ ਤੋਂ, ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਸਿਹਤ ਸੰਭਾਲ ਅਤੇ ਫਰੰਟਲਾਈਨ ਕਰਮਚਾਰੀ ਤੇ ਨਾਲ ਹੀ 60 ਸਾਲ ਤੋਂ ਵੱਧ ਉਮਰ ਦੇ ਹੋਰ ਰੋਗਾਂ ਵਾਲੇ ਲੋਕ ਆਪਣੀਆਂ 'ਸਾਵਧਾਨੀ ਖੁਰਾਕਾਂ' ਜਾਂ ਬੂਸਟਰ ਸ਼ੌਟਸ ਲਈ ਰਜਿਸਟਰ ਕਰ ਸਕਦੇ ਹਨ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਬੂਸਟਰ ਖੁਰਾਕ, ਦੂਜੀ ਖੁਰਾਕ ਲੈਣ ਤੋਂ ਨੌਂ ਮਹੀਨਿਆਂ ਬਾਅਦ ਹੀ ਲਈ ਜਾ ਸਕਦੀ ਹੈ। ਨਾਲ ਹੀ ਗੰਭੀਰ ਬਿਮਾਰੀ ਤੋਂ ਪੀੜਤ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਲੈਣ ਲਈ ਡਾਕਟਰ ਦਾ ਸਰਟੀਫਿਕੇਟ ਦਿਖਾਉਣ ਦੀ ਲੋੜ ਨਹੀਂ ਹੋਵੇਗੀ।
7. ਉੱਧਰ ਯੂਐਸ ਅਤੇ ਫਰਾਂਸ ਨੇ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ, ਓਮੀਕਰੋਨ ਦੇ ਤੇਜ਼ੀ ਨਾਲ ਫੈਲਣ ਕਰਕੇ ਨਵੇਂ ਕੋਵਿਡ ਕੇਸਾਂ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਹੈ। ਯੂਐਸ ਸੈਂਟਰ ਫਾਰ ਡਿਜ਼ੀਜ਼ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੇ ਅਨੁਸਾਰ ਦੇਸ਼ ਵਿੱਚ ਸੋਮਵਾਰ ਨੂੰ 4,40,000 ਤੋਂ ਵੱਧ ਨਵੇਂ ਲਾਗ ਦੇ ਮਾਮਲੇ ਰਿਪੋਰਟ ਕੀਤੇ ਗਏ।
8. ਫਰਾਂਸ ਵਿੱਚ ਮੰਗਲਵਾਰ ਨੂੰ 1,79,807 ਲਾਗ ਦੇ ਮਾਮਲੇ ਸਾਹਮਣੇ ਆਏ। ਫਰਾਂਸ ਦੇ ਸਿਹਤ ਮੰਤਰੀ ਓਲੀਵੀਅਰ ਵੇਰਨ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ "ਹਰ ਚੀਜ਼ ਸੰਕੇਤ ਦਿੰਦੀ ਹੈ" ਕਿ ਫਰਾਂਸ ਜਨਵਰੀ ਦੀ ਸ਼ੁਰੂਆਤ ਤੱਕ ਰੋਜ਼ਾਨਾ 2,50,000 ਦੇ ਕਰੀਬ ਮਾਮਲੇ ਦਰਜ ਕਰ ਸਕਦਾ ਹੈ।
9. ਇਸ ਦੌਰਾਨ, ਇੰਗਲੈਂਡ ਵਿੱਚ ਸਿਹਤ ਅਧਿਕਾਰੀਆਂ ਨੇ 1,17,093 ਕੇਸਾਂ ਦਾ ਰਿਕਾਰਡ ਦਰਜ ਕੀਤਾ। ਜਦਕਿ ਅਜੇ ਕ੍ਰਿਸਮਸ ਦੇ ਦੌਰਾਨ ਵਾਲਾ ਪੂਰਾ ਯੂਕੇ-ਵਿਆਪੀ ਕੋਵਿਡ ਡੇਟਾ ਉਪਲੱਬਧ ਨਹੀਂ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: