You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਦੇਸ਼ 'ਚ 15-18 ਸਾਲ ਉਮਰ ਵਰਗ ਲਈ ਟੀਕਾਕਰਨ ਨਵੇਂ ਸਾਲ ਤੋਂ ਹੋਵੇਗਾ ਸ਼ੁਰੂ, ਜਾਣੋ ਮੋਦੀ ਨੇ ਹੋਰ ਕੀ ਕਿਹਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਮ ਆਪਣੇ ਸੰਬੋਧਨ ਵਿੱਚ ਐਲਾਨ ਕੀਤਾ ਹੈ ਕਿ 15 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਵੀ ਹੁਣ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ।
ਇਸ ਟੀਕਾਕਰਨ ਦੀ ਸ਼ੁਰੂਆਤ ਅਗਲੇ ਸਾਲ ਤਿੰਨ ਜਨਵਰੀ ਤੋਂ ਹੋਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਕੋਰੋਨਾ ਯੋਧਿਆਂ ਅਤੇ ਸਹਿ ਬਿਮਾਰੀਆਂ ਤੋਂ ਪੀੜਤ 60 ਸਾਲ ਤੋਂ ਵਡੇਰੇ ਬਜ਼ੁਰਗਾਂ ਲਈ ਵੀ ਬੂਸਟਰ ਖ਼ੁਰਾਕ ਦੀ ਸ਼ੁਰੂਆਤ 10 ਜਨਵਰੀ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਦੇ ਸੰਬੋਧਨ ਦੀਆਂ ਮੁੱਖ ਗੱਲਾਂ
"ਭਾਰਤ ਵਿੱਚ ਵੀ ਕਈ ਲੋਕਾਂ ਵਿੱਚ ਓਮੀਕਰੋਨ ਦੀ ਲਾਗ ਹੋਣ ਦਾ ਪਤਾ ਲੱਗਿਆ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਡਰੋ ਨਾ।"
"ਮਾਸਕ ਅਤੇ ਹੱਥਾਂ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਧੋਣਾ, ਇਨ੍ਹਾਂ ਗੱਲਾਂ ਨੂੰ ਯਾਦ ਰੱਖੋ। ਕੋਰੋਨਾ ਵਿਸ਼ਵੀ ਮਹਾਮਾਰੀ ਨਾਲ ਲੜਾਈ ਵਿੱਚ ਹੁਣ ਤੱਕ ਦਾ ਅਨੁਭਵ ਇਹੀ ਦੱਸਦਾ ਹੈ ਕਿ ਨਿੱਜੀ ਪੱਧਰ ਉੱਪਰ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ, ਕੋਰੋਨਾ ਨਾਲ ਮੁਕਾਬਲੇ ਦਾ ਸਭ ਤੋਂ ਵੱਡਾ ਹਥਿਆਰ ਹੈ ਅਤੇ ਦੂਜਾ ਹਥਿਆਰ ਹੈ ਵੈਕਸੀਨੇਸ਼ਨ।"
ਇਹ ਵੀ ਪੜ੍ਹੋ:
"ਭਾਰਤ ਨੇ ਇਸ ਸਾਲ 16 ਜਨਵਰੀ ਨੂੰ ਆਪਣੇ ਨਾਗਰਿਕਾਂ ਨੂੰ ਵੈਕਸੀਨ ਦੇਣੀ ਸ਼ੁਰੂ ਕਰ ਦਿੱਤਾ ਸੀ। ਇਹ ਦੇਸ਼ ਦੇ ਸਾਰੇ ਨਾਗਰਿਕਾਂ ਦੇ ਸਮੂਹਿਕ ਯਤਨ ਅਤੇ ਸਮੂਹਿਕ ਇੱਛਾਸ਼ਕਤੀ ਹੈ ਕਿ ਅੱਜ ਭਾਰਤ 141 ਕਰੋੜ ਵੈਕਸੀਨ ਡੋਜ਼ ਦੇ ਅਦੁੱਤੀ ਅਤੇ ਬਹੁਤ ਮੁਸ਼ਕਲ ਟੀਚੇ ਨੂੰ ਪਾਰ ਕਰ ਚੁੱਕਿਆ ਹੈ।"
"ਅੱਜ ਭਾਰਤ ਦੀ ਬਾਲਗ ਵਸੋਂ ਵਿੱਚੋਂ 61 ਫ਼ੀਸਦੀ ਤੋਂ ਜ਼ਿਆਦਾ ਜਨਸੰਖਿਆ ਨੂੰ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੱਗ ਚੁੱਕੀਆਂ ਹਨ। ਇਸੇ ਤਰ੍ਹਾਂ, ਬਾਲਗ ਜਨਸੰਖਿਆ ਵਿੱਚੋਂ ਲਗਭਗ 90 ਫ਼ੀਸਦੀ ਲੋਕਾਂ ਨੂੰ ਵੈਕਸੀਨ ਦੀ ਇੱਕ ਖ਼ੁਰਾਕ ਲਗਾਈ ਜਾ ਚੁੱਕੀ ਹੈ।"
"15 ਸਾਲ ਤੋਂ 18 ਸਾਲ ਦੀ ਉਮਰ ਦੇ ਜੋ ਬੱਚੇ ਹਨ, ਹੁਣ ਉਨ੍ਹਾਂ ਲਈ ਦੇਸ਼ ਵਿੱਚ ਵੈਕਸੀਨੇਸ਼ਨ ਸ਼ੁਰੂ ਹੋਵੇਗਾ। 2022 ਵਿੱਚ, 3 ਜਨਵਰੀ ਨੂੰ ਸੋਮਵਾਰ ਦੇ ਦਿਨ ਤੋਂ ਇਸ ਦੀ ਸ਼ੁਰੂਆਤ ਹੋਵੇਗੀ।"
"ਸਾਡਾ ਤਜ਼ਰਬਾ ਦੱਸਦਾ ਹੈ ਕਿ ਜੋ ਕੋਰੋਨਾ ਯੋਧੇ ਹਨ, ਹੈਲਥਕੇਅਰ ਵਰਕਰ ਹਨ, ਇਸ ਲੜਾਈ ਵਿੱਚ ਦੇਸ਼ ਨੂੰ ਮਹਿਫ਼ੂਜ਼ ਰੱਖਣ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਅੱਜ ਵੀ ਕੋਰੋਨਾ ਦੇ ਮਰੀਜ਼ਾਂ ਦੀ ਸੇਵਾ ਵਿੱਚ ਆਪਣਾ ਬਹੁਤਾ ਸਮਾਂ ਬਿਤਾਉਂਦੇ ਹਨ।"
"ਇਸ ਲਈ ਅਹਿਤਿਆਤ ਦੇ ਨਜ਼ਰੀਏ ਤੋਂ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਹੈਲਥਕੇਅਰ ਅਤੇ ਫਰੰਟਲਾਈਨ ਵਰਕਰਾਂ ਦੀ ਅਹਿਤਿਆਤੀ ਖ਼ੁਰਾਕ ਵੀ ਸ਼ੁਰੂ ਕੀਤੀ ਜਾਵੇ। ਇਸ ਦੀ ਸ਼ੁਰੂਆਤ 2022 ਵਿੱਚ, 10 ਜਨਵਰੀ, ਸੋਮਵਾਰ ਦੇ ਦਿਨ ਤੋਂ ਕੀਤੀ ਜਾਵੇਗੀ।"
"60 ਸਾਲ ਤੋਂ ਉੱਪਰ ਦੀ ਉਮਰ ਦੇ ਸਹਿ ਬਿਮਾਰੀਆਂ ਵਾਲੇ ਨਾਗਰਿਕਾਂ ਨੂੰ, ਉਨ੍ਹਾਂ ਦੇ ਡਾਕਟਰ ਦੀ ਸਲਾਹ ਉੱਪਰ ਵੈਕਸੀਨ ਖ਼ੁਰਾਕ ਦਾ ਵਿਕਲਪ ਵੀ ਮਿਲੇਗਾ। ਇਹ ਵੀ 10 ਜਨਵਰੀ ਤੋਂ ਉਪਲਭਦ ਹੋਵੇਗਾ।"
ਇਹ ਵੀ ਪੜ੍ਹੋ:
ਇਹ ਵੀ ਦੇਖੋ: