ਕੋਵਿਡ-19 ਦੇ ਇਲਾਜ ਲਈ ਭਾਰਤ ਦੀ ਪਹਿਲੀ ਗੋਲ਼ੀ ਨੂੰ ਮਿਲੀ ਮਨਜ਼ੂਰੀ - ਪ੍ਰੈੱਸ ਰਿਵੀਊ

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੇ ਦੋ ਟੀਕਿਆਂ ਸਮੇਤ ਇੱਕ ਗੋਲ਼ੀ ਨੂੰ ਕੋਵਿਡ-19 ਦੇ ਇਲਾਜ ਲਈ ਮਨਜ਼ੂਰੀ ਦੇ ਦਿੱਤੀ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਕੇਂਦਰ ਮੰਤਰੀ ਨੇ ਦੱਸਿਆ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ਕੋਵਿਡ ਵੈਕਸੀਨ ਕੋਵੋਵੈਕਸ, ਬਾਇਓਲੋਜੀਕਲ ਈ ਦੀ ਵੈਕਸੀਨ ਕੋਰਬੇਵੈਕਸ ਅਤੇ ਇੱਕ ਐਂਟੀ-ਕੋਵਿਡ ਗੋਲ਼ੀ ਮੋਲਨੁਪੀਰਾਵੀਰ ਨੂੰ ਐਮਰਜੈਂਸੀ ਵਰਤੋਂ ਲਈ ਅਧਿਕਾਰ ਦਿੱਤੇ ਗਏ ਹਨ।

ਉਨ੍ਹਾਂ ਨੇ ਇੱਕ ਟਵੀਟ ਕਰਦਿਆਂ ਕਿਹਾ, "CORBEVAX ਵੈਕਸੀਨ ਕੋਵਿਡ -19 ਦੇ ਵਿਰੁੱਧ ਭਾਰਤ ਦੀ ਪਹਿਲੀ ਸਵਦੇਸ਼ੀ ਤੌਰ 'ਤੇ ਵਿਕਸਤ ਆਰਬੀਡੀ ਪ੍ਰੋਟੀਨ ਸਬ-ਯੂਨਿਟ ਵੈਕਸੀਨ ਹੈ, ਜੋ ਹੈਦਰਾਬਾਦ ਸਥਿਤ ਕੰਪਨੀ ਬਾਇਓਲੋਜੀਕਲ-ਈ ਦੁਆਰਾ ਬਣਾਈ ਗਈ ਹੈ। ਇਹ ਇੱਕ ਹੈਟ੍ਰਿਕ ਹੈ! ਇਹ ਹੁਣ ਭਾਰਤ ਵਿੱਚ ਵਿਕਸਤ ਕੀਤੀ ਗਈ ਤੀਜੀ ਵੈਕਸੀਨ ਹੈ!"

ਨਾਲ ਹੀ ਉਨ੍ਹਾਂ ਕਿਹਾ ਕਿ ਇਹ ਮਨਜ਼ੂਰੀਆਂ ਮਹਾਂਮਾਰੀ ਵਿਰੁੱਧ ਵਿਸ਼ਵਵਿਆਪੀ ਲੜਾਈ ਨੂੰ ਹੋਰ ਮਜ਼ਬੂਤ ਕਰਨਗੀਆਂ।

ਦੇਸ਼ ਵਿੱਚ ਕੋਵਿਡ ਦੀ ਲਾਗ ਦੇ ਮਾਮਲੇ ਇੱਕ ਵਾਰ ਫਿਰ ਵੱਧ ਰਹੇ ਹਨ ਅਤੇ ਓਮੀਕਰੋਨ ਕੇਸਾਂ ਦੀ ਸੰਖਿਆ ਵੀ 600 ਪਾਰ ਪਹੁੰਚ ਗਈ ਹੈ। ਇਸ ਮਨਜ਼ੂਰੀ ਦੇ ਨਾਲ ਹੁਣ ਦੇਸ਼ ਵਿੱਚ ਐਮਰਜੈਂਸੀ ਵਰਤੋਂ ਲਈ ਅਧਿਕਾਰ ਪ੍ਰਾਪਤ ਕੋਵਿਡ ਟੀਕਿਆਂ ਦੀ ਗਿਣਤੀ ਅੱਠ ਹੋ ਗਈ ਹੈ।

ਇਹ ਵੀ ਪੜ੍ਹੋ:

ਕੁੜੀਆਂ ਦੇ ਵਿਆਹ ਦੀ ਉਮਰ 21 ਸਾਲ ਕਰਨ ਨੂੰ ਚੋਣਾਂ ਦਾ ਮੁੱਦਾ ਬਣਾਉਣਾ ਚਾਹੁੰਦੀ ਹੈ ਭਾਜਪਾ

ਸਰਕਾਰ ਨੇ ਕੁੜੀਆਂ ਦੇ ਵਿਆਹ ਦੀ ਉਮਰ 18 ਤੋਂ 21 ਸਾਲ ਕਰਨ ਸਬੰਧੀ ਬਿੱਲ ਨੂੰ ਸੰਸਦ ਦੀ ਇੱਕ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਹੈ ਅਤੇ ਭਾਜਪਾ ਹੁਣ ਇਸਨੂੰ ਆਗਾਮੀ ਚੋਣਾਂ ਦਾ ਇੱਕ ਮੁੱਖ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਭਾਜਪਾ ਆਪਣੀ ਵਿਰੋਧੀ ਪਾਰਟੀਆਂ 'ਤੇ ਦੋਸ਼ ਲਗਾ ਰਹੀ ਹੈ ਕਿ ਉਹ ਔਰਤਾਂ ਦੇ ਸਸ਼ਕਤੀਕਰਨ ਵਿੱਚ ਰੁਕਾਵਟ ਖੜ੍ਹੀ ਕਰ ਰਹੇ ਹਨ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਆਪਣੀਆਂ ਰੈਲੀਆਂ ਵਿੱਚ ਕਾਨੂੰਨ ਬਾਰੇ ਗੱਲ ਕਰ ਰਹੇ ਹਨ ਅਤੇ ਆਰੋਪ ਲਗਾ ਰਹੇ ਹਨ ਕਿ ਵਿਰੋਧੀ ਪਾਰਟੀਆਂ ਸਰਕਾਰ ਨੂੰ ਅਸਫਲ ਕਰਨ 'ਤੇ ਉਤਾਰੂ ਸਨ।

ਹਾਲ ਹੀ ਵਿੱਚ ਉਤਰਾਖੰਡ ਤੋਂ ਭਾਜਪਾ ਦੀਆਂ ਮਹਿਲਾ ਆਗੂਆਂ ਦੇ ਪ੍ਰਤੀਨਿਧੀ ਮੰਡਲ ਨੇ ਪਾਰਟੀ ਪ੍ਰਧਾਨ ਜੇਪੀ ਨੱਢਾ ਨੂੰ ਕਾਨੂੰਨ ਲਈ ''ਆਭਾਰ'' ਪ੍ਰਗਟ ਕਰਨ ਲਈ ਵੀ ਸੱਦਾ ਦਿੱਤਾ।

ਦੂਜੇ ਪਾਸੇ ਵਿਰੋਧੀ ਧਿਰ ਨੇ ਮੰਗ ਕੀਤੀ ਸੀ ਕਿ ਇਸਦੀ ਸਮੀਖਿਆ ਸੰਸਦੀ ਕਮੇਟੀ ਦੁਆਰਾ ਕੀਤੀ ਜਾਵੇ ਅਤੇ ਸਰਕਾਰ ਵੀ ਇਸ ਤਰੀਕੇ ਦੇ ਵਿਰੁੱਧ ਨਹੀਂ ਸੀ।

60 ਤੋਂ ਵੱਧ ਉਮਰ ਵਾਲਿਆਂ ਲਈ ਟੀਕੇ ਦੀ ਤੀਜੀ ਖੁਰਾਕ ਲਈ ਮੈਡੀਕਲ ਸਰਟੀਫਿਕੇਟ ਦੀ ਲੋੜ ਨਹੀਂ: ਕੇਂਦਰ

ਕੇਂਦਰ ਨੇ ਮੰਗਲਵਾਰ ਨੂੰ ਕਿਹਾ ਕਿ ਹੋਰ ਬਿਮਾਰੀਆਂ ਵਾਲੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ "ਸਾਵਧਾਨੀ ਵਾਲੀ ਖੁਰਾਕ" ਲੈਣ ਲਈ ਮੈਡੀਕਲ ਸਰਟੀਫਿਕੇਟ ਅਪਲੋਡ ਕਰਨ ਜਾਂ ਪ੍ਰਦਾਨ ਕਰਨ ਦੀ ਜ਼ਰੂਰਤ ਨਹੀਂ ਹੈ।

ਇੰਡੀਆ ਟੁਡੇ ਦੀ ਖ਼ਬਰ ਮੁਤਾਬਕ, ਮੰਗਲਵਾਰ ਨੂੰ ਕੇਂਦਰੀ ਸਿਹਤ ਸਕੱਤਰ ਦੀ ਸੂਬਿਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ।

ਮੀਟਿੰਗ ਵਿੱਚ ਲਏ ਇਸ ਫੈਸਲੇ ਅਨੁਸਾਰ, 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਲਈ ''ਸਾਵਧਾਨੀ ਵਾਲੀ ਖੁਰਾਕ'' ਲੈਣ ਲਈ ਡਾਕਟਰੀ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੋਵੇਗੀ। ਹਾਲਾਂਕਿ, ਇਹ ਟੀਕਾ ਜਾਂ ਖੁਰਾਕ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਡਾਕਟਰਾਂ ਨਾਲ ਸਲਾਹ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।

ਇਸ ਸਬੰਧ 'ਚ ਸੂਬਿਆਂ ਨੂੰ ਜਾਰੀ ਕੀਤੇ ਇੱਕ ਪੱਤਰ ਵਿੱਚ ਕਿਹਾ ਗਿਆ ਹੈ, "ਚੋਣ ਡਿਊਟੀ ਵਿੱਚ ਤੈਨਾਤ ਕਰਮਚਾਰੀ ਫਰੰਟਲਾਈਨ ਵਰਕਰਾਂ ਦੀ ਸ਼੍ਰੇਣੀ ਵਿੱਚ ਗਿਣੇ ਜਾਣਗੇ ਅਤੇ ਸਾਵਧਾਨੀ ਵਾਲੀ ਖੁਰਾਕ ਲਈ ਯੋਗ ਹੋਣਗੇ।"

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ ਨੂੰ ਘੋਸ਼ਣਾ ਕੀਤੀ ਸੀ ਕਿ 10 ਜਨਵਰੀ ਤੋਂ, ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਸਿਹਤ ਸੰਭਾਲ ਅਤੇ ਫਰੰਟਲਾਈਨ ਕਰਮਚਾਰੀ ਤੇ ਨਾਲ ਹੀ 60 ਸਾਲ ਤੋਂ ਵੱਧ ਉਮਰ ਦੇ ਹੋਰ ਰੋਗਾਂ ਵਾਲੇ ਲੋਕ ਆਪਣੀਆਂ 'ਸਾਵਧਾਨੀ ਖੁਰਾਕਾਂ' ਜਾਂ ਬੂਸਟਰ ਸ਼ੌਟਸ ਲਈ ਰਜਿਸਟਰ ਕਰ ਸਕਦੇ ਹਨ।

ਤੀਜੀ ਖੁਰਾਕ ਬਾਰੇ ਜਾਰੀ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਬੂਸਟਰ ਖੁਰਾਕ, ਦੂਜੀ ਖੁਰਾਕ ਲੈਣ ਤੋਂ ਨੌਂ ਮਹੀਨਿਆਂ ਬਾਅਦ ਹੀ ਲਈ ਜਾ ਸਕਦੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)