ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਵਾਲੀ ਇਕਲੌਤੀ ਮਹਿਲਾ ਫੌਜੀ ਅਫ਼ਸਰ ਦਾ ਤਜਰਬਾ

    • ਲੇਖਕ, ਰਾਚੇਲ ਸਟੋਨਹਾਊਸ
    • ਰੋਲ, ਨਿਊਜ਼ਬੀਟ ਰਿਪੋਰਟਰ

ਲੂਸੀ ਚੈਟਨ ਇਨ੍ਹਾਂ ਗਰਮੀਆਂ ਵਿੱਚ ਯੂਕੇ ਵਿੱਚ ਇੱਕ ਦੋਸਤ ਦੇ ਵਿਆਹ ਵਿੱਚ ਸੀ ਜਦੋਂ ਉਸ ਨੂੰ ਇੱਕ ਸੁਨੇਹਾ (ਟੈਕਸਟ) ਮਿਲਿਆ, ਜਿਸ ਵਿੱਚ ਉਸ ਨੂੰ ਅਗਲੇ ਦਿਨ ਇੱਕ ਫਲਾਈਟ ਵਿੱਚ ਜਾਣ ਦੀ ਤਿਆਰੀ ਕਰਨ ਲਈ ਕਿਹਾ ਗਿਆ ਸੀ।

ਅਗਲੇ 24 ਘੰਟਿਆਂ ਵਿੱਚ 24 ਸਾਲਾ ਲਾਂਸ ਕਾਰਪੋਰਲ ਕਾਬੁਲ ਵਿੱਚ ਸੀ ਅਤੇ ਹਜ਼ਾਰਾਂ ਲੋਕਾਂ ਦੀ ਤਾਲਿਬਾਨ ਤੋਂ ਬਚਣ ਵਿੱਚ ਮਦਦ ਕਰ ਰਹੀ ਸੀ।

20 ਸਾਲ ਬਾਅਦ ਜਦੋਂ ਅਮਰੀਕੀ ਫੌਜਾਂ ਨੇ ਅਫ਼ਗਾਨਿਸਤਾਨ ਤੋਂ ਵਾਪਸੀ ਕਰਨੀ ਸ਼ੁਰੂ ਕੀਤੀ ਤਾਂ ਅੱਤਵਾਦੀ ਸੰਗਠਨ ਨੇ ਜਲਦੀ ਹੀ ਆਪਣਾ ਕਬਜ਼ਾ ਜਮਾ ਲਿਆ।

ਇਸ ਨਾਲ ਹਵਾਈ ਅੱਡਿਆਂ 'ਤੇ ਉਦੋਂ ਅਫਰਾ-ਤਫਰੀ ਮਚ ਗਈ ਜਦੋਂ ਲੋਕਾਂ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ।

ਲੂਸੀ ਉਨ੍ਹਾਂ 750 ਬ੍ਰਿਟਿਸ਼ ਸੈਨਿਕਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਅਗਸਤ ਵਿੱਚ ਮਦਦ ਲਈ ਦੇਸ਼ ਭੇਜਿਆ ਗਿਆ ਸੀ।

ਉਹ ਪੰਜ ਸਾਲਾਂ ਤੋਂ ਫੌਜ ਵਿੱਚ ਹੈ ਅਤੇ ਉਹ ਇਸ ਕੰਮ ਨੂੰ "ਰੁਮਾਂਚਕ ਪਰ ਵੱਡੇ ਮਾਨਸਿਕ ਤਣਾਅ ਵਾਲੀ ਵੀ" ਦੱਸਦੀ ਹੈ।

ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਨੂੰ ਅਤੇ ਪੈਰਾਸ਼ੂਟ ਰੈਜੀਮੈਂਟ ਦੇ ਕਈ ਹੋਰਨਾਂ ਜਵਾਨਾਂ ਨੂੰ ਕਿਸੇ ਵਿਦੇਸ਼ੀ ਆਪ੍ਰੇਸ਼ਨ 'ਤੇ ਤਾਇਨਾਤ ਕੀਤਾ ਗਿਆ ਸੀ।

ਲੂਸੀ ਰੇਡੀਓ 1 ਨਿਊਜ਼ਬੀਟ ਨੂੰ ਦੱਸਦੀ ਹੈ, "ਵਿਆਹ ਕਿਸੇ ਹੋਰ ਸਿਪਾਹੀ ਦਾ ਸੀ, ਜਿਸ ਦੌਰਾਨ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਅਗਲੇ ਦਿਨ ਬੇਸ 'ਤੇ ਵਾਪਸ ਆਉਣ ਲਈ ਲਿਖਤੀ ਸੰਦੇਸ਼ ਮਿਲਿਆ ਪਰ ਖੁਸ਼ਕਿਸਮਤੀ ਨਾਲ ਲਾੜਾ ਨੂੰ ਅਜਿਹਾ ਕੋਈ ਸੰਦੇਸ਼ ਨਹੀਂ ਮਿਲਿਆ।"

ਢਾਈ ਹਫ਼ਤਿਆਂ ਤੱਕ ਬਰਤਾਨਵੀ ਫ਼ੌਜਾਂ ਅਫ਼ਗਾਨਿਸਤਾਨ ਵਿੱਚ ਰਹੀਆਂ ਸਨ ਅਤੇ15,000 ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ, ਜਿਨ੍ਹਾਂ ਵਿੱਚ 2,000 ਤੋਂ ਵੱਧ ਬੱਚੇ ਸਨ।

ਉਦੋਂ ਤੋਂ ਦੇਸ਼ ਵਿੱਚ ਭੁੱਖਮਰੀ, ਕੁਪੋਸ਼ਣ ਅਤੇ ਔਰਤਾਂ ਅਤੇ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਵਿਆਪਕ ਪੱਧਰ 'ਤੇ ਅੰਤਰਰਾਸ਼ਟਰੀ ਚਿੰਤਾ ਹੈ।

'ਔਰਤਾਂ ਨੂੰ ਸ਼ਾਂਤ ਰੱਖਣ 'ਚ ਮਦਦ'

ਆਪਣੀ ਯੂਨਿਟ ਵਿੱਚ ਇਕੱਲੀ ਔਰਤ ਤੈਨਾਤ ਹੋਣ ਕਾਰਨ ਲੋਕਾਂ ਨੂੰ ਸੰਭਾਲਣਾ ਅਤੇ ਉਨ੍ਹਾਂ ਦੀ ਖੋਜ ਵਿੱਚ ਮਦਦ ਕਰਨਾ, ਲੂਸੀ ਦੀ ਭੂਮਿਕਾ ਮਹੱਤਵਪੂਰਨ ਬਣ ਗਈ।

ਉਨ੍ਹਾਂ ਦਾ ਕਹਿਣਾ ਹੈ, "ਸੱਭਿਆਚਾਰਕ ਤੌਰ 'ਤੇ ਮੁੰਡਿਆਂ ਨੂੰ ਔਰਤਾਂ ਨੂੰ ਲੱਭਣ ਜਾਂ ਛੂਹਣ ਦੀ ਇਜਾਜ਼ਤ ਨਹੀਂ ਸੀ, ਇਸ ਲਈ ਮੇਰੇ ਲਈ ਇਹ ਕੰਮ ਦਾ ਹੋਰ ਵੀ ਵੱਡਾ ਹਿੱਸਾ ਬਣ ਗਿਆ।"

"ਇਸ ਦੌਰਾਨ ਮੈਨੂੰ ਇਹ ਅਹਿਸਾਸ ਹੋਇਆ ਕਿ ਔਰਤਾਂ ਲਈ ਇੱਕ ਔਰਤ ਨੂੰ ਦੇਖਣਾ ਵੱਖਰਾ ਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਸ਼ਾਂਤ ਹੋਣ ਵਿੱਚ ਮਦਦ ਮਿਲ ਜਾਂਦੀ ਸੀ।"

ਉਹ ਦੱਸਦੀ ਹੈ ਕਿ ਹਾਲਾਂਕਿ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਬਾਰੇ ਚਿੰਤਤ ਸੀ ਪਰ ਉਨ੍ਹਾਂ ਦੇ ਦੋਸਤ ਜ਼ਿਆਦਾ ਚਿੰਤਾ ਕਰਦੇ ਸਨ।

ਇਹ ਵੀ ਪੜ੍ਹੋ-

ਉਨ੍ਹਾਂ ਮੁਤਾਬਕ, "ਮੇਰੀਆਂ ਬਹੁਤ ਸਹੇਲੀਆਂ ਹਨ ਅਤੇ ਮੈਂ ਉਨ੍ਹਾਂ ਵਟਸਐੱਪ 'ਤੇ ਦੱਸਿਆ ਕਿ ਮੈਂ ਜਾ ਰਹੀ ਹਾਂ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਸਭ ਇੰਨੀ ਛੇਤੀ ਕਿਵੇਂ ਹੋ ਰਿਹਾ ਹੈ।"

ਇਹ ਪ੍ਰਾਈਵੇਟ ਲਿਓਨ ਸਟ੍ਰੌਂਗ ਲਈ ਪਹਿਲੀ ਵਾਰ ਵਿਦੇਸ਼ੀ ਆਪ੍ਰੇਸ਼ਨ 'ਤੇ ਕੰਮ ਕਰਨ ਦਾ ਮੌਕਾ ਸੀ।

ਉਹ 21 ਸਾਲ ਦੀ ਉਮਰ ਵਿੱਚ ਮੁੱਖ ਤੌਰ 'ਤੇ ਖੋਜਾਂ ਅਤੇ ਭੀੜ ਨੂੰ ਕਾਬੂ 'ਚ ਰੱਖਣ ਵਿੱਚ ਮਦਦ ਕਰ ਰਹੀ ਸੀ ਅਤੇ ਮੰਨਿਆ ਜਾਂਦਾ ਹੈ ਕਿ ਇਹ ਪੈਰਾਸ਼ੂਟ ਰੈਜੀਮੈਂਟ ਲਈ ਇੱਕ ਵੱਖਰਾ ਤਜਰਬਾ ਸੀ।

ਉਹ ਦੱਸਦੀ ਹੈ, "ਆਮ ਤੌਰ 'ਤੇ ਤੁਸੀਂ ਪਾਰਸ ਨੂੰ ਲੜਾਈ ਵਿੱਚ ਲੜਦਿਆਂ ਦੇਖਦੇ ਹੋ ਪਰ ਇਹ ਇੱਕ ਮਾਨਵਤਾਵਾਦੀ ਸੰਕਟ ਪ੍ਰਤੀ ਪ੍ਰਤੀਕ੍ਰਿਆ ਸੀ।"

'ਅਸੀਂ ਇਸੇ ਲਈ ਦਸਤਖ਼ਤ ਕੀਤੇ'

ਲੂਸੀ ਵਾਂਗ, ਲਿਓਨ ਦੀਆਂ ਵੀ ਗਰਮੀਆਂ ਦੀਆਂ ਛੁੱਟੀਆਂ ਰੱਦ ਹੋ ਗਈਆਂ ਸਨ।

ਉਹ ਦੱਸਦੇ ਹਨ, "ਐਤਵਾਰ ਦੀ ਰਾਤ ਸੀ ਅਤੇ ਮੈਂ ਸੌਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੇਰਾ ਫ਼ੋਨ ਬੰਦ ਹੋ ਰਿਹਾ ਸੀ।"

ਜਦੋਂ ਲਿਓਨ ਨੇ ਆਪਣੇ ਫ਼ੋਨ ਵੱਲ ਦੇਖਿਆ ਤਾਂ ਉਹ ਕਾਫੀ ਉਤਸ਼ਾਹਿਤ ਹੋਏ ਅਤੇ ਸਵੇਰੇ 5 ਵਜੇ ਵਾਪਸ ਬੇਸ ਵੱਲ ਰਵਾਨਾ ਹੋ ਹਏ।

ਉਹ ਨਿਊਜ਼ਬੀਟ ਨੂੰ ਦੱਸਦੇ ਹਨ ਕਿ ਕੁਝ ਹਫ਼ਤੇ ਤਾਂ ਮੁਸ਼ਕਲਾਂ ਭਰੇ ਸਨ ਪਰ ਇਸ ਦਾ ਹਿੱਸਾ ਬਣਨ ਲਈ "ਬਹੁਤ ਮਾਣ" ਮਹਿਸੂਸ ਹੁੰਦਾ ਹੈ।

ਉਨ੍ਹਾਂ ਨੇ ਕਿ ਉਹ ਬੇਹੱਦ ਉਤਸੁਕ ਸਨ ਅਤੇ ਇਸੇ ਲਈ ਉਨ੍ਹਾਂ ਨੇ ਜਾਣ ਲਈ ਦਸਤਖ਼ਤ ਕੀਤੇ ਸਨ।

ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ

'ਪਿਤਾ ਦੀ ਨਜ਼ਰ ਤੋਂ ਦੇਖਣਾ'

ਸਾਰਜੈਂਟ ਰੌਬ ਰੇਨੋਲਡਜ਼ 15 ਸਾਲਾਂ ਤੋਂ ਫੌਜ ਵਿੱਚ ਹਨ, ਇਸ ਲਈ ਇਹ ਗਰਮੀਆਂ ਉਹ ਅਫਗਾਨਿਸਤਾਨ ਵਿੱਚ ਤੀਜੀ ਵਾਰ ਬਿਤਾ ਰਿਹਾ ਸੀ।

ਪਰ ਉਨ੍ਹਾਂ ਦੇ ਪਿਛਲੇ ਦੌਰਿਆਂ ਨਾਲੋਂ ਇਹ ਬਹੁਤ ਵੱਖਰਾ ਤਜਰਬਾ ਸੀ।

ਉਹ ਦੱਸਦੇ ਹਨ, "ਅਸੀਂ ਨੋਟਿਸ ਮਿਲਣ ਦੇ 10 ਘੰਟਿਆਂ ਦੇ ਅੰਦਰ ਜਾਣ ਲਈ ਤਿਆਰ ਸੀ, ਆਮ ਤੌਰ 'ਤੇ ਘੱਟੋ-ਘੱਟ 24 ਮਿਲਦੇ ਹਨ।"

"ਅਫ਼ਗਾਨਿਸਤਾਨ ਛੱਡਣ ਵੇਲੇ ਅਸੀਂ ਬੇਹੱਦ ਜਲਦਬਾਜ਼ੀ ਵਿੱਚ ਸੀ, ਬਿਨਾਂ ਰੁਕੇ ਕੰਮ ਕੀਤਾ, ਇਸ ਦੌਰਾਨ ਮੈਂ ਮੁੰਡਿਆਂ ਦੀ ਵਚਨਬੱਧਤਾ ਤੋਂ ਕਾਫੀ ਪ੍ਰਭਾਵਿਤ ਹੋਇਆ।"

"ਅਸੀਂ ਸਾਰੀਆਂ ਵੱਖ-ਵੱਖ ਦੇਸ਼ਾਂ ਦੇ ਲਗਭਗ 1,00,000 ਲੋਕਾਂ ਨੂੰ ਬਾਹਰ ਕੱਢਿਆ ਅਤੇ ਸਾਡੇ ਕੋਲ ਜਿਨ੍ਹਾਂ ਵੀ ਸਮਾਂ ਸੀ, ਇਹ ਇੱਕ ਸ਼ਾਨਦਾਰ ਪ੍ਰਾਪਤੀ ਸੀ।"

ਹਾਲਾਂਕਿ, ਰੌਬ ਚੰਗੀ ਤਰ੍ਹਾਂ ਜਾਣਦਾ ਹਨ ਅਜੇ ਵੀ ਕੁਝ ਲੋਕਪਿੱਛੇ ਰਹਿ ਗਏ ਸਨ।

ਉਹ ਕਹਿੰਦੇ ਹਨ, "ਜੇ ਸਾਡੇ ਕੋਲ ਹੋਰ ਸਮਾਂ ਹੁੰਦਾ ਤਾਂ ਅਸੀਂ ਹੋਰ ਵੀ ਬੇਹਤਰ ਕਰ ਸਕਦੇ ਸੀ।"

ਤਾਲਿਬਾਨ ਦੇ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਦੇ ਚਾਰ ਮਹੀਨਿਆਂ ਬਾਅਦ ਸਥਿਤੀ ਅਸਥਿਰ ਬਣੀ ਹੋਈ ਹੈ, ਇਸ ਬਾਰੇ ਗੰਭੀਰ ਚਿੰਤਾਵਾਂ ਹਨ ਕਿ ਕਿੰਨੇ ਸਰਦੀਆਂ ਤੋਂ ਬਚਣਗੇ।

ਅਜੇ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ।

ਬ੍ਰਿਟਿਸ਼ ਆਰਮਡ ਫੋਰਸਜ਼ ਦੀ ਹੁਣ ਉੱਥੇ ਮੌਜੂਦਗੀ ਨਹੀਂ ਹੈ ਅਤੇ ਕਹਿੰਦੇ ਹਨ ਕਿ ਫਿਲਹਾਲ ਵਾਪਸੀ ਦੀ ਕੋਈ ਯੋਜਨਾ ਵੀ ਨਹੀਂ ਹੈ।

ਰੌਬ ਮੁਤਾਬਕ ਉਹ ਅਫ਼ਗਾਨਿਸਤਾਨ ਵਿੱਚੋਂ ਵਾਪਸੀ ਆਉਣ ਤੋਂ ਬਾਅਦ ਸਤੰਬਰ ਵਿੱਚ ਆਪਣੇ ਘਰ ਪਹੁੰਚੇ।

ਇਸ ਦੌਰਾਨ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਚੌਥੇ ਬੱਚੇ ਨੂੰ ਜਨਮ ਦੇਣ ਵਾਲੀ ਸੀ।

ਇਹ ਕਹਿੰਦੇ ਹਨ, "ਇੱਕ ਪਿਤਾ ਹੋਣ ਦੇ ਨਾਤੇ ਮੈਂ ਅਫ਼ਗਾਨ ਲੋਕਾਂ ਦੇ ਸੰਘਰਸ਼ ਨੂੰ ਸਮਝ ਸਕਦਾ ਹਾਂ ਜੋ ਆਪਣੇ ਬੱਚਿਆਂ ਦੀ ਰੱਖਿਆ ਕਰਨਾ ਚਾਹੁੰਦੇ ਹਨ।"

"ਜੇਕਰ ਕੱਲ੍ਹ ਸਾਨੂੰ ਵਾਪਸ ਜਾਣ ਦੀ ਲੋੜ ਪਈ ਤਾਂ ਅਸੀਂ ਜਾਵਾਂਗੇ। ਅਸੀਂ ਇੱਥੇ ਹਾਂ ਅਤੇ ਲੋੜ ਪੈਣ 'ਤੇ ਕਿਸੇ ਵੀ ਚੀਜ਼ ਲਈ ਤਿਆਰ ਹਾਂ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)