You’re viewing a text-only version of this website that uses less data. View the main version of the website including all images and videos.
ਤਾਲਿਬਾਨ ਖ਼ਿਲਾਫ਼ ਅਫ਼ਗਾਨ ਔਰਤਾਂ ਵੱਲੋਂ ਸੋਸ਼ਲ ਮੀਡੀਆ 'ਤੇ ਚਲਾਈ #DoNotTouchMyClothes ਮੁੰਹਿਮ ਕੀ ਹੈ
- ਲੇਖਕ, ਸਦੋਬਾ ਹੈਦਰ
- ਰੋਲ, ਬੀਬੀਸੀ ਨਿਊਜ਼
ਵਿਦਿਆਰਥਣਾਂ ਲਈ ਤਾਲਿਬਾਨ ਦੇ ਨਵੇਂ ਅਤੇ ਸਖ਼ਤ ਡਰੈਸ ਕੋਡ ਖ਼ਿਲਾਫ਼ ਅਫ਼ਗਾਨ ਔਰਤਾਂ ਨੇ ਇੱਕ ਆਨਲਾਈਨ ਕੈਂਪੇਨ ਸ਼ੁਰੂ ਕੀਤਾ ਹੈ।
ਉਹ ਇਸ ਕੈਂਪੇਨ ਲਈ #DoNotTouchMyClothes ਅਤੇ #AfghanistanCulture ਵਰਗੇ ਹੈਸ਼ਟੇਗ ਚਲਾ ਰਹੀਆਂ ਹਨ।
ਅਫ਼ਗਾਨ ਔਰਤਾਂ ਸੋਸ਼ਲ ਮੀਡੀਆ 'ਤੇ ਰੰਗੀਨ ਅਤੇ ਰਵਾਇਤੀ ਕੱਪੜਿਆਂ ਵਿੱਚ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੀਆਂ ਹਨ। ਬੀਬੀਸੀ ਨੇ ਅਜਿਹੀਆਂ ਹੀ ਕੁਝ ਔਰਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਤੁਸੀਂ ਗੂਗਲ 'ਤੇ 'ਅਫ਼ਗਾਨਿਸਤਾਨ ਦੇ ਰਵਾਇਤੀ ਕੱਪੜੇ' ਟਾਈਪ ਕਰੋ ਅਤੇ ਤੁਸੀਂ ਰੰਗਾਂ ਨਾਲ ਭਰੇ ਉਨ੍ਹਾਂ ਸੱਭਿਆਚਾਰਕ ਪਹਿਰਾਵੇ ਨੂੰ ਦੇਖ ਕੇ ਹੈਰਾਨ ਰਹਿ ਜਾਵੋਗੇ। ਉਨ੍ਹਾਂ ਦਾ ਹਰ ਲਿਬਾਸ ਤੁਹਾਨੂੰ ਖ਼ਾਸ ਲੱਗੇਗਾ।
ਹੱਥ ਦੀ ਕਢਾਈ, ਭਾਰੀ-ਭਾਪੀ ਡਿਜ਼ਾਈਨ, ਛਾਤੀ ਕੋਲ ਲੱਗੇ ਛੋਟੇ-ਛੋਟੇ ਸ਼ੀਸ਼ੇ, ਜਿਨ੍ਹਾਂ ਵਿੱਚ ਤੁਸੀਂ ਆਪਣੀ ਅਕਸ ਦੇਖ ਸਕਦੇ ਹੋ, ਲੰਬੇ ਘਗਰੇ ਜੋ ਅਫ਼ਗਾਨਿਸਤਾਨ ਦੇ ਕੌਮੀ ਨਾਚ ਅੱਟਨ ਲਈ ਫਿਟ ਲੱਗਦੇ ਹਨ।
ਕੁਝ ਔਰਤਾਂ ਕਢਾਈ ਵਾਲੀਆਂ ਟੋਪੀਆਂ ਵੀ ਪਾਉਂਦੀਆਂ ਹਨ। ਕਈਆਂ ਦੇ ਸਕਾਰਫ ਭਾਰੀ ਹਨ ਪਰ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਪਹਿਨਣ ਵਾਲੇ ਅਫ਼ਗਾਨਿਸਤਾਨ ਦੇ ਕਿਸ ਇਲਾਕੇ ਨਾਲ ਸਬੰਧਤ ਹਨ।
ਪਿਛਲੇ 20 ਸਾਲਾਂ ਤੋਂ ਅਫ਼ਗਾਨ ਔਰਤਾਂ ਰੋਜ਼ਮਰਾਂ ਦੀ ਜ਼ਿੰਦਗੀ ਭਾਵੇਂ ਉਹ ਕੰਮਕਾਜ ਦੀ ਥਾਂ ਹੋਵੇ ਜਾਂ ਫਿਰ ਕਾਲਜ ਜਾਂ ਯੂਨੀਵਰਸਿਟੀ, ਅਜਿਹੇ ਹੀ ਲਿਬਾਸ ਪਹਿਨਦੀਆਂ ਆ ਰਹੀਆਂ ਹਨ।
ਇਹ ਵੀ ਪੜ੍ਹੋ-
ਸੋਸ਼ਲ ਮੀਡੀਆ 'ਤੇ ਕੈਂਪੇਨ
ਪਰ ਇਸੇ ਵਿਚਾਲੇ ਇੱਕ ਅਜੀਬ ਗੱਲ ਵੀ ਹੋਈ ਹੈ। ਪੂਰੇ ਜਿਸਮ ਨੂੰ ਢਕਣ ਵਾਲੇ ਕਾਲੇ ਰੰਗ ਦੀ ਅਬਾਇਆ ਪਹਿਨੀਆਂ ਔਰਤਾਂ ਨੇ ਪਿਛਲੇ ਹਫ਼ਤੇ ਤਾਲਿਬਾਨ ਦੇ ਸਮਰਥਨ ਵਿੱਚ ਕਾਬੁਲ ਵਿੱਚ ਇੱਕ ਰੈਲੀ ਕੱਢੀ।
ਕਾਬੁਲ ਵਿੱਚ ਇਸ ਰੈਲੀ ਵਿੱਚ ਹਿੱਸਾ ਲੈਣ ਵਾਲੀ ਇੱਕ ਔਰਤ ਨੇ ਕਿਹਾ ਕਿ ਆਧੁਨਿਕ ਕੱੜੇ ਪਹਿਨਣੇ ਅਤੇ ਮੇਕੱਪ ਕਰਨ ਵਾਲੀਆਂ ਅਫ਼ਗਾਨ ਔਰਤਾਂ ਦੇਸ਼ ਦੀਆਂ ਮੁਸਲਮਾਨ ਔਰਤਾਂ ਦੀ ਨੁਮਾਇੰਦਗੀ ਨਹੀਂ ਕਰਦੀਆਂ ਹਨ।
ਕੈਮਰੇ ਸਾਹਮਣੇ ਉਹ ਇਹ ਕਹਿ ਰਹੀ ਸੀ, "ਅਸੀਂ ਔਰਤਾਂ ਲਈ ਅਜਿਹੇ ਅਧਿਕਾਰ ਨਹੀਂ ਚਾਹੁੰਦੇ ਹਾਂ ਜੋ ਵਿਦੇਸ਼ੀ ਹੋਣ ਅਤੇ ਸ਼ਰੀਆ ਕਾਨੂੰਨ ਨਾਲ ਮੇਲ ਨਾ ਖਾਂਦੇ ਹੋਣ।"
ਪਰ ਇਸ ਤੋਂ ਬਾਅਦ ਦੁਨੀਆਂ ਭਰ ਦੀਆਂ ਅਫ਼ਗਾਨ ਔਰਤਾਂ ਨੇ ਤਾਲਿਬਾਨ ਨੂੰ ਆਪਣਾ ਜਵਾਬ ਦੇਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ।
ਅਫ਼ਗਾਨਿਸਤਾਨ ਵਿੱਚ ਇੱਕ ਅਮਰੀਕਨ ਯੂਨੀਵਰਸਿਟੀ ਵਿੱਚ ਇਤਿਹਾਸ ਦੀ ਪ੍ਰੋਫੈਸਰ ਰਹੀ ਡਾਕਟਰ ਬਹਾਰ ਜਲਾਲੀ ਵੱਲੋਂ ਸ਼ੁਰੂ ਕੀਤੇ ਗਏ ਸੋਸ਼ਲ ਮੀਡੀਆ ਕੈਂਪੇਨ ਵਿੱਚ ਹੋਰ ਅਫ਼ਗਾਨ ਔਰਤਾਂ ਨੇ ਆਪਣੇ ਰਵਾਇਤੀ ਪਹਿਰਾਵੇ ਨੂੰ ਸਾਹਮਣੇ ਲਿਆਉਂਦੇ ਹੋਏ #DoNotTouchMyClothes ਅਤੇ #AfghanistanCulture ਵਰਗੇ ਹੈਸ਼ਟੇਗ ਦੀ ਵਰਤੋਂ ਕੀਤੀ।
ਬਹਾਰ ਜਲਾਲੀ ਕਹਿੰਦੀ ਹੈ ਕਿ ਉਨ੍ਹਾਂ ਨੇ ਇਹ ਮੁਹਿੰਮ ਇਸ ਲਈ ਸ਼ੁਰੂ ਕੀਤੀ ਕਿਉਂਕਿ ਅਫ਼ਗਾਨਿਸਤਾਨ ਦੀ ਪਛਾਣ ਅਤੇ ਉਸ ਦੀ ਸੰਪ੍ਰਭੁਤਾ 'ਤੇ ਹਮਲਾ ਹੋਇਆ ਸੀ।
ਹਰੇ ਰੰਗ ਦੇ ਅਫ਼ਗਾਨ ਲਿਬਾਸ ਵਿੱਚ ਉਨ੍ਹਾਂ ਨੇ ਆਪਣੀ ਤਸਵੀਰ ਸ਼ੇਅਰ ਕਰਦਿਆਂ ਹੋਇਆ ਦੂਜੀਆਂ ਅਫ਼ਗਾਨ ਔਰਤਾਂ ਨੂੰ 'ਅਫ਼ਗਾਨਿਸਤਾਨ ਦਾ ਅਸਲੀ' ਚਿਹਰਾ ਦਿਖਾਉਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ, "ਮੈਂ ਦੁਨੀਆਂ ਨੂੰ ਇਹ ਦੱਸਣਾ ਚਾਹੁੰਦੀ ਸੀ ਕਿ ਮੀਡੀਆ ਵਿੱਚ ਤਾਲਿਬਾਨ ਸਮਰਥਕ ਰੈਲੀ ਦੌਰਾਨ ਜੋ ਤਸਵੀਰਾਂ ਤੁਸੀਂ ਦੇਖੀਆਂ ਉਹ ਸਾਡਾ ਸੱਭਿਆਚਾਰ ਨਹੀਂ ਹੈ। ਉਹ ਸਾਡੀ ਪਛਾਣ ਨਹੀਂ ਹੈ।"
ਪਛਾਣ ਨੂੰ ਲੈ ਕੇ ਮੁਹਿੰਮ
ਇਸ ਤਾਲਿਬਾਨ ਸਮਰਥਕ ਰੈਲੀ ਵਿੱਚ ਔਰਤਾਂ ਨੇ ਜਿਸ ਤਰ੍ਹਾਂ ਦੇ ਕੱਪੜੇ ਪਹਿਨੇ ਹੋਏ ਸਨ, ਉਸ ਨੂੰ ਦੇਖ ਕੇ ਕਈ ਲੋਕ ਹੈਰਾਨ ਰਹਿ ਗਏ। ਰਵਾਇਤੀ ਤੌਰ 'ਤੇ ਰੰਗੀਨ ਕੱਪੜੇ ਪਹਿਨਣ ਵਾਲੇ ਅਫ਼ਗਾਨਾਂ ਲਈ ਪੂਰੇ ਜਿਸਮ ਨੂੰ ਢਕਣ ਵਾਲੇ ਕੱਪੜੇ ਇੱਕ ਵਿਦੇਸ਼ੀ ਧਾਰਨਾ ਵਾਂਗ ਸਨ।
ਅਫ਼ਗਾਨਿਸਤਾਨ ਦੇ ਹਰ ਇਲਾਕੇ ਦੇ ਆਪਣੇ ਰਵਾਇਤੀ ਪਹਿਰਾਵੇ ਹਨ। ਇੰਨੀ ਵਿਭਿੰਨਤਾ ਦੇ ਬਾਵਜੂਦ ਜੋ ਗੱਲ ਕਾਮਨ ਹੈ, ਉਹ ਇਹ ਹੈ ਕਿ ਉਨ੍ਹਾਂ ਵਿੱਚ ਰੰਗਾਂ, ਸ਼ੀਸ਼ਿਆਂ ਅਤੇ ਕਢਾਈ ਦੀ ਖ਼ੂਬ ਵਰਤੋਂ ਕੀਤੀ ਜਾਂਦੀ ਹੈ। ਇਹ ਸਾਰੀਆਂ ਔਰਤਾਂ ਇਸ ਗੱਲ 'ਤੇ ਯਕੀਨ ਕਰਦੀਆਂ ਹਨ ਕਿ ਉਨ੍ਹਾਂ ਦੇ ਕੱਪੜੇ ਹੀ ਉਨ੍ਹਾਂ ਦੀ ਪਛਾਣ ਹਨ।
ਵਰਜੀਨੀਆ ਵਿੱਚ ਇੱਕ ਮਨੁੱਖੀ ਅਧਿਕਾਰ ਵਰਕਰ ਸਪੋਜ਼ਮੇ ਮਸੀਦ ਨੇ ਟਵਿੱਟਰ 'ਤੇ ਲਿਖਿਆ, "ਇਹ ਸਾਡੀ ਅਸਲੀ ਅਫ਼ਗਾਨ ਡਰੈਸ ਹੈ। ਅਫ਼ਗਾਨ ਔਰਤਾਂ ਇੰਨੇ ਰੰਗੀਨ ਅਤੇ ਸਲੀਕੇਦਾਰ ਕੱਪੜੇ ਪਹਿਨਦੀਆਂ ਹਨ। ਕਾਲੇ ਰੰਗ ਦਾ ਬੁਰਕਾ ਕਦੇ ਵੀ ਅਫ਼ਗਾਨਿਸਤਾਨ ਦਾ ਰਵਾਇਤੀ ਪਹਿਰਾਵਾ ਨਹੀਂ ਰਿਹਾ ਹੈ।"
ਮਸੀਦ ਕਹਿੰਦੀ ਹੈ, "ਅਸੀਂ ਸਦੀਆਂ ਤੋਂ ਇੱਕ ਇਸਲਾਮਿਕ ਮੁਲਕ ਰਹੇ ਹਾਂ ਅਤੇ ਸਾਡੀ ਨਾਨੀ-ਦਾਦੀ ਸਲੀਕੇ ਨਾਲ ਆਪਣੇ ਰਵਾਇਤੀ ਪਹਿਰਾਵੇ ਪਹਿਨਦੀਆਂ ਰਹੀਆਂ ਹਨ। ਉਹ ਨਾਂ ਤਾਂ ਨੀਲੀ ਚਾਦਰ ਲੈਂਦੀਆਂ ਸਨ ਅਤੇ ਨਾ ਹੀ ਅਰਬਾਂ ਦਾ ਕਾਲਾ ਬੁਰਕਾ।"
"ਸਾਡੇ ਰਵਾਇਤੀ ਕੱਪੜੇ ਪੰਜ ਹਜ਼ਾਰ ਸਾਲ ਦੀ ਸਾਡੇ ਖੁਸ਼ਹਾਲ ਸੱਭਿਆਚਾਰ ਅਤੇ ਇਤਿਹਾਸ ਦੀ ਨੁਮਾਇੰਦਗੀ ਕਰਦੇ ਹਨ। ਹਰ ਅਫ਼ਗਾਨ ਨੂੰ ਇਸ 'ਤੇ ਮਾਣ ਹੋਣਾ ਚਾਹੀਦਾ ਹੈ।"
'ਕੱਟੜਪੰਥੀ ਗੁੱਟ ਸਾਡੀ ਪਛਾਣ ਤੈਅ ਨਹੀਂ ਕਰ ਸਕਦਾ'
ਇਥੋਂ ਤੱਕ ਕਿ ਅਫ਼ਗਾਨਿਸਤਾਨ ਦੇ ਰੂੜੀਵਾਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਵੀ ਇਹ ਕਹਿੰਦੇ ਹਨ ਕਿ ਉਨ੍ਹਾਂ ਨੇ ਵੀ ਔਰਤਾਂ ਨੂੰ ਕਾਲੇ ਰੰਗ ਦਾ ਨਕਾਬ ਪਹਿਨੇ ਕਦੇ ਨਹੀਂ ਦੇਖਿਆ ਸੀ।
37 ਸਾਲਾ ਅਫ਼ਗਾਨ ਰਿਸਰਚਰ ਲੀਮਾ ਹਲੀਮਾ ਅਹਿਮਦ ਕਹਿੰਦੀ ਹੈ, "ਮੈਂ ਆਪਣੀ ਤਸਵੀਰ ਇਸ ਲਈ ਪੋਸਟ ਕੀਤੀ ਕਿਉਂਕਿ ਅਸੀਂ ਅਫ਼ਗਾਨ ਔਰਤਾਂ ਹਾਂ। ਸਾਨੂੰ ਆਪਣੇ ਸੱਭਿਆਚਾਰ 'ਤੇ ਮਾਣ ਹੈ ਅਤੇ ਸਾਡਾ ਮੰਨਣਾ ਹੈ ਕਿ ਕੋਈ ਕੱਟੜਪੰਥੀ ਗੁਟ ਸਾਡੀ ਪਛਾਣ ਨਹੀਂ ਤੈਅ ਕਰ ਸਕਦਾ ਹੈ।"
"ਸਾਡਾ ਸੱਭਿਆਚਾਰ ਸਿਆਹ ਨਹੀਂ ਹੈ। ਇਹ ਰੰਗਾਂ ਨਾਲ ਭਰਿਆ ਹੈ। ਇਸ ਵਿੱਚ ਖੂਬਸੂਰਤੀ ਹੈ। ਇਸ ਵਿੱਚ ਕਲਾ ਹੈ ਅਤੇ ਇਸ ਵਿੱਚ ਪਛਾਣ ਹੈ।
ਅਫ਼ਗਾਨਿਸਤਾਨ ਵਿੱਚ ਪਿਛਲੇ 20 ਸਾਲ ਤੋਂ ਕੰਮ ਕਰਰਹੀ ਲੀਮਾ ਹਲੀਮਾ ਅਹਿਮਦ ਕਹਿੰਦੀ ਹੈ, "ਔਰਤਾਂ ਕੋਲ ਇੱਕ ਬਦਲ ਸੀ। ਮੇਰੀ ਅੰਮੀ ਲੰਬਾ ਅਤੇ ਵੱਡਾ ਜਿਹਾ ਨਕਾਬ ਪਹਿਨਦੀ ਹੁੰਦੀ ਸੀ ਅਤੇ ਕੁਝ ਔਰਤਾਂ ਉਸ ਤੋਂ ਥੋੜ੍ਹਾ ਨਕਾਬ ਪਹਿਨਦੀਆਂ ਸਨ। ਔਰਤਾਂ 'ਤੇ ਕੋਈ ਡਰੈਸ ਕੋਡ ਥੋਪਿਆ ਨਹੀਂ ਜਾਂਦਾ ਸੀ।"
ਇਹ ਵੀ ਪੜ੍ਹੋ-
ਕਾਬੁਲ ਵਿੱਚ ਹੋਈ ਤਾਲਿਬਾਨ ਸਮਰਥਕ ਰੈਲੀ ਦਾ ਜ਼ਿਕਰ ਕਰਦਿਆਂ ਹਲੀਮਾਂ ਦੱਸਦੀ ਹੈ, "ਅਸੀਂ ਅਫ਼ਗਾਨ ਔਰਤਾਂ ਹਾਂ ਅਤੇ ਅਸੀਂ ਇਹ ਕਦੇ ਨਹੀਂ ਦੇਖਿਆ ਕਿ ਸਾਡੀਆਂ ਔਰਤਾਂ ਪੂਰੀ ਤਰ੍ਹਾਂ ਸਰੀਰ ਨੂੰ ਢਕਣ ਵਾਲੇ ਕੱਪੜੇ ਪਹਿਨਦੀਆਂ ਹੋਣ।"
"ਪ੍ਰਦਰਸ਼ਨ ਵਿੱਚ ਆਈਆਂ ਔਰਤਾਂ ਨੇ ਜਿਸ ਤਰ੍ਹਾਂ ਦੇ ਕਾਲੇ ਦਸਤਾਨੇ ਅਤੇ ਬੁਰਕੇ ਪਹਿਨੇ ਹੋਏ ਸਨ, ਉਸ ਤੋਂ ਅਜਿਹਾ ਲੱਗ ਰਿਹਾ ਸੀ ਕਿ ਇਹ ਰੈਲੀ ਲਈ ਖ਼ਾਸ ਤੌਰ 'ਤੇ ਸਿਲਵਾਏ ਗਏ ਹਨ।"
ਅਫ਼ਗਾਨਿਸਤਾਨ ਦਾ ਕੌਮੀ ਨਾਚ 'ਅੱਟਨ'
ਇਸ ਸੋਸ਼ਲ ਮੀਡੀਆ ਕੈਂਪੇਨ ਵਿੱਚ ਹਿੱਸਾ ਲੈਣ ਵਾਲੀ ਇੱਕ ਹੋਰ ਔਰਤਾਂ ਮਲਾਲੀ ਬਸ਼ੀਰ ਪ੍ਰਾਗ ਵਿੱਚ ਪੱਤਰਕਾਰ ਹੈ। ਇਹ ਖ਼ੂਬਸੂਰਤ ਕੱਪੜਿਆਂ ਵਿੱਚ ਅਫ਼ਗਾਨ ਔਰਤਾਂ ਦੀ ਪੇਂਟਿੰਗ ਬਣਾਉਂਦੀ ਹੈ ਤਾਂ ਜੋ ਦੁਨੀਆਂ ਨੂੰ ਆਪਣੇ ਮੁਲਕ ਦੀ ਖ਼ੂਬਸੂਰਤੀ ਦਿਖੇ ਸਕੇ।
ਉਹ ਦੱਸਦੀ ਹੈ, "ਪਿੰਡ ਵਿੱਚ ਕੋਈ ਕਾਲੇ ਜਾਂ ਨੀਲੇ ਰੰਗ ਦਾ ਬੁਰਕਾ ਨਹੀਂ ਪਹਿਨਦਾ ਹੁੰਦਾ ਸੀ। ਲੋਕ ਰਵਾਇਤੀ ਅਫ਼ਗਾਨੀ ਲਿਬਾਸ ਹੀ ਪਹਿਨਦੇ ਸਨ। ਬਜ਼ੁਰਗ ਔਰਤਾਂ ਸਿਰ 'ਤੇ ਸਕਾਰਫ਼ ਬੰਨਦੀਆਂ ਸਨ ਜਦ ਕਿ ਘੱਟ ਉਮਰ ਦੀਆਂ ਕੁੜੀਆਂ ਰੰਗੀਨ ਸ਼ਾਲ ਲੈਂਦੀਆਂ ਸਨ। ਔਰਤਾਂ ਹੱਥ ਹਿਲਾ ਕੇ ਮਰਦਾਂ ਦਾ ਸੁਆਗਤ ਕਰਦੀਆਂ ਸਨ।"
"ਹਾਲ ਵਿੱਚ ਅਫ਼ਗਾਨ ਔਰਤਾਂ 'ਤੇ ਸੱਭਿਆਚਾਰਕ ਪਹਿਰਾਵੇ ਬਦਲਣ ਲਈ ਦਬਾਅ ਵੱਧ ਰਿਹਾ ਹੈ। ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਪੂਰੇ ਕੱਪੜੇ ਪਹਿਨੇ ਤਾਂ ਜੋ ਉਨ੍ਹਾਂ ਨੂੰ ਲੋਕ ਦੇਖ ਨਾ ਸਕਣ।"
"ਮੈਂ ਆਪਣੀ ਬਣਾਈ ਪੇਂਟਿੰਗ ਪੋਸਟ ਕੀਤੀ ਹੈ, ਜਿਸ ਵਿੱਚ ਅਫ਼ਗਾਨ ਔਰਤਾਂ ਆਪਣੀ ਰਵਾਇਤੀ ਪਹਿਰਾਵਾ ਪਹਿਨੇ ਅਫ਼ਗਾਨਿਸਤਾਨ ਦਾ ਕੌਮੀ ਨਾਚ 'ਅੱਟਨ' ਕਰ ਰਹੀਆਂ ਹਨ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕੀ ਕਹਿਣਾ ਹੈ ਤਾਲਿਬਾਨ ਦਾ?
ਤਾਲਿਬਾਨ ਦਾ ਕਹਿਣਾ ਹੈ ਕਿ ਔਰਤਾਂ ਨੂੰ ਸ਼ਰੀਆ ਕਾਨੂੰਨ ਅਤੇ ਸਥਾਨਕ ਰਵਾਇਤਾਂ ਮੁਤਾਬਤ ਪੜ੍ਹਾਈ ਕਰਨ ਅਤੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ।
ਪਰ ਇਸ ਦੇ ਨਾਲ ਹੀ ਸਖ਼ਤ ਡਰੈਸ ਕੋਡ ਦੇ ਨਿਯਮ ਵੀ ਲਾਗੂ ਹੋਣਗੇ।
ਕੁਝ ਅਫ਼ਗਾਨ ਔਰਤਾਂ ਨੇ ਪਹਿਲਾ ਹੀ ਇਸ ਦਾ ਖ਼ਿਆਲ ਰੱਖਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਚਦਰੀ ਪਹਿਨਣ ਲੱਗੀਆਂ ਹਨ। ਨੀਲੇ ਰੰਗੇ ਦੇ ਇਸ ਲਿਬਾਸ ਵਿੱਚ ਔਰਤਾਂ ਦਾ ਸਿਰ ਅਤੇ ਉਨ੍ਹਾਂ ਦੀਆਂ ਅੱਖਾਂ ਢਕੀਆਂ ਰਹਿੰਦੀਆਂ ਹਨ।
ਕਾਬੁਲ ਅਤੇ ਦੂਜੇ ਸ਼ਹਿਰਾਂ ਵਿੱਚ ਔਰਤਾਂ ਇਹ ਚਦਰੀ ਪਹਿਨੇ ਹੋਏ ਵੱਡੀ ਗਿਣਤੀ ਵਿੱਚ ਨਜ਼ਰ ਆਉਣ ਲੱਗੀਆਂ ਹਨ।
ਅਫ਼ਗਾਨਿਸਤਾਨ ਦੇ ਉੱਚ ਸਿੱਖਿਆ ਮੰਤਰੀ ਅਬਦੁੱਲ ਬਾਕੀ ਹੱਕਾਨੀ ਨੇ ਕਿਹਾ ਹੈ ਕਿ ਯੂਨੀਵਰਸਿਟੀ ਵਿੱਚ ਔਰਤਾਂ ਅਤੇ ਪੁਰਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਬਿਠਾਇਆ ਜਾਵੇਗਾ ਅਤੇ ਔਰਤਾਂ ਲਈ ਨਕਾਬ ਪਹਿਨਣਾ ਜ਼ਰੂਰੀ ਹੋਵੇਗਾ।
ਹਾਲਾਂਕਿ, ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਨ੍ਹਾਂ ਦਾ ਮਤਲਬ ਸਿਰ 'ਤੇ ਬੰਨ੍ਹੇ ਜਾਣ ਵਾਲੇ ਸਕਾਰਫ਼ ਨਾਲ ਹੈ ਜਾਂ ਫਿਰ ਚਿਹਰੇ ਨੂੰ ਪੂਰੀ ਢਕਣ ਨਾਲ ਹੈ।
ਇਹ ਵੀ ਪੜ੍ਹੋ: