ਲੁਧਿਆਣਾ 'ਚ ਖੁੱਲ੍ਹਿਆ ਪੰਜਾਬ ਦਾ ਪਹਿਲਾ ਬਰੈਸਟ ਮਿਲਕ ਬੈਂਕ, ਪਰ ਕਿਉਂ ਨਹੀਂ ਹੋ ਰਿਹਾ ਚਾਲੂ

    • ਲੇਖਕ, ਗੁਰਮਿੰਦਰ ਸਿੰਘ ਗਰੇਵਾਲ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਵਿੱਚ ਲੁਧਿਆਣਾ ਦੇ ਸਰਕਾਰੀ ਹਸਪਤਾਲ ਵਿੱਚ ਪੰਜਾਬ ਦਾ ਪਹਿਲਾਂ ਬਰੈਸਟ ਮਿਲਕ ਪੰਪ ਬੈਂਕ ਖੋਲ੍ਹਿਆ ਗਿਆ ਹੈ।

ਇਸ ਵਿੱਚ ਮਾਂ ਦੇ ਦੁੱਧ ਨੂੰ ਬੱਚੇ ਲਈ ਸਟੋਰ ਕੀਤਾ ਜਾ ਸਕੇਗਾ ਅਤੇ ਉਸ ਨੂੰ ਪਿਆਇਆ ਜਾ ਸਕੇਗਾ।

ਇੱਕ ਐੱਨਜੀਓ ਵੱਲੋਂ ਸ਼ੁਰੂ ਕੀਤੇ ਗਏ ਇਸ ਬੈਂਕ ਦਾ ਰਸਮੀਂ ਉਦਘਾਟਨ 10 ਸਤੰਬਰ ਨੂੰ ਰਾਜਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤਾ ਗਿਆ ਸੀ, ਪਰ ਹਾਲੇ ਤੱਕ ਇਹ ਮਿਲਕ ਬੈਂਕ ਸ਼ੁਰੂ ਨਹੀਂ ਹੋ ਸਕਿਆ ਹੈ।

ਲੋੜੀਂਦਾ ਸਾਰਾ ਸਮਾਨ ਮੌਜੂਦ ਹੋਣ ਦੇ ਬਾਵਜੂਦ ਵੀ ਇਹ ਮਿਲਕ ਬੈਂਕ ਨਾ ਚਾਲੂ ਹੋਣ ਬਾਰੇ ਮਾਹਰ ਆਪਣੀ ਵੱਖਰੀ ਰਾਇ ਦੇ ਰਹੇ ਹਨ।

ਇਹ ਵੀ ਪੜ੍ਹੋ-

ਕੁਝ ਡਾਕਟਰ ਇਸ ਦੇ ਹੱਕ 'ਚ ਨਹੀਂ

ਇਸ ਮਿਲਕ ਬੈਂਕ ਦੇ ਇੰਚਾਰਜ਼ ਅਤੇ ਬੱਚਿਆਂ ਦੇ ਮਾਹਰ ਡਾਕਟਰ ਹਰਜੀਤ ਸਿੰਘ ਦਾ ਕਹਿਣਾ ਹੈ, "ਆਪਣੇ ਵਿਭਾਗ ਦੇ ਹਿਸਾਬ ਨਾਲ ਅਸੀਂ ਇਸ ਦੇ ਹੱਕ ਵਿੱਚ ਨਹੀਂ ਹਾਂ ਕਿਉਂਕਿ ਇਹ ਇਨਫੈਕਸ਼ਨ ਦਾ ਸਰੋਤ ਹੈ ਅਤੇ ਮਾਂ ਦਾ ਦੁੱਧ ਸਿੱਧਾ ਪਿਆਉਣਾ ਲਾਹੇਵੰਦ ਹੈ।"

ਉਹ ਕਹਿੰਦੇ ਹਨ, "ਜੇ ਬਰੈਸਟ ਮਿਲਕ ਨੂੰ ਸਟੋਰ ਕਰਨਾ ਹੋਵੇ ਤਾਂ ਰੂਮ ਟੈਪਰੇਚਰ 'ਤੇ ਅਸੀਂ ਇਸ ਨੂੰ 8 ਘੰਟੇ ਲਈ ਸਟੋਰ ਕਰ ਸਕਦੇ ਹਾਂ ਅਤੇ ਰੈਫਰਿਜਰੇਟਰ ਵਿੱਚ 24 ਘੰਟੇ ਵਾਸਤੇ ਸਟੋਰ ਕੀਤਾ ਜਾ ਸਕਦਾ ਹੈ।"

"ਪਰ ਜਿਨ੍ਹਾਂ ਜਲਦੀ ਵਰਤਿਆ ਜਾਵੇਗਾ ਓਨਾਂ ਹੀ ਵਧੀਆ ਰਹੇਗਾ ਅਤੇ ਜਿੰਨੀ ਦੇਰ ਸਟੋਰ ਕਰ ਕੇ ਰੱਖਿਆ ਜਾਵੇਗਾ, ਬੱਚੇ ਲਈ ਉਸ ਦੇ ਇਨਫੈਕਸ਼ਨ ਦਾ ਜੋਖ਼ਮ ਵੱਧ ਜਾਵੇਗਾ।"

ਡਾ. ਹਰਜੀਤ ਸਿੰਘ ਕਹਿੰਦੇ ਹਨ ਕਿ ਇਸ ਹਸਪਤਾਲ਼ ਵਿੱਚ ਇਸ ਸਹੂਲਤ ਨੂੰ ਚਲਾਉਣ ਲਈ ਲੋੜੀਂਦਾ ਸਟਾਫ਼ ਨਹੀਂ ਹੈ।

"ਅਸੀਂ ਪਹਿਲਾਂ ਹੀ ਸਟਾਫ਼ ਦੀ ਕਮੀ ਨਾਲ ਜੂਝ ਰਹੇ ਹਾਂ। ਸਾਡੇ ਨਰਸਾਂ ਨਹੀਂ ਹਨ, ਪੈਰਾਮੈਡੀਕਲ ਸਟਾਫ ਨਹੀਂ ਹੈ।"

ਉਹ ਕਹਿੰਦੇ ਹਨ ਇਸੇ ਕਮਰੇ ਨੂੰ ਥੈਲੀਸੀਮੀਆ ਰੂਮ ਬਣਾਇਆ ਹੈ, ਬਲੱਡ ਬੈਂਕ ਵੀ ਬਣਾਇਆ ਹੈ, ਤੇ ਇਹ "ਸਾਡੀ ਸਮਝ ਤੋਂ ਬਾਹਰ ਹੈ।"

ਉਹ ਕਹਿੰਦੇ ਹਨ, "ਸਾਨੂੰ ਇਸ ਬਾਰੇ ਕੁਝ ਨਹੀਂ ਪੁੱਛਿਆ ਗਿਆ ਅਤੇ ਜਦੋਂ ਤੱਕ ਸਰਕਾਰ ਦੀ ਹਦਾਇਤਾਂ ਨਹੀਂ ਆਉਂਦੀਆਂ, ਇਹ ਸ਼ੁਰੂ ਨਹੀਂ ਹੋ ਸਕਦਾ।"

"ਇਸ ਕਮਰੇ ਵਿੱਚ ਇਹ ਸੰਭਵ ਨਹੀਂ ਹੈ, ਕੋਈ ਨਿੱਜਤਾ ਨਹੀਂ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਬੈਂਕ ਦਾ ਮਕਸਦ ਕੀ

ਸਿਵਲ ਸਰਜਨ ਲੁਧਿਆਣਾ, ਡਾਕਟਰ ਕਿਰਨ ਅਹਲੂਵਾਲਿਆ ਨੇ ਕਿਹਾ, "ਕੁਝ ਮਾਵਾਂ ਦਰਦ ਵਿੱਚ ਹੁੰਦੀਆਂ ਹਨ, ਜਾਂ ਕਿਸੇ ਇਨਫੈਕਸ਼ਨ ਕਰਕੇ ਮਾਂ ਬੱਚੇ ਨੂੰ ਆਪਣਾ ਦੁੱਧ ਨਹੀਂ ਪਿਆ ਸਕਦੀਆਂ।"

"ਜਾਂ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋ ਜਾਂਦਾ ਅਤੇ ਜਿਨ੍ਹਾਂ ਵਿੱਚ ਚੁੰਘਣ ਸ਼ਕਤੀ ਵਿਕਸਿਤ ਨਹੀਂ ਹੁੰਦੀ ਤਾਂ ਅਜਿਹੇ ਵਿੱਚ ਉਨ੍ਹਾਂ ਦੀਆਂ ਮਾਵਾਂ ਸਟੋਰ ਕੀਤਾ ਆਪਣਾ ਦੁੱਧ ਬੱਚੇ ਨੂੰ ਪਿਆ ਸਕਣਗੀਆਂ।"

ਡਾ. ਕਿਰਨ ਦੱਸਦੇ ਹਨ ਉਨ੍ਹਾਂ ਕੋਲ 10 ਮੈਨੂਅਲ ਪੰਪ ਅਤੇ ਦੋ ਇਲੈਕਟ੍ਰਿਕ ਪੰਪ ਹਨ, ਇਸ ਤੋਂ ਇਲਾਵਾ ਰੈਫਰਿਜਰੇਟਰ ਵੀ ਅਤੇ ਸਟਾਫ਼ ਨੂੰ ਇਸ ਲਈ ਸਿਖਲਾਈ ਵੀ ਦਿੱਤੀ ਜਾਵੇਗੀ ਕਿ ਬੱਚੇ ਨੂੰ ਕਿਸ ਤਰ੍ਹਾਂ ਦੁੱਧ ਪਿਆਉਣਾ ਹੈ।

ਉਹ ਅੱਗੇ ਕਹਿੰਦੇ ਹਨ, "ਜਦੋਂ ਵੀ ਕੋਈ ਅਜਿਹੀ ਮਾਂ ਆਵੇਗੀ ਜੋ ਉਸੇ ਵੇਲੇ ਬੱਚੇ ਨੂੰ ਦੁੱਧ ਨਹੀਂ ਪਿਆ ਸਕੇਗੀ ਤਾਂ ਉਹ ਉਦੋਂ ਸ਼ੁਰੂ ਹੋ ਜਾਵੇਗਾ, ਕਿਉਂਕਿ ਇਹ ਸਿਰਫ਼ ਉਨ੍ਹਾਂ ਮਾਵਾਂ ਲਈ ਹੈ ਜੋ ਆਪਣੇ ਬੱਚੇ ਨੂੰ ਆਪਣਾ ਦੁੱਧ ਨਹੀਂ ਪਿਆ ਸਕਦੀਆਂ।"

"ਇਸ ਦੀ ਮਦਦ ਨਾਲ ਬੱਚਾ ਆਪਣੀ ਮਾਂ ਦਾ ਦੁੱਧ ਪੀ ਸਕੇਗਾ ਤਾਂ ਜੋ ਮਾਂ ਦੇ ਦੁੱਧ ਦੇ ਮਹੱਤਵਪੂਰਨ ਤੱਤ ਲੈ ਸਕੇਗਾ।"

ਉਹ ਅੱਗੇ ਦੱਸਦੇ ਹਨ ਕਿ ਫਿਲਹਾਲ ਇਸ ਬੈਂਕ ਵਿੱਚ ਮਾਂ ਆਪਣੇ ਅਜੇ ਬੱਚੇ ਲਈ ਹੀ ਦੁੱਧ ਰੱਖ ਸਕਦੀ ਹੈ, ਪਰ ਅੱਗੇ ਜਾ ਕੇ ਜੇ ਕੰਮ ਕਰ ਗਿਆ ਤਾਂ ਮਾਵਾਂ ਦਾ ਦੁੱਧ ਵੀ ਦੂਜੇ ਬੱਚਿਆਂ ਲਈ ਸਟੋਰ ਕੀਤਾ ਜਾ ਸਕੇਗਾ ਪਰ ਇਸ ਲਈ ਕੁਝ ਕਾਨੂੰਨੀ ਨਿਯਮ ਵੀ ਹੁੰਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)