You’re viewing a text-only version of this website that uses less data. View the main version of the website including all images and videos.
ਅਦਿੱਤਿਆਨਾਥ : 'ਅੱਬਾ ਜਾਨ' ਵਾਲਾ ਬਿਆਨ ਤੇ ਕੋਲਕਾਤਾ ਦੀ ਤਸਵੀਰ ਵਾਲਾ ਇਸ਼ਤਿਹਾਰ ਕਰਵਾ ਰਿਹਾ ਫਜੀਹਤ
2022 ਵਿੱਚ ਪੰਜਾਬ ਵਿਧਾਨ ਸਭਾ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਵਿਚ ਵੀ ਚੋਣਾਂ ਹੋਣੀਆਂ ਹਨ। ਸੂਬੇ ਵਿੱਚ ਚੋਣ ਅਖਾੜਾ ਹੌਲੀ -ਹੌਲੀ ਭਖ਼ ਰਿਹਾ ਹੈ।
ਇੰਨਾਂ ਦਿਨੀਂ ਉੱਤਰ ਪ੍ਰਦੇਸ਼ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਅਦਿੱਤਿਆਨਾਥ ਆਪਣੇ ਇਸ਼ਤਿਹਾਰਾਂ ਅਤੇ ਭਾਸ਼ਣਾਂ ਕਾਰਨ ਚਰਚਾ ਵਿੱਚ ਹਨ।
ਐਤਵਾਰ ਸ਼ਾਮ ਨੂੰ ਮੁੱਖ ਮੰਤਰੀ ਅਦਿੱਤਿਆਨਾਥ ਨੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿਖੇ ਇੱਕ ਜਨਤਕ ਸਮਾਗਮ ਦੌਰਾਨ ਸੂਬੇ ਦੀ ਪਿਛਲੀ ਸਰਕਾਰ ਉੱਪਰ ਨਿਸ਼ਾਨੇ ਸਾਧੇ ਸਨ।
ਐਤਵਾਰ ਨੂੰ ਹੀ ਇੱਕ ਅੰਗਰੇਜ਼ੀ ਅਖ਼ਬਾਰ ਵਿੱਚ ਸੂਬੇ ਦੇ ਵਿਕਾਸ ਸਬੰਧੀ ਛਪੇ ਇਸ਼ਤਿਹਾਰ ਕਾਰਨ ਵੀ ਉੱਤਰ ਪ੍ਰਦੇਸ਼ ਸਰਕਾਰ ਟਰੋਲ ਹੋਈ ਹੈ।
ਅੱਦਿਤਿਆਨਾਥ ਆਪਣੇ ਨਾਂ ਅੱਗੇ ਯੋਗੀ ਲਿਖਦੇ ਹਨ, ਪਰ ਚੋਣ ਕਮਿਸ਼ਨ ਦੇ ਕਾਜ਼ਗਾਂ ਵਿਚ ਉਨ੍ਹਾਂ ਦਾ ਨਾ ਸਿਰਫ਼ ਅੱਦਿਤਿਆਨਾਥ ਹੈ।
ਉਹ ਗਰਮ ਸੁਰ ਵਾਲੇ ਹਿੰਦੂਤਵੀ ਸਿਆਸੀ ਬਿਆਨਾਂ ਕਾਰਨ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿਚ ਰਹੇ ਹਨ।
ਇਹ ਵੀ ਪੜ੍ਹੋ:
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਕੁਸ਼ੀਨਗਰ ਵਿੱਚ ਆਪਣੇ ਭਾਸ਼ਣ ਦੌਰਾਨ ਅਦਿੱਤਿਆਨਾਥ ਨੇ ਕਿਹਾ ਕਿ 2017 ਤੋਂ ਪਹਿਲਾਂ ਗ਼ਰੀਬਾਂ ਨੂੰ ਮਿਲਣ ਵਾਲਾ ਰਾਸ਼ਨ ਬੰਗਲਾਦੇਸ਼ ਅਤੇ ਨੇਪਾਲ ਪਹੁੰਚ ਜਾਂਦਾ ਸੀ ਅਤੇ ਅੱਬਾ ਜਾਨ ਕਹਿਣ ਬਾਰੇ ਲੋਕ ਇਸ ਨੂੰ ਹਜ਼ਮ ਕਰ ਜਾਂਦੇ ਸਨ।
ਹੁਣ ਅਜਿਹਾ ਨਹੀਂ ਹੈ ਅਤੇ ਹੁਣ ਗ਼ਰੀਬਾਂ ਨੂੰ ਰਾਸ਼ਨ ਮਿਲਦਾ ਹੈ ਅਤੇ ਉਨ੍ਹਾਂ ਤੱਕ ਰਾਸ਼ਨ ਨਾ ਪਹੁੰਚਾਉਣ ਵਾਲੇ ਲੋਕ ਜੇਲ੍ਹ ਜਾਂਦੇ ਹਨ।
ਅਦਿੱਤਿਆਨਾਥ ਨੇ ਕਿਹਾ," ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੋਂ ਪਹਿਲਾਂ ਦੰਗੇ, ਭ੍ਰਿਸ਼ਟਾਚਾਰ, ਅੱਤਵਾਦ ਸੀ।"
"2017 ਤੋਂ ਪਹਿਲਾਂ 'ਅੱਬਾ ਜਾਨ' ਕਹਿਣ ਵਾਲੇ ਲੋਕ ਰਾਸ਼ਨ ਹਜ਼ਮ ਕਰ ਜਾਂਦੇ ਸਨ। ਕੁਸ਼ੀਨਗਰ ਦਾ ਰਾਸ਼ਨ ਹੁਣ ਕੋਈ ਨਿਗਲ ਨਹੀਂ ਸਕਦਾ ਪਰ ਜੇਲ੍ਹ ਜ਼ਰੂਰ ਜਾਂਦਾ ਹੈ।"
ਅਦਿੱਤਿਆਨਾਤਥ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ 'ਅੱਬਾ ਜਾਨ' ਉੱਪਰ ਜ਼ੋਰ ਦੇ ਕੇ ਕੀਤੇ ਗਏ ਇਸਤੇਮਾਲ ਕਾਰਨ ਅਤੇ ਇੱਕ ਵਿਸ਼ੇਸ਼ ਵਰਗ ਵੱਲ ਇਸ਼ਾਰੇ ਤੋਂ ਬਾਅਦ ਇਸ ਦੀ ਆਲੋਚਨਾ ਹੋ ਰਹੀ ਹੈ।
ਪੱਛਮੀ ਬੰਗਾਲ ਤੋਂ ਟੀਐੱਮਸੀ ਲੋਕ ਸਭਾ ਮੈਂਬਰ ਮੋਹੂਆ ਮਿੱਤਰਾ ਨੇ ਟਵੀਟ ਵਿੱਚ ਲਿਖਿਆ ਕਿ ਇਹ ਬਿਆਨ ਆਈਪੀਸੀ ਦੀ ਧਾਰਾ 153ਏ ਦੀ ਉਲੰਘਣਾ ਹੈ।
ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਵੀ ਟਵੀਟ ਕਰਦਿਆਂ ਲਿਖਿਆ ਹੈ,"ਭਾਰਤ ਸਰਕਾਰ ਅਫ਼ਗਾਨਿਸਤਾਨ ਵਿੱਚ ਸੰਮਿਲਤ ਸਰਕਾਰ ਚਾਹੁੰਦੀ ਹੈ ਪਰ ਇਸ ਬਿਆਨ ਰਾਹੀਂ ਯੋਗੀ ਜੀ ਕੀ ਚਾਹੁੰਦੇ ਹਨ?"
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਦਿੱਤਿਆਨਾਥ ਨੇ ਵਿਵਾਦਿਤ ਬਿਆਨ ਦਿੱਤੇ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਨਾਗਰਿਕਤਾ ਸੋਧ ਕਾਨੂੰਨ, ਧਰਮ ਪਰਿਵਰਤਨ ਵਰਗੇ ਕਈ ਮੁੱਦਿਆਂ 'ਤੇ ਵਿਵਾਦਿਤ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ।
2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ 72 ਘੰਟਿਆਂ ਲਈ ਉਨ੍ਹਾਂ ਦੁਆਰਾ ਕੀਤੇ ਜਾਣ ਵਾਲੇ ਚੋਣ ਪ੍ਰਚਾਰ ਉੱਪਰ ਵੀ ਰੋਕ ਲਗਾਈ ਸੀ।
ਉੱਤਰ ਪ੍ਰਦੇਸ਼ ਸਰਕਾਰ ਦੇ ਵਿਗਿਆਪਨ ਵਿੱਚ ਕੋਲਕਾਤਾ ਦਾ ਪੁਲ
ਜਿੱਥੇ ਐਤਵਾਰ ਸ਼ਾਮ ਨੂੰ ਯੋਗੀ ਆਦਿੱਤਿਆਨਾਥ ਦੇ ਬਿਆਨ ਸੁਰਖੀਆਂ ਵਿੱਚ ਰਿਹਾ ਉੱਥੇ ਹੀ ਸਵੇਰੇ ਅੰਗਰੇਜ਼ੀ ਅਖ਼ਬਾਰ ਵਿੱਚ ਆਏ ਇਸ਼ਤਿਹਾਰ ਨੇ ਵਿਵਾਦ ਛੇੜਿਆ।
ਇਸ਼ਤਿਹਾਰ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਮੁੱਖ ਮੰਤਰੀ ਅਦਿੱਤਿਆਨਾਥ ਦੀ ਅਗਵਾਈ ਵਿਚ ਸੂਬੇ ਵਿੱਚ ਹੋਏ ਵਿਕਾਸ ਬਾਰੇ ਲਿਖਿਆ ਗਿਆ ਸੀ।
ਦਰਅਸਲ ਇਸ ਇਸ਼ਤਿਹਾਰ ਵਿੱਚ ਮੁੱਖ ਮੰਤਰੀ ਆਦਿੱਤਿਆਨਾਥ ਦੀ ਤਸਵੀਰ ਦੇ ਨਾਲ ਸੜਕ ਅਤੇ ਕੁਝ ਕਰਮਚਾਰੀਆਂ ਦੀ ਤਸਵੀਰ ਛਾਪੀ ਗਈ ਸੀ।
ਇਸ ਤਸਵੀਰ ਦੇ ਕੋਲ ਹੀ ਵੱਡੀਆਂ ਵੱਡੀਆਂ ਇਮਾਰਤਾਂ ਵੀ ਨਜ਼ਰ ਆ ਰਹੀਆਂ ਸਨ।
ਸੋਸ਼ਲ ਮੀਡੀਆ 'ਤੇ ਇਸ ਸੜਕ ਦੀ ਤਸਵੀਰ ਨੂੰ ਉੱਤਰ ਪ੍ਰਦੇਸ਼ ਦੀ ਨਾ ਹੋ ਕੇ ਕੋਲਕਾਤਾ ਦੇ ਮਾਂ ਫਲਾਈਓਵਰ ਦੀ ਤਸਵੀਰ ਦੱਸਿਆ ਗਿਆ।
ਤਸਵੀਰ ਵਿੱਚ ਮੌਜੂਦ ਵੱਡੀਆਂ ਇਮਾਰਤਾਂ ਮਸ਼ਹੂਰ ਹੋਟਲ ਦੱਸੇ ਗਏ ਅਤੇ ਇਸ ਸੜਕ ਉੱਪਰ ਪੀਲੇ ਰੰਗ ਦੀ ਟੈਕਸੀ ਵੀ ਨਜ਼ਰ ਆਈ।
ਸੋਸ਼ਲ ਮੀਡੀਆ ਉੱਪਰ ਆਖਿਆ ਗਿਆ ਕਿ ਅਜਿਹੀਆਂ ਟੈਕਸੀਆਂ ਵੀ ਕੋਲਕਾਤਾ ਵਿਚ ਹੀ ਹੁੰਦੀਆਂ ਹਨ।
ਇਸ ਇਸ਼ਤਿਹਾਰ ਕਾਰਨ ਉੱਤਰ ਪ੍ਰਦੇਸ਼ ਸਰਕਾਰ ਅਤੇ ਮੁੱਖ ਮੰਤਰੀ ਨੂੰ ਸੋਸ਼ਲ ਮੀਡੀਆ ਯੂਜ਼ਰਜ਼ ਨੇ ਟਰੋਲ ਕਰਦਿਆਂ ਵੱਖ-ਵੱਖ ਦੇਸ਼ਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਆਖਿਆ ਕਿ ਇਹ ਉੱਤਰ ਪ੍ਰਦੇਸ਼ ਹੈ।
ਹਾਲਾਂਕਿ ਇਸ ਇਸ਼ਤਿਹਾਰ ਤੋਂ ਬਾਅਦ ਅਖ਼ਬਾਰ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ। ਅਖ਼ਬਾਰ ਨੇ ਬਿਆਨ ਵਿਚ ਆਖਿਆ ਕਿ ਇਸ ਤਸਵੀਰ ਨੂੰ ਅਖ਼ਬਾਰ ਦੇ ਡਿਜੀਟਲ ਐਡੀਸ਼ਨ ਵਿਚੋਂ ਹਟਾ ਦਿੱਤਾ ਗਿਆ ਹੈ।
ਪਰ ਬੰਗਾਲ ਦੀ ਟੀਐਮਸੀ, ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਆਲੋਚਨਾ ਕੀਤੀ ਹੈ।
ਅਖਿਲੇਸ਼ ਯਾਦਵ ਨੇ ਭਾਜਪਾ ਨੂੰ ਕਿਹਾ ਕਿ ਉਨ੍ਹਾਂ ਨੇ ਝੂਠਾਂ ਦੀ ਹੱਦ ਪਾਰ ਕਰ ਦਿੱਤੀ ਹੈ।
ਟੀਐਮਸੀ ਦੇ ਅਭਿਸ਼ੇਕ ਬੈਨਰਜੀ ਨੇ ਆਖਿਆ ਕਿ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ਦੇ ਵਿਕਾਸ ਦੇ ਕੰਮਾਂ ਨੂੰ ਯੂਪੀ ਸਰਕਾਰ ਆਪਣਾ ਦੱਸ ਰਹੀ ਹੈ।
ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਖਿਆ ਕਿ ਪਹਿਲਾਂ ਫਰਜ਼ੀ ਲੇਖਪਾਲ ਅਤੇ ਹੁਣ ਫਰਜ਼ੀ ਤਸਵੀਰਾਂ ਲਗਾ ਕੇ ਉੱਤਰ ਪ੍ਰਦੇਸ਼ ਸਰਕਾਰ ਝੂਠੇ ਦਾਅਵੇ ਕਰ ਰਹੀ ਹੈ।
ਇਹ ਵੀ ਪੜ੍ਹੋ: