You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਬਾਰੇ ਭਰਮ: ਕੀ ਸ਼ਰਾਬ ਪੀਣ ਨਾਲ ਕੋਰੋਨਾਵਾਇਰਸ ਢਿੱਡ ਵਿੱਚ ਹੀ ਮਰ ਜਾਵੇਗਾ-ਰਿਐਲਿਟੀ ਚੈੱਕ
- ਲੇਖਕ, ਰੀਐਲਿਟੀ ਚੈਕ ਟੀਮ
- ਰੋਲ, ਬੀਬੀਸੀ ਨਿਊਜ਼
ਪੂਰੀ ਦੁਨੀਆਂ ਕੋਰੋਨਾਵਾਇਰਸ ਮਹਾਂਮਾਰੀ ਨਾਲ ਲੜ ਰਹੀ ਹੈ। ਇਸ ਦੌਰਾਨ ਭਾਂਤ-ਸੁਭਾਂਤੀਆਂ ਸਲਾਹਾਂ ਸਿਹਤ ਸੰਭਾਲ ਲਈ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਵਿੱਚੋਂ ਕੁਝ ਕੁ ਕਾਰਗਰ ਤਾਂ ਭਾਵੇਂ ਨਾ ਹੋਣ ਪਰ ਨੁਕਸਾਨਦਾਇਕ ਤਾਂ ਬਿਲਕੁਲ ਨਹੀਂ ਹਨ। ਜਦਕਿ ਕੁਝ ਅਜਿਹੀਆਂ ਵੀ ਹਨ ਜਿਨ੍ਹਾਂ ਕਾਰਨ ਤੁਹਾਨੂੰ ਬੀਮਾਰੀ ਨਾਲੋਂ ਮਹਿੰਗਾ ਇਲਾਜ ਪੈ ਸਕਦਾ ਹੈ।
ਅਸੀਂ ਅਜਿਹੀਆਂ ਕੁਝ ਸਲਾਹਾਂ ਦਾ ਜਾਇਜ਼ਾ ਲਿਆ ਕਿ ਸਾਇੰਸ ਇਨ੍ਹਾਂ ਬਾਰੇ ਕੀ ਕਹਿੰਦੀ ਹੈ।
ਦਾਅਵਾ - ਕੀ ਸ਼ਰਾਬ ਪੀਣ ਨਾਲ ਵਾਇਰਸ ਰੁਕੇਗਾ
ਇਹ ਦਾਅਵਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ ਤੇ ਗੁਮਰਾਹਕੁੰਨ ਹੈ। ਸੰਭਵ ਹੈ ਕਿ ਨੁਕਸਾਨਦਾਇਕ ਵੀ ਹੈ।
ਭਾਰਤ ਵਿੱਚ ਇੱਕ ਸਿਆਸਤਦਾਨ ਨੇ ਲੌਕਡਾਊਨ ਕਾਰਨ ਬੰਦ ਪਏ ਸ਼ਰਾਬ ਦੇ ਠੇਕਿਆਂ ਨੂੰ ਫੌਰੀ ਤੌਰ ਤੇ ਖੋਲ੍ਹਣ ਦੀ ਮੰਗ ਕੀਤੀ।
ਕਾਂਗਰਸ ਦੇ ਇੱਕ ਸੀਨੀਅਰ ਕਾਂਗਰਸੀ ਆਗੂ ਭਾਰਤ ਸਿੰਘ ਨੇ ਕਿਹਾ, "ਜੇ ਕੋਰੋਨਾਵਾਇਰਸ ਸ਼ਰਾਬ ਨਾਲ ਹੱਥ ਧੋਣ ਨਾਲ ਹੱਥਾਂ ਤੋਂ ਖ਼ਤਮ ਕੀਤਾ ਜਾ ਸਕਦਾ ਹੈ ਤਾਂ ਯਕੀਨਨ ਹੀ ਸ਼ਰਾਬ ਪੀਣ ਨਾਲ ਇਹ ਗਲੇ ਵਿੱਚੋਂ ਖ਼ਤਮ ਕੀਤਾ ਜਾ ਸਕਦਾ ਹੈ।"
ਸ਼ਰਾਬ ਸਰਕਾਰੀ ਖ਼ਜਾਨੇ ਲਈ ਇੰਨੀ ਜ਼ਰੂਰੀ ਕਿਉਂ ਹੈ ਜਾਣਨ ਲਈ ਤੁਸੀਂ ਇਹ ਦੇਖ ਸਕਦੇ ਹੋ
ਹਾਲਾਂਕਿ ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਕੋਈ ਮੈਡੀਕਲ ਸਬੂਤ ਨਹੀਂ ਹਨ।
ਵਿਸ਼ਵ ਸਿਹਤ ਸੰਗਠਨ ਨੇ ਸਪਸ਼ਟ ਕੀਤਾ ਹੈ ਕਿ ਸ਼ਰਾਬ ਪੀਣਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਦਾ ਕੋਈ ਤਰੀਕਾ ਨਹੀਂ ਹੈ ਅਤੇ ਸਗੋਂ ਇਸ ਨਾਲ ਸਿਹਤ ਨਾਲ ਜੁੜੀਆਂ ਹੋਰ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।
ਸ਼ਰਾਬ (ਐਲਕੋਹਲ) ਦੀ ਵਿਸ਼ਵ ਸਿਹਤ ਸੰਗਠਨ ਇੱਕੋ ਵਾਰ ਜ਼ਿਕਰ ਕਰਦਾ ਹੈ ਜਦੋਂ ਉਹ ਹੈਂਡ ਸੈਨੇਟਾਈਜ਼ਰ ਬਣਾਉਣ ਲਈ ਇਸ ਦੀ ਵਰਤੋਂ ਦੀ ਗੱਲ ਕਰਦਾ ਹੈ।
ਸਾਹ ਰੋਕਣ ਨਾਲ ਵਾਇਰਸ ਦਾ ਪਤਾ ਨਹੀਂ ਚਲਦਾ
ਕਈ ਦੇਸ਼ਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਦਮ ਰੋਕਣ ਨਾਲ ਕੋਰੋਨਾਵਾਇਰਸ ਦੀ ਸਰੀਰ ਵਿੱਚ ਮੌਜੂਦਗੀ ਦਾ ਪਤਾ ਲਾਇਆ ਜਾ ਰਿਹਾ ਹੈ।
ਯੋਗ ਗੁਰੂ ਰਾਮਦੇਵ ਨੇ ਦਾਅਵਾ ਕੀਤਾ ਹੈ ਕਿ ਜੇ ਤੁਸੀਂ ਨੌਜਵਾਨ ਹੋ ਤਾਂ ਪੂਰਾ ਇੱਕ ਮਿੰਟ ਆਪਣਾ ਸਾਹ ਰੋਕਣ ਦੀ ਕੋਸ਼ਿਸ਼ ਕਰੋ ਅਤੇ ਜੇ ਬਜ਼ੁਰਗ ਹੋ ਤਾਂ ਤੀਹ ਸੰਕਿੰਟਾਂ ਲਈ ਅਜਿਹਾ ਕਰੋ।
ਜੇ ਤੁਸੀਂ ਅਜਿਹਾ ਕਰ ਸਕੇ ਤਾਂ ਤੁਸੀਂ ਤੰਦਰੁਸਤ ਹੋ ਪਰ ਜੇ ਨਾ ਕਰ ਸਕੇ ਤਾਂ ਤੁਹਾਨੂੰ ਕੋਰੋਨਾਵਾਇਰਸ ਦੀ ਲਾਗ ਲੱਗ ਚੁੱਕੀ ਹੈ।
ਇਸ ਦਾਅਵੇ ਦੀ ਪੁਸ਼ਟੀ ਲਈ ਕੋਈ ਵਿਗਿਆਨਕ ਸਬੂਤ ਨਹੀਂ ਹਨ।
ਸਰੋਂ ਦਾ ਤੇਲ ਵਾਇਰਸ ਦਾ ਇਲਾਜ ਨਹੀਂ ਹੈ
ਰਾਮ ਦੇਵ ਮੁਤਾਬਕ ਹੀ ਸਾਹ ਵਾਲਾ ਟੈਸਟ ਕਰਦੇ ਸਮੇਂ ਨਾਸਾਂ ਵਿੱਚ ਸਰੋਂ ਦੇ ਤੇਲ ਦੀਆਂ ਕੁਝ ਬੂੰਦਾਂ ਪਾਉਣ ਨਾਲ ਵਾਇਰਸ ਸਾਹ ਨਲੀ ਵਿੱਚੋਂ ਖੁਰਾਕ ਨਲੀ ਵਿੱਚ ਚਲਿਆ ਜਾਵੇਗਾ, ਜਿੱਥੇ ਸਾਡੇ ਪਾਚਕ ਰਸ ਇਸ ਨੂੰ ਖ਼ਤਮ ਕਰ ਦੇਣਗੇ।
ਯੋਗ ਗੁਰੂ ਦੇ ਦੇਸ਼ ਵਿੱਚ ਬਹੁਤ ਸਾਰੇ ਪ੍ਰਸ਼ੰਸਕ ਹਨ ਅਤੇ ਉਨ੍ਹਾਂ ਦਾ ਭਾਂਤ-ਸੁਭਾਂਤੇ ਉਤਪਾਦਾਂ ਦਾ ਭਾਰਤ ਵਿੱਚ ਵੱਡਾ ਕਾਰੋਬਾਰ ਹੈ।
ਭਾਰਤ ਸਰਕਾਰ ਦੀ ਆਪਣੀ ਫੈਕਟ ਚੈਕ ਸੇਵਾ ਨੇ ਸਰੋਂ ਦੇ ਤੇਲ ਸੰਬੰਧੀ ਇਸ ਦਾਅਵੇ ਨੂੰ ਬੇ-ਬੁਨਿਆਦ ਸਾਬਤ ਕੀਤਾ ਹੈ।
ਡਿਸਇਨਫੈਕਟੈਂਟ ਅਤੇ ਯੂਵੀ ਕਿਰਣਾਂ ਬਾਰੇ ਦਾਅਵੇ
ਜਦੋਂ ਦੀ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਡਿਸਇਨਫੈਕਟੈਂਟ ਅਤੇ ਪਰਾਵੈਂਗਣੀ ਕਿਰਨਾਂ ਵਾਇਰਸ ਖ਼ਿਲਾਫ਼ ਮਦਦਗਾਰ ਹਨ। ਇਸ ਨਾਲ ਜੁੜੇ ਦਾਅਵੇ ਵੀ ਕਈ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਸਾਂਝੇ ਕੀਤੇ ਜਾ ਰਹੇ ਹਨ।
ਜੀਵਾਣੂ-ਨਾਸ਼ਕ ਸਤਿਹਾਂ ਉੱਪਰ ਵਾਇਰਸ ਨੂੰ ਨਸ਼ਟ ਕਰ ਸਕਦਾ ਹੈ।
ਇਸ ਨੂੰ ਕਿਸੇ ਵੀ ਤਰ੍ਹਾਂ ਸਰੀਰ ਵਿੱਚ ਦਾਖ਼ਲ ਕਰਨ ਨਾਲ ਜ਼ਹਿਰਵਾ ਅਤੇ ਮੌਤ ਤੱਕ ਹੋ ਸਕਦੀ ਹੈ।
ਰਾਸ਼ਟਰਪਤੀ ਨੇ ਪਰਾਵੈਂਗਣੀ ਕਿਰਨਾਂ ਬਾਰੇ ਵੀ ਦਾਅਵਾ ਕੀਤਾ ਸੀ ਕਿ ਮਰੀਜ਼ਾਂ ਉੱਪਰ ਇਹ ਕਿਰਣਾਂ ਪਾਈਆਂ ਜਾ ਸਕਦੀਆਂ ਹਨ।
ਇਸ ਗੱਲ ਦੇ ਕੁਝ ਸਬੂਤ ਹਨ ਕਿ ਜਿਸ ਥਾਂ ਉੱਪਰ ਪਰਾਵੈਂਗਣੀ ਕਿਰਣਾਂ ਪੈਂਦੀਆਂ ਹਨ ਉੱਥੇ ਵਾਇਰਸ ਜ਼ਿਆਦਾ ਦੇਰ ਤੱਕ ਟਿਕਿਆ ਨਹੀਂ ਰਹਿ ਸਕਦਾ।
ਹਾਲਾਂਕਿ ਪਰਾਵੈਂਗਣੀ ਕਿਰਣਾਂ ਜਾਂ ਰੌਸ਼ਨੀ ਮਨੁੱਖੀ ਚਮੜੀ ਦੇ ਤੰਤੂਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਇਹ ਕਿਰਣਾਂ ਕੋਰੋਨਾਵਾਇਰਸ ਦਾ ਕੋਈ ਢੁਕਵਾਂ ਇਲਾਜ ਹਨ। ਇਸ ਗੱਲ ਦੇ ਵੀ ਕੋਈ ਸਬੂਤ ਨਹੀਂ ਹਨ।
ਇਹ ਵੀ ਦੇਖੋ: