You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ICMR ਨੇ ਟੀਕਾ ਬਣਾਉਣ ਲਈ ਬਾਇਓਟੈਕ ਕੰਪਨੀ ਨਾਲ ਸਮਝੌਤਾ ਕੀਤਾ, ਸੀਬੀਐੱਸਈ ਦੀਆਂ ਬਾਕੀ ਪਰੀਖਿਆਵਾਂ 1-15 ਜੁਲਾਈ ਵਿਚਕਾਰ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ 39 ਲੱਖ ਤੋਂ ਵੱਧ ਹੋ ਗਏ ਹਨ ਜਦੋਂਕਿ 2 ਲੱਖ 74 ਹਜਾਰ ਤੋਂ ਵੱਧ ਮੌਤਾਂ।

ਲਾਈਵ ਕਵਰੇਜ

  1. ਕੋਰੋਨਾਵਾਇਰਸ ਬਾਰੇ ਅਸੀਂ ਬੀਬੀਸੀ ਪੰਜਾਬੀ ਦਾ ਇਹ ਲਾਈਵ ਪੇਜ ਇੱਥੇ ਹੀ ਸਮਾਪਤ ਕਰ ਰਹੇ ਹਾਂ। ਤੁਸੀਂ 10 ਮਈ ਦੇ ਤਾਜ਼ਾ ਅਪਡੇਟ ਬਾਰੇ ਇੱਥੇ ਕਲਿੱਕ ਕਰੋ

  2. ਹੁਣ ਤੱਕ ਦੀਆਂ ਖ਼ਬਰਾਂ ਦਾ ਅਪਡੇਟ

    • ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵਿੱਟਰ 'ਤੇ ਆਪਣੇ ਬਾਰੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ।
    • ਕੋਰੋਨਾ ਮਹਾਂਮਾਰੀ ਕਾਰਨ ਸੀਬੀਐਸਈ 10ਵੀਂ ਅਤੇ 12ਵੀਂ ਦੇ 29 ਵਿਸ਼ਿਆਂ ਦੀਆਂ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਦੇ ਵਿਚਕਾਰ ਕਰਾਉਣ ਜਾ ਰਹੀ ਹੈ।
    • ਪਿਛਲੇ 24 ਘੰਟਿਆਂ ਵਿੱਚ, ਗੁਜਰਾਤ ਵਿੱਚ 394 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਰਾਜ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਧ ਕੇ 7,797 ਹੋ ਗਈ ਹੈ।
    • ਵਿਸ਼ਵ ਭਰ ਵਿੱਚ ਕੋਰੋਨਾਵਾਇਰਸ ਸੰਕਰਮਣ ਦੇ 39 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 2 ਲੱਖ 72 ਹਜ਼ਾਰ ਤੋਂ ਵੱਧ ਹੋ ਗਈ ਹੈ।
    • ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਦਿੱਤੇ ਸੰਦੇਸ਼ ਵਿੱਚ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਵਿੱਚ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।
    • ਦੇਸ਼ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਬਾਵਜੂਦ ਪਾਕਿਸਤਾਨ ਨੇ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।
    • ਆਇਰਲੈਂਡ ਦੇ ਰਿਪਬਲਿਕ ਤੋਂ ਆਉਣ ਵਾਲੇ ਲੋਕਾਂ ਤੋਂ ਇਲਾਵਾ ਯੂਕੇ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਲਈ ਸਰਕਾਰ ਵੱਲੋਂ 14 ਦਿਨਾਂ ਦੇ ਕੁਆਰੰਟੀਨ ਲਿਆਉਣ ਦੀ ਉਮੀਦ ਕੀਤੀ ਜਾ ਰਹੀ ਹੈ।
    • ਜੋ ਘਰਾਂ ਤੋਂ ਕੰਮ ਨਹੀਂ ਕਰ ਸਕਦੇ, ਉਨ੍ਹਾਂ ਨੂੰ ਯੂਕੇ ਦੀ ਸਰਕਾਰ ਜਨਤਕ ਟ੍ਰਾਂਸਪੋਰਟ ਨੈਟਵਰਕ ਤੋਂ ਬਚਾਅ ਲਈ ਵਧੇਰੇ ਚੱਲਣ ਅਤੇ ਸਾਈਕਲ ਚਲਾਉਣ ਲਈ ਉਤਸ਼ਾਹਤ ਕਰੇਗੀ।
    • ਯੂਕੇ ਸਰਕਾਰ ਨੇ ਸਾਈਕਲ ਚਲਾਉਣ ਅਤੇ ਪੈਦਲ ਚੱਲਣ ਲਈ 2 ਬਿਲੀਅਨ ਡਾਲਰ (ਕਰੀਬ 187 ਅਰਬ ਰੁਪਏ) ਦੇ ਪੈਕੇਜ ਦਾ ਐਲਾਨ ਕੀਤਾ ਹੈ।
    • ਯੂਰਪੀਅਨ ਦੇਸ਼ ਸਲੋਵੇਨੀਆ ਦੀ ਰਾਜਧਾਨੀ ਲੂਬਲਿਆਨਾ ਵਿੱਚ ਹਜ਼ਾਰਾਂ ਲੋਕਾਂ ਨੇ ਸਾਈਕਲਾਂ ‘ਤੇ ਲੌਕਡਾਊਨ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਦੇਸ 15 ਮਾਰਚ ਤੋਂ ਲੌਕਡਾਊਨ ਵਿੱਚ ਹੈ।
  3. ICMR ਨੇ ਦੇਸੀ ਟੀਕਾ ਬਣਾਉਣ ਲਈ ਭਾਰਤ ਬਾਇਓਟੈਕ ਨਾਲ ਸਮਝੌਤੇ 'ਤੇ ਕੀਤੇ ਦਸਤਖ਼ਤ

    ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੇ ਬਾਇਓਟੈਕ ਕੰਪਨੀ ਭਾਰਤ ਬਾਇਓਟੈਕ ਨਾਲ ਮਿਲ ਕੇ ਕੋਰੋਨਾਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਇੱਕ ਟੀਕਾ ਬਣਾਉਣ ਲਈ ਸਮਝੌਤਾ ਕੀਤਾ ਹੈ।

  4. ਕੋਰੋਨਾਵਾਇਰਸ ਤੋਂ ਠੀਕ ਹੋਣ ਵਿੱਚ ਕਿੰਨਾ ਸਮਾਂ ਲਗ ਸਕਦਾ ਹੈ

    ਜੇਮਜ਼ ਗੈਲਾਹਰ

    ਬੀਬੀਸੀ ਸਿਹਤ ਅਤੇ ਸਾਇੰਸ ਪੱਤਰਕਾਰ

    ਕੋਵਿਡ-19 ਹਾਲਾਂਕਿ ਸਾਲ 2019 ਦੇ ਅਖ਼ੀਰ ਵਿੱਚ ਹੀ ਸਾਹਮਣੇ ਆਇਆ ਸੀ ਪਰ ਹੁਣ ਤੱਕ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਕੁਝ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕਾਫ਼ੀ ਲੰਬਾ ਸਮਾਂ ਲੱਗ ਸਕਦਾ ਹੈ।

    ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਮਰੀਜ਼ ਕਿੰਨੀ ਗੰਭੀਰਤਾ ਨਾਲ ਬਿਮਾਰ ਹੋਇਆ ਸੀ। ਕੁਝ ਲੋਕ ਤਾਂ ਇਸ ਨੂੰ ਜਲਦੀ ਝਾੜ ਸੁੱਟਦੇ ਹਨ ਜਦ ਕਿ ਕੁਝ ਲੋਕਾਂ ਨੂੰ ਸਮਾਂ ਲੱਗ ਜਾਂਦਾ ਹੈ।

    ਬਿਮਾਰੀ ਜਿੰਨੀ ਗੰਭੀਰ ਹੋਵੇਗੀ, ਜਿੰਨਾ ਜ਼ਿਆਦਾ ਲੰਬਾ ਇਲਾਜ ਚੱਲੇਗਾ, ਪੂਰੀ ਤਰ੍ਹਾਂ ਠੀਕ ਹੋਣ ਵਿੱਚ ਵੀ ਉਨਾਂ ਹੀ ਲੰਬਾ ਸਮਾਂ ਲੱਗੇਗਾ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

  5. ਘਰ ਜਾਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਵੀ ਪਰਵਾਸੀ ਕਾਮੇ ਕਿਉਂ ਸੜਕਾਂ 'ਤੇ ਉਤਰੇ?

    ਗੁਜਰਾਤ ਦੇ ਸੂਰਤ ਵਿੱਚ ਪਰਵਾਸੀ ਮਜ਼ਦੂਰਾਂ ਦਾ ਹਜੂਮ ਸੜਕਾਂ ’ਤੇ ਉਤਰਿਆ। ਉਨ੍ਹਾਂ ਨੇ ਆਪਣੇ ਘਰ ਜਾਣ ਦੀ ਮੰਗ ਕੀਤੀ।

    ਇਹੋ ਜਿਹਾ ਹੀ ਕੁਝ ਹਾਲ ਹਰਿਆਣਾ ਦੇ ਜੀਂਦ ਵਿੱਚ ਵੀ ਦੇਖਣ ਨੂੰ ਮਿਲਿਆ। ਘਰਾਂ ਨੂੰ ਜਾਣ ਤੋਂ ਪਹਿਲਾਂ ਲਾਜ਼ਮੀ ਮੈਡੀਕਲ ਟੈਸਟ ਨਾ ਹੋਣ ਕਰਕੇ ਲੋਕਾਂ ਨੇ ਵਿਰੋਧ ਕੀਤਾ।

  6. ਬੇਲਾਰੂਸ ਵਿੱਚ ਮਹਾਂਮਾਰੀ ਦਰਮਿਆਨ ਫੌਜੀ ਪਰੇਡ

    ਬੇਲਾਰੂਸ ਵਿਚ ਦੂਜੇ ਵਿਸ਼ਵ ਯੁੱਧ ਵਿੱਚ ਮਿਲੀ ਜਿੱਤ ਦੀ 75ਵੀਂ ਵਰ੍ਹੇਗੰਢ 'ਤੇ ਇੱਕ ਵੱਡੀ ਸੈਨਾ ਪਰੇਡ ਕੱਢੀ ਗਈ। ਪਰੇਡ ਨੂੰ ਵੇਖਣ ਲਈ ਭਾਰੀ ਭੀੜ ਜੁਟ ਗਈ।

    ਬੇਲਾਰੂਸ ਦੇ ਰਾਸ਼ਟਰਪਤੀ ਅਲੇਕਜ਼ੈਂਡਰ ਲੁਕਾਸ਼ੇਂਕੋ ਸ਼ੁਰੂ ਤੋਂ ਹੀ ਕੋਰੋਨਾ ਮਹਾਂਮਾਰੀ ਨਾਲ ਜੁੜੀਆਂ ਸਲਾਹਾਂ ਦਾ ਖੰਡਣ ਕਰਦੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਲੌਕਡਾਊਨ ਨਾਲ ਅਰਥਵਿਵਸਥਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।

    ਉਨ੍ਹਾਂ ਨੇ ਮਹਾਂਮਾਰੀ ਦੇ ਦੌਰਾਨ ਦਰਸ਼ਕਾਂ ਦਰਮਿਆਨ ਫੁੱਟਬਾਲ ਮੈਚ ਖੇਡਣ ਦੀ ਆਗਿਆ ਵੀ ਦਿੱਤੀ ਹੈ।

    ਵਿਸ਼ਵ ਯੁੱਧ ਦੀ ਜਿੱਤ ਦੀ ਵਰ੍ਹੇਗੰਢ 'ਤੇ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਨੇ ਬਿਨਾਂ ਕਿਸੇ ਸ਼ੋਰ ਦੇ ਸਧਾਰਣ ਸਮਾਗਮਾਂ ਦਾ ਆਯੋਜਨ ਕੀਤਾ ਸੀ।

  7. ਯੂਕੇ ਸਰਕਾਰ ਨੇ ਸਾਈਕਲਿੰਗ ਅਤੇ ਸੈਰ ਲਈ 2 ਬਿਲੀਅਨ ਪਾਊਂਡ ਪੈਕੇਜ ਦੀ ਕੀਤੀ ਘੋਸ਼ਣਾ

    ਯੂਕੇ ਸਰਕਾਰ ਨੇ ਸਾਈਕਲ ਚਲਾਉਣ ਅਤੇ ਪੈਦਲ ਚੱਲਣ ਲਈ 2 ਬਿਲੀਅਨ ਪਾਊਂਡ (ਕਰੀਬ 187 ਅਰਬ ਰੁਪਏ) ਦੇ ਪੈਕੇਜ ਦਾ ਐਲਾਨ ਕੀਤਾ ਹੈ।

    2025 ਵਿੱਚ ਡਬਲ ਸਾਈਕਲਿੰਗ ਅਤੇ ਤੁਰਨ ਵਿੱਚ ਵਾਧਾ ਕਰਨ ਲਈ ਜੂਨ ਵਿੱਚ ਪ੍ਰਕਾਸ਼ਤ ਕੀਤੀ ਗਈ ਇੱਕ ਰਾਸ਼ਟਰੀ ਸਾਈਕਲਿੰਗ ਯੋਜਨਾ ਦੇ ਤਹਿਤ ਇਹ ਕੀਤਾ ਗਿਆ ਹੈ।

    ਐਮਰਜੈਂਸੀ ਯੋਜਨਾਵਾਂ ਨੂੰ ਲਾਗੂ ਕਰਨ ਲਈ ਪੌਪ-ਅਪ ਸਾਈਕਲ ਲੇਨ, ਪੈਦਲ ਚੱਲਣ ਵਾਲਿਆਂ ਲਈ ਵਿਸ਼ਾਲ ਫੁੱਟਪਾਥ ਬਣਾਏ ਜਾਣਗੇ।

  8. ਗੁਜਰਾਤ ਵਿੱਚ 394 ਨਵੇਂ ਕੇਸ ਅਤੇ 23 ਮੌਤਾਂ; ਏਮਜ਼ ਮੁਖੀ ਗੁਜਰਾਤ ਪਹੁੰਚੇ

    ਪਿਛਲੇ 24 ਘੰਟਿਆਂ ਵਿੱਚ ਗੁਜਰਾਤ ਵਿੱਚ 394 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਰਾਜ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਧ ਕੇ 7,797 ਹੋ ਗਈ ਹੈ।

    ਅੱਜ 23 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ 472 ਹੋ ਗਈ ਹੈ।

    ਗੁਜਰਾਤ ਵਿੱਚ ਪਿਛਲੇ ਦਿਨਾਂ ਵਿੱਚ, ਸੰਕਰਮਣ ਦੇ ਕੇਸਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ।

    ਮਹਾਰਾਸ਼ਟਰ ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਵੱਧ ਸੰਕਰਮਣ ਦੇ ਮਾਮਲੇ ਗੁਜਰਾਤ ਵਿੱਚ ਹਨ।

    ਕੇਂਦਰ ਦੇ ਨਿਰਦੇਸ਼ਾਂ 'ਤੇ ਦਿੱਲੀ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੂੰ ਗੁਜਰਾਤ ਭੇਜ ਦਿੱਤਾ ਗਿਆ ਹੈ।

  9. ਕੋਰੋਨਾਵਾਇਰਸ ਦੇ ਮਰੀਜ਼ ਦੇਖਣ ਵਾਲੇ ਡਾਕਟਰ ਕਿਹੜੇ ਹਾਲਾਤਾਂ ਵਿੱਚ ਕੰਮ ਕਰਦੇ ਹਨ

    ਕੋਰੋਨਾਵਾਇਰਸ ਮਹਾਂਮਾਰੀ ਹੁਣ ਤੱਕ ਦਾ ਸਭ ਤੋਂ ਭਿਆਨਕ ਸੰਕਟ ਹੈ।

    ਡਾਕਟਰਾਂ ਤੇ ਨਰਸਾਂ ਲਈ ਇਸ ਤਣਾਪੂਰਨ ਸਥਿਤੀ ਵਿੱਚ ਕੰਮ ਕਰਨਾ ਉਸ ਤੋਂ ਵੀ ਮੁਸ਼ਕਲ ਹੈ। ਲੰਡਨ ਦੇ ਯੂਨੀਵਰਸਿਟੀ ਮੈਡੀਕਲ ਕਾਲਜ ਦੇ ਆਈਸੀਯੂ ਵਿੱਚ ਡਾਕਟਰਾਂ ਦੀ ਟੀਮ ਕਿਵੇਂ ਦਿਨ-ਰਾਤ ਇੱਕ ਕਰ ਕੇ ਮਰੀਜ਼ਾਂ ਦੀ ਸੰਭਾਲ ਕਰ ਰਹੀ ਹੈ?

    ਇਹ ਦੇਖਣ ਬੀਬੀਸੀ ਦੇ ਸਿਹਤ ਪੱਤਰਕਾਰ, ਫਰਗਸ ਵੌਲਸ਼ਨ ਇੱਥੋਂ ਦੇ ਆਈਸੀਯੂ ਵਿੱਚ ਪਹੁੰਚੇ।

  10. ਮਲੇਸ਼ੀਆ ਵਿੱਚ ਲੌਕਡਾਊਨ ਕਦੋਂ ਖੁੱਲ੍ਹੇਗਾ?

    ਮਲੇਸ਼ੀਆਈ ਅਖ਼ਬਾਰ ਸਟਾਰ ਦੇ ਮੁਤਾਬਕ, ਮਲੇਸ਼ੀਆ ਵਿੱਚ ਬੀਤੇ 18 ਮਾਰਚ ਤੋਂ ਜਾਰੀ ਲੌਕਡਾਊਨ ਦੇ ਭਵਿੱਖ ਨੂੰ ਲੈ ਕੇ ਨਵੀਂ ਜਾਣਕਾਰੀ ਅਗਲੇ ਹਫ਼ਤੇ ਦੇ ਸ਼ੁਰੂ 'ਚ ਆ ਸਕਦੀ ਹੈ।

    ਮਲੇਸ਼ੀਆ ਵਿੱਚ ਕਈ ਲੋਕ ਉਮੀਦ ਲਗਾ ਰਹੇ ਹਨ ਲੌਕਡਾਊਨ ਖ਼ਤਮ ਹੋਣ ਦੀ ਤਾਰੀਖ਼ 12 ਮਈ ਤੋਂ ਬਾਅਦ ਕੁਝ ਰਾਹਤ ਮਿਲੇਗੀ।

    ਮਲੇਸ਼ੀਆ ਵਿੱਚ ਅਰਥਚਾਰੇ ਤੇ ਪੈ ਰਹੇ ਦਬਾਅ ਨੂੰ ਘੱਟ ਕਰਨ ਲਈ ਕੁਝ ਕਦਮ ਉਠਾਏ ਜਾ ਰਹੇ ਹਨ ਜਿਸ ਦੇ ਤਹਿਤ ਕੁਝ ਵਪਾਰੀ ਸਖ਼ਤ ਹਿਦਾਇਤਾਂ ਨਾਲ ਆਪਣਾ ਕੰਮ ਸ਼ੁਰੂ ਕਰ ਪਾਉਣਗੇ।

    ਮਲੇਸ਼ੀਆ ਵਿੱਚ ਲਾਗ ਦੇ ਮਾਮਲਿਆੰ ਦੀ ਗਿਣਤੀ 6535 ਹੋ ਗਈ ਹੈ।

  11. 'ਇੱਕੋ ਦਿਨ 'ਚ 12 ਮਰੀਜ਼ਾਂ ਦੇ ਪਰਿਵਾਰਾਂ ਨੂੰ ਕਹਿਣਾ ਪਿਆ ਕਿ ਅਸੀਂ ਉਨ੍ਹਾਂ ਨੂੰ ਬਚਾਅ ਨਹੀਂ ਸਕਦੇ'

    ਨਿਊਯਾਰਕ ਸ਼ਹਿਰ ਵਿੱਚ ਇੱਕ ਸੀਨੀਅਰ ਪੈਰਾ ਮੈਡੀਕਲ ਕਰਮਚਾਰੀ ਹੋਣ ਦੇ ਨਾਤੇ ਐਂਥਨੀ ਅਲਮੋਜੇਰਾ ਦੇ ਸਾਹਮਣੇ ਅਕਸਰ ਮੌਤਾਂ ਹੁੰਦੀਆਂ ਰਹਿੰਦੀਆਂ ਹਨ, ਪਰ ਉਸਦੇ 17 ਸਾਲਾਂ ਦੇ ਕਰੀਅਰ ਵਿੱਚ ਉਸ ਨੂੰ ਕੁਝ ਵੀ ਕੋਰੋਨਾਵਾਇਰਸ ਦੇ ਕਹਿਰ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਕਰ ਸਕਿਆ।

    ਇੱਥੇ ਹੁਣ ਤੱਕ ਕਿਸੇ ਇੱਕ ਦੇਸ਼ ਦੀ ਤੁਲਨਾ ਵਿੱਚ ਕੋਰੋਨਾਵਾਇਰਸ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

    ਐਂਥਨੀ ਹੁਣ ਆਪਣੇ ਉਨ੍ਹਾਂ ਸਹਿਯੋਗੀਆਂ ਜਿਹੜੇ ਆਪਣੇ ਪਰਿਵਾਰਾਂ ਅਤੇ ਆਪਣੀ ਜ਼ਿੰਦਗੀ ਕਾਰਨ ਇਸ ਤੋਂ ਡਰ ਰਹੇ ਹਨ, ਉਨ੍ਹਾਂ ਦੀ ਮਦਦ ਕਰਦੇ ਹੋਏ ਸ਼ਹਿਰ ਦੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ 16 ਘੰਟੇ ਕੰਮ ਕਰ ਰਹੇ ਹਨ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿਕ ਕਰੋ।

  12. ਕੀ ਇਹ ਹਰਬਲ ਡ੍ਰਿੰਕ ਹੈ ਕੋਵਿਡ-19 ਦਾ ਇਲਾਜ

    ਇੱਕ ਪਾਸੇ ਜਿੱਥੇ ਦੁਨੀਆਂ ਭਰ ਦੇ ਵਿਗਿਆਨੀ ਕੋਵਿਡ-19 ਦਾ ਇਲਾਜ ਲੱਭਣ ਵਿੱਚ ਜੁਟੇ ਹਨ...ਤਾਂ ਦੂਜੇ ਪਾਸੇ ਤਨਜ਼ਾਨੀਆਂ ਤੇ ਕੋਂਗੋ ਵਰਗੇ ਦੇਸ਼ਾਂ ਵਿੱਚ ਲੋਕਾਂ ਨੂੰ ਲੱਗ ਰਿਹਾ ਹੈ ਕਿ ਇੱਕ ਹਰਬਲ ਡ੍ਰਿੰਕ ਨਾਲ ਕੋਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ।

    ਹਾਲਾਂਕਿ ਕੁਝ ਸੰਸਥਾਵਾਂ ਨੇ ਇਸਦੀ ਵਰਤੋਂ ਨੂੰ ਲੈ ਕੇ ਚੇਤਾਵਨੀ ਵੀ ਜਾਰੀ ਕੀਤੀ ਹੈ ਇਸਦੇ ਬਾਵਜੂਦ ਅਫਰੀਕਾ ਦੇ ਕੁਝ ਦੇਸ਼ਾਂ ਵਿੱਚ ਇਸਦੀ ਮੰਗ ਵਧੀ ਹੈ।

  13. 1-15 ਜੁਲਾਈ ਦੇ ਵਿਚਕਾਰ ਹੋਣਗੀਆਂ CBSE ਦੀ ਬਾਕੀ ਪ੍ਰੀਖਿਆਵਾਂ

    ਕੋਰੋਨਾ ਮਹਾਂਮਾਰੀ ਕਾਰਨ CBSE 10ਵੀਂ ਅਤੇ 12ਵੀਂ ਦੇ 29 ਵਿਸ਼ਿਆਂ ਦੀਆਂ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਦੇ ਵਿਚਕਾਰ ਕਰਾਉਣ ਜਾ ਰਹੀ ਹੈ।

    ਇਸ ਦਾ ਐਲਾਨ ਕਰਦਿਆਂ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਕਿਹਾ ਕਿ ਕਾਗਜ਼ਾਂ ਦੀ ਜਾਂਚ ਲਈ 3000 ਸੀਬੀਐਸਈ ਸਕੂਲਾਂ ਦੀ ਪਛਾਣ ਕੀਤੀ ਗਈ ਹੈ।

    ਉਨ੍ਹਾਂ ਕਿਹਾ, "ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਜਲਦੀ ਹੀ 173 ਵਿਸ਼ਿਆਂ ਦੀਆਂ 1.5 ਕਰੋੜ ਉੱਤਰ ਸ਼ੀਟਾਂ ਦਾ ਮੁਲਾਂਕਣ ਕਰਾਂਗੇ ਅਤੇ ਜਿਵੇਂ ਹੀ 29 ਵਿਸ਼ਿਆਂ ਦੀਆਂ ਪ੍ਰੀਖਿਆਵਾਂ 1 ਤੋਂ 15 ਜੁਲਾਈ ਦੇ ਵਿਚਕਾਰ ਮੁਕੰਮਲ ਹੋ ਜਾਣਗੀਆਂ, ਉਨ੍ਹਾਂ ਦੇ ਮੁਲਾਂਕਣ ਤੋਂ ਬਾਅਦ ਨਤੀਜੇ ਜਲਦੀ ਐਲਾਨ ਦਿੱਤੇ ਜਾਣਗੇ।"

  14. ਕੋਰੋਨਾਵਾਇਰਸ: ਬੱਚਿਆਂ ਦਾ ਸਮੇਂ ਸਿਰ ਟੀਕਾਕਰਣ ਨਾ ਹੋਣ ਨਾਲ ਕਿੰਨਾ ਖ਼ਤਰਾ

    ਕੋਰੋਨਾਵਾਇਰਸ ਕਾਰਨ ਦੱਖਣੀ ਏਸ਼ੀਆ ’ਚ ਕਰੀਬ 40.5 ਲੱਖ ਬੱਚਿਆਂ ਦਾ ਜ਼ਰੂਰੀ ਟੀਕਾਕਰਣ ਨਹੀਂ ਹੋ ਪਾ ਰਿਹਾ।

    ਇਹ ਗੱਲ UNICEF ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ।

    ਰਿਪੋਰਟ ਮੁਤਾਬਕ ਇਨ੍ਹਾਂ ਵਿੱਚੋਂ ਲਗਭਗ 97 ਫ਼ੀਸਦ ਬੱਚੇ ਭਾਰਤ, ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਹਨ।

    ਅਜਿਹੇ ’ਚ ਬੱਚਿਆਂ ਦਾ ਸਮੇਂ ਸਿਰ ਟੀਕਾਕਰਣ ਨਾ ਹੋਵੇ ਤਾਂ ਕੀ ਹੋਵੇਗਾ?

  15. ਸਲੋਵੇਨੀਆ: ਸਾਈਕਲਾਂ 'ਤੇ ਲੌਕਡਾਊਨ ਖ਼ਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ

    ਯੂਰਪੀਅਨ ਦੇਸ ਸਲੋਵੇਨੀਆ ਦੀ ਰਾਜਧਾਨੀ ਲੂਬਲਿਆਨਾ ਵਿੱਚ ਹਜ਼ਾਰਾਂ ਲੋਕਾਂ ਨੇ ਸਾਈਕਲਾਂ ‘ਤੇ ਲੌਕਡਾਊਨ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਦੇਸ਼ 15 ਮਾਰਚ ਤੋਂ ਲੌਕਡਾਊਨ ਵਿੱਚ ਹੈ।

    ਸਲੋਵੇਨੀਆ ਵਿੱਚ ਦੋ ਹਫ਼ਤੇ ਪਹਿਲਾਂ ਕੁਝ ਢਿੱਲ ਦਿੱਤੀ ਗਈ ਸੀ, ਪਰ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਯਨੇਜ਼ ਯਾਂਸਾ 'ਤੇ ਮਹਾਂਮਾਰੀ ਦੇ ਬਹਾਨੇ ਆਜ਼ਾਦੀ 'ਤੇ ਲਗਾਮ ਲਗਾਉਣ ਦੀ ਕੋਸ਼ਿਸ਼ ਕਰਨ ਦਾ ਆਰੋਪ ਲਗਾਇਆ ਹੈ।

    ਸਲੋਵੇਨੀਆ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੀ ਲਾਗ ਦੇ 1,450 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 100 ਲੋਕਾਂ ਦੀ ਮੌਤ ਹੋ ਚੁੱਕੀ ਹੈ।

  16. ਢਾਕਾ ਤੋਂ 129 ਭਾਰਤੀ ਦਿੱਲੀ ਪਹੁੰਚੇ

    ਅੱਜ ਏਅਰ ਇੰਡੀਆ ਦਾ ਇੱਕ ਜਹਾਜ਼ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 129 ਭਾਰਤੀ ਨਾਗਰਿਕਾਂ ਨਾਲ ਦਿੱਲੀ ਪਹੁੰਚਿਆ। ਉੱਥੋਂ, ਉਨ੍ਹਾਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ 'ਤੇ ਲਿਜਾਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

  17. ਚੀਨ ਨੇ ਕੀਤੀ ਉੱਤਰੀ ਕੋਰੀਆ ਨੂੰ ਮਦਦ ਦੀ ਪੇਸ਼ਕਸ਼

    ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਦਿੱਤੇ ਸੰਦੇਸ਼ ਵਿੱਚ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਵਿੱਚ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।

    ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਇਕ ਪ੍ਰਮੁੱਖ ਅਖ਼ਬਾਰ ਗਲੋਬਲ ਟਾਈਮਜ਼ ਨੇ ਦੱਸਿਆ ਕਿ ਕਿਮ ਜੋਂਗ ਉਨ ਨੇ ਕੋਰਨਾ ਸੰਕਟ ਤੋਂ ਜਿੱਤ ਪਾਉਣ ਲਈ ਚੀਨ ਨੂੰ ਵਧਾਈ ਦਿੱਤੀ ਸੀ, ਜਿਸ ਦਾ ਧੰਨਵਾਦ ਕਰਦਿਆਂ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਉਹ ਲੋੜ ਪੈਣ ‘ਤੇ ਉੱਤਰੀ ਕੋਰੀਆ ਦੀ ਮਦਦ ਕਰਨਗੇ।

    ਉੱਤਰੀ ਕੋਰੀਆ ਲਗਾਤਾਰ ਕਹਿੰਦਾ ਰਿਹਾ ਹੈ ਕਿ ਉਨ੍ਹਾਂ ਦੇ ਦੇਸ ਵਿੱਚ ਕੋਵਿਡ -19 ਦਾ ਇੱਕ ਵੀ ਸੰਕਰਮਣ ਨਹੀਂ ਹੈ ਅਤੇ ਇਹ ਇਸ ਦੀਆਂ ਸਖ਼ਤ ਪਾਬੰਦੀਆਂ ਅਤੇ ਸਰਹੱਦਾਂ ਦੇ ਬੰਦ ਹੋਣ ਕਾਰਨ ਹੋ ਪਾਇਆ।

    ਦੱਖਣੀ ਕੋਰੀਆ ਦੇ ਖੁਫੀਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਯਕੀਨ ਨਹੀਂ ਹੋ ਰਿਹਾ ਹੈ ਕਿ ਉੱਤਰੀ ਕੋਰੀਆ ਵਿੱਚ ਇੱਕ ਲਾਗ ਦਾ ਕੋਈ ਮਾਮਲਾ ਨਹੀਂ ਹੈ, ਜਦੋਂ ਕਿ ਇਸਦੇ ਆਪਣੇ ਗੁਆਂਢੀ ਦੇਸ਼ ਚੀਨ ਨਾਲ ਬਹੁਤ ਨੇੜਲੇ ਸੰਬੰਧ ਹਨ।

  18. ਅਮਿਤ ਸ਼ਾਹ ਨੇ ਕਿਹਾ, 'ਮੈਂ ਠੀਕ ਹਾਂ'

    ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵਿੱਟਰ 'ਤੇ ਆਪਣੀ ਸਿਹਤ ਬਾਰੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ। ਪੜ੍ਹੋ ਉਨ੍ਹਾਂ ਦਾ ਪੂਰਾ ਸੰਦੇਸ਼ -

  19. 'ਹਵਾਈ ਜਹਾਜ਼ਾਂ 'ਚ ਸਮਾਜਕ ਦੂਰੀਆਂ' ਚੁਣੌਤੀਪੂਰਨ ਹਨ ਪਰ ਅਸੰਭਵ ਨਹੀਂ '

    ਯੂਕੇ ਦੇ ਹਵਾਈ ਅੱਡਿਆਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਦੇ ਮੁਖੀ ਨੇ ਕਿਹਾ ਹੈ ਕਿ ਜਦੋਂ ਯਾਤਰੀਆਂ ਦੀ ਗਿਣਤੀ ਆਮ ਵਾਂਗ ਹੋ ਜਾਵੇਗੀ ਤਾਂ ਹਵਾਈ ਜਹਾਜ਼ ਵਿੱਚ ਸਮਾਜਿਕ ਦੂਰੀ ਤੈਅ ਕਰਨੀ “ਚੁਣੌਤੀ ਭਰਪੂਰ” ਹੋਵੇਗੀ।

    ਆਇਰਲੈਂਡ ਦੇ ਰਿਪਬਲਿਕ ਤੋਂ ਆਉਣ ਵਾਲੇ ਲੋਕਾਂ ਤੋਂ ਇਲਾਵਾ ਯੂਕੇ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਲਈ ਸਰਕਾਰ ਵੱਲੋਂ 14 ਦਿਨਾਂ ਦੇ ਕੁਆਰੰਟੀਨ ਲਿਆਉਣ ਦੀ ਉਮੀਦ ਕੀਤੀ ਜਾ ਰਹੀ ਹੈ।

    ਹਵਾਈ ਅੱਡਿਆਂ ਨੇ ਸੁਝਾਅ ਦਿੱਤਾ ਕਿ ਕੁਆਰੰਟੀਨ ਨਾਲ ਹਵਾਈ ਉਦਯੋਗ 'ਤੇ ਵਿਨਾਸ਼ਕਾਰੀ ਪ੍ਰਭਾਵ ਪਏਗਾ।

    ਏਅਰਪੋਰਟ ਓਪਰੇਟਰਜ਼ ਐਸੋਸੀਏਸ਼ਨ ਦੇ ਸੀਈਓ ਕੈਰਨ ਡੀ ਨੇ ਬੀਬੀਸੀ ਬ੍ਰੇਕਫਾਸਟ ਨੂੰ ਕਿਹਾ ਕਿ ਜੇ ਸਮਾਜਕ ਦੂਰੀ ਸੰਭਵ ਨਾ ਜਾਪੇ ਤਾਂ ਸਟਾਫ਼ ਅਤੇ ਯਾਤਰੀਆਂ ਦੀ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਉਪਾਅ ਕੀਤੇ ਜਾਣੇ ਜ਼ਰੂਰੀ ਹਨ।

  20. ਵੱਧ ਰਹੇ ਮਾਮਲਿਆਂ ਦੇ ਬਾਵਜੂਦ ਪਾਕਿਸਤਾਨ ਨੇ ਦਿੱਤੀ ਪਾਬੰਦੀਆਂ 'ਚ ਢਿੱਲ

    ਦੇਸ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਬਾਵਜੂਦ ਪਾਕਿਸਤਾਨ ਨੇ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।

    ਰਾਜਧਾਨੀ ਇਸਲਾਮਾਬਾਦ ਵਿੱਚ ਪਾਬੰਦੀਆਂ ਨੂੰ ਪੜਾਅਵਾਰ ਢਿੱਲ ਦਿੱਤੀ ਗਈ। ਹਿਦਾਇਤਾਂ ਦੇ ਨਾਲ ਦੁਕਾਨਾਂ ਅਤੇ ਕਾਰੋਬਾਰ ਦੁਬਾਰਾ ਖੁਲ੍ਹਣੇ ਸ਼ੁਰੂ ਹੋ ਗਏ ਹਨ।

    ਕੱਪੜੇ ਅਤੇ ਜੁੱਤੀਆਂ ਦੀਆਂ ਦੁਕਾਨਾਂ ਅਤੇ ਛੋਟੇ ਵਿਕਰੇਤਾ ਵਪਾਰ ਸ਼ੁਰੂ ਕਰਨ ਵਾਲੇ ਪਹਿਲੇ ਵਿਅਕਤੀਆਂ ਵਿੱਚੋਂ ਹਨ, ਪਰ ਖਰੀਦਦਾਰੀ ਕੇਂਦਰ ਅਜੇ ਵੀ ਬੰਦ ਹਨ।

    ਸ਼ੁੱਕਰਵਾਰ ਨੂੰ 2,000 ਤੋਂ ਵੱਧ ਨਵੇਂ ਕੇਸ ਪਾਕਿਸਤਾਨ ਵਿੱਚ ਸਾਹਮਣੇ ਆਏ ਸਨ। ਪਾਕਿਸਤਾਨ ਵਿੱਚ ਹੁਣ ਤੱਕ ਲਗਭਗ 600 ਮੌਤਾਂ ਹੋ ਚੁੱਕੀਆਂ ਹਨ ਅਤੇ ਲਾਗ ਦੇ ਮਾਮਲਿਆਂ ਦਾ ਅੰਕੜਾ 27,000 ਨੂੰ ਪਾਰ ਕਰ ਗਿਆ ਹੈ।