ਗੁਜਰਾਤ ਦੇ ਦੋ ਹਿੰਦੂ ਤੇ ਮੁਸਲਿਮ ਦੋਸਤਾਂ ਦੀ ਰੋਚਕ ਕਹਾਣੀ - 'ਸਾਡੇ ਲਈ ਹਿੰਦੂ- ਮੁਸਲਮਾਨ ਤੋਂ ਪਹਿਲਾਂ ਸਾਡੀ ਦੋਸਤੀ ਹੈ'

ਤਸਵੀਰ ਸਰੋਤ, PAVAN JAISWAL/BBC
- ਲੇਖਕ, ਰੌਕਸੀ ਗਾਗਡੇਕਰ ਛਾਰਾ
- ਰੋਲ, ਬੀਬੀਸੀ ਗੁਜਰਾਤੀ
"ਸਾਡੇ ਲਈ ਦੋਸਤੀ ਪਹਿਲਾਂ ਹੈ, ਧਰਮ ਬਾਅਦ ਵਿੱਚ। ਅਸੀਂ ਹਿੰਦੂ ਅਤੇ ਮੁਸਲਮਾਨ ਹੋਣ ਵਿੱਚ ਵਿਸ਼ਵਾਸ ਨਹੀਂ ਰੱਖਦੇ, ਸਾਡੇ ਲਈ ਸਾਡੀ ਦੋਸਤੀ ਸਭ ਤੋਂ ਪਹਿਲਾਂ ਹੈ।"
ਇਹ ਕਹਿਣਾ ਹੈ ਕਾਸਿਮ ਖ਼ਾਨ ਦਾ, ਜੋ ਅੱਜ-ਕੱਲ ਗੁਜਰਾਤ ਦੇ ਪੰਚਮਹਿਲ ਦੇ ਘੋਘੰਬਾ ਵਿੱਚ ਗੁਜਰਾਤ ਫਲੋਰੋ ਕੈਮੀਕਲਜ਼ ਕੰਪਨੀ (ਜੀਐਫਐਲ) ਵਿੱਚ ਹੋਏ ਧਮਾਕੇ ਵਿੱਚ ਜ਼ਖਮੀ ਹੋਏ ਦੋਸਤ ਅਮਿਤ ਕੁਮਾਰ ਦੀ ਸੇਵਾ ਕਰ ਰਹੇ ਹਨ।
25 ਸਾਲਾ ਅਮਿਤ ਕੁਮਾਰ ਦਾ ਇਲਾਜ ਹਲੋਲ ਬੱਸ ਸਟੈਂਡ ਦੇ ਸਾਹਮਣੇ ਸਥਿਤ ਸਰਜੀਕਲ ਹਸਪਤਾਲ ਵਿੱਚ ਚੱਲ ਰਿਹਾ ਹੈ।
16 ਦਸੰਬਰ ਨੂੰ ਘੋਘੰਬਾ ਵਿੱਚ ਜੀਐਫਐਲ ਕੰਪਨੀ ਵਿੱਚ ਅੱਗ ਲੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਸੀ ਅਤੇ 15 ਹੋਰ ਜ਼ਖ਼ਮੀ ਹੋ ਗਏ ਸਨ। ਸਾਰੇ 15 ਜ਼ਖਮੀਆਂ ਦਾ ਸਰਜੀਕਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਹਸਪਤਾਲ ਦੇ ਬਰਨਜ਼ ਵਾਰਡ ਵਿੱਚ ਇਨ੍ਹਾਂ ਮਜ਼ਦੂਰਾਂ ਦੇ ਚਿਹਰਿਆਂ 'ਤੇ ਅੱਜ ਵੀ ਭਿਆਨਕ ਹਾਦਸੇ ਦੀ ਦਹਿਸ਼ਤ ਦੇਖੀ ਜਾ ਸਕਦੀ ਹੈ। ਜਾਪਦਾ ਹੈ ਕਿ ਇਹ ਜ਼ਖ਼ਮ ਉਨ੍ਹਾਂ ਦੇ ਸਰੀਰ ਦੇ ਨਾਲ-ਨਾਲ ਉਨ੍ਹਾਂ ਦੇ ਦਿਮਾਹ ਵਿੱਚ ਵੀ ਸਦਾ ਲਈ ਰਹਿਣਗੇ।
ਹਾਲਾਂਕਿ ਹਸਪਤਾਲ 'ਚ ਇਲਾਜ ਅਧੀਨ ਜ਼ਖਮੀ ਮਜ਼ਦੂਰਾਂ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਇਹ ਮਾਮਲਾ ਹਿੰਦੂ ਅਤੇ ਮੁਸਲਿਮ ਨੌਜਵਾਨ ਦੀ ਦੋਸਤੀ ਦਾ ਹੈ। ਇੱਕ ਦੂਜੇ ਨੂੰ 'ਭਰਾ' ਕਹਿ ਕੇ ਸੰਬੋਧਨ ਕਰਨ ਵਾਲੇ ਕਾਸਿਮ ਖ਼ਾਨ ਅਤੇ ਅਮਿਤ ਕੁਮਾਰ ਭਾਈਚਾਰਕ ਸਾਂਝ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਹਨ।
ਇਹ ਵੀ ਪੜ੍ਹੋ:
ਦੋਸਤੀ ਕਿਵੇਂ ਸ਼ੁਰੂ ਹੋਈ?
ਅਮਿਤ ਅਤੇ ਕਾਸਿਮ ਦੋਵੇਂ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਫਰੂਖ਼ਾਬਾਦ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਅਮਿਤ ਕੁਮਾਰ ਦੇ ਗੁਆਂਢ ਵਿੱਚ ਇੱਕ ਮੁਸਲਿਮ ਪਰਿਵਾਰ ਰਹਿੰਦਾ ਸੀ ਅਤੇ ਕਾਸਿਮ ਇਸ ਮੁਸਲਿਮ ਪਰਿਵਾਰ ਦੇ ਜਵਾਈ ਹਨ।
ਕਾਸਿਮ ਆਪਣੇ ਸਹੁਰੇ ਘਰ ਆਉਂਦੇ-ਜਾਂਦੇ ਰਹਿੰਦੇ ਸੀ ਅਤੇ ਇਸੇ ਦੌਰਾਨ ਉਨ੍ਹਾਂ ਦੀ ਅਮਿਤ ਨਾਲ ਜਾਣ-ਪਛਾਣ ਹੋ ਗਈ। ਥੋੜ੍ਹੇ ਸਮੇਂ ਵਿੱਚ ਹੀ ਦੋਵੇਂ ਚੰਗੇ ਦੋਸਤ ਬਣ ਗਏ।
ਨੌਕਰੀ ਦੀ ਭਾਲ 2020 ਵਿੱਚ ਕਾਸਿਮ ਨੂੰ ਗੁਜਰਾਤ ਲੈ ਆਈ ਅਤੇ ਘੋਘੰਬਾ ਦੀ GFL ਕੰਪਨੀ ਵਿੱਚ ਨੌਕਰੀ ਮਿਲ ਗਈ। ਦੂਜੇ ਪਾਸੇ ਅਮਿਤ ਵੀ ਕੰਮ ਦੀ ਤਲਾਸ਼ ਕਰ ਰਹੇ ਸੀ, ਇਸ ਲਈ ਕਾਸਿਮ ਦੇ ਕਾਰਨ ਉਨ੍ਹਾਂ ਨੇ ਵੀ ਨਵੰਬਰ 2021 ਤੋਂ ਇੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇੱਥੇ ਦੋਵੇਂ ਇਕੱਠੇ ਕੰਮ ਕਰਦੇ ਹਨ ਅਤੇ ਇੱਕੋ ਕਮਰੇ ਵਿੱਚ ਰਹਿੰਦੇ ਹਨ ਅਤੇ ਇਕੱਠੇ ਖਾਣਾ ਖਾਂਦੇ ਹਨ।
ਕਾਸਿਮ ਖ਼ਾਨ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਲਈ ਦੋਸਤੀ ਪਹਿਲਾਂ ਹੈ, ਧਰਮ ਬਾਅਦ ਵਿੱਚ। ਅਸੀਂ ਹਿੰਦੂ ਅਤੇ ਮੁਸਲਮਾਨ ਹੋਣ ਵਿੱਚ ਵਿਸ਼ਵਾਸ ਨਹੀਂ ਰੱਖਦੇ, ਸਾਡੇ ਲਈ ਸਾਡੀ ਦੋਸਤੀ ਸਭ ਤੋਂ ਪਹਿਲਾਂ ਹੈ।"
ਇਸ ਦੇ ਨਾਲ ਹੀ ਅਮਿਤ ਕੁਮਾਰ ਨੇ ਕਿਹਾ, "ਸਾਡਾ ਪਰਿਵਾਰ ਅੱਜ ਵੀ ਪਿੰਡ 'ਚ ਇਕ-ਦੂਜੇ ਨਾਲ ਰਹਿੰਦਾ ਹੈ। ਸਾਡੇ ਘਰਾਂ 'ਚ ਲੋੜ ਪੈਣ 'ਤੇ ਇਕ-ਦੂਜੇ ਦੇ ਘਰ ਆਟਾ-ਸਬਜ਼ੀ ਵਰਗੀਆਂ ਚੀਜ਼ਾਂ ਦਾ ਲੈਣ-ਦੇਣ ਹੁੰਦਾ ਹੈ। ਸਾਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਅਸੀਂ ਇੱਕ ਦੂਜੇ ਤੋਂ ਵੱਖ ਹਾਂ।"
ਹਾਦਸੇ 'ਚ ਕਿਵੇਂ ਬਚੇ ਅਮਿਤ ਕੁਮਾਰ?
ਕੰਮ ਵਾਲੇ ਦਿਨ ਵਾਂਗ 16 ਦਸੰਬਰ ਨੂੰ ਵੀ ਅਮਿਤ ਕੁਮਾਰ ਸਵੇਰੇ 8 ਵਜੇ ਕੰਮ ਕਰਨ ਲਈ ਪਲਾਂਟ ਪਹੁੰਚ ਗਏ ਸੀ, ਜਿੱਥੇ ਬਾਅਦ ਵਿੱਚ ਅੱਗ ਲੱਗ ਗਈ।
ਅਮਿਤ ਕੁਮਾਰ ਦੱਸਦੇ ਹਨ, "ਸਵੇਰੇ 10 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਅਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਚਾਰੇ ਪਾਸੇ ਧੂੰਆਂ ਸੀ ਅਤੇ ਇਹ ਲਗਾਤਾਰ ਵੱਧ ਰਿਹਾ ਸੀ।"

ਤਸਵੀਰ ਸਰੋਤ, DAXESH SHAH
ਅਮਿਤ ਉਸ ਹਾਦਸੇ ਨੂੰ ਯਾਦ ਕਰਦੇ ਹੋਏ ਦੱਸਦੇ ਹਨ, "ਮੈਂ ਸੋਚਿਆ ਸੀ ਕਿ ਸ਼ਾਇਦ ਮੈਂ ਕਦੇ ਵੀ ਇਸ ਤੋਂ ਬਾਹਰ ਨਹੀਂ ਨਿਕਲ ਸਕਾਂਗਾ। ਪਰ ਮੈਂ ਹਿੰਮਤ ਕੀਤੀ ਅਤੇ ਪੌੜੀਆਂ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਕੁਝ ਕਦਮ ਤੁਰਨ ਤੋਂ ਬਾਅਦ ਮੈਂ ਡਿੱਗ ਗਿਆ।"
ਇਸ ਦੌਰਾਨ ਅੱਗ ਨੇ ਤੇਜ਼ੀ ਫੜ ਲਈ ਅਤੇ ਅਮਿਤ ਕੁਮਾਰ ਖੜ੍ਹੇ ਹੋਣ ਦੀ ਸਥਿਤੀ ਵਿਚ ਵੀ ਨਹੀਂ ਸਨ।
ਉਨ੍ਹਾਂ ਪਲਾਂ ਬਾਰੇ, ਉਹ ਕਹਿੰਦੇ ਹਨ, "ਮੇਰਾ ਸਾਹ ਘੁੱਟ ਰਿਹਾ ਸੀ ਅਤੇ ਮੈਂ ਡਰ ਗਿਆ ਸੀ ਪਰ ਖਿਸਕਦੇ ਹੋਏ ਹੇਠਾਂ ਉੱਤਰਿਆ। ਮੈਂ ਦੇਖਿਆ ਕਿ ਪਲਾਂਟ ਦਾ ਮੁੱਖ ਦਰਵਾਜ਼ਾ ਥੋੜ੍ਹਾ ਖੁੱਲ੍ਹਾ ਸੀ। ਗੇਟ ਨੂੰ ਦੇਖ ਕੇ ਮੈਨੂੰ ਰਾਹਤ ਮਿਲੀ ਅਤੇ ਮੈਂ ਉਸੇ ਤਰ੍ਹਾਂ ਘਸੀਟਦਾ ਹੋਇਆ ਬਾਹਰ ਨਿਕਲ ਗਿਆ।"
ਬਾਹਰ ਨਿਕਲਦੇ ਹੋਏ ਅਮਿਤ ਨੇ ਆਪਣੇ ਆਪ ਨੂੰ ਦੇਖਿਆ ਅਤੇ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਕੱਪੜੇ ਸੜ ਗਏ ਹਨ ਅਤੇ ਹੱਥ-ਮੂੰਹ ਵੀ ਸੜ ਗਿਆ ਹੈ।
ਅਮਿਤ ਨੇ ਕਿਹਾ, "ਮੈਂ ਆਪਣੀ ਹਾਲਤ ਨੂੰ ਦੇਖਦੇ ਹੋਏ ਅੱਗੇ ਵਧ ਰਿਹਾ ਸੀ ਤਾਂ ਉਦੋਂ ਮੈਂ ਕਾਸਿਮ ਦੀ ਆਵਾਜ਼ ਸੁਣੀ। ਉਹ ਮੇਰੇ ਵੱਲ ਭੱਜਿਆ ਆਇਆ ਅਤੇ ਮੈਨੂੰ ਨਿੱਜੀ ਵਾਹਨ ਵਿੱਚ ਹਸਪਤਾਲ ਲੈ ਗਿਆ।"
ਅਮਿਤ ਕੁਮਾਰ ਇਕੱਲੇ ਅਜਿਹੇ ਨਹੀਂ ਸੀ, ਜਿਨ੍ਹਾਂ ਨੂੰ ਪਲਾਂਟ ਤੋਂ ਬਾਹਰ ਨਿਕਲਣ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ। ਇਸ ਸਮੇਂ ਹਸਪਤਾਲ 'ਚ ਇਲਾਜ ਅਧੀਨ ਸਾਰੇ ਲੋਕਾਂ ਨੇ ਇਸੇ ਤਰ੍ਹਾਂ ਆਪਣੀ ਜਾਨ ਬਚਾਈ।
ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੰਚਮਹਿਲ ਵਿੱਚ ਕਿਵੇਂ ਹੋਇਆ ਵੱਡਾ ਧਮਾਕਾ ?
ਇਹ ਧਮਾਕਾ ਪੰਚਮਹਿਲ ਜ਼ਿਲ੍ਹੇ ਦੇ ਹਲੋਲ ਦੇ ਘੋਘੰਬਾ ਸਥਿਤ ਜੀਐਫਐਲ ਕੰਪਨੀ ਦੇ ਐਂਟਰੀ ਗੇਟ ਨੇੜੇ ਸਥਿਤ ਐਮਪੀਪੀ-3 ਪਲਾਂਟ ਵਿੱਚ ਹੋਇਆ।

ਤਸਵੀਰ ਸਰੋਤ, Getty Images
16 ਦਸੰਬਰ ਦੀ ਸਵੇਰ ਨੂੰ ਕਰੀਬ 25 ਲੋਕ ਪਲਾਂਟ ਵਿੱਚ ਕੰਮ ਕਰ ਰਹੇ ਸਨ ਅਤੇ ਸਵੇਰੇ 10 ਵਜੇ ਬਾਇਲਰ ਨੂੰ ਅੱਗ ਲੱਗ ਗਈ। ਇਸ ਤਬਾਹੀ 'ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 16 ਹੋਰ ਜ਼ਖਮੀ ਹਨ।
ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੁਝ ਘੰਟਿਆਂ 'ਚ ਹੀ ਅੱਗ 'ਤੇ ਕਾਬੂ ਪਾ ਲਿਆ। ਅੱਗ 'ਤੇ ਕਾਬੂ ਪਾਉਣ ਤੋਂ ਤੁਰੰਤ ਬਾਅਦ ਦੋ ਲਾਸ਼ਾਂ ਨੂੰ ਕੱਢ ਲਿਆ ਗਿਆ, ਜਦਕਿ ਦੇਰ ਸ਼ਾਮ ਤਿੰਨ ਹੋਰ ਲਾਸ਼ਾਂ ਮਿਲੀਆਂ। ਹਾਦਸੇ ਤੋਂ ਅਗਲੇ ਦਿਨ, ਕੁਝ ਘੰਟਿਆਂ ਦੌਰਾਨ ਦੋ ਹੋਰ ਲਾਸ਼ਾਂ ਮਿਲੀਆਂ।
ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਕੰਪਨੀ 'ਤੇ ਪਥਰਾਅ ਕਰਨ ਦੀਆਂ ਵੀ ਖਬਰਾਂ ਆਈਆਂ।
ਹਾਦਸੇ ਲਈ ਕੌਣ ਜ਼ਿੰਮੇਵਾਰ?
ਸੱਤ ਲੋਕਾਂ ਦੀ ਜਾਨ ਲੈਣ ਵਾਲੇ ਇਸ ਹਾਦਸੇ ਸਬੰਧੀ ਅਜੇ ਤੱਕ ਜ਼ਿਲ੍ਹਾ ਮੈਜਿਸਟਰੇਟ, ਪ੍ਰਸ਼ਾਸਨ ਜਾਂ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।
ਬੀਬੀਸੀ ਨੇ ਇਸ ਮਾਮਲੇ ਵਿੱਚ ਜ਼ਿਲ੍ਹਾ ਮੈਜਿਸਟਰੇਟ ਦੇ ਨਾਲ-ਨਾਲ ਪੁਲਿਸ ਸੁਪਰੀਡੈਂਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਈ ਕੋਸ਼ਿਸ਼ਾਂ ਤੋਂ ਬਾਅਦ ਸੰਪਰਕ ਨਹੀਂ ਹੋ ਸਕਿਆ।
ਉਧਰ, ਇੱਕ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਐਫਐਸਐਲ ਦੀ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।
ਕੰਪਨੀ ਨੇ ਕੀ ਮਦਦ ਕੀਤੀ?
ਜੀਐੱਫਐੱਲ ਕੰਪਨੀ ਦੇ ਪ੍ਰਧਾਨ ਜਿਗਨੇਸ਼ ਸ਼ਾਹ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਇਸ ਹਾਦਸੇ 'ਤੇ ਅਫ਼ਸੋਸ ਹੈ। ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਣ ਦੇ ਬਾਵਜੂਦ ਇਹ ਹਾਦਸਾ ਵਾਪਰਿਆ।"
ਪੀੜਤਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਬਾਰੇ ਉਨ੍ਹਾਂ ਕਿਹਾ, ''ਮ੍ਰਿਤਕਾਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ, ਪੱਕੇ ਤੌਰ 'ਤੇ ਅਪੰਗ ਹੋਣ ਵਾਲੇ ਕਾਮਿਆਂ ਨੂੰ 7 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਨ੍ਹਾਂ ਸਭ ਦੇ ਇਲਾਜ਼ ਦਾ ਖਰਚ ਕੰਪਨੀ ਭਰੇਗੀ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













