ਕੀ ਭਾਰਤ ਵਿੱਚ ਮੁਸਲਮਾਨ ਹੋਣਾ ਅਪਰਾਧ ਬਣ ਗਿਆ ਹੈ

ਤਸਵੀਰ ਸਰੋਤ, AFP
- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਬਿਨਾਂ ਕਿਸੇ ਕਾਰਨ ਹਿੰਦੂ ਭੀੜਾਂ ਵੱਲੋਂ ਮੁਸਲਮਾਨਾਂ 'ਤੇ ਹੋਣ ਵਾਲੇ ਹਮਲੇ ਭਾਰਤ ਵਿੱਚ ਹੁਣ ਰੋਜ਼ਨਾ ਦੀ ਗੱਲ ਹੋ ਗਏ ਹਨ। ਪਰ ਸਰਕਾਰ ਵੱਲੋਂ ਇਨ੍ਹਾਂ ਦੀ ਬਹੁਤ ਘੱਟ ਨਿੰਦਾ ਕੀਤੀ ਜਾਂਦੀ ਹੈ।
ਪਿਛਲੇ ਮਹੀਨੇ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਹਿੰਦੂ ਭੀੜ ਇੱਕ ਮੁਸਲਿਮ ਵਿਅਕਤੀ 'ਤੇ ਹਮਲਾ ਕਰ ਰਹੀ ਸੀ ਅਤੇ ਪੀੜਤ ਵਿਅਕਤੀ ਦੀ ਡਰੀ ਹੋਈ ਛੋਟੀ ਜਿਹੀ ਬੱਚੀ ਆਪਣੇ ਪਿਤਾ ਨਾਲ ਚਿੰਬੜੀ ਹੋਈ ਦਿਖਾਈ ਦੇ ਰਹੀ ਸੀ।
ਪਰੇਸ਼ਾਨ ਕਰਨ ਵਾਲਾ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਉੱਤਰੀ ਸ਼ਹਿਰ ਕਾਨਪੁਰ ਦਾ ਹੈ ਜਿਸ ਵਿੱਚ 45 ਸਾਲਾ ਰਿਕਸ਼ਾ ਚਾਲਕ ਨੂੰ ਸ਼ਹਿਰ ਦੀਆਂ ਗਲੀਆਂ ਵਿੱਚ ਘੁਮਾਇਆ ਗਿਆ ਸੀ।
ਵੀਡੀਓ ਵਿੱਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਪੀੜਤ ਦੀ ਧੀ ਰੋ-ਰੋ ਕੇ ਭੀੜ ਨੂੰ ਬੇਨਤੀ ਕਰ ਰਹੀ ਹੈ ਕਿ ਉਸ ਦੇ ਪਿਤਾ ਨੂੰ ਨਾ ਮਾਰਿਆ ਜਾਵੇ।
ਇਹ ਵੀ ਪੜ੍ਹੋ-
ਹਮਲਾਵਰਾਂ ਨੇ ਰਿਕਸ਼ਾ ਚਾਲਕ ਨੂੰ "ਹਿੰਦੁਸਤਾਨ ਜ਼ਿੰਦਾਬਾਦ" ਜਾਂ "ਭਾਰਤ ਜ਼ਿੰਦਾਬਾਦ" ਅਤੇ "ਜੈ ਸ਼੍ਰੀ ਰਾਮ" ਜਾਂ "ਭਗਵਾਨ ਰਾਮ ਦੀ ਜਿੱਤ" ਦੇ ਨਾਅਰੇ ਲਗਾਉਣ ਲਈ ਕਿਹਾ, ਇਹ ਸ਼ਬਦ ਨਮਸਕਾਰ ਕਰਨ ਦਾ ਇੱਕ ਪ੍ਰਸਿੱਧ ਤਰੀਕਾ ਹਨ ਜਿਸ ਨੂੰ ਹਾਲ ਦੇ ਸਾਲਾਂ ਵਿੱਚ ਹਿੰਦੂ ਉੱਗਰ ਭੀੜ ਵੱਲੋਂ ਇੱਕ ਕਤਲ ਦੇ ਨਾਅਰੇ ਵਿੱਚ ਬਦਲ ਦਿੱਤਾ ਗਿਆ ਹੈ।
ਪੀੜਤ ਨੇ ਭੀੜ ਦੀ ਗੱਲ ਮੰਨ ਵੀ ਲਈ, ਪਰ ਫਿਰ ਵੀ ਉਹ ਉਨ੍ਹਾਂ ਨੂੰ ਮਾਰਦੇ ਰਹੇ। ਆਖਰਕਾਰ ਪੁਲਿਸ ਨੇ ਉਸ ਆਦਮੀ ਅਤੇ ਉਨ੍ਹਾਂ ਧੀ ਨੂੰ ਬਚਾਇਆ। ਇਸ ਹਮਲੇ ਲਈ ਤਿੰਨ ਵਿਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇੱਕ ਦਿਨ ਬਾਅਦ ਹੀ ਤਿੰਨਾਂ ਨੂੰ ਜ਼ਮਾਨਤ 'ਤੇ ਰਿਹਾਅ ਵੀ ਕਰ ਦਿੱਤਾ ਗਿਆ।

ਤਸਵੀਰ ਸਰੋਤ, ANI
ਕੁਝ ਦਿਨਾਂ ਬਾਅਦ, ਇੱਕ ਹੋਰ ਵਾਇਰਲ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿੱਚ ਇੱਕ ਚੂੜੀ ਵੇਚਣ ਵਾਲੇ ਮੁਸਲਿਮ ਵਿਅਕਤੀ ਨੂੰ ਹਿੰਦੂ ਭੀੜ ਵੱਲੋਂ ਥੱਪੜ, ਲੱਤਾਂ ਅਤੇ ਮੁੱਕੇ ਮਾਰਦੇ ਹੋਏ ਦੇਖਿਆ ਗਿਆ।
ਵੀਡੀਓ ਵਿੱਚ ਹਮਲਾਵਰ, ਤਸਲੀਮ ਅਲੀ ਨੂੰ ਗਾਲ੍ਹਾਂ ਕੱਢਦੇ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਹਿੰਦੂ ਇਲਾਕਿਆਂ ਤੋਂ ਦੂਰ ਰਹਿਣ ਲਈ ਕਹਿੰਦੇ ਸੁਣਾਈ ਦਿੰਦੇ ਹਨ।
ਬਾਅਦ ਵਿੱਚ ਪੀੜਤ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਨੂੰ "ਪੰਜ-ਛੇ ਬੰਦਿਆਂ ਵੱਲੋਂ ਕੁੱਟਿਆ ਗਿਆ ਸੀ ਜਿਨ੍ਹਾਂ ਨੇ ਹਿੰਦੂ ਬਹੁਲਤਾ ਵਾਲੇ ਖੇਤਰ ਵਿੱਚ ਚੂੜੀਆਂ ਵੇਚਣ ਦੇ ਕਾਰਨ ਉਨ੍ਹਾਂ ਦਾ ਨਸਲੀ ਸ਼ਬਦਾਂ ਨਾਲ ਅਪਮਾਨ ਕੀਤਾ ਅਤੇ ਉਨ੍ਹਾਂ ਤੋਂ ਪੈਸੇ, ਫ਼ੋਨ ਅਤੇ ਕੁਝ ਦਸਤਾਵੇਜ਼ ਲੁੱਟ ਲਏ।"
ਪਰ ਮਾਮਲੇ ਵਿੱਚ ਇੱਕ ਅਜੀਬ ਮੋੜ ਉਸ ਵੇਲੇ ਆਇਆ, ਜਦੋਂ ਅਗਲੇ ਦਿਨ ਅਲੀ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਅਲੀ ਉੱਤੇ ਉਨ੍ਹਾਂ ਦੇ ਕਥਿਤ ਹਮਲਾਵਰਾਂ ਵਿੱਚੋਂ ਇੱਕ ਦੀ 13 ਸਾਲਾ ਧੀ ਨੇ ਉਸ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ।
ਅਲੀ ਦੇ ਪਰਿਵਾਰ ਅਤੇ ਗੁਆਂਢੀਆਂ ਨੇ ਇਸ ਇਲਜ਼ਾਮ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਸਮਝ ਤੋਂ ਬਾਹਰ ਹੈ ਕਿ ਪੰਜ ਬੱਚਿਆਂ ਦਾ ਪਿਤਾ ਅਜਿਹਾ ਕੁਝ ਕਰੇਗਾ।
ਭਾਰਤੀ ਮੀਡੀਆ ਦੇ ਹਵਾਲੇ ਨਾਲ ਚਸ਼ਮਦੀਦਾਂ ਨੇ ਕਿਹਾ ਕਿ ਉਨ੍ਹਾਂ ਉੱਤੇ ਹਮਲਾ ਉਨ੍ਹਾਂ ਦੀ ਧਾਰਮਿਕ ਪਛਾਣ ਦੇ ਕਾਰਨ ਕੀਤਾ ਗਿਆ ਸੀ ਅਤੇ ਲੱਗਦਾ ਹੈ ਜਿਵੇਂ ਛੇੜਛਾੜ ਦਾ ਦੋਸ਼ ਲਗਾਉਣ ਬਾਰੇ ਬਾਅਦ ਵਿੱਚ ਸੋਚਿਆ ਗਿਆ ਹੋਵੇ।
ਇਹ ਦੋਵੇਂ ਹਮਲੇ, ਅਗਸਤ ਵਿੱਚ ਮੁਸਲਿਮ ਵਿਰੋਧੀ ਹਿੰਸਾ ਦੀਆਂ ਕਈ ਉਦਾਹਰਣਾਂ ਵਿੱਚੋਂ ਸਨ, ਪਰ 20 ਕਰੋੜ ਤੋਂ ਵੱਧ ਦੀ ਆਬਾਦੀ ਵਾਲੇ ਭਾਰਤ ਦੇ ਸਭ ਤੋਂ ਵੱਡੇ ਧਾਰਮਿਕ ਘੱਟਗਿਣਤੀ ਸਮੂਹ ਲਈ ਸਿਰਫ਼ ਪਿਛਲੇ ਮਹੀਨੇ ਵਿੱਚ ਇਹ ਕੁਝ ਨਹੀਂ ਵਾਪਰਿਆ।

ਤਸਵੀਰ ਸਰੋਤ, Getty Images
ਹਾਲਾਂਕਿ, ਪਿਛਲੇ ਮਹੀਨਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਹਮਲਿਆਂ ਦੀਆਂ ਰਿਪੋਰਟਾਂ ਸਨ ਅਤੇ ਕਈ ਸੁਰਖ਼ੀਆਂ ਵਿੱਚ ਰਹੀਆਂ ਸਨ-
- ਮਾਰਚ ਵਿੱਚ, ਇੱਕ 14 ਸਾਲਾ ਮੁਸਲਿਮ ਲੜਕੇ ਉੱਤੇ ਹਿੰਸਕ ਹਮਲਾ ਕੀਤਾ ਗਿਆ, ਜੋ ਕਿ ਪਾਣੀ ਪੀਣ ਲਈ ਇੱਕ ਹਿੰਦੂ ਮੰਦਰ ਵਿੱਚ ਚਲਾ ਗਿਆ ਸੀ।
- ਜੂਨ ਵਿੱਚ, ਦਿੱਲੀ ਦੇ ਇੱਕ ਹਿੰਦੂ ਇਲਾਕੇ ਵਿੱਚ ਫਲ ਵੇਚਣ ਦੀ ਕੋਸ਼ਿਸ਼ ਕਰਨ ਲਈ ਇੱਕ ਵਿਕਰੇਤਾ ਨਾਲ ਕੁੱਟਮਾਰ ਕੀਤੀ ਗਈ।
ਅਲੀਸ਼ਾਨ ਜਾਫ਼ਰੀ, ਇੱਕ ਸੁਤੰਤਰ ਪੱਤਰਕਾਰ ਹਨ ਅਤੇ ਪਿਛਲੇ ਤਿੰਨ ਸਾਲਾਂ ਤੋਂ ਭਾਰਤੀ ਮੁਸਲਮਾਨਾਂ 'ਤੇ ਹਮਲਿਆਂ ਦਾ ਦਸਤਾਵੇਜ਼ੀਕਰਨ ਕਰ ਰਹੇ ਹਨ।
ਉਹ ਕਹਿੰਦੇ ਹਨ, "ਹਿੰਸਾ ਬਹੁਤ ਜ਼ਿਆਦਾ ਹੈ। ਇਹ ਬੱਸ ਤੋਂ ਬਾਹਰ ਅਤੇ ਆਮ ਹੈ ਅਤੇ ਇਸ ਨੂੰ ਆਰਾਮ ਨਾਲ ਸਵੀਕਾਰ ਕੀਤਾ ਜਾ ਰਿਹਾ ਹੈ।"
ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ "ਹਰ ਰੋਜ਼ ਤਿੰਨ-ਚਾਰ ਅਜਿਹੇ ਵੀਡੀਓ" ਮਿਲਦੇ ਹਨ ਪਰ ਉਹ ਸਿਰਫ਼ ਇੱਕ ਜਾਂ ਦੋ ਦੀ ਤਸਦੀਕ ਕਰ ਪਾਉਂਦੇ ਹਨ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹਨ।
ਭਾਰਤ ਵਿੱਚ ਲੰਬੇ ਸਮੇਂ ਤੋਂ ਧਾਰਮਿਕ ਪਾੜਾਂ ਮੌਜੂਦ ਹਨ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਸਾਲ 2014 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਿੰਦੂ ਰਾਸ਼ਟਰਵਾਦੀ ਸਰਕਾਰ ਦੇ ਅਧੀਨ ਮੁਸਲਿਮ ਵਿਰੋਧੀ ਹਿੰਸਾ ਵਧੀ ਹੈ।
ਦਿੱਲੀ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਪੜ੍ਹਾਉਣ ਵਾਲੇ ਪ੍ਰੋਫੈਸਰ ਤਨਵੀਰ ਏਜਾਜ਼ ਨੇ ਬੀਬੀਸੀ ਨੂੰ ਦੱਸਿਆ, "ਫਿਰਕੂ ਹਿੰਸਾ ਕੋਈ ਤਾਜ਼ਾ ਘਟਨਾ ਨਹੀਂ ਹੈ, ਪਰ ਇਹ ਸੱਤਾਧਾਰੀਆਂ ਅਤੇ ਰਾਜਨੀਤਿਕ ਲਾਮਬੰਦੀ ਦੇ ਨਾਲ ਜੁੜੇ ਲੋਕਾਂ ਦੀ ਨੀਤੀ ਦੇ ਨਾਲ ਵਧਦੀ ਹੈ।"
"ਅਵਿਸ਼ਵਾਸ ਹਮੇਸ਼ਾ ਸੀ ਪਰ ਹੁਣ ਧਾਰਮਿਕ ਰਾਸ਼ਟਰਵਾਦ ਅਤੇ ਨਸਲੀ-ਰਾਸ਼ਟਰਵਾਦ ਵੱਲੋਂ ਪਾੜਾਂ ਨੂੰ ਹੋਰ ਵਧਾ ਦਿੱਤਾ ਗਿਆ ਹੈ।"
ਇਹ ਵੀ ਪੜ੍ਹੋ-
ਪ੍ਰਧਾਨ ਮੰਤਰੀ ਮੋਦੀ ਦੇ ਸੱਤਾ ਵਿੱਚ ਆਉਣ ਦੇ ਪਹਿਲੇ ਕਾਰਜਕਾਲ ਦੌਰਾਨ, ਤਥਾ-ਕਥਿਤ "ਗਊ-ਰੱਖਿਅਕਾਂ" ਵੱਲੋਂ ਅਫ਼ਵਾਹਾਂ ਦੇ ਆਧਾਰ 'ਤੇ ਮੁਸਲਿਮ ਲੋਕਾਂ 'ਤੇ ਹਮਲਾ ਕਰਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਸਨ।
ਹਿੰਦੂ ਧਰਮ ਵਿੱਚ ਗਊ ਨੂੰ ਇੱਕ ਪਵਿੱਤਰ ਜੀਵ ਮੰਨਿਆ ਜਾਂਦਾ ਹੈ ਅਤੇ ਉਸ ਸਮੇਂ ਦੌਰਾਨ ਅਜਿਹੀਆਂ ਬਹੁਤ ਅਫ਼ਵਾਹਾਂ ਫੈਲੀਆਂ ਸਨ ਕਿ ਮੁਸਲਮਾਨਾਂ ਨੇ ਗਊ ਦਾ ਮਾਸ ਖਾਧਾ ਸੀ, ਜਾਂ ਉਹ ਗਾਵਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਸਰਕਾਰ ਦਾ ਰਵੱਈਆ
ਪ੍ਰਧਾਨ ਮੰਤਰੀ ਨੇ ਅਜਿਹੇ ਹਮਲਿਆਂ ਦੀ ਤੁਰੰਤ ਨਿੰਦਾ ਨਹੀਂ ਕੀਤੀ ਅਤੇ ਉਨ੍ਹਾਂ ਦੀ ਇਸ ਲਈ ਆਲੋਚਨਾ ਵੀ ਹੋਈ।
ਭਾਜਪਾ ਦੇ ਸੀਨੀਅਰ ਨੇਤਾ ਪ੍ਰਕਾਸ਼ ਜਾਵਡੇਕਰ ਨੇ ਬੀਬੀਸੀ ਨੂੰ ਦੱਸਿਆ, "ਸਰਕਾਰ ਮੰਨਦੀ ਹੈ ਕਿ ਲਿੰਚਿੰਗ ਮਾੜਾ ਕਾਰਾ ਹੈ ਪਰ ਕਾਨੂੰਨ ਵਿਵਸਥਾ ਰਾਜ ਦਾ ਵਿਸ਼ਾ ਹੈ ਅਤੇ ਇਸ ਨਾਲ ਨਜਿੱਠਣਾ ਉਨ੍ਹਾਂ ਦੀ ਜ਼ਿੰਮੇਦਾਰੀ ਹੈ।"
ਫਿਰ ਉਨ੍ਹਾਂ ਨੇ ਮੀਡੀਆ 'ਤੇ ਦੋਸ਼ ਲਗਾਇਆ ਕਿ ਉਹ ਮੁਸਲਮਾਨਾਂ ਉੱਪਰ ਹਮਲਿਆਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਦਿਆਂ "ਪੱਖਪਾਤੀ ਅਤੇ ਚੋਣਵੀਂ ਪੱਤਰਕਾਰੀ" ਕਰਦੇ ਹਨ।
ਉਨ੍ਹਾਂ ਕਿਹਾ, "ਜੇ ਤੁਸੀਂ ਅਧਿਕਾਰਤ ਅੰਕੜਿਆਂ 'ਤੇ ਨਜ਼ਰ ਮਾਰੋ, ਤਾਂ ਭੀੜ ਵੱਲੋਂ ਮਾਰੇ ਜਾਣ ਵਾਲੇ 200 ਲੋਕਾਂ ਵਿੱਚੋ 160 ਹਿੰਦੂ ਸਨ। ਸਾਰੇ ਧਰਮਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।"
ਪਰ ਉਨ੍ਹਾਂ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਅੰਕੜੇ ਕਿੱਥੇ ਮਿਲ ਸਕਦੇ ਹਨ। ਭਾਰਤ ਅਜਿਹਾ ਡਾਟਾ ਇਕੱਠਾ ਨਹੀਂ ਕਰਦਾ।

ਤਸਵੀਰ ਸਰੋਤ, SHURAIH NIYAZI/BBC
2019 ਵਿੱਚ, ਭਾਰਤ ਵਿੱਚ "ਨਫ਼ਰਤੀ ਅਪਰਾਧਾਂ" ਦੀ ਗਿਣਤੀ ਕਰਨ ਵਾਲੀ ਇੱਕ ਫੈਕਟ ਚੈਕਰ ਵੈਬਸਾਈਟ ਨੇ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ 90% ਤੋਂ ਵੱਧ ਪੀੜਤ ਲੋਕ ਮੁਸਲਮਾਨ ਸਨ।
ਹਮਲਿਆਂ ਦੇ ਮੁਲਜ਼ਮਾਂ ਨੂੰ ਦੋਸ਼ਾਂ ਦੇ ਬਾਵਜੂਦ ਸਜ਼ਾ ਨਹੀਂ ਦਿੱਤੀ ਗਈ ਸੀ। ਉਨ੍ਹਾਂ ਨੂੰ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਦੀ ਸ਼ੈਅ ਹਾਸਿਲ ਹੈ ਕਿਉਂਕਿ ਇੱਕ ਮੁਸਲਿਮ ਦੀ ਕੁੱਟਮਾਰ ਦੇ ਦੋਸ਼ੀ ਠਹਿਰਾਏ ਗਏ ਅੱਠ ਹਿੰਦੂਆਂ ਨੂੰ ਇੱਕ ਸਿਆਸਤਦਾਨ ਨੇ ਫੁੱਲਾਂ ਦੀ ਮਾਲਾ ਪਹਿਨਾਈ ਸੀ।
ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਹਸੀਬਾ ਅਮੀਨ ਨੇ ਕਿਹਾ, "ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੇ ਹਮਲੇ ਬਹੁਤ ਆਮ ਹੋ ਗਏ ਹਨ ਅਤੇ ਸਿਰਫ਼ ਇਸ ਲਈ ਕਿਉਂਕਿ ਅਜਿਹੇ ਲੋਕ ਸਜ਼ਾ ਤੋਂ ਮੁਕਤ ਘੁੰਮ ਰਹੇ ਹਨ।"
"ਅੱਜ ਨਫ਼ਰਤ ਮੁੱਖ ਧਾਰਾ ਵਿੱਚ ਚਲੀ ਗਈ ਹੈ। ਮੁਸਲਮਾਨਾਂ 'ਤੇ ਹਮਲਾ ਕਰਨਾ ਸ਼ੇਖੀ ਦੀ ਗੱਲ ਹੈ। ਨਫ਼ਰਤ ਫੈਲਾਉਣ ਵਾਲਿਆਂ ਨੂੰ ਉਨ੍ਹਾਂ ਦੇ ਕੰਮਾਂ ਦਾ ਇਨਾਮ ਵੀ ਦਿੱਤਾ ਜਾਂਦਾ ਹੈ।"
ਮੁਸਲਿਮ ਵਿਰੋਧੀ ਹਿੰਸਾ ਦਾ ਵਧਦਾ ਦਾਇਰਾ
ਆਲੋਚਕਾਂ ਦਾ ਕਹਿਣਾ ਹੈ ਕਿ 2019 ਵਿੱਚ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਤੋਂ ਬਾਅਦ ਮੁਸਲਿਮ ਵਿਰੋਧੀ ਹਿੰਸਾ ਦਾ ਦਾਇਰਾ ਵਧ ਗਿਆ ਹੈ।

ਕਈ ਵਾਰ, ਹਿੰਸਾ ਸਰੀਰਿਕ ਵੀ ਨਹੀਂ ਹੁੰਦੀ ਬਲਕਿ ਇਹ ਇੱਕ ਵਧੇਰੇ ਸੂਖਮ, ਕਪਟੀ ਰੂਪ ਲੈਂਦੀ ਹੈ ਜਿਸ ਦਾ ਉਦੇਸ਼ ਘੱਟਗਿਣਤੀ ਭਾਈਚਾਰੇ ਨੂੰ ਬਦਨਾਮ ਕਰਨਾ ਅਤੇ ਉਨ੍ਹਾਂ ਦਾ ਅਪਮਾਨ ਕਰਨਾ ਹੁੰਦਾ ਹੈ।
ਮਿਸਾਲ ਵਜੋਂ, ਪਿਛਲੇ ਸਾਲ, ਜਦੋਂ ਦੇਸ਼ ਵਿੱਚ ਕੋਰੋਨਾਵਾਇਰਸ ਆਪਣੇ ਪੈਰ ਪਸਾਰ ਰਿਹਾ ਸੀ, ਉਸ ਸਮੇਂ ਮੋਦੀ ਦੇ ਮੰਤਰੀਆਂ ਅਤੇ ਪਾਰਟੀ ਸਹਿਕਰਮੀਆਂ ਸਮੇਤ, ਹਿੰਦੂ ਨੇਤਾਵਾਂ ਨੇ ਉਨ੍ਹਾਂ ਮੁਸਲਿਮ ਆਦਮੀਆਂ ਉੱਤੇ "ਕੋਰੋਨਾ ਜਿਹਾਦ" ਦਾ ਵਿਵਹਾਰ ਕਰਨ ਅਤੇ ਵਾਇਰਸ ਫੈਲਾਉਣ ਦਾ ਦੋਸ਼ ਲਾਇਆ ਜਿਨ੍ਹਾਂ ਨੇ ਦਿੱਲੀ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।
ਫਿਰ "ਰੋਟੀ ਜਿਹਾਦ" ਵਾਲਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਮੁਸਲਿਮ ਰਸੋਈਏ 'ਤੇ ਗੰਭੀਰ ਦੋਸ਼ ਲਗਾਏ ਗਏ ਕਿ ਉਹ ਹਿੰਦੂ ਲੋਕਾਂ ਵਿੱਚ ਵਾਇਰਸ ਫੈਲਾਉਣ ਲਈ ਰੋਟੀ 'ਤੇ ਥੁੱਕ ਲਗਾ ਰਹੇ ਸਨ।
ਹਾਲ ਹੀ ਦੇ ਮਹੀਨਿਆਂ ਵਿੱਚ, ਕਈ ਰਾਜਾਂ ਨੇ "ਲਵ ਜਿਹਾਦ" ਨੂੰ ਰੋਕਣ ਲਈ ਕਾਨੂੰਨ ਪੇਸ਼ ਕੀਤੇ ਹਨ, ਇੱਕ ਇਸਲਾਮੋਫੋਬਿਕ ਸ਼ਬਦ ਜੋ ਕਿ ਹਿੰਦੂ ਸਮੂਹਾਂ ਵੱਲੋਂ ਵਰਤਿਆ ਜਾਂਦਾ ਹੈ ਤੇ ਇਹ ਦਰਸਾਉਂਦਾ ਹੈ ਕਿ ਮੁਸਲਿਮ ਪੁਰਸ਼ ਹਿੰਦੂ ਔਰਤਾਂ ਨੂੰ ਸ਼ਿਕਾਰ ਬਣਾ ਕੇ ਵਿਆਹ ਦੇ ਜ਼ਰੀਏ ਉਨ੍ਹਾਂ ਦਾ ਇਸਲਾਮ ਵਿੱਚ ਧਰਮ ਪਰਿਵਰਤਨ ਕਰਵਾਉਂਦੇ ਹਨ।
ਇਨ੍ਹਾਂ ਕਾਨੂੰਨਾਂ ਦਾ ਇਸਤੇਮਾਲ ਹਿੰਦੂ ਔਰਤਾਂ ਨਾਲ ਅੰਤਰ-ਧਰਮ ਸੰਬੰਧ ਬਣਾਉਣ ਵਾਲੇ ਮੁਸਲਿਮ ਮਰਦਾਂ ਨੂੰ ਪਰੇਸ਼ਾਨ ਕਰਨ ਅਤੇ ਜੇਲ੍ਹ ਭੇਜਣ ਲਈ ਕੀਤਾ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਪਿਛਲੇ ਦਸੰਬਰ ਵਿੱਚ, ਇੱਕ ਗਰਭਵਤੀ ਹਿੰਦੂ ਔਰਤ ਨੂੰ ਜ਼ਬਰਦਸਤੀ ਉਨ੍ਹਾਂ ਦੇ ਮੁਸਲਿਮ ਪਤੀ ਤੋਂ ਵੱਖ ਕਰ ਦਿੱਤਾ ਗਿਆ ਸੀ। ਇਸ ਸਭ ਦੇ ਦੌਰਾਨ ਉਨ੍ਹਾਂ ਦਾ ਗਰਭਪਾਤ ਵੀ ਹੋ ਗਿਆ ਸੀ ਅਤੇ ਉਨ੍ਹਾਂ ਦੀ ਇਹ ਦੁਰਦਸ਼ਾ ਸਾਰੇ ਦੇਸ਼ ਨੇ ਦੇਖੀ ਸੀ।
ਇਸ ਸਭ ਵਿੱਚ ਮੁਸਲਿਮ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ, ਜੁਲਾਈ ਵਿੱਚ, ਦਰਜਨਾਂ ਮੁਸਲਿਮ ਔਰਤਾਂ ਨੇ ਦੇਖਿਆ ਕਿ ਉਨ੍ਹਾਂ ਨੂੰ "ਵਿਕਰੀ ਲਈ" ਆਨਲਾਈਨ ਰੱਖਿਆ ਗਿਆ ਸੀ। ਮਈ ਵਿੱਚ, ਉਨ੍ਹਾਂ ਵਿੱਚੋਂ ਬਹੁਤ ਸਾਰੀਆਂ, ਜਿਨ੍ਹਾਂ ਵਿੱਚ ਕਾਂਗਰਸ ਪਾਰਟੀ ਦੇ ਅਮੀਨ ਵੀ ਸ਼ਾਮਲ ਸਨ, ਨੂੰ ਇੱਕ ਆਨਲਾਈਨ "ਨਿਲਾਮੀ" ਵਿੱਚ ਮਖੌਲ ਵਜੋਂ ਪੇਸ਼ ਕੀਤਾ ਗਿਆ ਸੀ।
ਪਿਛਲੇ ਮਹੀਨੇ, ਦਿੱਲੀ ਵਿੱਚ ਇੱਕ ਸਾਬਕਾ ਭਾਜਪਾ ਨੇਤਾ ਵੱਲੋਂ ਆਯੋਜਿਤ ਇੱਕ ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਨੇ ਮੁਸਲਮਾਨਾਂ ਨੂੰ ਮਾਰਨ ਦੀ ਮੰਗ ਵਾਲੇ ਨਾਅਰੇ ਲਗਾਏ ਸਨ।
ਜਾਫ਼ਰੀ ਕਹਿੰਦੇ ਹਨ, "ਇਹ ਰਾਸ਼ਟਰਵਾਦੀ ਸਿਆਸਤਦਾਨਾਂ ਵੱਲੋਂ ਹਿੰਦੂਆਂ ਨੂੰ ਕੱਟੜਪੰਥੀ ਬਣਾਉਣ ਲਈ ਇੱਕ ਬਹੁਤ ਹੀ ਨਿਰੰਤਰ, ਸੰਗਠਿਤ ਮੁਹਿੰਮ ਹੈ ਕਿ ਜੇ ਹਿੰਦੂਆਂ ਨੇ ਤਰੱਕੀ ਕਰਨੀ ਹੈ ਤਾਂ ਮੁਸਲਮਾਨਾਂ ਨੂੰ ਹਾਸ਼ੀਏ 'ਤੇ ਰੱਖਣ ਦੀ ਲੋੜ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪ੍ਰੋਫੈਸਰ ਏਜਾਜ਼ ਦਾ ਕਹਿਣਾ ਹੈ ਕਿ ਮਜ਼ਦੂਰੀ ਕਰਨ ਵਾਲੇ ਮੁਸਲਮਾਨਾਂ, ਜਿਵੇਂ ਕਿ ਦਰਜੀ, ਫਲ ਵਿਕਰੇਤਾ, ਇਲੈਕਟ੍ਰੀਸ਼ੀਅਨ, ਪਲੰਬਰ ਅਤੇ ਚੂੜੀਆਂ ਵੇਚਣ ਵਾਲਿਆਂ 'ਤੇ ਹਮਲਾ ਵੀ, ਧਾਰਮਿਕ ਰਾਸ਼ਟਰਵਾਦ ਰਾਹੀਂ ਰਾਜਨੀਤਿਕ ਅਰਥ ਵਿਵਸਥਾ ਅਤੇ ਨੌਕਰੀਆਂ 'ਤੇ ਨਿਯੰਤਰਣ ਪਾਉਣ ਦੀ ਕੋਸ਼ਿਸ਼ ਹੈ।
"ਧਾਰਮਿਕ ਪਾੜਾ ਡੂੰਘਾ ਹੋ ਗਿਆ ਹੈ। ਅਵਿਸ਼ਵਾਸ ਡੂੰਘਾ ਹੋ ਗਿਆ ਹੈ। ਪਰ ਇਹ ਨਫ਼ਰਤ ਵੀ ਲਾਭ ਲਈ ਹੈ। ਵਿਚਾਰ ਇਹ ਹੈ ਕਿ ਮੁਸਲਮਾਨਾਂ ਨੂੰ ਦੂਸਰਾ ਅਤੇ ਦੁਸ਼ਮਣ ਬਣਾ ਦਿੱਤਾ ਜਾਵੇ।"
"ਇਸ ਦੂਸਰੇ ਨੂੰ ਬਣਾਉਣ ਦੀ ਪ੍ਰਕਿਰਿਆ ਇਸ ਵਿਚਾਰ ਦਾ ਪ੍ਰਚਾਰ ਕਰਦੀ ਹੈ ਕਿ ਜੇ ਅਸੀਂ ਦੂਸਰੇ ਨੂੰ ਤਬਾਹ ਨਹੀਂ ਕਰਾਂਗੇ, ਤਾਂ ਅਸੀਂ ਤਬਾਹ ਹੋ ਜਾਵਾਂਗੇ। ਇਸ ਲਈ ਤੁਸੀਂ ਨਫ਼ਰਤ ਫੈਲਾਉਂਦੇ ਹੋ, ਡਰ ਪੈਦਾ ਕਰਦੇ ਹੋ ਅਤੇ ਹਿੰਸਾ ਇਸ ਵੱਡੇ ਬਿਰਤਾਂਤ ਦਾ ਹਿੱਸਾ ਹੈ।"
ਪ੍ਰੋਫੈਸਰ ਏਜਾਜ਼ ਕਹਿੰਦੇ ਹਨ, ਪਰ ਧਾਰਮਿਕ ਰਾਸ਼ਟਰਵਾਦ ਇੱਕ ਖ਼ਤਰਨਾਕ ਵਿਚਾਰ ਹੈ ਜੋ ਸੰਪਰਦਾਇਕ ਹਿੰਸਾ ਦਾ ਕਾਰਨ ਬਣ ਸਕਦਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2















