ਗੂਗਲ ਆਪਣੇ ਕੁਝ ਕਰਮਚਾਰੀਆਂ ਨੂੰ ਤਨਖ਼ਾਹਾਂ ਰੋਕਣ ਦੀ ਧਮਕੀ ਕਿਉਂ ਦੇ ਰਿਹਾ ਹੈ - ਪ੍ਰੈੱਸ ਰੀਵਿਊ

ਗੂਗਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੋਰੋਨਾਵਾਇਰਸ ਦੇ ਕਾਰਨ ਕੰਪਨੀ ਨੇ ਕਈ ਵਾਰ ਕੰਮ 'ਤੇ ਵਾਪਸੀ ਦੀਆਂ ਯੋਜਨਾਵਾਂ ਵਿੱਚ ਬਦਲਾਅ ਕੀਤਾ ਹੈ

ਗੂਗਲ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਜੇਕਰ ਉਹ ਯੂਐੱਸ ਐਡਮਿਨਿਸਟ੍ਰੇਸ਼ਨ ਵੱਲੋਂ ਤੈਅ ਕੀਤੇ ਗਏ ਕੋਵਿਡ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਟੀਕਾ ਨਹੀਂ ਲਗਵਾਉਂਦੇ ਤਾਂ ਕੰਪਨੀ ਉਨ੍ਹਾਂ ਦੀ ਤਨਖਾਹ ਰੋਕ ਦੇਵੇਗੀ ਅਤੇ ਉਸ ਤੋਂ ਬਾਅਦ ਕਰਮਚਾਰੀਆਂ ਨੂੰ ਆਪਣੀ ਨੌਕਰੀ ਵੀ ਗੁਆਉਣੀ ਪੈ ਸਕਦੀ ਹੈ।

ਗੂਗਲ ਨੇ ਆਪਣੇ ਕਰਮਚਾਰੀਆਂ ਨੂੰ ਟੀਕਾ ਲਗਾਉਣ ਦਾ ਸਬੂਤ ਅਪਲੋਡ ਕਰਨ ਜਾਂ ਮੈਡੀਕਲ ਜਾਂ ਧਾਰਮਿਕ ਛੋਟ ਲਈ ਮਨਜ਼ੂਰੀ ਲੈਣ ਲਈ 3 ਦਸੰਬਰ ਤੱਕ ਦਾ ਸਮਾਂ ਦਿੱਤਾ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਸੀਐੱਨਬੀਸੀ ਦੁਆਰਾ ਪ੍ਰਾਪਤ ਇੱਕ ਅੰਦਰੂਨੀ ਮੀਮੋ ਦੇ ਅਨੁਸਾਰ, ਕੰਪਨੀ ਦਾ ਜਿਹੜਾ ਵੀ ਕਰਮਚਾਰੀ 13 ਜਨਵਰੀ ਤੱਕ ਇਨ੍ਹਾਂ ਵਿੱਚੋਂ ਕੋਈ ਵੀ ਕੰਮ ਨਹੀਂ ਕਰਦਾ, ਉਸਨੂੰ 30-ਦਿਨ ਦੀ ਤਨਖਾਹ ਸਹਿਤ ਛੁੱਟੀ 'ਤੇ ਭੇਜ ਦਿੱਤਾ ਜਾਵੇਗਾ।

ਮੀਮੋ ਵਿੱਚ ਲਿਖਿਆ ਗਿਆ ਹੈ, "ਜੇਕਰ ਉਹ 30 ਦਿਨਾਂ ਬਾਅਦ ਵੀ ਇਸਦੀ ਪਾਲਣਾ ਨਹੀਂ ਕਰਦੇ ਹਨ, ਤਾਂ ਉਨ੍ਹਾਂ ਨੂੰ ਛੇ ਮਹੀਨਿਆਂ ਤੱਕ ਬਿਨਾਂ ਭੁਗਤਾਨ ਦੀ ਛੁੱਟੀ 'ਤੇ ਭੇਜਿਆ ਜਾ ਸਕਦਾ ਹੈ ਅਤੇ ਫਿਰ ਬਰਖਾਸਤ ਕੀਤਾ ਜਾ ਸਕਦਾ ਹੈ।"

ਕੰਪਨੀ ਨੇ ਆਪਣੇ 1,50,000 ਤੋਂ ਵੱਧ ਕਰਮਚਾਰੀਆਂ ਨੂੰ ਆਪਣੇ ਅੰਦਰੂਨੀ ਪ੍ਰਣਾਲੀਆਂ 'ਤੇ ਟੀਕੇ ਨਾਲ ਸਬੰਧਤ ਜਾਣਕਾਰੀ ਨੂੰ ਅਪਲੋਡ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ:

ਕੁੜੀਆਂ ਲਈ ਵਿਆਹ ਦੀ ਉਮਰ 18 ਤੋਂ ਵਧਾ ਕੇ 21 ਕਰਨ ਲਈ ਮੰਤਰੀ ਮੰਡਲ ਨੇ ਦਿੱਤੀ ਹਰੀ ਝੰਡੀ

ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਤੋਂ ਵਧਾ ਕੇ 21 ਕਰਨ ਨਾਲ ਸਬੰਧਤ ਬਿੱਲ ਨੂੰ ਕੈਬਨਿਟ ਮੀਟਿੰਗ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਹੈ। ਮੌਜੂਦਾ ਕਾਨੂੰਨ ਮੁਤਾਬਕ ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਤੈਅ ਕੀਤੀ ਗਈ ਹੈ।

ਲੰਘੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਦਿੱਤੇ ਆਪਣੇ ਭਾਸ਼ਣ ਵਿੱਚ ਇਸ ਸਬੰਧੀ ਇਰਾਦਾ ਜ਼ਾਹਿਰ ਕੀਤਾ ਸੀ ਕਿ ਕੁੜੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ ਸੀਮਾ ਜਲਦੀ ਹੀ 18 ਤੋਂ ਵਧਾ ਕੇ 21 ਸਾਲ ਕੀਤੀ ਜਾ ਸਕਦੀ ਹੈ।

ਮਹਿੰਦੀ ਵਾਲੇ ਹੱਥ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2020 'ਚ ਇਸ ਸਬੰਧੀ ਇਰਾਦਾ ਜ਼ਾਹਿਰ ਕੀਤਾ ਸੀ

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸਦੇ ਲਈ ਬਾਲ ਵਿਆਹ ਕਾਨੂੰਨ 2006 ਵਿੱਚ ਸੋਧ ਕੀਤੀ ਜਾਵੇਗੀ ਅਤੇ ਨਤੀਜੇ ਵਜੋਂ ਸਪੈਸ਼ਲ ਮੈਰਿਜ ਐਕਟ ਅਤੇ ਹਿੰਦੂ ਮੈਰਿਜ ਐਕਟ, 1955 ਵਰਗੇ ਨਿੱਜੀ ਕਾਨੂੰਨਾਂ ਵਿੱਚ ਸੋਧਾਂ ਕੀਤੀਆਂ ਜਾਣਗੀਆਂ।

ਜਯਾ ਜੇਟਲੀ ਦੀ ਅਗਵਾਈ ਵਾਲੀ ਕੇਂਦਰ ਦੀ ਟਾਸਕ ਫੋਰਸ ਵੱਲੋਂ ਦਸੰਬਰ 2020 ਵਿੱਚ ਨੀਤੀ ਆਯੋਗ ਨੂੰ ਸੌਂਪੀਆਂ ਗਈਆਂ ਸਿਫ਼ਾਰਸ਼ਾਂ 'ਤੇ ਅਧਾਰ 'ਤੇ ਬੁੱਧਵਾਰ ਨੂੰ ਇਸ ਬਿੱਲ ਨੂੰ ਮਨਜ਼ੂਰੀ ਮਿਲੀ ਹੈ।

ਇਸ ਟਾਸਕ ਫੋਰਸ ਦਾ ਗਠਨ "ਮਾਂ ਦੀ ਉਮਰ ਨਾਲ ਸਬੰਧਤ ਮਾਮਲਿਆਂ, ਐੱਮਐੱਮਆਰ (ਮਾਂ ਦੀ ਮੌਤ ਦਰ) ਨੂੰ ਘਟਾਉਣ ਦੀਆਂ ਲੋੜਾਂ, ਪੋਸ਼ਣ ਵਿੱਚ ਸੁਧਾਰ ਕਰਨ ਅਤੇ ਸਬੰਧਤ ਮੁੱਦਿਆਂ ਲਈ ਕੀਤਾ ਗਿਆ ਸੀ।"

ਜਯਾ ਜੇਟਲੀ ਨੇ ਕਿਹਾ ਕਿ ਇਸਦੇ ਪਿੱਛੇ ਮੁੱਖ ਉਦੇਸ਼ ਮਹਿਲਾਵਾਂ ਦਾ ਸਸ਼ਕਤੀਕਰਨ ਕਰਨਾ ਹੈ।

ਮੋਹਨ ਭਾਗਵਤ ਨੇ ਹਿੰਦੂ ਧਰਮ ਛੱਡਣ ਵਾਲਿਆਂ ਨੂੰ ਵਾਪਸ ਲਿਆਉਣ ਦੀ ਸਹੁੰ ਚੁੱਕੀ

ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੇ ਚਿਤਰਕੂਟ ਵਿੱਚ ਕਿਹਾ ਕਿ ਹਿੰਦੂਆਂ ਨੂੰ ਆਪਣੇ ਅਹੰਕਾਰ ਅਤੇ ਸਵਾਰਥ ਨੂੰ ਪਿੱਛੇ ਛੱਡ ਕੇ ਕੰਮ ਕਰਨਾ ਪਏਗਾ ਅਤੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਘਰ ਵਾਪਸੀ ਦਾ ਵੀ ਸੱਦਾ ਦਿੱਤਾ ਜੋ ਹਿੰਦੂ ਧਰਮ ਛੱਡ ਕੇ ਦੂਜੇ ਧਰਮਾਂ ਵਿੱਚ ਚਲੇ ਗਏ ਹਨ।

ਸੰਘ ਮੁਖੀ ਨੇ ਉਥੇ ਮੌਜੂਦ ਸਾਰੇ ਲੋਕਾਂ ਨੂੰ ਸਹੁੰ ਚੁਕਾਈ ਕਿ ਉਹ ਉਨ੍ਹਾਂ ਲੋਕਾਂ ਦੀ ਘਰ ਵਾਪਸੀ ਲਈ ਕੰਮ ਕਰਨ, ਜੋ ਹਿੰਦੂ ਧਰਮ ਛੱਡ ਕੇ ਦੂਜੇ ਧਰਮਾਂ ਵਿੱਚ ਚਲੇ ਗਏ ਹਨ।

ਮੋਹਨ ਭਾਗਵਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਗਵਤ ਨੇ ਕਿਹਾ ਕਿ ਇੱਕ ਹੋਣ ਲਈ ਅਹੰਕਾਰ ਤੇ ਸਵਾਰਥ ਨੂੰ ਛੱਡ ਕੇ ਬਿਨਾਂ ਕਿਸੇ ਡਰ ਤੇ ਮਜਬੂਰੀ ਦੇ ਪ੍ਰੇਮ ਨਾਲ ਆਪਣਿਆਂ ਲਈ ਕੰਮ ਕਰਨਾ ਹੋਵੇਗਾ

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਅਨੁਸਾਰ, ਉਥੇ ਮੌਜੂਦ ਸਾਰੇ ਲੋਕਾਂ ਨੇ ਸੰਘ ਪ੍ਰਮੁੱਖ ਦੇ ਨਾਲ ਇਹ ਸਹੁੰ ਚੁੱਕੀ, "ਮੈਂ ਹਿੰਦੂ ਸੰਸਕ੍ਰਿਤੀ ਦੇ ਧਾਰਮਿਕ ਯੋਧੇ ਮਰਿਯਾਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਦੀ ਸੰਕਲਪ ਸਥਲੀ ਵਿਖੇ ਸਰਵ ਸ਼ਕਤੀਮਾਨ ਪਰਮਾਤਮਾ ਦੀ ਮੌਜੂਦਗੀ 'ਚ ਸਹੁੰ ਚੁੱਕਦਾ ਹਾਂ ਕਿ ਮੈਂ ਆਪਣੇ ਪਵਿੱਤਰ ਹਿੰਦੂ ਧਰਮ, ਹਿੰਦੂ ਸੰਸਕ੍ਰਿਤੀ ਅਤੇ ਹਿੰਦੂ ਸਮਾਜ ਨੂੰ ਬਚਾਉਣ, ਤਰੱਕੀ ਅਤੇ ਸੁਰੱਖਿਆ ਲਈ ਉਮਰ ਭਰ ਕੰਮ ਕਰਾਂਗਾ।''

"ਮੈਂ ਵਚਨ ਦਿੰਦਾ ਹਾਂ ਕਿ ਮੈਂ ਕਿਸੇ ਵੀ ਹਿੰਦੂ ਭਰਾ ਨੂੰ ਹਿੰਦੂ ਧਰਮ ਤੋਂ ਮੂੰਹ ਨਹੀਂ ਮੋੜਨ ਦੇਵਾਂਗਾ। ਜੋ ਭਰਾ ਧਰਮ ਛੱਡ ਚੁੱਕੇ ਹਨ, ਉਨ੍ਹਾਂ ਦੀ ਵੀ ਵਾਪਸੀ ਲਈ ਕੰਮ ਕਰਾਂਗਾ। ਉਨ੍ਹਾਂ ਨੂੰ ਪਰਿਵਾਰ ਦਾ ਹਿੱਸਾ ਬਣਾਵਾਂਗਾ। ਮੈਂ ਸਹੁੰ ਚੁੱਕਦਾ ਹਾਂ ਕਿ ਹਿੰਦੂ ਭੈਣਾਂ ਦੀ ਇੱਜ਼ਤ, ਸਨਮਾਨ ਅਤੇ ਮਰਿਆਦਾ ਦੀ ਰੱਖਿਆ ਲਈ ਸਭ ਕੁਝ ਵਾਰ ਦਿਆਂਗਾ। ਜਾਤੀ, ਵਰਗ, ਭਾਸ਼ਾ, ਪੰਥ ਦੇ ਫਰਕ ਤੋਂ ਉੱਪਰ ਉੱਠ ਕੇ ਮੈਂ ਹਿੰਦੂ ਸਮਾਜ ਨੂੰ ਸਦਭਾਵਨਾ ਵਾਲਾ, ਮਜ਼ਬੂਤ ​​ਅਤੇ ਅਭੇਦ ਬਣਾਉਣ ਲਈ ਆਪਣੀ ਪੂਰੀ ਤਾਕਤ ਨਾਲ ਕੰਮ ਕਰਾਂਗਾ।''

ਆਰਐੱਸਐੱਸ ਦਾ ਕਹਿਣਾ ਹੈ ਕਿ ਦੇਸ਼ ਭਰ ਦੇ ਹਿੰਦੂਆਂ ਨੂੰ ਇੱਕਜੁੱਟ ਕਰਨ ਦੇ ਉਦੇਸ਼ ਨਾਲ ਚਿਤਰਕੂਟ ਵਿੱਚ 'ਹਿੰਦੂ ਏਕਤਾ ਮਹਾਕੁੰਭ' ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post