ਓਮੀਕਰੋਨ: ਭਾਰਤ ਬਾਰੇ ਮਾਹਰਾਂ ਦੀ ਕੀ ਚੇਤਾਵਨੀ ਹੈ, ਕੀ ਸਿਹਤ ਢਾਂਚਾ ਤੀਜੀ ਲਹਿਰ ਦਾ ਸਾਹਮਣਾ ਕਰ ਸਕੇਗਾ

ਤਸਵੀਰ ਸਰੋਤ, YALCINSONAT1
- ਲੇਖਕ, ਯੋਗਿਤਾ ਲਿਮਯੇ
- ਰੋਲ, ਬੀਬੀਸੀ ਪੱਤਰਕਾਰ
ਜੀਨੋਮ ਸੀਕੂਐਂਸਿੰਗ ਲਈ ਭਾਰਤ ਦੇ ਸਭ ਤੋਂ ਪੁਰਾਣੇ ਪੁਣੇ ਵਿੱਚ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੌਜੀ (ਐੱਨਆਈਵੀ) ਵਿੱਚ ਇਹ ਸਮਾਂ ਬੇਚੈਨੀ ਭਰਿਆ ਹੈ।
ਜਦੋਂ ਦੇਸ਼ ਓਮੀਕਰੋਨ ਵੇਰੀਐਂਟ ਦੇ ਫੈਲਾਅ ਨੂੰ ਰੋਕਣ ਲਈ ਕੋਸ਼ਿਸ਼ ਕਰ ਰਿਹਾ ਹੈ ਅਤੇ ਐੱਨਆਈਵੀ ਵਰਗੀਆਂ ਪ੍ਰਯੋਗਸ਼ਾਲਾਵਾਂ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ 24 ਘੰਟੇ ਕੰਮ ਕਰ ਰਹੀਆਂ ਹਨ ਜੋ ਇਸ ਤੋਂ ਸੰਕਰਮਿਤ ਹੋ ਸਕਦੇ ਹਨ।
ਰੋਜ਼ਾਨਾ ਇੱਥੇ ਛੋਟੀਆਂ-ਛੋਟੀਆਂ ਡੱਬੀਆਂ ਵਿੱਚ ਬੰਦ ਕਰਕੇ ਲਗਭਗ 100 ਗਲੇ ਅਤੇ ਨੱਕ ਦੇ ਨਮੂਨੇ ਪਹੁੰਚ ਰਹੇ ਹਨ। ਇਹ ਓਮੀਕਰੋਨ ਵੇਰੀਐਂਟ ਤੋਂ ਪਹਿਲਾਂ ਟੈਸਟ ਕੀਤੇ ਗਏ ਸੈਂਪਲਾਂ ਦੀ ਤੁਲਨਾ ਵਿੱਚ ਲਗਭਗ ਪੰਜ ਗੁਣਾ ਜ਼ਿਆਦਾ ਹਨ- ਓਮੀਕਰੋਨ ਜੋ ਪਹਿਲਾਂ ਦੱਖਣੀ ਅਫ਼ਰੀਕਾ ਵਿੱਚ ਮਿਲਿਆ ਸੀ ਅਤੇ ਹੁਣ ਪੂਰੀ ਦੁਨੀਆ ਵਿੱਚ ਫੈਲਦਾ ਦਿਖਾਈ ਦੇ ਰਿਹਾ ਹੈ।
ਇੱਕ ਬੰਦ ਕਮਰੇ ਵਿੱਚ ਰਿਸਰਚਰਾਂ ਵੱਲੋਂ ਸੁਰੱਖਿਆਤਮਕ ਸੂਟ ਪਾ ਕੇ ਇਹ ਡੱਬੇ ਖੋਲ੍ਹੇ ਜਾਂਦੇ ਹਨ ਅਤੇ ਵਾਇਰਸ ਨੂੰ ਵੱਖ ਕਰਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਸੈਂਪਲ ਨੂੰ ਨੰਬਰਾਂ ਨਾਲ ਲੇਬਲ ਕੀਤਾ ਗਿਆ ਹੁੰਦਾ ਹੈ ਤਾਂ ਜੋ ਵਿਗਿਆਨੀ ਇਹ ਨਾ ਜਾਣ ਸਕਣ ਕਿ ਉਹ ਕਿਸ ਵਿਅਕਤੀ ਦੇ ਸਵੈਬ ਦੀ ਜਾਂਚ ਕਰ ਰਹੇ ਹਨ।
ਐੱਨਆਈਵੀ ਦੀ ਸੀਨੀਅਰ ਵਿਗਿਆਨੀ ਅਤੇ ਗਰੁੱਪ ਲੀਡਰ ਡਾ. ਵਰਸ਼ਾ ਪੋਤਦਾਰ ਕਹਿੰਦੇ ਹਨ, "ਇਸ ਸਮੇਂ ਸਾਡੇ 'ਤੇ ਤੇਜ਼ੀ ਨਾਲ ਕੰਮ ਕਰਨ ਲਈ ਬਹੁਤ ਦਬਾਅ ਹੈ, ਪਰ ਅਸੀਂ ਸਹੀ ਰਿਪੋਰਟ ਦੇਣੀ ਹੈ ਅਤੇ ਇਹ ਕੋਈ ਤੁਰੰਤ ਪੂਰੀ ਹੋ ਜਾਣ ਵਾਲੀ ਪ੍ਰਕਿਰਿਆ ਨਹੀਂ ਹੈ।"
ਇਹ ਵੀ ਪੜ੍ਹੋ:
ਇਸੇ ਦੌਰਾਨ ਡਾ. ਵਰਸ਼ਾ ਪੋਤਦਾਰ ਦੇ ਫੋਨ ਦੀ ਘੰਟੀ ਲਗਾਤਾਰ ਵੱਜ ਰਹੀ ਹੈ।
ਸੀਕੁਐਂਸਿੰਗ ਮਸ਼ੀਨ ਵਿੱਚ ਪਾਉਣ ਲਈ ਸੈਂਪਲ ਨੂੰ ਤਿਆਰ ਕਰਨ ਵਿੱਚ ਕਈ ਘੰਟੇ ਲੱਗ ਜਾਂਦੇ ਹਨ। ਇਹ ਮਸ਼ੀਨ ਪਿਛਲੇ ਸਾਲ ਮਾਰਚ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਖ਼ਰੀਦੀ ਗਈ ਸੀ।
ਮਸ਼ੀਨ ਡੇਟਾ ਤਿਆਰ ਕਰਦੀ ਹੈ, ਜਿਸ ਦੀ ਤੁਲਨਾ ਇੱਕ ਸੌਫਟਵੇਅਰ ਪ੍ਰੋਗਰਾਮ ਰਾਹੀਂ ਪਹਿਲੀ ਵਾਰ ਚੀਨ ਦੇ ਸ਼ਹਿਰ ਵੂਹਾਨ ਵਿੱਚ ਪਛਾਣੇ ਗਏ ਮੂਲ ਕੋਵਿਡ-19 ਵਾਇਰਸ ਨਾਲ ਕੀਤੀ ਜਾਂਦੀ ਹੈ।

ਤੀਜੀ ਲਹਿਰ ਦੀ ਚੇਤਾਵਨੀ
ਇਸ ਸਾਲ ਦੇ ਸ਼ੁਰੂ ਵਿੱਚ ਦੂਜੀ ਲਹਿਰ ਦੌਰਾਨ ਦੁਨੀਆ ਨੂੰ ਡੈਲਟਾ ਵੇਰੀਐਂਟ ਬਾਰੇ ਜਲਦੀ ਨਾ ਸੂਚਿਤ ਕਰਨ ਲਈ ਭਾਰਤ ਦੀ ਆਲੋਚਨਾ ਕੀਤੀ ਗਈ ਸੀ, ਜੋ ਤੇਜ਼ੀ ਨਾਲ ਵਿਸ਼ਵ ਭਰ ਵਿੱਚ ਪ੍ਰਮੁੱਖ ਵੇਰੀਐਂਟ ਬਣ ਗਿਆ ਸੀ। ਉਦੋਂ ਤੋਂ ਹੁਣ ਤੱਕ ਕੀ ਬਦਲਿਆ ਹੈ?
ਐੱਨਆਈਵੀ ਦੀ ਡਾਇਰੈਕਟਰ ਡਾਕਟਰ ਪ੍ਰੀਆ ਅਬਰਾਹਮ ਕਹਿੰਦੇ ਹਨ, "ਅਸੀਂ ਇਸ ਤੋਂ ਬਹੁਤ ਕੁਝ ਸਿੱਖਿਆ ਹੈ। ਅਸੀਂ ਜਾਣਦੇ ਹਾਂ ਕਿ ਜਿੰਨਾ ਜ਼ਿਆਦਾ ਅਸੀਂ ਕਿਸੇ ਵਾਇਰਸ ਨੂੰ ਫੈਲਣ ਦਿੰਦੇ ਹਾਂ, ਓਨੀ ਹੀ ਸੰਭਾਵਨਾ ਹੁੰਦੀ ਹੈ ਕਿ ਸਾਡੇ ਕੋਲ ਇਸ ਦਾ ਨਵਾਂ ਵੇਰੀਐਂਟ ਆ ਜਾਵੇਗਾ। ਮੈਨੂੰ ਲੱਗਦਾ ਹੈ ਕਿ ਅਸੀਂ ਹੁਣ ਬਹੁਤ ਜ਼ਿਆਦਾ ਸਰਗਰਮ ਹੋਵਾਂਗੇ, ਬਹੁਤ ਜ਼ਿਆਦਾ ਤਿਆਰ ਹੋਵਾਂਗੇ।"
ਹਾਲਾਂਕਿ ਭਾਰਤ ਦੀ ਅਬਾਦੀ ਨੂੰ ਦੇਖਦੇ ਹੋਏ ਡਾ. ਅਬ੍ਰਾਹਮ ਕਹਿੰਦੀ ਹੈ ਕਿ ਇਸ ਦੀਆਂ ਸੀਮਾਵਾਂ ਹਨ।
ਉਨ੍ਹਾਂ ਨੇ ਕਿਹਾ, "ਅਸੀਂ ਯੂਕੇ ਜਾਂ ਅਮਰੀਕਾ ਵਰਗੇ ਵਧੇਰੇ ਉੱਨਤ ਦੇਸ਼ਾਂ ਦੇ ਨੇੜੇ ਤੇੜੇ ਕਿਤੇ ਵੀ ਨਹੀਂ ਹਾਂ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਕੁਝ ਕਰ ਲਿਆ ਹੈ, ਪਰ ਯਾਦ ਰੱਖੋ, ਸਾਨੂੰ ਇਹ ਸੰਦੇਸ਼ ਦੇਣ ਦੀ ਜ਼ਰੂਰਤ ਹੈ ਕਿ ਇਨ੍ਹਾਂ ਉਪਾਵਾਂ ਦੇ ਨਾਲ-ਨਾਲ ਹਰ ਕਿਸੇ ਨੂੰ ਸਾਵਧਾਨ ਰਹਿਣ ਦੀ ਵੀ ਜ਼ਰੂਰਤ ਹੈ।"
"ਮੈਨੂੰ ਲੱਗਦਾ ਹੈ ਕਿ ਤੀਜੀ ਲਹਿਰ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਅਸੀਂ ਇਸ ਪ੍ਰਤੀ ਕਿੰਨੀ ਲਾਪ੍ਰਵਾਹੀ ਵਰਤਦੇ ਹੋਏ ਇਸ ਨੂੰ ਸੱਦਾ ਦਿੰਦੇ ਹਾਂ। ਜੇ ਟੀਕਾ ਲਗਾਉਣ ਦੀ ਝਿਜਕ ਹੈ ਅਤੇ ਅਸੀਂ ਸੀਮਤ ਜਿਹੀ ਥਾਂ 'ਤੇ ਵੱਡੇ ਇਕੱਠ ਕਰਦੇ ਹਾਂ, ਤਾਂ ਤੀਜੀ ਲਹਿਰ ਜ਼ਰੂਰ ਆਵੇਗੀ।"

ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਭਾਰਤ ਦੀ ਅੱਧੀ ਤੋਂ ਵੱਧ ਬਾਲਗ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ, ਪਰ ਅਜੇ ਵੀ ਲੱਖਾਂ ਲੋਕਾਂ ਨੂੰ ਖਤਰਾ ਹੈ। ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਓਮੀਕਰੋਨ ਵਾਲੀ ਤੀਜੀ ਲਹਿਰ ਆਉਂਦੀ ਹੈ ਤਾਂ ਮੈਡੀਕਲ ਸਹੂਲਤਾਂ ਅਜੇ ਵੀ ਬਹੁਤ ਤੇਜ਼ੀ ਨਾਲ ਢਹਿ-ਢੇਰੀ ਹੋ ਸਕਦੀਆਂ ਹਨ।
ਮੁੰਬਈ ਦੇ ਡਾਕਟਰ ਸਵਪਨੀਲ ਪਾਰਿਖ ਕਹਿੰਦੇ ਹਨ, "ਦੂਜੀ ਲਹਿਰ ਵਿੱਚ ਹਸਪਤਾਲਾਂ ਦੀ ਸਮਰੱਥਾ ਸਿਰਫ਼ ਥੋੜ੍ਹੀ ਜਿਹੀ ਹੀ ਨਹੀਂ ਵਧੀ ਸੀ, ਬਲਕਿ ਇਹ ਇਨ੍ਹਾਂ ਦੀ ਸਮਰੱਥਾ ਨਾਲੋਂ ਕਈ ਗੁਣਾ ਵਧ ਗਈ ਸੀ। ਇਸ ਲਈ ਭਾਵੇਂ ਅਸੀਂ ਛੋਟੀ ਜਿਹੀ ਤੀਜੀ ਲਹਿਰ ਦਾ ਹੀ ਸਾਹਮਣਾ ਕਰੀਏ, ਜਿਸ ਦੀ ਮੈਨੂੰ ਨਿਸ਼ਚਤ ਤੌਰ 'ਤੇ ਸੰਭਾਵਨਾ ਲੱਗਦੀ ਹੈ, ਤਾਂ ਹੁਣ ਵੀ ਇਹ ਸਾਡੀ ਸਿਹਤ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦੀ ਹੈ।"
"ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਪੁੱਛਣ ਦੀ ਬਜਾਏ ਕਿ ਕੀ ਹੋਣ ਜਾ ਰਿਹਾ ਹੈ, ਜਾਂ ਕਦੋਂ ਹੋਣ ਵਾਲਾ ਹੈ, ਸਾਨੂੰ ਇਸ ਲਈ ਤਿਆਰ ਹੋਣ 'ਤੇ ਧਿਆਨ ਦੇਣਾ ਚਾਹੀਦਾ ਹੈ।"
ਦਿੱਲੀ ਦੇ ਹੋਲੀ ਫੈਮਿਲੀ ਹਸਪਤਾਲ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਕੋਰੋਨਾ ਦਾ ਕੋਈ ਮਰੀਜ਼ ਦਾਖਲ ਨਹੀਂ ਹੋਇਆ ਸੀ, ਪਰ ਪਿਛਲੇ ਹਫ਼ਤੇ ਵਿੱਚ ਕੋਵਿਡ ਦੇ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਹਸਪਤਾਲ ਦੇ ਮੁਖੀ ਡਾਕਟਰ ਸੁਮਿਤ ਰੇਅ ਕਹਿੰਦੇ ਹਨ, "ਇੱਥੇ ਡਰ ਅਤੇ ਚਿੰਤਾ ਪੈਦਾ ਹੋ ਰਹੀ ਹੈ ਕਿ ਸਾਡੇ ਨਾਲ ਦੂਜੀ ਲਹਿਰ ਵਾਂਗ ਹੀ ਹੋਣ ਜਾ ਰਿਹਾ ਹੈ।"

"ਇਨ੍ਹਾਂ ਵਿੱਚੋਂ ਕੁਝ ਦੋਵੇਂ ਟੀਕੇ ਲਗਵਾ ਚੁੱਕੇ ਲੋਕ ਹਨ ਜਿਨ੍ਹਾਂ ਨੂੰ ਦੁਬਾਰਾ ਲਾਗ ਲੱਗ ਰਹੀ ਹੈ, ਇਸ ਲਈ ਇਹ ਦੁਬਾਰਾ ਬਹੁਤ ਸਾਵਧਾਨ ਰਹਿਣ ਦਾ ਸਮਾਂ ਹੈ।"
ਬੀਬੀਸੀ ਨੇ ਅਪ੍ਰੈਲ ਵਿੱਚ ਦੂਜੀ ਲਹਿਰ ਦੇ ਸਭ ਤੋਂ ਭੈੜੇ ਸਮੇਂ ਦੌਰਾਨ ਇਸ ਹਸਪਤਾਲ ਦਾ ਦੌਰਾ ਕੀਤਾ ਸੀ, ਇਸ ਦੀ ਸਥਿਤੀ ਪੂਰੀ ਤਰ੍ਹਾਂ ਵੱਸੋਂ ਬਾਹਰ ਹੋ ਗਈ ਸੀ। ਉਨ੍ਹਾਂ ਨੇ ਵੱਧ ਤੋਂ ਵੱਧ ਮਰੀਜ਼ਾਂ ਦਾ ਇਲਾਜ ਕਰਨ ਲਈ ਹਰ ਸੰਭਵ ਜਗ੍ਹਾ ਵਿੱਚ ਟਰਾਲੀਆਂ ਅਤੇ ਵ੍ਹੀਲਚੇਅਰਾਂ ਲਗਾਈਆਂ ਸਨ। ਫਿਰ ਵੀ ਲੋਕਾਂ ਨੂੰ ਮੋੜਨਾ ਪਿਆ ਸੀ।
ਸ਼ਹਿਰ ਵਿੱਚ ਆਕਸੀਜਨ ਦੀ ਵੀ ਬਹੁਤ ਜ਼ਿਆਦਾ ਕਮੀ ਸੀ। ਇੰਟੈਂਸਿਵ ਕੇਅਰ ਯੂਨਿਟ ਵਿੱਚ ਆਪਣੇ ਮਰੀਜ਼ਾਂ ਨੂੰ ਵੇਖਣ ਦੇ ਵਿਚਕਾਰ ਹੀ ਡਾ. ਰੇਅ ਹੋਰ ਸਪਲਾਈ ਪ੍ਰਾਪਤ ਕਰਨ ਲਈ ਘਬਰਾਏ ਹੋਏ ਇੱਧਰ-ਉੱਧਰ ਫ਼ੋਨ ਕਰ ਰਹੇ ਸਨ।
ਦਿੱਲੀ ਅਤੇ ਭਾਰਤ ਦੇ ਹੋਰ ਹਿੱਸਿਆਂ ਦੇ ਕੁਝ ਹਸਪਤਾਲਾਂ ਵਿੱਚ ਆਕਸੀਜਨ ਖਤਮ ਹੋਣ ਕਾਰਨ ਲੋਕ ਮਰ ਰਹੇ ਸਨ।
ਡਾ. ਰੇਅ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਆਪਣੇ ਸਰੋਤਾਂ ਨੂੰ ਬਿਹਤਰ ਢੰਗ ਨਾਲ ਸੰਗਠਿਤ ਕਰਨ ਅਤੇ ਲੋੜ ਪੈਣ 'ਤੇ ਸਪਲਾਈ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ, "ਲੋਕਾਂ ਨੂੰ ਬੈੱਡ ਦੀ ਭਾਲ ਵਿੱਚ ਹਸਪਤਾਲ ਤੋਂ ਹਸਪਤਾਲ ਨਹੀਂ ਭਟਕਣਾ ਚਾਹੀਦਾ। ਇਹ ਅਸਵੀਕਾਰਨਯੋਗ ਹੈ। ਸਾਨੂੰ ਬਿਹਤਰ ਤਾਲਮੇਲ ਕਰਨ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਤਿਆਰੀ ਕਰਨ ਦਾ ਸਮਾਂ ਹੈ, ਅਤੇ ਇਹ ਕੀਤੀ ਜਾਣੀ ਚਾਹੀਦੀ ਹੈ।"
"ਤੁਹਾਨੂੰ ਜਾਨਾਂ ਬਚਾਉਣ ਲਈ ਸਿਖਲਾਈ ਦਿੱਤੀ ਗਈ ਹੈ ਅਤੇ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਇੱਥੇ ਲੋੜੀਂਦੇ ਸਰੋਤ ਨਹੀਂ ਹਨ, ਤਾਂ ਤੁਹਾਨੂੰ ਅਸਫਲਤਾ ਦਾ ਅਹਿਸਾਸ ਹੁੰਦਾ ਹੈ। ਇੱਕ ਮੈਡੀਕਲ ਪ੍ਰੋਫੈਸ਼ਨਲ ਵਜੋਂ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਸਮਾਂ ਸੀ।"
ਸਰਕਾਰ ਦਾ ਕਹਿਣਾ ਹੈ ਕਿ ਉਹ ਤਿਆਰੀਆਂ ਕਰ ਰਹੀ ਹੈ। ਪਰ ਮੁੰਬਈ ਦੇ ਡਾ. ਪਾਰਿਖ ਦਾ ਕਹਿਣਾ ਹੈ ਕਿ ਸਾਨੂੰ ਹੋਰ ਤਿਆਰੀਆਂ ਕਰਨ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਸਾਨੂੰ ਅਸਲ ਵਿੱਚ ਵੱਧ ਤੋਂ ਵੱਧ ਲੋਕਾਂ ਦਾ ਮੁਕੰਮਲ ਟੀਕਾਕਰਨ ਕਰਨ ਦੀ ਲੋੜ ਹੈ। ਬਜ਼ੁਰਗਾਂ ਅਤੇ ਮੈਡੀਕਲ ਪੱਖੋਂ ਕਮਜ਼ੋਰ ਲੋਕਾਂ ਲਈ, ਖਾਸ ਤੌਰ 'ਤੇ ਅਜਿਹੇ ਵਿਅਕਤੀਆਂ ਲਈ ਜਿਨ੍ਹਾਂ ਦੀ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੈ, ਦੇ ਨਾਲ-ਨਾਲ ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਵੀ ਤੀਜੀ ਖੁਰਾਕ ਦੇਣੀ ਸ਼ੁਰੂ ਕਰਨੀ ਚਾਹੀਦੀ ਹੈ।"
"ਇਸ ਦੇਸ਼ ਵਿੱਚ, ਅਸੀਂ ਮਹਾਂਮਾਰੀ ਦੀ ਦੂਜੀ ਲਹਿਰ ਦੇ ਦੌਰਾਨ ਬਹੁਤ ਅਣਗਹਿਲੀਆਂ ਕੀਤੀਆਂ ਹਨ ਜਿਸ ਕਾਰਨ ਅਸੀਂ ਮਾੜੀ ਸਥਿਤੀ ਵਿੱਚ ਪੁੱਜ ਗਏ ਸੀ। ਇਸ ਲਈ ਇਸ ਵਾਰ, ਆਓ ਇਸ ਤੋਂ ਉਲਟ ਕਰੀਏ। ਆਓ, ਵੱਧ ਤੋਂ ਵੱਧ ਤਿਆਰੀ ਕਰੀਏ।"
(ਕੁਨਾਲ ਸਹਿਗਲ ਵੱਲੋਂ ਐਡੀਸ਼ਨਲ ਰਿਪੋਰਟਿੰਗ)
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












