ਗੜਚਿਰੌਲੀ ਮੁਕਾਬਲੇ ਵਿੱਚ ਮਾਰੇ ਗਏ ਮਾਓਵਾਦੀ ਕਮਾਂਡਰ ਮਿਲਿੰਦ ਤੇਲਤੁੰਬੜੇ ਕੌਣ ਸੀ

ਤਸਵੀਰ ਸਰੋਤ, Getty Images
- ਲੇਖਕ, ਸਲਮਾਨ ਰਾਵੀ
- ਰੋਲ, ਬੀਬੀਸੀ ਪੱਤਰਕਾਰ
ਮਹਾਰਾਸ਼ਟਰ ਦੇ ਆਦਿਵਾਸੀ ਬਹੁਸੰਖਿਅਕ ਗੜਚਿਰੌਲੀ ਜ਼ਿਲ੍ਹੇ ਦੇ ਘਾਨੋਰਾ ਇਲਾਕੇ ਵਿੱਚ ਮਹਾਰਾਸ਼ਟਰ ਪੁਲਿਸ ਦੇ ਵਿਸ਼ੇਸ਼ ਦਸਤੇ ਸੀ-60 ਅਤੇ ਮਾਓਵਾਦੀ ਗੁਰੀਲਿਆਂ ਦੇ ਵਿਚਕਾਰ ਹੋਈ ਮੁਠਭੇੜ ਵਿੱਚ ਘੱਟੋ-ਘੱਟ 26 ਮਾਓਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਜ਼ਿਲ੍ਹੇ ਦੇ ਐਸਪੀ ਅੰਕਿਤ ਗੋਇਲ ਨੇ ਕੀਤੀ ਹੈ।
ਗੜਚਿਰੌਲੀ ਪੁਲਿਸ ਨੇ ਬੀਬੀਸੀ ਨਾਲ ਇਸ ਹਮਲੇ ਵਿੱਚ ਮਾਓਵਾਦੀ ਕਮਾਂਡਰ ਮਿਲਿੰਦ ਤੇਲਤੁੰਬੜੇ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਹੈ।
ਗੜਚਿਰੌਲੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਸੂਚੀ ਵਿੱਚ 26 ਮਾਓਵਾਦੀਆਂ ਦੇ ਨਾਮ ਜਨਤਕ ਕੀਤੇ ਗਏ ਹਨ ਜਿਨ੍ਹਾਂ ਉੱਪਰ 50 ਲੱਖ ਦੇ ਇਨਾਮ ਦੇ ਇਨਾਮੀ ਕਮਾਂਡਰ ਤੇਲਤੁੰਬੜੇ ਦਾ ਨਾਮ ਵੀ ਸ਼ਾਮਲ ਹੈ।
ਇਸ ਸੂਚੀ ਵਿੱਚ ਦੱਸਿਆ ਗਿਆ ਹੈ ਕਿ ਮੁਕਾਬਲੇ ਵਿੱਚ 20 ਪੁਰਸ਼ ਮਾਓਵਾਦੀ ਅਤੇ ਛੇ ਮਹਿਲਾ ਮਾਓਵਾਦੀਆਂ ਦੀ ਮੌਤ ਹੋਈ ਹੈ।
ਹਮਲੇ ਵਿੱਚ ਇਸ ਵਿਸ਼ੇਸ਼ ਪੁਲਿਸ ਦਸਤੇ ਦੇ ਵੀ ਚਾਰ ਮੈਂਬਰ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ:
ਗੜਚਿਰੌਲੀ ਦੇ ਐਸਪੀ ਅੰਕਿਤ ਗੋਇਲ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੁਕਾਬਲਾ ਸਵੇਰੇ ਛੇ ਵਜੇ ਤੋਂ ਸ਼ਾਮ ਛੇ ਵਜੇ ਤੱਕ ਹਨੇਰ੍ਹਾ ਹੋਣ ਤੱਕ ਜਾਰੀ ਰਿਹਾ।
ਉਨ੍ਹਾਂ ਦਾ ਕਹਿਣਾ ਸੀ ਕਿ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ ਅਤੇ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੇ ਛਾਪਾਮਾਰ ਸਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਵੀ ਪਤਾ ਲਗਾ ਰਹੇ ਹਾਂ ਕਿ ਕੀ ਮੁਕਾਬਲੇ ਵਿੱਚ ਜ਼ਿਆਦਾ ਮਾਓਵਾਦੀ ਮਰੇ ਹਨ, ਜਿਨ੍ਹਾਂ ਦੀਆਂ ਲਾਸ਼ਾਂ ਦੂਜੇ ਮਾਓਵਾਦੀ ਲੈ ਕੇ ਭੱਜਣ ਵਿੱਚ ਕਾਮਯਾਬ ਰਹੇ ਹਨ ਹੋਣ।
ਗੋਇਲ ਮੁਤਾਬਕ ਘਟਨਾ ਵਾਲੀ ਥਾਂ 'ਤੇ ਦੂਰ-ਦੂਰ ਤੱਕ ਖੂਨ ਦੇ ਨਿਸ਼ਾਨ ਸਨ ਜਿਨ੍ਹਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਾਰੇ ਗਏ ਗੁਰੀਲਿਆਂ ਨੂੰ ਜਾਂ ਫੱਟੜਾਂ ਨੂੰ ਮਾਓਵਾਦੀ ਘੜੀਸ ਕੇ ਲੈ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਭਾਲ ਵਿੱਚ ਤਲਾਸ਼ੀ ਅਭਿਆਨ ਜਾਰੀ ਹੈ। ਜ਼ਖਮੀ ਪੁਲਿਸ ਮੁਲਾਜ਼ਮਾਂ ਬਾਰੇ ਦੱਸਦਿਆਂ ਗੋਇਲ ਨੇ ਕਿਹਾ ਕਿ ਸਮਾਂ ਰਹਿੰਦੇ ਉਨ੍ਹਾਂ ਨੂੰ ਹੈਲੀਕਾਪਟਰ ਨਾਲ ਨਾਗਪੁਰ ਭੇਜਿਆ ਜਾ ਸਕਿਆ ਅਤੇ ਉਹ ਹੁਣ ਖ਼ਤਰੇ ਵਿੱਚੋਂ ਬਾਹਰ ਹਨ।
ਕਮਾਂਡਰ ਮਿਲਿੰਦ ਤੇਲਤੁੰਬੜੇ

ਤਸਵੀਰ ਸਰੋਤ, MaHARASHTRA POLICE
ਪੁਲਿਸ ਨੇ ਬੀਬੀਸੀ ਨਾਲ ਜੋ ਸੂਚੀ ਸਾਂਝੀ ਕੀਤੀ ਹੈ ਉਸ ਵਿੱਚ ਕਮਾਂਡਰ ਮਿਲਿੰਦ ਤੇਲਤੁੰਬੜੇ ਦਾ ਵੀ ਨਾਮ ਹੈ।
ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਪੁਲਿਸ ਦੇ ਸੀ-60 ਦੇ ਵਿਸ਼ੇਸ਼ ਦਸਤੇ ਨੂੰ ਮਹਾਰਾਸ਼ਟਰ ਦੇ ਗੜਚਿਰੌਲੀ ਵਿੱਚ 70 ਤੋਂ ਵੀ ਜ਼ਿਆਦ ਹਥਿਆਰਬੰਦ ਮਾਓਵਾਦੀ ਗੁਰੀਲਿਆਂ ਦੇ ਆਉਣ ਦੀ ਇਤਲਾਹ ਮਿਲੀ ਸੀ।
ਇਹ ਖ਼ਬਰ ਸੀ ਕਿ ਮਾਓਵਾਦੀਆਂ ਦਾ ਇਹ ਦਸਤਾ ਕੋਟਗੁਲ ਅਤੇ ਗਿਆਰਪੱਤੀ ਦੇ ਸੰਘਣੇ ਜੰਗਲੀ ਇਲਾਕੇ ਵਿੱਚ ਵੜ ਆਇਆ ਹੈ। ਸੀ-60 ਦੇ ਵਿਸ਼ੇਸ਼ ਦਸਤੇ ਦੇ ਸਿਖਲਾਈ ਪ੍ਰਾਪਤ ਕਮਾਂਡੋਆਂ ਨੇ ਉਸ ਇਲਾਕੇ ਨੂੰ ਚਾਰਾਂ ਪਾਸਿਆਂ ਤੋਂ ਘੇਰਾ ਪਾ ਲਿਆ ਸੀ।
ਇੱਕ ਪੁਲਿਸ ਅਫ਼ਸਰ ਨੇ ਬੀਬੀਸੀ ਨੂੰ ਫ਼ੋਨ 'ਤੇ ਦੱਸਿਆ ਕਿ ਮੁਕਾਬਲਾ ਦਿਨ ਭਰ ਚੱਲਿਆ ਜਿਸ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ 26 ਹਥਿਆਰਬੰਦ ਅਤੇ ਵਰਦੀ ਵਾਲੇ ਮਾਓਵਾਦੀ ਗੁਰੀਲਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਾਹਾਲ ਲਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਐਤਵਾਰ ਦੁਪਹਿਰ ਨੂੰ ਜ਼ਿਲ੍ਹੇ ਦੇ ਐਸਪੀ ਇੱਕ ਪ੍ਰੈੱਸ ਵਾਰਤਾ ਕਰਕੇ ਪੂਰੀ ਜਾਣਕਾਰੀ ਸਾਂਝੀ ਕਰਨਗੇ।
ਫ਼ਿਲਹਾਲ ਇਲਾਕੇ ਵਿੱਚ ਕਾਂਬਿੰਗ ਅਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਕਿ ਬਾਕੀ ਦੇ ਮਾਓਵਾਦੀਆਂ ਨੂੰ ਵੀ ਚੁਣੌਤੀ ਦਿੱਤੀ ਜਾ ਸਕੇ।
ਇਹ ਵੀ ਪੜ੍ਹੋ:

ਗੜਚਿਰੌਲੀ ਪੁਲਿਸ ਨੇ ਛਤੀਸਗੜ੍ਹ ਦੇ ਸਰਹੱਦੀ ਥਾਣਿਆਂ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਹੈ।
ਛਤੀਸਗੜ੍ਹ ਵੱਲੋਂ ਵੀ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਚਰਚਿਤ ਮਾਓਵਾਦੀ ਆਗੂ ਕਮਾਂਡਰ ਮਿਲਿੰਦ ਤੇਲਤੁੰਬੜੇ ਨੂੰ ਮਹਾਰਾਸ਼ਟਰ ਤੇ ਛਤੀਸਗੜ੍ਹ ਦੇ ਆਦੀਵਾਸੀ ਇਲਾਕਿਆਂ ਵਿੱਚ ਦੀਪਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਉਨ੍ਹਾਂ ਨੂੰ ਮਹਾਰਾਸ਼ਟਰ ਦੇ ਕਈ ਇਲਾਕਿਆਂ ਵਿੱਚ ਸਹਯਾਂਦਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹੋਰ ਵੀ ਕਈ ਨਾਮ ਸਨ ਜਿਵੇਂ ਜਿਓਤੀਰਾਉ ਅਤੇ ਸ਼੍ਰੀਨਿਵਾਸ।
ਵੱਖੋ-ਵੱਖ ਇਲਾਕਿਆਂ ਵਿੱਚ ਉਨ੍ਹਾਂ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਸੀ। ਉਹ ਭੀਮਾ ਕੋਰੇਗਾਓਂ ਮਾਮਲੇ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਆਨੰਦ ਤੇਲਤੁੰਬੜੇ ਦੇ ਭਰਾ ਸਨ।
ਮਿਲਿੰਦ ਤੇਲਤੁੰਬੜੇ ਉਸ ਮਾਮਲੇ ਵਿੱਚ ਮੁਲਜ਼ਮ ਵੀ ਸਨ। ਉਨ੍ਹਾਂ ਦੀ ਪਤਨੀ ਏਂਜਲਾ ਸੋਂਤਕੇ ਉੱਪਰ ਵੀ ਪੁਲਿਸ ਵਾਲਿਆਂ ਦੇ ਕਤਲ ਵਰਗੇ ਕਈ ਇਲਜ਼ਾਮ ਹਨ। ਫ਼ਿਲਹਾਹ ਏਂਜਲਾ ਜ਼ਮਾਨਤ ਉੱਪਰ ਹਨ।
ਕੀ ਹੈ ਸੀ-60

ਤਸਵੀਰ ਸਰੋਤ, Getty Images
ਗੁਰੀਲਾ ਪੈਂਤੜੇ ਦਾ ਮੁਕਾਬਲਾ ਕਰਨ ਲਈ ਮਹਾਰਾਸ਼ਟਰ ਪੁਲਿਸ ਨੇ ਇੱਕ ਵਿਸ਼ੇਸ਼ ਦਸਤਾ ਬਣਾਇਆ ਸੀ। ਇਸ ਦਸਤੇ ਵਿੱਚ ਸਥਾਨਕ ਕਬਾਈਲੀਆਂ ਨੂੰ ਸ਼ਾਮਲ ਕੀਤਾ ਗਿਆ।
ਇਹ ਦਸਤਾ ਸਾਲ 1992 ਵਿੱਚ ਬਣਾਇਆ ਗਿਆ। ਹੌਲੀ-ਹੌਲੀ ਦਸਤਾ ਸ਼ਕਤੀਸ਼ਾਲੀ ਹੁੰਦਾ ਗਿਆ ਅਤੇ ਨਕਸਲੀਆਂ ਦੇ ਖ਼ਿਲਾਫ਼ ਵੱਡੇ ਅਪਰੇਸ਼ਨਾਂ ਨੂੰ ਅੰਜਾਮ ਦਿੱਤਾ।
ਦਸਤੇ ਵਿੱਚ ਸ਼ਾਮਲ ਕਬਾਇਲੀ ਨੂੰ ਆਪਣੀ ਸਥਾਨਕ ਜਾਣਕਾਰੀ, ਭਾਸ਼ਾ ਅਤੇ ਸੱਭਿਆਚਾਰ ਦੀ ਜਾਣਕਾਰੀ ਦੇ ਕਾਰਨ ਗੁਰੀਲਿਆਂ ਨਾਲ ਲੜਾਈ ਵਿੱਚ ਮਦਦ ਮਿਲਦੀ ਹੈ।
ਸਾਲ 2014, 2015 ਅਤੇ 2016 ਵਿੱਚ ਸੀ-60 ਦੇ ਕਮਾਂਡੋਆਂ ਨੂੰ ਕਈ ਅਪਰੇਸ਼ਨਾਂ ਵਿੱਚ ਸਫ਼ਲਤਾ ਹਾਸਲ ਹੋਈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












