ਬਰਨਾਲਾ ਦੇ ਕੈਦੀ ਨੇ ਜੇਲ੍ਹ ਪ੍ਰਸ਼ਾਸਨ 'ਤੇ ਲਗਾਏ ਤਸ਼ੱਦਦ ਦੇ ਇਲਜ਼ਾਮ, ਜੇਲ੍ਹ ਸੁਪਰਡੈਂਟ ਨੇ ਕੀ ਜਵਾਬ ਦਿੱਤਾ
- ਲੇਖਕ, ਸੁਰਿੰਦਰ ਮਾਨ ਤੇ ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਪੰਜਾਬੀ ਲਈ
ਬਰਨਾਲਾ ਦੀ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ 'ਤੇ ਮਾਨਸਾ ਦੀ ਅਦਾਲਤ ਵਿੱਚ ਲਿਆਂਦੇ ਗਏ ਇੱਕ ਵਿਅਕਤੀ ਨੇ ਜੱਜ ਸਾਹਮਣੇ ਜੇਲ੍ਹ ਪ੍ਰਸ਼ਾਸਨ ਉੱਪਰ ਕਥਿਤ ਤੌਰ ’ਤੇ ਕਈ ਤਰ੍ਹਾਂ ਦੇ ਤਸ਼ੱਦਦ ਕਰਨ ਦੇ ਦੋਸ਼ ਲਗਾਏ।
ਇਹ ਕੈਦੀ ਵੱਲੋਂ ਬੁੱਧਵਾਰ ਨੂੰ ਕਿਸੇ ਮਾਮਲੇ ਵਿੱਚ ਪੇਸ਼ੀ ਭੁਗਤਣ ਲਈ ਲਿਆਂਦਾ ਗਿਆ ਸੀ ਜਦੋਂ ਉਸ ਨੇ ਬਰਨਾਲਾ ਸਬ ਜੇਲ੍ਹ ਦੇ ਸੁਪਰਡੈਂਟ ਉਪਰ ਕੁੱਟਮਾਰ ਕਰਨ ਸਮੇਤ ਹੋਰ ਵੱਡੇ ਇਲਜ਼ਾਮ ਲਗਾਏ ਹਨ।
ਬਰਨਾਲਾ ਜੇਲ੍ਹ ਵਿੱਚ ਬੰਦ ਕਰਮਜੀਤ ਸਿੰਘ ਨੇ ਮਾਨਸਾ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਮੀਡੀਆ ਸਾਹਮਣੇ ਇਹ ਦੋਸ਼ ਲਗਾਏ ਹਨ।
ਉਕਤ ਕੈਦੀ ਵਲੋਂ ਲਗਾਏ ਇਹਨਾਂ ਦੋਸ਼ਾਂ ਸਬੰਧੀ ਮੀਡੀਆ ਨਾਲ ਗੱਲ-ਬਾਤ ਕਰਦਿਆਂ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਨੂੰ ਮੁੱਢੋਂ ਨਕਾਰਿਆ ਹੈ।
ਕਰਮਜੀਤ ਸਿੰਘ ਦੀ ਵਕੀਲ ਬਲਬੀਰ ਕੌਰ ਨੇ ਦੱਸਿਆ ਕਿ ਕਰਮਜੀਤ ਸਿੰਘ ਨੇ ਅਰਜ਼ੀ ਵਿੱਚ ਕਿਹਾ ਹੈ ਕਿ ਉਸ ਉੱਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਕਥਿਤ ਤੌਰ 'ਤੇ ਤਸ਼ੱਦਦ ਕੀਤਾ ਗਿਆ ਅਤੇ ਉਸ ਦੀ ਪਿੱਠ ਉੱਪਰ 'ਅੱਤਵਾਦੀ" ਸ਼ਬਦ ਲਿਖ ਦਿੱਤਾ ਗਿਆ ਹੈ।

ਤਸਵੀਰ ਸਰੋਤ, Sukhcharan Preet/BBC
ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਕਿਹਾ ਕਿ ਉਕਤ ਕੈਦੀ ਬਰਨਾਲਾ ਜੇਲ੍ਹ ਵਿੱਚ ਇੱਕ ਕਤਲ ਕੇਸ ਵਿੱਚ ਉਮਰ ਕੈਦ ਕੱਟ ਰਿਹਾ ਹੈ ਅਤੇ ਕਰਮਜੀਤ ਸਿੰਘ ਵਿਰੁੱਧ ਇਸ ਤੋਂ ਇਲਾਵਾ ਕਤਲ, ਇਰਾਦਾ ਕਤਲ ਅਤੇ ਐੱਨਡੀਪੀਸੀ ਐਕਟ ਤਹਿਤ 11 ਪਰਚੇ ਦਰਜ ਹਨ।
ਉਨ੍ਹਾਂ ਨੇ ਕਿਹਾ, “ਕਰਮਜੀਤ ਸਿੰਘ ਜੇਲ੍ਹ ਵਿੱਚ ਗੈਂਗ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ ਅਤੇ ਹੋਰ ਕੈਦੀਆਂ 'ਤੇ ਦਬਦਬਾ ਬਣਾ ਕੇ ਰੱਖਦਾ ਹੈ ਅਤੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ।”
ਉਨ੍ਹਾਂ ਮੁਤਾਬਕ ਅਜਿਹਾ ਕਰਨ ਤੋਂ ਉਸਨੂੰ ਵਰਜਿਆ ਗਿਆ ਜਿਸਦੀ ਰੰਜਿਸ਼ ਤਹਿਤ ਹੀ ਉਸ ਵਲੋਂ ਇਹ ਝੂਠੇ ਇਲਜਾਮ ਉਹਨਾਂ 'ਤੇ ਲਗਾਏ ਜਾ ਰਹੇ ਹਨ।
ਉਨ੍ਹਾਂ ਨੇ ਉਕਤ ਵਿਅਕਤੀ ਦੀ ਕਿਸੇ ਵੀ ਤਰਾਂ ਦੀ ਕੁੱਟ-ਮਾਰ ਕਰਨ ਤੋਂ ਇਨਕਾਰ ਕੀਤਾ ਹੈ।
ਉਹਨਾਂ ਕਿਹਾ ਕਿ “ਉਕਤ ਵਿਅਕਤੀ ਸੰਗਰੂਰ ਅਤੇ ਮਾਨਸਾ ਜੇਲ੍ਹ ਵਿੱਚ ਵੀ ਰਿਹਾ ਹੈ ਅਤੇ ਉਸਦਾ ਰਿਕਾਰਡ ਸਾਫ਼ ਨਹੀਂ ਹੈ।”
ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਉਕਤ ਕੈਦੀ ਸਬੰਧੀ ਉਹ ਸਭ ਸਬੂਤ ਅਦਾਲਤ ਵਿੱਚ ਪੇਸ਼ ਕਰਨਗੇ।

ਤਸਵੀਰ ਸਰੋਤ, Surinder maan/bbc
ਕਰਮਜੀਤ ਸਿੰਘ ਦੀ ਵਕੀਲ ਦਾ ਕੀ ਕਹਿਣਾ ਹੈ
ਕਰਮਜੀਤ ਸਿੰਘ ਦੀ ਵਕੀਲ ਬਲਬੀਰ ਕੌਰ ਨੇ ਦੱਸਿਆ ਕਿ ਕਰਮਜੀਤ ਸਿੰਘ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀ ਧਾਰਾ ਤਹਿਤ ਮਾਨਸਾ ਥਾਣੇ ਵਿੱਚ ਮਾਮਲਾ ਦਰਜ ਹੈ।
ਬਲਬੀਰ ਕੌਰ ਨੇ ਦੱਸਿਆ ਕਿ ਕਰਮਜੀਤ ਸਿੰਘ ਵੱਲੋਂ ਲਿਖੀ ਗਈ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਉਸ ਉੱਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਕਥਿਤ ਤੌਰ 'ਤੇ ਤਸ਼ੱਦਦ ਕੀਤਾ ਗਿਆ ਅਤੇ ਉਸ ਦੀ ਪਿੱਠ ਉੱਪਰ 'ਅੱਤਵਾਦੀ" ਸ਼ਬਦ ਲਿਖ ਦਿੱਤਾ ਗਿਆ ਹੈ।
"ਅਸਲ ਵਿੱਚ ਇਹ ਘਟਨਾ ਬਰਨਾਲਾ ਜੇਲ੍ਹ ਦੀ ਹੈ ਅਤੇ ਉਸ ਦਾ ਬਕੂਆ ਵੀ ਬਰਨਾਲਾ ਹੀ ਬਣਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਮਜੀਤ ਸਿੰਘ ਦਾ ਮਾਮਲਾ ਬਰਨਾਲਾ ਅਦਾਲਤ ਨੂੰ ਭੇਜਿਆ ਗਿਆ ਹੈ।"
ਮਾਨਸਾ ਦੇ ਸੀਜੇਐੱਮ ਦੀ ਅਦਾਲਤ ਨੇ ਇਸ ਮਾਮਲੇ ਨੂੰ ਡਿਊਟੀ ਮੈਜਿਸਟ੍ਰੇਟ ਬਰਨਾਲਾ ਨੂੰ ਤਬਦੀਲ ਕਰਦੇ ਹੋਏ ਸਬੰਧਤ ਵਿਅਕਤੀ ਦਾ ਮੈਡੀਕਲ ਕਰਵਾਉਣ ਲਈ ਕਿਹਾ ਹੈ।
ਵਕੀਲ ਬਲਵੀਰ ਕੌਰ ਨੇ ਕਿਹਾ ਕਿ ਕਰਮਜੀਤ ਸਿੰਘ ਵੱਲੋਂ ਲਗਾਏ ਗਏ ਦੋਸ਼ ਸੰਵੇਦਨਸ਼ੀਲ ਹਨ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਦਾਲਤ ਨੇ ਸਮੁੱਚੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਕਰਮਜੀਤ ਸਿੰਘ ਨੇ ਕਿਹਾ ਹੈ ਕਿ ਉਸ ਨੇ ਪੰਜਾਬ ਦੇ ਮੁੱਖ ਮੰਤਰੀ, ਏਡੀਜੀਪੀ ਜੇਲ੍ਹਾਂ ਅਤੇ ਹੋਰਨਾਂ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ।
ਰੰਧਾਵਾ ਨੇ ਦਿੱਤੇ ਜਾਂਚ ਦੇ ਹੁਕਮ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਰਨਾਲਾ ਜੇਲ੍ਹ ਦੇ ਕੈਦੀ ਨਾਲ ਵਾਪਰੀ ਘਟਨਾ ਦੀ ਡੂੰਘਾਈ ਤੱਕ ਪੜਤਾਲ ਲਈ ਜਾਂਚ ਦੇ ਆਦੇਸ਼ ਦਿੱਤੇ ਹਨ।
ਰੰਧਾਵਾ ਜਿਨ੍ਹਾਂ ਕੋਲ ਜੇਲ੍ਹ ਵਿਭਾਗ ਵੀ ਹੈ, ਨੇ ਏ.ਡੀ.ਜੀ.ਪੀ. (ਜੇਲ੍ਹਾਂ) ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਕੈਦੀ ਦਾ ਮੈਡੀਕਲ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ:
ਇਹ ਵੀ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













