ਗੁਰੂਗ੍ਰਾਮ ਵਿੱਚ ਜਨਤਕ ਥਾਵਾਂ ਤੋਂ ਨਮਾਜ਼ ਪੜ੍ਹਨ ਦੀਆਂ ਥਾਵਾਂ ਘਟਾਉਂਦਿਆਂ ਪ੍ਰਸ਼ਾਸਨ ਨੇ ਕੀ ਤਰਕ ਦਿੱਤਾ

ਗੁਰੂਗ੍ਰਾਮ ਵਿੱਚ ਹਰ ਸ਼ੁੱਕਰਵਾਰ ਨੂੰ ਖੁੱਲੇ ਅਕਾਸ਼ ਥੱਲੇ ਅਦਾ ਕੀਤੀ ਜਾਣ ਵਾਲੀ ਨਮਾਜ਼ ਲਈ ਰਾਖਵੀਆਂ 37 ਥਾਵਾਂ ਵਿੱਚੋਂ 8 ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਪ੍ਰਵਾਨਗੀ ਵਾਪਸ ਲੈ ਲਈ ਹੈ।

ਹਰ ਸ਼ੁੱਕਰਵਾਰ ਨੂੰ ਖੁੱਲ੍ਹੇ ਵਿੱਚ ਨਮਾਜ਼ ਪੜ੍ਹਨ ਲਈ ਹੋਏ ਵਿਵਾਦ ਤੋਂ ਬਾਅਦ ਸਾਲ 2018 ਵਿੱਚ 37 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਪਰ ਪਿਛਲੇ ਲਗਭਗ ਇੱਕ ਮਹੀਨੇ ਤੋਂ ਗੁਰੂਗ੍ਰਾਮ ਦੇ ਕਈ ਸੈਕਟਰਾਂ ਦੇ ਸਥਾਨਕ ਹਿੰਦੂ ਸੰਗਠਨ ਨਮਾਜ਼ ਪੜ੍ਹਨ ਦਾ ਵਿਰੋਧ ਕਰ ਰਹੇ ਸਨ।

ਮੰਗਲਵਾਰ ਨੂੰ ਗੁਰੂਗ੍ਰਾਮ ਪੁਲਿਸ ਅਤੇ ਪ੍ਰਸ਼ਾਸਨ ਨੇ ਬਿਆਨ ਜਾਰੀ ਕਰਦਿਆਂ 8 ਥਾਵਾਂ ਨੂੰ ਨਿਸ਼ਾਨਦੇਹ ਕੀਤੀਆਂ ਗਈਆਂ ਥਾਵਾਂ ਦੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਸੀ

ਇਸ ਫ਼ੈਸਲੇ ਦੀ ਵਜ੍ਹਾ ਸਥਾਨਕ ਨਿਵਾਸੀਆਂ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦਾ ਇਤਰਾਜ਼ ਦੱਸੀ ਗਈ ਹੈ।

ਇਹ ਵੀ ਪੜ੍ਹੋ:

ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇ ਹੋਰ ਥਾਵਾਂ ਤੋਂ ਵੀ ਅਜਿਹੇ ਇਤਰਾਜ਼ ਉੱਠੇ ਤਾਂ ਉੱਥੋਂ ਵੀ 'ਪ੍ਰਵਾਨਗੀ ਵਾਪਸ ਲੈ ਲਈ ਜਾਵੇਗੀ'।

ਗੁਰੂਗ੍ਰਾਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਨਤਕ ਅਤੇ ਖੁੱਲ੍ਹੀਆਂ ਥਾਵਾਂ 'ਤੇ ਨਮਾਜ਼ ਪੜ੍ਹਨ ਲਈ ਪ੍ਰਸ਼ਾਸਨ ਦੀ ਪ੍ਰਵਾਨਗੀ ਲੈਣਾ ਜ਼ਰੂਰੀ ਹੈ।

ਨਮਾਜ਼ ਪੜ੍ਹਨ ਲਈ ਜਿਹੜੀਆਂ ਅੱਠ ਥਾਵਾਂ ਤੋਂ ਪ੍ਰਵਾਨਗੀ ਵਾਪਸ ਲਈ ਗਈ ਹੈ, ਉਨ੍ਹਾਂ ਵਿੱਚ ਜਕਾਰੰਦਾ ਮਾਰਗ ਉੱਪਰ ਡੀਐੱਲਐਫ਼ ਸਕੁਏਰ ਟਾਵਰ ਦੇ ਨੇੜੇ, ਸੂਰਜ ਨਗਰ ਫੇਜ਼-1, ਡੀਐੱਲਐਫ਼ ਫੇਜ਼-3 ਦਾ ਬੀ ਬਲਾਕ, ਸੈਕਟਰ 49 ਦੀ ਬੰਗਾਲੀ ਬਸਤੀ ਸ਼ਾਮਲ ਹੈ।

ਇਸ ਤੋਂ ਇਲਾਵਾ ਗੁਰੂਗ੍ਰਾਮ ਦੇ ਬਾਹਰੀ ਇਲਾਕੇ ਜਿਵੇਂ ਕੇੜਕੀ ਮਾਜਰਾ, ਦੌਲਤਾਬਾਦ ਪਿੰਡ, ਸੈਕਟਰ-68 ਵਿੱਚ ਰਾਮਗੜ੍ਹ ਦੇ ਨੇੜੇ ਅਤੇ ਰਾਮਗੜ੍ਹ ਦੇ ਨਜ਼ੀਦਕ ਅਤੇ ਰਾਮਪੁਰ ਪਿੰਡ ਅਤੇ ਨਖਰੇਲਾ ਰੋਡ ਦੇ ਕੋਲ ਜਿਨ੍ਹਾਂ ਥਾਵਾਂ ਉੱਪਰ ਪਹਿਲਾਂ ਨਮਾਜ਼ ਪੜ੍ਹੀ ਜਾਂਦੀ ਸੀ ਉੱਥੇ ਹੁਣ ਨਮਾਜ਼ ਨਹੀਂ ਹੋਵੇਗੀ।

ਕਮੇਟੀ ਬਣਾਈ ਗਈ

ਅੰਗਰੇਜ਼ੀ ਅਖਬਾਰ 'ਦਿ ਇੰਡਿਅਨ ਐਕਸਪ੍ਰੈਸ' ਦੇ ਮੁਤਾਬਕ ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਯਸ਼ ਗਰਗ ਨੇ ਇੱਕ ਕਮੇਟੀ ਬਣਾਈ ਹੈ, ਜਿਸ ਵਿੱਚ ਐਸਡੀਐਮ, ਐਸਪੀ ਪੱਧਰ ਦੇ ਪੁਲਿਸ ਅਫਸਰ, ਹਿੰਦੂ ਅਤੇ ਮੁਸਲਿਮ ਸਮਾਜ ਦੇ ਲੋਕ ਅਤੇ ਸਮਾਜਿਕ ਸੰਗਠਨਾਂ ਦੇ ਲੋਕ ਸ਼ਾਮਲ ਹਨ।

ਇਹ ਕਮੇਟੀ ਅਜਿਹੀਆਂ ਥਾਵਾਂ ਦੀ ਸੂਚੀ ਤਿਆਰ ਕਰੇਗੀ, ਜਿੱਥੇ ਜੁਮੇ (ਸ਼ੁੱਕਰਵਾਰ) ਦੀ ਨਮਾਜ਼ ਪੜ੍ਹੀ ਜਾ ਸਕੇ।

ਯਸ਼ ਗਰਗ ਨੇ ਦੱਸਿਆ, ''ਪਿਛਲੇ ਦੋ ਦਿਨਾਂ ਵਿੱਚ ਮੈਂ ਦੋਵੇਂ ਸਮਾਜਾਂ ਦੇ ਪ੍ਰਤੀਨਿਧੀਆਂ ਨੂੰ ਮਿਲਿਆ ਹਾਂ। ਇੱਕ ਕਮੇਟੀ ਬਣਾਈ ਗਈ ਹੈ ਅਤੇ ਇਹ ਕਮੇਟੀ ਸਾਰੇ ਪੱਖਾਂ ਨਾਲ ਗੱਲ ਕਰਕੇ ਆਉਣ ਵਾਲੇ ਦਿਨਾਂ ਵਿੱਚ ਇੱਕ ਹੱਲ ਲੱਭਣ ਦੀ ਕੋਸ਼ਿਸ਼ ਕਰੇਗੀ।''

ਦੂਜੇ ਪਾਸੇ, ਪੁਲਿਸ ਨੇ ਆਪਣੇ ਜਾਰੀ ਕੀਤੇ ਬਿਆਨ ਵਿੱਚ ਲਿਖਿਆ ਹੈ, ''ਕਮੇਟੀ ਸੁਨਿਸ਼ਚਿਤ ਕਰੇਗੀ ਕਿ ਨਮਾਜ਼ ਸੜਕ, ਕ੍ਰਾਸਿੰਗ ਜਾਂ ਜਨਤਕ ਥਾਂ 'ਤੇ ਨਾ ਪੜ੍ਹੀ ਜਾਵੇ। ਨਮਾਜ਼ ਲਈ ਥਾਂ ਚੁਣਨ ਜਾਂ ਉਸਦੀ ਪਹਿਚਾਣ ਕਰਨ ਦਾ ਫੈਸਲਾ ਸਥਾਨਕ ਨਿਵਾਸੀਆਂ ਦੀ ਸਹਿਮਤੀ ਤੋਂ ਬਾਅਦ ਹੀ ਲਿਆ ਜਾਵੇਗਾ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਸਥਾਨਕ ਨਿਵਾਸੀਆਂ ਨੂੰ ਉਸ ਇਲਾਕੇ ਵਿੱਚ ਨਮਾਜ਼ ਪੜ੍ਹਨ ਨਾਲ ਕੋਈ ਪਰੇਸ਼ਾਨੀ ਨਾ ਹੋਵੇ।

ਪ੍ਰਸ਼ਾਸਨ ਇਹ ਯਕੀਨੀ ਬਣਾਵੇਗਾ ਕਿ ਫੈਸਲੇ ਨਾਲ ਆਮ ਜਨਤਾ ਨੂੰ ਕੋਈ ਦਿੱਕਤ ਨਾ ਆਵੇ ਅਤੇ ਕਾਨੂੰਨ-ਵਿਵਸਥਾ ਬਣੀ ਰਹੇ। ਨਮਾਜ਼ ਕਿਸੇ ਵੀ ਮਸਜਿਦ, ਈਦਗਾਹ, ਨਿੱਜੀ ਜਾਂ ਤੈਅ ਕੀਤੀ ਗਈ ਥਾਂ 'ਤੇ ਪੜ੍ਹੀ ਜਾ ਸਕਦੀ ਹੈ।''

ਇਹ ਵੀ ਪੜ੍ਹੋ:

ਲਗਾਤਾਰ ਹੁੰਦੇ ਵਿਰੋਧ ਪ੍ਰਦਰਸ਼ਨ

ਖੁੱਲ੍ਹੇ ਵਿੱਚ ਨਮਾਜ਼ ਪੜ੍ਹਨ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਗੁਰੂਗ੍ਰਾਮ ਦੇ ਕਈ ਇਲਾਕਿਆਂ ਵਿੱਚ ਸਥਾਨਕ ਨਿਵਾਸੀ ਅਤੇ ਹਿੰਦੂ ਸੰਗਠਨ ਨਾਲ ਜੁੜੇ ਲੋਕ (ਕਾਰਕੁਨ) ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਬੀਤੇ ਹਫਤੇ, ਗੁਰੂਗ੍ਰਾਮ ਦੇ ਸੈਕਟਰ 12-ਏ ਵਿੱਚ ਅਜਿਹੇ ਹੀ ਇੱਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ 28 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਅਜਿਹੇ ਹੀ ਹਫ਼ਤਾਵਾਰ ਪ੍ਰਦਰਸ਼ਨ ਸੈਕਟਰ 47 ਵਿੱਚ ਵੀ ਹੋ ਰਹੇ ਸਨ।

ਐਸਪੀ ਅਮਨ ਯਾਦਵ ਨੇ ਕਿਹਾ ਸੀ, ''ਸਥਾਨਕ ਨਿਵਾਸੀ ਸੈਕਟਰ 47 ਦੇ ਗਰਾਊਂਡ (ਮੈਦਾਨ) ਵਿੱਚ ਜੁਮੇ ਦੀ ਨਮਾਜ਼ ਦੇ ਖਿਲਾਫ ਲਗਾਤਾਰ ਚੌਥੇ ਹਫਤੇ ਪੂਜਾ ਕਰਦੇ ਹੋਏ ਵਿਰੋਧ ਪ੍ਰਧਰਸ਼ਨ ਕਰ ਰਹੇ ਸਨ। ਹੱਲ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ, ਜਿਸ ਵਿੱਚ ਨਮਾਜ਼ ਪੜ੍ਹਨ ਲਈ ਕੋਈ ਦੂਸਰੀ ਥਾਂ ਲੱਭਣਾ ਵੀ ਸ਼ਾਮਲ ਹੈ।''

ਸਾਲ 2018 ਵਿੱਚ ਹਿੰਦੂ ਅਤੇ ਸੁਮਲਿਮ ਭਾਈਚਾਰਿਆਂ ਵਿਚਕਾਰ ਖੁੱਲ੍ਹੇ ਵਿੱਚ ਨਮਾਜ਼ ਪੜ੍ਹਨ ਨੂੰ ਲੈ ਕੇ ਹੋਏ ਵਿਵਾਦ ਤੋਂ ਮਗਰੋਂ, ਪ੍ਰਸ਼ਾਸਨ ਨੇ ਗੱਲਬਾਤ ਤੋਂ ਬਾਅਦ 37 ਥਾਵਾਂ ਤੈਅ ਕੀਤੀਆਂ ਸਨ।

ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦਾ ਦਾਅਵਾ ਹੈ ਕਿ ਇਹ ''ਵਿਵਸਥਾ'' ਸਥਾਈ ਨਹੀਂ ਸੀ ਅਤੇ ਕੇਵਲ ਇੱਕ ਦਿਨ ਲਈ ਹੀ ਇਸ ਦੀ ਆਗਿਆ ਦਿੱਤੀ ਗਈ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)