You’re viewing a text-only version of this website that uses less data. View the main version of the website including all images and videos.
"ਸੋਇਆਬੀਨ ਕਾਰ": ਫੋਰਡ ਦੀ ਉਹ ਵਿਲੱਖਣ ਗਰੀਨ ਕਾਰ ਜੋ ਕਦੇ ਬਾਜ਼ਾਰ 'ਚ ਨਾ ਆ ਸਕੀ
- ਲੇਖਕ, ਰੇਡਾਸੀਓਨ
- ਰੋਲ, ਬੀਬੀਸੀ ਨਿਊਜ਼ ਵਰਲਡ
ਹੈਨਰੀ ਫੋਰਡ, ਉਹ ਵਿਅਕਤੀ ਸਨ ਜਿਨ੍ਹਾਂ ਨੇ ਪਹਿਲੀ ਵਾਰ ਵੱਡੇ ਪੈਮਾਨੇ 'ਤੇ ਫੋਰਡ ਟੀ ਕਾਰਾਂ ਦਾ ਉਤਪਾਦਨ ਕੀਤਾ ਤੇ ਹਮੇਸ਼ਾ ਲਈ ਆਪਣੇ ਨਾਂ ਨੂੰ ਇਤਿਹਾਸ ਵਿੱਚ ਅਮਰ ਕਰ ਦਿੱਤਾ।
ਫੋਰਡ ਦੁਆਰਾ ਸਥਾਪਤ ਕੀਤੀ ਗਈ ਅਸੈਂਬਲੀ ਲਾਈਨ ਨੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਆਟੋਮੋਬਾਈਲ ਦੇ ਬਾਜ਼ਾਰ ਵਿੱਚ ਇੱਕ ਕ੍ਰਾਂਤੀ ਲਿਆ ਦਿੱਤੀ ਸੀ।
ਹੁਣ ਸੌ ਸਾਲਾਂ ਬਾਅਦ, ਬਾਲਣ (ਈਂਧਨ) 'ਤੇ ਚੱਲ ਵਾਲੇ ਅਤੇ ਕਾਰਬਨ ਡਾਇਆਕਸਾਈਡ ਦਾ ਨਿਕਾਸ ਕਰਨ ਵਾਲੇ ਵਾਹਨਾਂ ਨੂੰ ਵਾਤਾਵਰਨ ਤਬਦੀਲੀ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕਿਉਂਕਿ ਕਾਰਬਨ ਡਾਇਆਕਸਾਈਡ ਉਹ ਪ੍ਰਮੁੱਖ ਗੈਸ ਹੈ ਜੋ ਗਲੋਬਲ ਵਾਰਮਿੰਗ ਦਾ ਕਾਰਨ ਬਣਦੀ ਹੈ।
ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਕਾਰਾਂ ਲਈ ਸਾਡੀ ਇਸ ਚਾਹਤ ਨੂੰ ਜਨਮ ਦੇਣ ਵਾਲਾ ਵਿਅਕਤੀ ਵਾਤਾਵਰਨ ਦੇ ਖੇਤਰ ਵਿੱਚ ਵੀ ਇੱਕ ਆਗੂ ਸੀ।
ਬਾਇਓਪਲਾਸਟਿਕ ਦੇ ਨਿਰਮਾਤਾ
ਫੋਰਡ ਉਹ ਵਿਅਕਤੀ ਸਨ, ਜਿਨ੍ਹਾਂ ਨੇ ਪਿਛਲੀ ਸਦੀ ਦੇ 30ਵੇਂ ਦਹਾਕੇ ਵਿੱਚ ਸਭ ਤੋਂ ਪਹਿਲਾਂ ਉਸ ਚੀਜ਼ ਦਾ ਨਿਰਮਾਣ ਅਤੇ ਵਰਤੋਂ ਕੀਤੀ ਸੀ, ਜਿਸ ਨੂੰ ਅਸੀਂ ਅੱਜ ਬਾਇਓ ਪਲਾਸਟਿਕ ਕਹਿੰਦੇ ਹਾਂ।
ਰਵਾਇਤੀ ਪਲਾਸਟਿਕ ਦੇ ਉਲਟ, ਇਹ ਪਲਾਸਟਿਕ ਪੌਦਿਆਂ ਅਤੇ ਹਾਈਡਰੋਕਾਰਬਨ ਤੋਂ ਬਣਦਾ ਹੈ ਅਤੇ ਬਾਇਓਡੀਗ੍ਰੇਡੇਬਲ (ਜੈਵਿਕ ਤੌਰ 'ਤੇ ਨਸ਼ਟ ਹੋਣ ਯੋਗ) ਹੁੰਦਾ ਹੈ।
ਫੋਰਡ ਨੇ ਨਾ ਸਿਰਫ ਈਕੋ-ਫ੍ਰੈਂਡਲੀ (ਵਾਤਾਵਰਨ ਦੇ ਅਨੁਕੂਲ) ਪਲਾਸਟਿਕ ਬਣਾਇਆ ਬਲਕਿ ਉਹ ਇਤਿਹਾਸ ਵਿੱਚ ਉਸ ਪਹਿਲੇ ਵਿਅਕਤੀ ਵਜੋਂ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਇਸ ਸਮੱਗਰੀ ਨਾਲ ਇੱਕ ਕਾਰ ਵੀ ਬਣਾਈ।
ਉਨ੍ਹਾਂ ਦੁਆਰਾ ਬਣਾਈ ਗਈ ਇਸ ਕਾਰ ਨੂੰ 'ਸੋਇਆਬੀਨ ਕਾਰ' (ਜਾਂ ਸੋਇਆਬੀਨ ਆਟੋ) ਕਿਹਾ ਗਿਆ। ਫੋਰਡ ਨੇ ਇਸ ਕਾਰ ਨੂੰ 1941 ਵਿੱਚ ਆਮ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀ।
ਉਨ੍ਹਾਂ ਦਾ ਦਾਅਵਾ ਸੀ ਕਿ ਇਹ ਪਲਾਸਟਿਕ ਸਟੀਲ ਨਾਲੋਂ ਦਸ ਗੁਣਾ ਜ਼ਿਆਦਾ ਮਜ਼ਬੂਤ ਸੀ।
ਫੋਰਡ ਨੂੰ ਇਸ ਪਲਾਸਟਿਕ ਦੀ ਗੁਣਵੱਤਾ ਤੇ ਇੰਨਾ ਯਕੀਨ ਸੀ ਕਿ ਉਨ੍ਹਾਂ ਨੇ ਇੱਕ ਕੁਹਾੜੀ ਨਾਲ ਸਮੱਗਰੀ ਦੇ ਹਰੇਕ ਪੈਨਲ ਤੇ ਵਾਰ ਕੀਤਾ ਅਤੇ ਦਿਖਾਇਆ ਕਿ ਕੇਵਲ ਧਾਤ ਵਾਲੇ ਹਿੱਸਿਆਂ ਨੂੰ ਹੀ ਇਸ ਸੱਟ ਨਾਲ ਨੁਕਸਾਨ ਪਹੁੰਚਿਆ ਸੀ।
ਹਾਲਾਂਕਿ, ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ, "ਹਜ਼ਾਰਾਂ ਸਮਾਨ ਅਤੇ ਆਟੋ ਪਾਰਟਸ ਜੋ ਧਾਤ ਦੇ ਬਣਾਏ ਜਾਂਦੇ ਹਨ, ਉਹ ਖੇਤਾਂ ਵਿੱਚ ਉਗਾਈ ਗਈ ਸਮੱਗਰੀ ਤੋਂ ਬਣਾਏ ਗਏ ਪਲਾਸਟਿਕ ਦੇ ਬਣਾਏ ਜਾਣਗੇ", ਪਰ ਇਸ ਦੇ ਬਾਵਜੂਦ ਉਹ ਆਪ ਕਦੇ ਅਜਿਹਾ ਨਹੀਂ ਕਰ ਸਕੇ।
ਇੱਥੋਂ ਤੱਕ ਕਿ ਉਨ੍ਹਾਂ ਦੀ ਸੋਇਆਬੀਨ ਕਾਰ ਕਦੇ ਵੀ ਬਾਜ਼ਾਰ ਵਿੱਚ ਨਹੀਂ ਆਈ ਅਤੇ ਉਸ ਦਾ ਇੱਕੋ-ਇੱਕ ਮਾਡਲ ਵੀ ਨਸ਼ਟ ਕਰ ਦਿੱਤਾ ਗਿਆ ਸੀ। ਉਸ ਦੀ ਕੋਈ ਨਕਲ ਵੀ ਮੌਜੂਦ ਨਹੀਂ ਹੈ।
ਬੀਬੀਸੀ ਮੁੰਡੋ ਤੇ ਛਪੇ ਇਸ ਲੇਖ ਦੁਆਰਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ''ਗ੍ਰੀਨ'' ਪ੍ਰੋਜੈਕਟ ਦੇ ਪਿੱਛੇ ਦੀ ਕਹਾਣੀ - ਇੱਕ ਅਜਿਹਾ ਪ੍ਰੋਜੈਕਟ ਜੋ ਸਾਡੇ ਗ੍ਰਹਿ 'ਤੇ ਸਭ ਤੋਂ ਵੱਧ ਪ੍ਰਦੂਸ਼ਿਤ ਉਦਯੋਗਾਂ ਵਿੱਚੋਂ ਇੱਕ ਵਿੱਚ ਜ਼ਬਰਦਸਤ ਕ੍ਰਾਂਤੀ ਲਿਆ ਸਕਦਾ ਸੀ।
ਕਿਸਾਨ ਅਤੇ ਉਦਯੋਗਪਤੀ
ਬੈਨਸਨ ਫੋਰਡ ਰਿਸਰਚ ਸੈਂਟਰ, ਹੈਨਰੀ ਫੋਰਡ ਦੇ ਕੰਮ ਨੂੰ ਸੁਰੱਖਿਅਤ ਰੱਖਣ ਅਤੇ ਪ੍ਰਚਾਰਿਤ ਕਰਨ ਲਈ ਸਮਰਪਿਤ ਹੈ।
ਇਸ ਦੇ ਅਨੁਸਾਰ ਮਸ਼ਹੂਰ ਕਾਰੋਬਾਰੀ ਫੋਰਡ, ਮਿਸ਼ੀਗਨ ਦੇ ਇੱਕ ਖੇਤ ਵਿੱਚ ਰਹਿੰਦੀਆਂ ਹੋਇਆਂ ਵੱਡੇ ਹੋਏ ਅਤੇ ਆਪਣੀ ਸਾਰੀ ਜ਼ਿੰਦਗੀ ਅਜਿਹੇ ਤਰੀਕੇ ਦੀ ਭਾਲ ਕਰਦੇ ਰਹੇ ਜਿਸ ਨਾਲ ਉਹ "ਖੇਤੀਬਾੜੀ ਨਾਲ ਉਦਯੋਗ" ਨੂੰ ਜੋੜ ਸਕਣ।
ਫੋਰਡ ਨੇ ਪ੍ਰਯੋਗਸ਼ਾਲਾਵਾਂ (ਲੈਬੋਰੇਟਰੀਆਂ) ਬਣਾਈਆਂ ਜੋ ਅਜਿਹੇ ਤਰੀਕੇ ਲੱਭਣ ਲਈ ਕੰਮ ਕਰਦੀਆਂ ਸਨ ਜਿਨ੍ਹਾਂ ਨਾਲ ਸੋਇਆਬੀਨ, ਮੱਕੀ, ਕਣਕ ਅਤੇ ਹੈਂਪ (ਭੰਗ) ਵਰਗੇ ਪੌਦਿਆਂ ਨੂੰ ਉਦਯੋਗ ਵਿੱਚ ਵਰਤਿਆ ਜਾ ਸਕੇ।
ਇਹ ਵੀ ਪੜ੍ਹੋ-
ਰਿਸਰਚ ਸੈਂਟਰ ਇਸ ਗੱਲ 'ਤੇ ਵੀ ਧਿਆਨ ਦਿਵਾਉਂਦਾ ਹੈ ਕਿ ਪੌਦਿਆਂ ਤੋਂ ਬਣੀ ਪਲਾਸਟਿਕ-ਅਧਾਰਿਤ ਕਾਰ ਬਣਾਉਣ ਦੇ ਵਿਚਾਰ ਨੇ ਨਾ ਸਿਰਫ ਫੋਰਡ ਦੇ ਖੇਤੀ ਤੇ ਉਦਯੋਗ ਨੂੰ ਮਿਲਾਉਣ ਦੇ ਉਦੇਸ਼ ਨੂੰ ਪੂਰਾ ਕੀਤਾ, ਬਲਕਿ ਇਸ ਦੇ ਹੋਰ ਫਾਇਦੇ ਵੀ ਸਨ।
ਜਿਵੇਂ ਕਿ ਫੋਰਡ ਦਾ ਮੰਨਣਾ ਸੀ, "ਪਲਾਸਟਿਕ ਦੇ ਪੈਨਲ ਕਾਰ ਨੂੰ ਰਵਾਇਤੀ ਸਟੀਲ ਵਾਲੀਆਂ ਕਾਰਾਂ ਨਾਲੋਂ ਵਧੇਰੇ ਸੁਰੱਖਿਅਤ ਬਣਾਉਂਦੇ ਸਨ ਅਤੇ ਇਹ ਕਾਰ ਪਲਟੇ ਜਾਣ ਦੀ ਸਥਿਤੀ ਵਿੱਚ ਕੁਚਲੀ ਵੀ ਨਹੀਂ ਜਾਂਦੀ ਸੀ।"
ਪਰ ਇਸ ਦੇ ਨਾਲ ਹੀ ਇੱਕ ਵਿਹਾਰਕ ਤੱਥ ਵੀ ਸੀ ਕਿ 1939 ਵਿੱਚ ਯੂਰਪ ਵਿੱਚ ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੇ ਨਾਲ, ਦੁਨੀਆ ਭਰ ਵਿੱਚ (ਮੈਟਲ) "ਧਾਤੂ ਦੀ ਘਾਟ" ਹੋ ਗਈ ਸੀ।
ਅਗਸਤ 1941 ਵਿੱਚ ਆਪਣੀ "ਪਲਾਸਟਿਕ ਦੀ ਬਣੀ ਕਾਰ" ਨੂੰ ਪੇਸ਼ ਕਰਨ ਦੌਰਾਨ, ਦਿ ਨਿਊਯਾਰਕ ਟਾਈਮਜ਼ ਨਾਲ ਇੱਕ ਇੰਟਰਵਿਊ ਵਿੱਚ ਫੋਰਡ ਨੇ ਅੰਦਾਜ਼ਾ ਲਗਾਉਂਦਿਆਂ ਕਿਹਾ ਸੀ ਕਿ ਆਟੋਮੋਬਾਈਲ (ਆਮ ਤੌਰ 'ਤੇ ਸਵਾਰੀਆਂ ਲਈ ਇੱਕ ਚਾਰ ਪਹੀਆਂ ਵਾਲਾ ਵਾਹਨ) ਬਣਾਉਣ ਲਈ ਸਟੀਲ ਦੀ ਬਜਾਏ ਇਸ ਨਵੀਂ ਸਮੱਗਰੀ ਦੀ ਵਰਤੋਂ ਕਰਨ ਨਾਲ ਅਮਰੀਕਾ ਵਿੱਚ ਪਲਾਸਟਿਕ ਦੀ ਵਰਤੋਂ 10% ਤੱਕ ਘੱਟ ਜਾਵੇਗੀ।
ਉਨ੍ਹਾਂ ਨੇ ਅਖਬਾਰ ਨੂੰ ਕਿਹਾ ਸੀ, "ਪਲਾਸਟਿਕ ਦੇ ਕੱਚੇ ਮਾਲ ਦੀ ਕੀਮਤ ਥੋੜੀ ਜ਼ਿਆਦਾ ਹੋ ਸਕਦੀ ਹੈ, ਪਰ ਅਸੀਂ ਘੱਟ ਨਿਰਮਾਣ ਕਾਰਜਾਂ ਦੇ ਨਤੀਜੇ ਵਜੋਂ ਕਾਫ਼ੀ ਬਚਤ ਦੀ ਉਮੀਦ ਕਰਦੇ ਹਾਂ।''
'ਆਟੋ ਡੀ ਸੋਇਆ' ਬਾਰੇ ਕੀ ਜਾਣਕਾਰੀ ਮੌਜੂਦ ਹੈ
ਬੈਨਸਨ ਫੋਰਡ ਰਿਸਰਚ ਸੈਂਟਰ, ਆਪ ਵੀ ਮੰਨਦਾ ਹੈ ਕਿ ਇਸ ਖੋਜ ਬਾਰੇ ਬਹੁਤ ਘੱਟ ਜਾਣਕਾਰੀ ਸੁਰੱਖਿਅਤ ਕੀਤੀ ਗਈ ਸੀ, ਤੇ ਇਸ ਦੇ ਬਾਵਜੂਦ ਵੀ ਇਹ ਬਹੁਤ ਸਾਰੇ ਲੋਕਾਂ ਵਿੱਚ ਦਿਲਚਸਪੀ ਪੈਦਾ ਕਰਦੀ ਰਹਿੰਦੀ ਹੈ, ਖਾਸ ਕਰਕੇ ਹੁਣ ਜਦੋਂ ਵਾਤਾਵਰਣ ਦੇ ਮੁੱਦਿਆਂ 'ਤੇ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ।
ਇੱਕ ਸਭ ਤੋਂ ਵੱਡਾ ਰਹੱਸ ਇਹ ਹੈ ਕਿ ਆਖਿਰ ਉਹ ਕਾਰ ਬਣੀ ਕਿਸ ਚੀਜ਼ ਦੀ ਸੀ।
ਸੈਂਟਰ ਦਾ ਕਹਿਣਾ ਹੈ, "ਪਲਾਸਟਿਕ ਪੈਨਲਾਂ ਦੀ ਸਹੀ ਸਮੱਗਰੀ ਦੀ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਇਸ ਸਮੇਂ ਉਸ ਦੇ ਫਾਰਮੂਲੇ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ।''
ਨਿਊਯਾਰਕ ਟਾਈਮਜ਼ ਦਾ ਲੇਖ ਕਹਿੰਦਾ ਹੈ, "ਫੋਰਡ ਕੈਮਿਸਟਾਂ ਦੁਆਰਾ ਵਿਕਸਿਤ ਕੀਤੇ ਗਏ ਇੱਕ ਪਲਾਸਟਿਕ ਵਿੱਚ 70% ਸੈਲੂਲੋਜ਼ ਫਾਈਬਰ ਅਤੇ 30% ਰੇਸਿਨ ਬਾਈਂਡਰ ਸੀ।''
ਆਰਟੀਕਲ ਅਨੁਸਾਰ, "ਸੈਲੂਲੋਜ਼ ਫਾਈਬਰ ਵਿੱਚ 50% ਦੱਖਣੀ ਕੱਟੇ ਹੋਏ ਪਾਈਨ (ਦਿਓਦਾਰ) ਫਾਈਬਰਜ਼, 30% ਤੂੜੀ, 10% ਭੰਗ ਅਤੇ 10% ਰੈਮੀ (ਇੱਕ ਪ੍ਰਕਾਰ ਦਾ ਪੌਦਾ) ਸੀ - ਇੱਕ ਅਜਿਹੀ ਸਮੱਗਰੀ ਜਿਸਦਾ ਪ੍ਰਯੋਗ ਪ੍ਰਾਚੀਨ ਮਿਸਰ ਦੇ ਲੋਕਾਂ ਦੁਆਰਾ ਮਮੀਜ਼ ਲਈ ਕੀਤਾ ਜਾਂਦਾ ਸੀ।
ਹਾਲਾਂਕਿ ਇਸ ਕਾਰ ਨੂੰ ਬਣਾਉਣ ਵਾਲੀ ਟੀਮ ਦੇ ਇੰਚਾਰਜ, ਲੋਵੇਲ ਈ ਓਵਰਲੀ ਨੇ ਇੱਕ ਵੱਖਰੀ ਜਾਣਕਾਰੀ ਦਿੱਤੀ ਸੀ।
ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਇਹ ਪਲਾਸਟਿਕ "ਇੰਮਪ੍ਰੇਗਨੇਸ਼ਨ ਵਿੱਚ ਵਰਤੇ ਜਾਣ ਵਾਲੇ ਫਾਰਮਾਲਡੀਹਾਈਡ ਅਤੇ ਫੀਨੋਲਿਕ ਰੇਸਿਨ ਵਿੱਚ ਸੋਇਆ ਫਾਈਬਰ" ਤੋਂ ਬਣਾਇਆ ਗਿਆ ਸੀ।
ਬਹੁਤ ਹਲਕੀ ਕਾਰ
ਇਸ ਬਾਰੇ ਕੁਝ ਜਾਣਕਾਰੀ ਮੌਜੂਦ ਹੈ ਕਿ ਸੋਇਆਬੀਨ ਕਾਰ ਨੂੰ ਕਿਵੇਂ ਡਿਜ਼ਾਈਨ ਅਤੇ ਅਸੈਂਬਲ ਕੀਤਾ ਗਿਆ ਸੀ।
ਫੋਰਡ ਨੇ ਇਹ ਕੰਮ ਓਵਰਲੇ ਨੂੰ ਸੌਂਪਿਆ ਸੀ ਜੋ ਕਿ ਸੋਇਆਬੀਨ ਲੈਬੋਰੇਟਰੀ ਵਿੱਚ ਟੂਲ ਅਤੇ ਡਾਈ ਡਿਜ਼ਾਈਨਰ ਸਨ।
ਓਵਰਲੇ ਦੇ ਸੁਪਰਵਾਈਜ਼ਰ, ਰੋਬਰਟ ਏ ਬੋਇਰ ਇੱਕ ਕੈਮਿਸਟ ਸਨ ਅਤੇ ਉਹ ਵੀ ਇਸ ਪ੍ਰੋਜੈਕਟ ਵਿੱਚ ਮਦਦ ਕਰ ਰਹੇ ਸਨ।
ਉਸ ਕਾਰ ਦਾ ਫਰੇਮ (ਢਾਂਚਾ) ਟੂਬੂਲਰ ਸਟੀਲ ਦਾ ਬਣਿਆ ਹੋਇਆ ਸੀ, ਜਿਸ ਨਾਲ ਪਲਾਸਟਿਕ ਦੇ 14 ਪੈਨਲ ਜੁੜੇ ਹੋਏ ਸਨ।
ਪਲਾਸਟਿਕ ਦਾ ਇੱਕ ਹੋਰ ਵੱਡਾ ਫਾਇਦਾ ਇਹ ਸੀ ਕਿ ਇਸ ਨਾਲ ਕਾਰ ਦਾ ਵਜ਼ਨ ਬਹੁਤ ਹਲਕਾ ਹੋ ਗਿਆ ਸੀ ਜੋ ਇਸਨੂੰ ਝਟਕਿਆਂ ਨੂੰ ਝੱਲਣ ਲਈ ਜ਼ਿਆਦਾ ਮਜ਼ਬੂਤੀ ਪ੍ਰਦਾਨ ਕਰਦਾ ਸੀ।
ਇਸ ਸੋਇਆ ਕਾਰ ਦਾ ਵਜ਼ਨ ਸਿਰਫ 2,000 ਪਾਉਂਡ (907 ਕਿੱਲੋ) ਸੀ ਜੋ ਕਿ ਆਮ ਕਾਰਾਂ ਤੋਂ 1.000 ਪਾਉਂਡ (450 ਕਿੱਲੋ) ਘੱਟ ਸੀ।
ਜਦੋਂ 13 ਅਗਸਤ 1941 ਨੂੰ ਫੋਰਡ ਨੇ ਆਪਣੀ ਕਾਰ ਨੂੰ ਮਿਸ਼ੀਗਨ ਦੇ ਇੱਕ ਕਮਿਊਨਿਟੀ ਤਿਉਹਾਰ, ਡਿਅਰਬੋਰਨ ਡੇਜ਼ ਵਿੱਚ ਪੇਸ਼ ਕੀਤਾ ਤਾਂ ਉਨ੍ਹਾਂ ਨੇ ਇਸਦੇ ਹਲਕੇ ਹੋਣ ਬਾਰੇ ਵੀ ਦੱਸਿਆ।
ਬਾਅਦ ਵਿੱਚ ਉਸੇ ਸਾਲ ਇਸ ਕਾਰ ਨੂੰ ਮਿਸ਼ੀਗਨ ਫੇਅਰਗ੍ਰਾਊਂਡਜ਼ ਵਿੱਚ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ।
ਪਰ ਇਸ ਬੇਹਤਰੀਨ ਖੋਜ ਅਤੇ ਭਵਿੱਖ ਵਿੱਚ ਪੌਦਿਆਂ ਨਾਲ ਤਿਆਰ ਹੋਣ ਵਾਲੀ ਪਲਾਸਟਿਕ 'ਤੇ ਫੋਰਡ ਦਾ ਪੂਰਾ ਭਰੋਸਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਇਹ ਪ੍ਰੋਜੈਕਟ ਅੱਗੇ ਨਹੀਂ ਵਧ ਸਕਿਆ।
ਓਵਰਲੇ ਦੇ ਅਨੁਸਾਰ, ਤਿਆਰ ਕੀਤੀ ਗਈ ਇੱਕੋ-ਇੱਕ ਕਾਰ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਇੱਕ ਦੂਜੀ ਯੂਨਿਟ ਦੀ ਤਿਆਰੀ ਵੀ ਰੋਕ ਦਿੱਤੀ ਗਈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਅਮਰੀਕਾ ਦੇ ਦੂਜੇ ਵਿਸ਼ਵ ਯੁੱਧ ਵਿੱਚ ਸ਼ਾਮਲ ਹੋਣ ਨਾਲ ਫੋਰਡ ਦਾ ਇਹ ਪ੍ਰੋਜੈਕਟ ਬੰਦ ਹੋ ਗਿਆ ਅਤੇ ਨਾਲ ਹੀ ਅਤੇ ਯੂਨਾਈਟੇਡ ਨੇਸ਼ਨ ਵਿੱਚ ਹੋਰ ਕਾਰਾਂ ਦਾ ਉਤਪਾਦਨ ਵੀ ਰੁਕ ਗਿਆ।
ਦਸੰਬਰ 1941 ਤੱਕ ਪਰਲ ਹਾਰਬਰ 'ਤੇ ਹੋਏ ਹਮਲੇ ਤੱਕ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ।
ਬੈਨਸਨ ਫੋਰਡ ਰਿਸਰਚ ਸੈਂਟਰ ਦੇ ਅਨੁਸਾਰ, ''ਯੁੱਧ ਦੇ ਅੰਤ ਤੱਕ, ਪਲਾਸਟਿਕ ਕਾਰ ਦਾ ਇਹ ਵਿਚਾਰ ਕਿਤੇ ਗੁਆਚ ਚੁੱਕਿਆ ਸੀ ਕਿਉਂਕਿ ਸਾਰਾ ਧਿਆਨ ਦੇਸ਼ ਦੀ ਸਥਿਤੀ ਨੂੰ ਸੰਭਾਲਣ ਵੱਲ ਹੋ ਗਿਆ ਸੀ।''
ਕੁਝ ਹੋਰ ਲੋਕਾਂ ਦਾ ਮੰਨਣਾ ਹੈ ਕਿ ਪੌਦਿਆਂ ਤੋਂ ਤਿਆਰ ਹੋਣ ਵਾਲੀ ਪਲਾਸਟਿਕ ਵਿੱਚ ਰੁਚੀ ਨਾ ਹੋਣਾ ਪੂਰੀ ਤਰ੍ਹਾਂ ਆਰਥਿਕ ਤੱਤਾਂ 'ਤੇ ਨਿਰਭਰ ਸੀ ਕਿਉਂਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਤੇਲ ਬਹੁਤ ਸਸਤਾ ਹੋ ਗਿਆ ਸੀ।
ਕਾਰਨ ਚਾਹੇ ਜੋ ਵੀ ਰਹੇ ਹੋਣ, ਪਰ ਫੋਰਡ ਦੀ ਸੋਇਆਬੀਨ ਕਾਰ ਹੁਣ ਕੇਵਲ ਯਾਦਾਂ ਵਿੱਚ ਹੀ ਰਹਿ ਗਈ ਹੈ ਜੋ ਅੱਜ ਵੀ ਲੋਕਾਂ ਵਿੱਚ ਇਸ ਬਾਰੇ ਜਾਣਨ ਲਈ ਦਿਲਚਸਪੀ ਪੈਦਾ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: