ਮੰਗਲਸੂਤਰ ਜਾਂ ਕਰਵਾਚੌਥ ਦੀਆਂ ਮਸ਼ਹੂਰੀਆਂ - ਮਾਰਕੀਟਿੰਗ ਲਈ ਔਰਤਾਂ ਦਾ ਇਸਤੇਮਾਲ ਤਾਂ ਨਹੀਂ

    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਕੁਝ ਦਿਨਾਂ 'ਚ ਦੋ ਕੰਪਨੀਆਂ ਨੇ ਆਲੋਚਨਾ ਤੋਂ ਬਾਅਦ ਆਪਣੇ ਇਸ਼ਤਿਹਾਰ ਵਾਪਸ ਲੈ ਲਏ ਹਨ।

ਫੈਸ਼ਨ ਬ੍ਰਾਂਡ ਸਬਿਆਸਾਚੀ ਦੀ 'ਮੰਗਲਸੂਤਰ' ਦੀ ਮਸ਼ਹੂਰੀ ਜਿਸ ਵਿੱਚ ਔਰਤਾਂ ਨੂੰ ਉਨ੍ਹਾਂ ਦੇ ਸਾਥੀਆਂ ਨਾਲ ਕਰੀਬੀ ਪਲਾਂ ਵਿੱਚ ਦਿਖਾਇਆ ਗਿਆ ਸੀ ਅਤੇ ਡਾਬਰ ਵੱਲੋਂ ਕਰਵਾਚੌਥ ਦੇ ਆਲੇ-ਦੁਆਲੇ 'ਬਲੀਚ ਕ੍ਰੀਮ' ਦਾ ਇਸ਼ਤਿਹਾਰ ਜਿਸ ਵਿੱਚ ਪਤੀ-ਪਤਨੀ ਦੀ ਬਜਾਏ ਦੋ ਔਰਤਾਂ ਨੂੰ ਇੱਕ-ਦੂਜੇ ਲਈ ਵਰਤ ਰੱਖਦੇ ਅਤੇ ਚੰਦ ਚੜ੍ਹਨ 'ਤੇ ਇਕੱਠੇ ਵਰਤ ਖੋਲਦੇ ਹੋਏ ਦਿਖਾਇਆ ਗਿਆ ਸੀ।

ਇੱਕ ਵਰਗ ਨੇ ਇਨ੍ਹਾਂ ਇਸ਼ਤਿਹਾਰਾਂ ਨੂੰ ਹਿੰਦੂ ਮਾਨਤਾਵਾਂ ਅਤੇ ਪਰੰਪਰਾਵਾਂ 'ਤੇ ਹਮਲਾ ਕਰਾਰ ਦਿੱਤਾ, ਜਦੋਂਕਿ ਦੂਜੇ ਪਾਸੇ 'ਮੰਗਲਸੂਤਰ' ਦੇ ਇਸ਼ਤਿਹਾਰ ਵਿੱਚ ਵਿਆਹੁਤਾ ਔਰਤ ਦੀ 'ਸੈਕਸ਼ੁਐਲਿਟੀ' ਨੂੰ ਖੁੱਲ੍ਹ ਕੇ ਸਾਹਮਣੇ ਲਿਆਉਣ ਅਤੇ ਕਰਵਾਚੌਥ ਦੇ ਇਸ਼ਤਿਹਾਰ ਵਿੱਚ ਸਮਲਿੰਗੀ ਸਬੰਧਾਂ ਨੂੰ ਦਰਸਾਉਣ ਲਈ ਸ਼ਲਾਘਾ ਕੀਤੀ ਗਈ।

ਦੋਵੇਂ ਇਸ਼ਤਿਹਾਰ ਰਵਾਇਤੀ ਰਿਵਾਜ਼ ਨੂੰ ਨਵੇਂ ਤਰੀਕੇ ਨਾਲ ਪੇਸ਼ ਕਰਦੇ ਹਨ। ਸਬਿਆਸਾਚੀ ਨੇ ਆਪਣੇ ਬਿਆਨ 'ਚ ਇਸ਼ਤਿਹਾਰ ਬਣਾਉਣ ਪਿੱਛੇ 'ਸਸ਼ਕਤੀਕਰਨ' ਦੀ ਭਾਵਨਾ ਦਾ ਵੀ ਜ਼ਿਕਰ ਕੀਤਾ ਹੈ।

ਪਰ ਕਈ ਔਰਤਾਂ ਇਸ ਨਾਲ ਸਹਿਮਤ ਨਹੀਂ ਹਨ। ਉਹ ਮੰਗਲਸੂਤਰ ਪਾਉਣਾ, ਸੰਦੂਰ ਲਾਉਣ ਅਤੇ ਕਰਵਾਚੌਥ ਦਾ ਵਰਤ ਰੱਖਣ ਵਰਗੇ ਰੀਤੀ-ਰਿਵਾਜ਼ਾਂ ਦੀ ਪਾਲਣਾ ਕਰਨਾ ਪਸੰਦ ਨਹੀਂ ਕਰਦੀਆਂ ਕਿਉਂਕਿ ਉਨ੍ਹਾਂ ਮੁਤਾਬਕ ਇਹ ਵਿਆਹ ਵਿੱਚ ਔਰਤਾਂ ਦੇ ਗੈਰ-ਬਰਾਬਰੀ ਦੇ ਦਰਜੇ ਨੂੰ ਬਣਾਈ ਰੱਖਣ ਵਿੱਚ ਯੋਗਦਾਨ ਦਿੰਦੀ ਹੈ।

ਇਹ ਵੀ ਪੜ੍ਹੋ:

ਮਰਦਾਂ ਨੂੰ ਵਿਆਹੁਤਾ ਹੋਣ ਨੂੰ ਦਰਸਾਉਣ ਵਾਲਾ ਕੋਈ ਗਹਿਣਾ ਪਹਿਨਣ ਦੀ ਲੋੜ ਨਹੀਂ ਹੁੰਦੀ, ਨਾ ਹੀ ਉਨ੍ਹਾਂ ਤੋਂ ਪਤਨੀ ਦੀ ਲੰਬੀ ਉਮਰ ਲਈ ਵਰਤ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ।

ਉਨ੍ਹਾਂ ਨੂੰ ਵਿਆਹ ਤੋਂ ਬਾਅਦ ਆਪਣਾ ਨਾਂ ਜਾਂ ਉਪਨਾਮ ਵੀ ਨਹੀਂ ਬਦਲਣਾ ਪੈਂਦਾ ਅਤੇ ਨਾ ਹੀ ਉਨ੍ਹਾਂ ਨੂੰ ਆਪਣਾ ਪਰਿਵਾਰ ਛੱਡ ਕੇ ਪਤਨੀ ਦੇ ਘਰ ਰਹਿਣ ਦੀ ਰਵਾਇਤ ਦੀ ਪਾਲਣਾ ਕਰਨੀ ਪੈਂਦੀ ਹੈ।

ਔਰਤਾਂ ਉੱਤੇ ਮਰਦਾਂ ਦੇ ਅਧਿਕਾਰ

ਮੰਗਲਸੂਤਰ ਪਹਿਨਣਾ ਜਾਂ ਕਰਵਾਚੌਥ ਦਾ ਵਰਤ ਰੱਖਣਾ ਆਪਣੇ ਆਪ ਵਿੱਚ ਕੋਈ ਵੱਡੀ ਗੱਲ ਨਹੀਂ ਜਾਪਦਾ ਪਰ ਇਸ ਦੇ ਅਰਥ ਡੂੰਘੇ ਹਨ।

ਡਾਬਰ ਦੇ ਇਸ਼ਤਿਹਾਰ ਵਿੱਚ ਸਮਲਿੰਗੀ ਸਬੰਧਾਂ ਨੂੰ ਦਿਖਾਇਆ ਗਿਆ ਸੀ ਪਰ ਉਸ ਨੂੰ ਕਰਵਾਚੌਥ ਦਾ ਵਰਤ ਰੱਖਣ ਦੇ ਸੰਦਰਭ ਵਿੱਚ ਰੱਖਿਆ ਗਿਆ ਸੀ।

ਲੇਖਕ ਅਤੇ ਫ਼ਿਲਮ ਨਿਰਮਾਤਾ ਪਰੋਮਿਤਾ ਵੋਹਰਾ ਨੇ ਇਸ ਨੂੰ ਸਮਲਿੰਗਤਾ ਦੇ ਨਾਂ 'ਤੇ 'ਪਿੰਕ-ਵਾਸ਼ਿੰਗ' ਯਾਨਿ ਕਿ ਸਮਲਿੰਗੀ ਦੇ ਨਾਂ 'ਤੇ ਕੀਤੀ ਜਾਣ ਵਾਲੀ ਮਾਰਕੀਟਿੰਗ ਕਿਹਾ ਹੈ।

ਉਨ੍ਹਾਂ ਨੇ ਆਪਣੇ ਲੇਖ ਵਿੱਚ ਕਿਹਾ ਕਿ ਵਿਆਹ ਨਾਲ ਜੁੜੇ ਉਤਰਾਧਿਕਾਰ, ਜਾਤ-ਪਾਤ ਅਤੇ ਬਰਾਬਰੀ ਦੇ ਮੁੱਦਿਆਂ 'ਤੇ ਕੰਮ ਕਰਨ ਦੀ ਬਜਾਏ ਸਮਾਜ ਨਵੇਂ-ਨਵੇਂ ਰਿਸ਼ਤਿਆਂ ਨੂੰ ਵਿਆਹ ਦੇ ਘੇਰੇ ਵਿੱਚ ਲਿਆਉਂਦਾ ਰਹਿੰਦਾ ਹੈ।

ਭਾਰਤ ਵਿੱਚ ਸਮਲਿੰਗੀ ਰਿਸ਼ਤੇ ਗੈਰ-ਕਾਨੂੰਨੀ ਨਹੀਂ ਹਨ ਪਰ ਸਮਲਿੰਗੀ ਵਿਆਹ ਨੂੰ ਅਜੇ ਕਾਨੂੰਨੀ ਮਾਨਤਾ ਨਹੀਂ ਮਿਲੀ ਹੈ।

ਪੇਂਡੂ ਅਤੇ ਪਛੜੇ ਭਾਈਚਾਰਿਆਂ ਨਾਲ ਕੰਮ ਕਰਨ ਅਤੇ ਉਨ੍ਹਾਂ ਦੇ ਤਜੁਰਬਿਆਂ ਵਿੱਚ ਉਨ੍ਹਾਂ ਦੀ ਮਦਦ ਕਰਨ ਵਾਲੀ ਲੇਖਿਕਾ ਮਧੁਰਾ ਚੱਕਰਵਰਤੀ ਮੰਨਦੇ ਹਨ ਕਿ ਇੰਨ੍ਹਾਂ ਪਰੰਪਰਾਵਾਂ ਕਾਰਨ ਗੈਰ-ਬਰਾਬਰੀ ਨੂੰ ਸਹੀ ਮੰਨ ਲਿਆ ਜਾਂਦਾ ਹੈ ਅਤੇ ਉਸ 'ਤੇ ਸਵਾਲ ਨਹੀਂ ਚੁੱਕੇ ਜਾਂਦੇ।

ਉਹ ਲਿਖਦੇ ਹਨ ਕਿ ਮੰਗਲਸੂਤਰ ਅਤੇ ਸਿੰਦੂਰ ਵਰਗੇ ਸੰਕੇਤ ਤਸਦੀਕ ਕਰਦੇ ਹਨ ਕਿ ਇੱਕ ਵਿਆਹੁਤਾ ਔਰਤ 'ਤੇ ਉਸਦੇ ਪਤੀ ਦਾ ਮਾਲਕਾਨਾ ਹੱਕ ਹੈ। ਸਮਾਜਿਕ ਪਰੰਪਰਾਵਾਂ ਵਿੱਚ ਪਤਨੀ ਦੇ ਅਧਿਕਾਰਾਂ ਦੇ ਕੋਈ ਸੂਚਕ ਨਹੀਂ ਹਨ।

ਮੰਗਲਸੂਤਰ ਜਾਂ ਗਲੇ ਦੀ ਪੱਟੀ

ਇਸ ਤੋਂ ਪਹਿਲਾਂ ਸਤੰਬਰ ਵਿੱਚ ਇੱਕ ਕੌਮਾਂਤਰੀ ਲਗਜ਼ਰੀ ਬ੍ਰਾਂਡ, ਬਲਗਾਰੀ ਨੇ ਵੀ ਭਾਰਤ ਵਿੱਚ 'ਮੰਗਲਸੂਤਰ' ਦੇ ਨਾਲ ਆਪਣਾ ਕੰਮ ਸ਼ੁਰੂ ਕੀਤਾ ਸੀ।

ਜਦੋਂ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਉਨ੍ਹਾਂ ਦਾ ਡਿਜ਼ਾਈਨ ਕੀਤਾ ਹੋਇਆ ਮੰਗਲਸੂਤਰ ਲਾਂਚ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ, ਤਾਂ ਉਨ੍ਹਾਂ ਨੇ ਵਾਰ-ਵਾਰ ਜ਼ਾਹਰ ਕੀਤਾ ਕਿ ਇਹ ਇੱਕ 'ਆਧੁਨਿਕ ਅਤੇ ਆਜ਼ਾਦ' ਔਰਤ ਲਈ ਹੈ।

ਫੈਸ਼ਨ ਇਤਿਹਾਸਕਾਰ ਜ਼ਾਰਾ ਆਫ਼ਤਾਬ ਨੇ ਉਦੋਂ ਇਸ ਨੂੰ 'ਮਾਰਕੀਟਿੰਗ ਗਿਮਿਕ' ਕਿਹਾ ਸੀ।

ਉਨ੍ਹਾਂ ਅਨੁਸਾਰ, "ਇਹ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਜਦੋਂ ਅਸੀਂ ਇੱਕ ਸਮਾਜ ਦੇ ਰੂਪ ਵਿੱਚ ਪਤਨੀ ਅਤੇ ਮਾਂ ਦੇ ਰੂੜ੍ਹੀਵਾਦੀ ਅਕਸ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਇਹ ਇਟਾਲੀਅਨ ਬ੍ਰਾਂਡ ਭਾਰਤ ਦੀਆਂ ਆਧੁਨਿਕ ਔਰਤਾਂ ਬਾਰੇ ਅਜਿਹੀ ਧਾਰਨਾ ਨੂੰ ਅੱਗੇ ਵਧਾ ਰਿਹਾ ਹੈ।"

ਪਿਛਲੇ ਸਾਲ ਗੋਆ ਦੇ ਇੱਕ ਕਾਲਜ ਵਿੱਚ ਰਾਜਨੀਤੀ ਸ਼ਾਸਤਰ ਦੇ ਇੱਕ ਪ੍ਰੋਫੈਸਰ ਦੀ ਫੇਸਬੁੱਕ ਪੋਸਟ ਵਿੱਚ ਕੁੱਤੇ ਦੇ ਗਲੇ ਵਿੱਚ ਮੰਗਲਸੂਤਰ ਦੀ ਤੁਲਨਾ ਕੁੱਤੇ ਦੇ ਗਲੇ ਵਿੱਚ ਬੰਨ੍ਹੇ ਪੱਟੇ ਨਾਲ ਕਰਨ 'ਤੇ ਉਨ੍ਹਾਂ ਖਿਲਾਫ਼ ਐੱਫ਼ਆਈਆਰ ਦਰਜ ਕੀਤੀ ਗਈ ਸੀ।

ਪਿਤਾ-ਪੁਰਖੀ ਅਤੇ ਰੂੜੀਵਾਦ ਦੇ ਸੰਦਰਭ ਵਿੱਚ ਕੀਤੀ ਗਈ ਇਸ ਪੋਸਟ ਲਈ ਉਨ੍ਹਾਂ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਉਹ ਬਚਪਨ ਤੋਂ ਹੀ ਇਹ ਸਮਝਣ ਦੀ ਕੋਸ਼ਿਸ਼ ਕਰਦੇ ਰਹੇ ਹਨ ਕਿ ਵੱਖ-ਵੱਖ ਪਰੰਪਰਾਵਾਂ ਵਿੱਚ ਵਿਆਹੁਤਾ ਔਰਤਾਂ ਲਈ ਵਿਸ਼ੇਸ਼ ਸੂਚਕ ਕਿਉਂ ਹਨ ਅਤੇ ਮਰਦਾਂ ਲਈ ਕਿਉਂ ਨਹੀਂ?

'ਪ੍ਰਗਤੀਸ਼ੀਲ ਵਿਚਾਰਾਂ ਦੇ ਲੈਣ-ਦੇਣ' ਦੇ ਮਕਸਦ ਨਾਲ ਕੀਤੀ ਗਈ ਪੋਸਟ 'ਤੇ ਰਾਸ਼ਟਰੀ ਹਿੰਦੂ ਯੁਵਾ ਵਾਹਿਨੀ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਪ੍ਰੋਫੈਸਰ ਨੇ ਮੁਆਫੀ ਮੰਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਨਵਾਂ ਮੈਸੇਜ, ਪੁਰਾਣਾ ਢਾਂਚਾ

ਜਿਵੇਂ ਸਬਿਆਸਾਚੀ ਅਤੇ ਡਾਬਰ ਨੇ ਵੀ ਕੀਤਾ ਸੀ। ਜਦੋਂ ਉਨ੍ਹਾਂ ਦੇ ਇਸ਼ਤਿਹਾਰਾਂ 'ਤੇ ਹਿੰਦੂ ਧਰਮ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਸਨ। ਮੰਗਲਸੂਤਰ ਵਾਲੇ ਇਸ਼ਤਿਹਾਰ ਨੂੰ ਵੀ ਅਸ਼ਲੀਲ ਦੱਸਿਆ ਗਿਆ।

ਔਰਤਾਂ ਦੇ ਸਰੀਰਾਂ ਦੀ ਸੈਕਸ਼ੁਅਲ ਪੇਸ਼ਕਾਰੀ ਨੂੰ ਹਰ ਕਿਸਮ ਦਾ ਸਮਾਨ ਵੇਚਣ ਲਈ ਸੈਂਕੜੇ ਵਾਰ ਵਰਤਿਆ ਗਿਆ ਹੈ।

2017 ਵਿੱਚ ਆਨਲਾਈਨ ਸ਼ਾਪਿੰਗ ਪੋਰਟਲ ਐਮਾਜ਼ਾਨ ਨੇ ਅਜਿਹੀ ਐਸ਼-ਟਰੇ ਲਿਆਂਦੀ ਸੀ ਜਿਸ ਵਿੱਚ ਇੱਕ ਨਗਨ ਔਰਤ ਨੂੰ ਬਾਥਟਬ ਵਿੱਚ ਆਪਣੀਆਂ ਲੱਤਾਂ ਫੈਲਾਏ ਹੋਏ ਦਿਖਾਇਆ ਗਿਆ ਸੀ।

ਸੋਸ਼ਲ ਮੀਡੀਆ 'ਤੇ ਤਿੱਖੀ ਆਲੋਚਨਾ ਤੋਂ ਬਾਅਦ ਐਮਾਜ਼ਾਨ ਨੇ ਆਪਣੀ ਵੈੱਬਸਾਈਟ ਤੋਂ ਐਸ਼ਟ੍ਰੇ ਨੂੰ ਹਟਾ ਦਿੱਤਾ ਸੀ।

ਹਾਲਾਂਕਿ ਸਬਿਆਸਾਚੀ ਮੁਤਾਬਕ ਉਨ੍ਹਾਂ ਦਾ ਇਸ਼ਤਿਹਾਰ ਔਰਤਾਂ ਦੇ ਸਸ਼ਕਤੀਕਰਨ ਬਾਰੇ ਸੀ।

ਡਾਬਰ ਦੀ ਮਸ਼ਹੂਰੀ ਬਲੀਚ ਕਰੀਮ ਲਈ ਸੀ ਜੋ ਸੁੰਦਰਤਾ ਦੇ ਇੱਕ ਖਾਸ ਮਿਆਰ ਨੂੰ ਉਤਸ਼ਾਹਤ ਕਰਦੀ ਹੈ। ਪਰ ਉਸ ਨੂੰ ਵੀ ਸਮਲਿੰਗੀ ਸਬੰਧਾਂ ਦੇ ਇੱਕ ਪ੍ਰਗਤੀਸ਼ੀਲ ਮੈਸੇਜ ਦਾ ਜਾਮਾ ਪਹਿਨਿਆ ਗਿਆ।

ਔਰਤਾਂ ਦੇ ਨਜ਼ਰੀਏ ਤੋਂ ਤਾਂ ਨਹੀਂ ਪਰ ਧਰਮ ਨੂੰ ਠੇਸ ਹੋਣ ਦੇ ਦਾਅਵੇ 'ਤੇ ਤਾਂ ਆਲੋਚਨਾ ਬਹੁਤ ਹੋਈ ਹੈ।

ਉਨ੍ਹਾਂ ਵਿੱਚੋਂ ਸਭ ਤੋਂ ਵੱਧ ਆਵਾਜ਼ ਇੱਕ ਸੂਬੇ ਦੇ ਗ੍ਰਹਿ ਮੰਤਰੀ ਦੀ ਸੀ ਜਿਨ੍ਹਾਂ ਨੇ ਕੰਪਨੀਆਂ ਨੂੰ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ। ਆਖਰਕਾਰ ਦੋਵਾਂ ਕੰਪਨੀਆਂ ਨੇ ਆਪਣੇ ਇਸ਼ਤਿਹਾਰ ਵਾਪਸ ਲੈ ਲਏ।

ਗੋਆ ਮਾਮਲੇ ਤੋਂ ਬਾਅਦ ਲੇਖਕ ਅਤੇ ਕਾਰਕੁਨ ਰਾਮ ਪੁਨਿਆਨੀ ਨੇ ਰੇਖਾਂਕਿਤ ਕੀਤਾ ਕਿ ਔਰਤਾਂ 'ਤੇ ਕਾਬੂ ਦਿਖਾਉਣ ਵਾਲੇ ਇਹ ਸੂਚਕ ਭਾਰਤ ਦੀਆਂ ਪਰੰਪਰਾਵਾਂ ਦਾ ਹਿੱਸਾ ਹਨ ਅਤੇ ਸਾਰੇ ਧਾਰਮਿਕ ਸਮੂਹਾਂ ਵੱਲੋਂ ਬਹੁਤ ਅਹਿਮੀਅਤ ਦਿੰਦੇ ਹਨ।

ਇੱਕ ਲੇਖ ਵਿੱਚ ਉਨ੍ਹਾਂ ਕਿਹਾ ਕਿ ਇਸ ਵੇਲੇ ਧਾਰਮਿਕ ਰਾਸ਼ਟਰਵਾਦ ਵਿਸ਼ਵ ਭਰ ਵਿੱਚ ਮਸ਼ਹੂਰ ਹੋ ਰਿਹਾ ਹੈ ਅਤੇ ਅਜਿਹੀ ਰੀਤ ਨੂੰ ਵਧੇਰੇ ਤਰਜੀਹ ਅਤੇ ਸਮਾਜਿਕ ਮਨਜ਼ੂਰੀ ਦਿੱਤੀ ਜਾ ਰਹੀ ਹੈ।

ਅਜਿਹੇ ਵਿੱਚ ਕੰਪਨੀਆਂ ਦੇ ਇਸ਼ਤਿਹਾਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਨਵੇਂ-ਨਵੇਂ ਸੁਨੇਹਿਆਂ ਨੂੰ ਵਿਆਹ ਦੇ ਰਵਾਇਤੀ ਅਤੇ ਮਨਜ਼ੂਰ ਢਾਂਚੇ ਵਿੱਚ ਸੀਮਤ ਰੱਖ ਕੇ ਪਰੋਸ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)