ਤਨਿਸ਼ਕ ਦੀ ਮਸ਼ਹੂਰੀ 'ਤੇ ਇੰਨਾ ਹੰਗਾਮਾ ਕਿਉਂ ਹੋ ਰਿਹਾ ਹੈ

    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਭਾਰਤੀ ਗਹਿਣਿਆਂ ਦੇ ਬ੍ਰਾਂਡ ਤਨਿਸ਼ਕ ਦੇ ਵਿਵਾਦਤ ਇਸ਼ਤਿਹਾਰ ਨੂੰ ਹਟਾਏ ਜਾਣ ਤੋਂ ਬਾਅਦ ਵਿਰੋਧ ਕਰਨ ਵਾਲੇ ਸਮੂਹਾਂ ਦਾ ਕਹਿਣਾ ਹੈ ਕਿ ਤਨਿਸ਼ਕ ਨੂੰ ਵੀ ਇਸ ਇਸ਼ਤਿਹਾਰ ਲਈ ਮੁਆਫੀ ਮੰਗਣੀ ਚਾਹੀਦੀ ਹੈ।

ਤਨਿਸ਼ਕ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 'ਏਕਤਵਮ' ਮੁਹਿੰਮ ਪਿੱਛੇ ਵਿਚਾਰ ਇਸ ਚੁਣੌਤੀਪੂਰਨ ਸਮੇਂ ਵਿੱਚ ਵੱਖੋ-ਵੱਖਰੇ ਖੇਤਰਾਂ ਦੇ ਲੋਕਾਂ, ਸਥਾਨਕ ਭਾਈਚਾਰਿਆਂ ਅਤੇ ਪਰਿਵਾਰਾਂ ਨੂੰ ਇਕੱਠੇ ਕਰਕੇ ਜਸ਼ਨ ਮਨਾਉਣ ਲਈ ਪ੍ਰੇਰਿਤ ਕਰਨਾ ਸੀ। ਪਰ ਇਸ ਫ਼ਿਲਮ ਦੇ ਮਕਸਦ ਦੇ ਉਲਟ, ਵੱਖੋ-ਵੱਖਰੀਆਂ ਅਤੇ ਗੰਭੀਰ ਪ੍ਰਤੀਕ੍ਰਿਆਵਾਂ ਆਈਆਂ।

"ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਦੁਖੀ ਹਾਂ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਅਤੇ ਆਪਣੇ ਮੁਲਾਜ਼ਮਾਂ ਅਤੇ ਸਹਿਯੋਗੀਆਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਇਸ਼ਤਿਹਾਰ ਨੂੰ ਵਾਪਸ ਲੈ ਰਹੇ ਹਾਂ।"

ਦਿਵਿਆ ਦੱਤਾ ਨੇ ਜਤਾਇਆ ਦੁੱਖ

ਇਸ ਮਸ਼ਹੂਰੀ ਨੂੰ ਹਟਾਏ ਜਾਣ ਦਾ ਦੁੱਖ ਦਿਵਿਆ ਦੱਤਾ ਨੇ ਵੀ ਜ਼ਾਹਿਰ ਕੀਤਾ।

ਇੱਕ ਟਵਿੱਟਰ ਯੂਜ਼ਰ ਨੇ ਦਿਵਿਆ ਦੱਤਾ ਤੋਂ ਪੁੱਛਿਆ ਕਿ ਕੀ ਮਸ਼ਹੂਰੀ ਵਿੱਚ ਉਨ੍ਹਾਂ ਦੀ ਆਵਾਜ਼ ਹੈ?

ਤਾਂ ਦਿਵਿਆ ਦੱਤਾ ਨੇ ਜਵਾਬ ਦਿੱਤਾ, "ਹਾਂ, ਇਹ ਮੇਰੀ ਆਵਾਜ਼ ਹੈ। ਦੁਖ ਹੈ ਕਿ ਇਸ ਨੂੰ ਹਟਾ ਦਿੱਤਾ ਗਿਆ ਹੈ। ਮੈਨੂੰ ਇਹ ਪਸੰਦ ਸੀ।"

ਇਹ ਵੀ ਪੜ੍ਹੋ:

ਫਿਰ ਇੱਕ ਹੋਰ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਉਹ ਉਨ੍ਹਾਂ ਖਿਲਾਫ਼ ਨਹੀਂ ਹਨ ਪਰ ਗਲਤ ਤਾਂ ਗਲਤ ਹੀ ਹੁੰਦਾ ਹੈ।

ਇਸ 'ਤੇ ਦਿਵਿਆ ਦੱਤਾ ਨੇ ਟਵੀਟ ਕੀਤਾ, "ਪਰ ਸਰ ਕੀ ਅਸੀਂ ਸਾਰੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਨਹੀਂ ਕਰਦੇ? ਇਹ ਸਾਡੀ ਆਤਮਾ ਹੈ। ਅਨੇਕਤਾ ਵਿੱਚ ਏਕਤਾ ਬਚਪਨ ਵਿੱਚ ਸੁਣਦੇ ਸੀ। ਅਜਿਹੀਆਂ ਤਾਂ ਕਿੰਨੀਆਂ ਮਸ਼ਹੂਰੀਆਂ ਹੁੰਦੀਆਂ ਸੀ। ਕੋਈ ਕੁਝ ਨਹੀਂ ਕਹਿੰਦਾ ਸੀ...ਪਰ ਚਲੋ ਸਭ ਦੇ ਆਪਣੇ ਵਿਚਾਰ!"

ਇਹ ਇਸ਼ਤਿਹਾਰ ਵੱਖ-ਵੱਖ ਭਾਈਚਾਰਿਆਂ ਦੇ ਇੱਕ ਵਿਆਹੇ ਜੋੜੇ ਨਾਲ ਜੁੜਿਆ ਸੀ ਅਤੇ ਇਸ ਵਿੱਚ ਮੁਸਲਿਮ ਪਰਿਵਾਰ ਵਿੱਚ ਹਿੰਦੂ ਨੂੰਹ ਦੀ ਗੋਦ ਭਰਾਈ ਦੀ ਰਸਮ ਦਿਖਾਈ ਗਈ ਸੀ।

ਹਾਲਾਂਕਿ 'ਸੈਂਟਰ ਫਾਰ ਮੀਡੀਆ ਸਟੱਡੀਜ਼' ਦੀ ਡਾਇਰੈਕਟਰ ਜਨਰਲ ਅਤੇ 'ਦਿ ਐਡਵਰਟਾਈਜ਼ਿੰਗ ਸਟੈਂਡਰਡ ਕੌਂਸਲ ਆਫ਼ ਇੰਡੀਆ' (ਏਐੱਸਸੀਆਈ) ਦੇ 'ਕੰਜ਼ਿਊਮਰ ਕੰਪਲੇਂਟ ਕੌਂਸਲ' (ਸੀਸੀਸੀ) ਦੀ ਮੈਂਬਰ ਪੀਐੱਨ ਵਸੰਤੀ ਇਸ ਨੂੰ ਬਹੁਤ ਹੀ ਖੂਬਸੂਰਤ ਮਸ਼ਹੂਰੀ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਇਸ ਵਿੱਚ ਕੁਝ ਵੀ ਗਲਤ ਨਹੀਂ ਦਿਖਾਇਆ ਗਿਆ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਉਹ ਸੋਸ਼ਲ ਮੀਡੀਆ 'ਤੇ ਇਸ ਮਸ਼ਹੂਰੀ ਨੂੰ ਲੈ ਕੇ ਆਏ ਪ੍ਰਤੀਕਰਮ ਨੂੰ ਸ਼ਰਮਨਾਕ ਦੱਸਦੀ ਹੈ। ਉਹ ਇਲਜ਼ਾਮ ਲਗਾਉਂਦੀ ਕਿ ਦੇਸ ਵਿੱਚ ਇੱਕ ਤਰ੍ਹਾਂ ਦੇ ਸੱਭਿਆਚਾਰ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਅਤੇ ਅਜਿਹੀ ਮਸ਼ਹੂਰੀ ਖਿਲਾਫ਼ ਇਹ ਇੱਕ ਸੋਚੀ ਸਮਝੀ ਰਣਨੀਤੀ ਤਹਿਤ ਹੋਇਆ ਹੈ।

ਉਨ੍ਹਾਂ ਅਨੁਸਾਰ ਇਹ ਇੱਕ 'ਮੌਬ ਬਿਹੇਵੀਅਰ' ਯਾਨਿ ਭੀੜ ਵਾਲੀ ਮਾਨਸਿਕਤਾ ਹੈ। ਉਹ ਕਹਿੰਦੀ ਹੈ ਕਿ ਅਸਲ ਜ਼ਿੰਦਗੀ ਵਿੱਚ ਅਤੇ ਸੋਸ਼ਲ ਮੀਡੀਆ 'ਤੇ ਮੌਬ ਵਰਗਾ ਵਾਤਾਵਰਨ ਬਣਾਇਆ ਜਾਂਦਾ ਹੈ, ਜੋ ਕਿ ਕਾਫ਼ੀ ਡਰਾਉਣਾ ਅਤੇ ਚਿੰਤਾਜਨਕ ਹੈ।

ਪੀਐੱਨ ਵਸੰਤੀ ਕਹਿੰਦੇ ਹਨ, "ਅੱਜ ਕੱਲ੍ਹ ਦੇਖਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਕੋਈ ਸੋਚ-ਸਮਝ ਕੇ ਨਹੀਂ ਬੋਲਦਾ ਹੈ। ਸਬਰ ਜਾਂ ਸਹਿਣਸ਼ੀਲਤਾ ਦੀ ਘਾਟ ਦਿਖਾਈ ਦਿੰਦੀ ਹੈ।"

"ਇੱਕ ਵਾਰ ਕਿਸੇ ਨੇ ਕਹਿ ਦਿੱਤਾ ਤਾਂ ਤੁਰੰਤ ਇੱਕ ਮੌਬ ਵਰਗਾ ਵਿਵਹਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸਦੇ ਪਿੱਛੇ ਮਾਨਸਿਕਤਾ ਇਹ ਹੈ ਕਿ ਜੇ ਕੋਈ ਵਿਅਕਤੀ ਬੋਲ ਸਕਦਾ ਹੈ ਤਾਂ ਮੈਂ ਵੀ ਕੁਝ ਵੀ ਬੋਲ ਸਕਦਾ ਹਾਂ।"

"ਮੈਂ ਇਸ ਦੀ ਤੁਲਨਾ ਸਮਾਜਿਕ ਮਨੋਵਿਗਿਆਨ ਵਿੱਚ ਵਰਤੇ ਜਾਣ ਵਾਲੇ ਸ਼ਬਦ 'ਮੌਬ ਬਿਹੇਵੀਅਰ' ਨਾਲ ਕਰਨੀ ਚਾਹੁੰਦੀ ਹਾਂ ਜਿੱਥੇ ਇੱਕ ਵਿਅਕਤੀ ਦਾ ਡਰ ਨਿਕਲ ਜਾਂਦਾ ਹੈ। ਜੋ ਉਹ ਆਮ ਤੌਰ 'ਤੇ ਖੁੱਲ੍ਹ ਕੇ ਨਹੀਂ ਕਹਿ ਪਾਉਂਦਾ, ਉਹ ਭੀੜ ਵਿੱਚ ਖੁੱਲ੍ਹ ਕੇ ਬੋਲ ਦਿੰਦਾ ਹੈ।"

"ਤਾਂ ਟਵਿੱਟਰ ਇੱਕ ਤਰ੍ਹਾਂ ਦੀ ਆਜ਼ਾਦੀ ਦਿੰਦਾ ਹੈ ਜੋ ਤੁਸੀਂ ਇੱਕ ਮੌਬ ਦੇ ਤੌਰ 'ਤੇ ਕਰ ਸਕਦੇ ਹੋ, ਉਹ ਸ਼ਾਇਦ ਤੁਸੀਂ ਆਪਣੇ ਡਰਾਇੰਗਰੂਮ ਵਿੱਚ ਨਹੀਂ ਕਰਦੇ ਹੋਵੋਗੇ।"

ਇਸ਼ਤਿਹਾਰ ਦਾ ਮਕਸਦ ਕੀ ਸੀ

ਪੀਐੱਨ ਵਸੰਤੀ ਇਸ ਗੱਲ ਤੋਂ ਵੀ ਹੈਰਾਨ ਹਨ ਕਿ ਟਾਟਾ ਵਰਗੇ ਵੱਡੇ ਬ੍ਰਾਂਡ ਨੇ ਆਪਣਾ ਇਸ਼ਤਿਹਾਰ ਕਿਉਂ ਵਾਪਸ ਲੈ ਲਿਆ।

ਸੋਸ਼ਲ ਮੀਡੀਆ ਰਾਹੀਂ ਇਸ ਇਸ਼ਤਿਹਾਰ 'ਤੇ ਆਪਣਾ ਵਿਰੋਧ ਜ਼ਾਹਰ ਕਰਨ ਵਾਲੇ ਖੇਮਚੰਦ ਸ਼ਰਮਾ ਸਵਾਲ ਪੁੱਛਦੇ ਹਨ ਕਿ ਇਸ ਇਸ਼ਤਿਹਾਰ ਦਾ ਮਕਸਦ ਕੀ ਸੀ, ਇਸ ਵਿੱਚ ਭਲਾਈ ਜਾਂ ਸੁੰਦਰਤਾ ਹੈ?

ਹਾਲਾਂਕਿ ਉਹ ਇਹ ਜ਼ਰੂਰ ਸਪਸ਼ਟ ਕਰਦੇ ਹਨ ਕਿ ਉਨ੍ਹਾਂ ਦਾ ਮਕਸਦ ਟਾਟਾ ਬ੍ਰਾਂਡ, ਰਤਨ ਟਾਟਾ ਜਾਂ ਤਨਿਸ਼ਕ ਨੂੰ ਬਦਨਾਮ ਕਰਨਾ ਨਹੀਂ ਹੈ ਪਰ ਉਹ ਆਪਣਾ ਇਤਰਾਜ਼ ਦਰਜ ਕਰਦੇ ਹੋਏ ਕਹਿੰਦੇ ਹਨ ਕਿ ਇਸ ਪੂਰੇ ਇਸ਼ਤਿਹਾਰ ਵਿੱਚ ਸਭਿਆਚਾਰ ਅਤੇ ਧਰਮ ਦੇ ਨਾਮ 'ਤੇ ਸਿਰਫ਼ ਇੱਕ ਹੀ ਧਰਮ ਨੂੰ ਵਧਾ ਚੜ੍ਹਾ ਕੇ ਦਿਖਾਇਆ ਜਾ ਰਿਹਾ ਹੈ।

"ਦਿਖਾਇਆ ਜਾ ਰਿਹਾ ਹੈ ਕਿ ਸਿਰਫ਼ ਮੁਸਲਮਾਨ ਹੀ ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ ਨਾਲ ਰੱਖਦੇ ਹਨ। ਅਤੇ ਇਸ ਰਾਹੀਂ ਲਵ ਜੇਹਾਦ ਫੈਲਾਇਆ ਜਾ ਰਿਹਾ ਹੈ।"

ਭਾਜਪਾ ਦੀ ਆਈਟੀ ਅਤੇ ਸੋਸ਼ਲ ਮੀਡੀਆ ਕਮੇਟੀ ਦੇ ਮੈਂਬਰ ਰਹਿ ਚੁੱਕੇ ਖੇਮਚੰਦ ਸ਼ਰਮਾ ਦਾ ਕਹਿਣਾ ਹੈ ਕਿ ਅਸੀਂ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਾਂ। ਪਰ ਇਸ ਮਸ਼ਹੂਰੀ ਵਿੱਚ ਕ੍ਰਿਏਟਿਵ ਹੈੱਡ ਦਾ ਨਾਮ ਆ ਰਿਹਾ ਹੈ, ਜੋ ਮੁਸਲਮਾਨ ਹਨ, ਉਨ੍ਹਾਂ ਨੂੰ ਅਜਿਹੀ ਮਸ਼ਹੂਰੀ ਬਣਾਉਣ ਦੀ ਕੀ ਲੋੜ ਸੀ।

ਨਾਲ ਹੀ ਉਹ ਇਸ ਮਸ਼ਹੂਰੀ ਨੂੰ ਰਿਵਰਸ ਯਾਨਿ ਕਿ ਉਲਟਾ ਕਰਕ ਦਿਖਾਉਣ 'ਤੇ ਜ਼ੋਰ ਦਿੰਦੇ ਹਨ।

ਕੀ ਮਸ਼ਹੂਰੀ ਨੂੰ ਉਲਟਾ ਦਿਖਾਉਣ 'ਤੇ ਵੀ ਸੁੰਦਰਤਾ ਨਜ਼ਰ ਆਏਗੀ?

ਪਰ ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਇਸ ਮਸ਼ਹੂਰੀ ਨੂੰ ਉਲਟਾ ਕਰਨ ਦੀ ਗੱਲ ਕਿਉਂ ਕਰ ਰਹੇ ਹੋ? ਜਦੋਂ ਤੁਹਾਨੂੰ ਮੁਸਲਮਾਨ ਪਰਿਵਾਰ ਵਿੱਚ ਹਿੰਦੂ ਨੂੰਹ ਹੋਣ 'ਤੇ ਏਕਤਾ ਨਜ਼ਰ ਨਹੀਂ ਆਉਂਦੀ ਤਾਂ ਤੁਹਾਨੂੰ ਇਸ ਨੂੰ ਉਲਟਾ ਕਰਕੇ ਦਿਖਾਉਣ ਵਿੱਚ ਏਕਤਾ ਕਿਵੇਂ ਦਿਖੇਗੀ?

ਇਸ 'ਤੇ ਖੇਮਚੰਦ ਸ਼ਰਮਾ ਕਹਿੰਦੇ ਹਨ, "ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਇਸ ਇਸ਼ਤਿਹਾਰ 'ਚ ਖੂਬਸੂਰਤੀ ਨਜ਼ਰ ਆ ਰਹੀ ਹੈ। ਪਰ ਉਹ ਰਾਹੁਲ ਕੋਠਾਰੀ ਦੀ ਮੌਤ 'ਤੇ ਚੁੱਪ ਹੈ। ਇਸ ਵਿੱਚ ਉਨ੍ਹਾਂ ਨੂੰ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ।"

"ਉਹ ਮੁੰਡਾ ਹਿੰਦੂ ਸੀ। ਉਸ ਨੂੰ ਇੱਕ ਮੁਸਲਮਾਨ ਕੁੜੀ ਨਾਲ ਪਿਆਰ ਸੀ ਅਤੇ ਉਸਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ। ਜਿਸ ਦਿਨ ਉਸ ਦੀ ਮੌਤ ਹੋਈ ਉਸੇ ਦਿਨ ਇਹ ਮਸ਼ਹੂਰੀ ਲਿਆਂਦੀ ਗਈ ਸੀ ਅਤੇ ਇਹ ਲਿੰਕਡ ਹੈ।"

"ਇਸ ਨੂੰ ਉਲਟਾ ਕਰਕੇ ਦਿਖਾਓ ਫਿਰ ਦੇਖੋ ਕਿ ਸ਼ਬਾਨਾ ਆਜ਼ਮੀ ਜਾਂ ਕਾਂਗਰਸ ਦੇ ਵੱਡੇ ਆਗੂ ਜਿਨ੍ਹਾਂ ਨੂੰ ਇਸ ਇਸ਼ਤਿਹਾਰ ਵਿੱਚ ਅਜੇ ਸੁੰਦਰਤਾ ਨਜ਼ਰ ਆ ਰਹੀ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਇਹ ਨਜ਼ਰ ਆਏਗੀ ਜਾਂ ਨਹੀਂ।

ਉਹ ਤਨਿਸ਼ਕ ਤੋਂ ਇਸ ਮਸ਼ਹੂਰੀ ਲਈ ਮੁਆਫ਼ੀ ਮੰਗਣ ਦੀ ਗੱਲ ਕਰਦੇ ਹਨ ਅਤੇ ਉਸ ਨੂੰ ਵਾਪਸ ਲੈਣ ਦੀ ਗੱਲ ਨੂੰ ਜਾਇਜ਼ ਠਹਿਰਾਉਂਦੇ ਹਨ ਕਿਉਂਕਿ ਉਨ੍ਹਾਂ ਮੁਤਾਬਕ ਮਸ਼ਹੂਰੀ ਪੂਰੀ ਤਰ੍ਹਾਂ ਗਲਤ ਸੀ। ਉਹ ਕਹਿੰਦੇ ਹਨ ਕਿ ਜੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਮਸ਼ਹੂਰੀਆਂ ਆਉਣਗੀਆਂ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ਇਹ ਕੋਈ ਪਹਿਲੀ ਮਸ਼ਹੂਰੀ ਨਹੀਂ ਹੈ ਜਿਸ 'ਤੇ ਬਹੁਤ ਜ਼ਿਆਦਾ ਹੰਗਾਮਾ ਹੋਵੇ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਮਸ਼ਹੂਰੀਆਂ ਆਈਆਂ ਜਿਨ੍ਹਾਂ 'ਤੇ ਵਿਵਾਦ ਹੋਇਆ।

ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਸੋਸ਼ਲ ਮੀਡੀਆ ਆਪਣੀ ਅਵਾਜ਼ ਨੂੰ ਚੁੱਕਣ ਦਾ ਇੱਕ ਜ਼ਰੀਆ ਹੋ ਸਕਦਾ ਹੈ ਪਰ ਕਿਸੇ ਵੀ ਚੀਜ਼ ਨੂੰ ਜਾਇਜ਼ ਜਾਂ ਗਲਤ ਠਹਿਰਾਉਣ ਦਾ ਪੈਮਾਨਾ ਨਹੀਂ ਹੋ ਸਕਦਾ। ਕਿਉਂਕਿ ਉਹ ਇੱਕ ਸਮੂਹ ਦੀ ਆਵਾਜ਼ ਹੁੰਦੀ ਹੈ ਪੂਰੀ ਜਨਤਾ ਦੀ ਨਹੀਂ।

ਪੀਐੱਨ ਵਸੰਤੀ ਦਾ ਕਹਿਣਾ ਹੈ ਕਿ ਮਸ਼ਹੂਰੀਆਂ ਵਿੱਚ ਕੁਝ ਗਲਤ ਨਾ ਹੋ ਜਾਵੇ ਉਸ ਲਈ ਸੰਸਥਾਵਾਂ ਹਨ ਜੋ ਉਨ੍ਹਾਂ 'ਤੇ ਨਜ਼ਰ ਰੱਖਦੀਆਂ ਹਨ ਅਤੇ ਤੁਹਾਨੂੰ ਜੇ ਕਿਸੇ ਮਸ਼ਹੂਰੀ 'ਤੇ ਕੋਈ ਇਤਰਾਜ਼ ਹੈ ਤਾਂ ਉਸ ਨੂੰ ਦਰਜ ਵੀ ਕਰਵਾਇਆ ਜਾ ਸਕਦਾ ਹੈ। ਨਾਲ ਹੀ ਮਸ਼ਹੀਰੀਆਂ ਬਣਾਉਣ ਵਾਲੀਆਂ ਕੰਪਨੀਆਂ ਲਈ ਦਿਸ਼ਾ-ਨਿਰਦੇਸ਼ ਹੁੰਦੇ ਹਨ ਕਿ ਉਹ ਕਿਸੇ ਵੀ ਉਤਪਾਦ ਦੀ ਮਸ਼ਹੂਰੀ ਬਣਾਉਣ ਵੇਲੇ ਇੱਕ ਜ਼ਿੰਮੇਵਾਰ ਰਵੱਈਆ ਅਪਣਾਉਣ।

ਮਸ਼ਹੂਰੀਆਂ ਦਾ ਆਮ ਜਨਤਾ ਉੱਤੇ ਕਾਫ਼ੀ ਅਸਰ ਪੈਂਦਾ ਹੈ। ਕੋਈ ਫਿਲਮ ਜਾਂ ਸੀਰੀਅਲ ਤੁਹਾਡੀਆਂ ਨਜ਼ਰਾਂ ਵਿੱਚ ਇੱਕ ਵਾਰ ਆ ਕੇ ਲੰਘ ਜਾਂਦੇ ਹਨ ਪਰ ਮਸ਼ਹੂਰੀਆਂ ਤੁਹਾਡੀਆਂ ਅੱਖਾਂ ਸਾਹਮਣੇ ਵਾਰੀ-ਵਾਰੀ ਆਉਂਦੀਆਂ ਹਨ ਤਾਂ ਕਿ ਤੁਹਾਨੂੰ ਕਿਸੇ ਵੀ ਉਤਪਾਦ ਲਈ ਲੁਭਾਇਆ ਜਾ ਸਕੇ ਅਤੇ ਦਰਸ਼ਕਾਂ ਨੂੰ ਗਾਹਕ ਬਣਾਇਆ ਜਾ ਸਕੇ।

ਪਰ ਪਿਛਲੇ ਕੁਝ ਸਾਲਾਂ ਦੀ ਤੁਲਨਾ ਕੀਤੀ ਜਾਵੇ ਤਾਂ ਮਸ਼ਹੂਰੀਆਂ ਵਿੱਚ ਇੱਕ ਪ੍ਰਗਤੀਸ਼ੀਲਤਾ ਨਜ਼ਰ ਆਉਂਦੀ ਹੈ।

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)