ਕਿਸਾਨ ਜਥੇਬੰਦੀਆਂ ਨੇ ਕੇਂਦਰ ਨਾਲ ਗੱਲਬਾਤ ਬੈਠਕ ਦਾ ਕੀਤਾ ਬਾਈਕਾਟ, ਜਾਣੋ ਬੈਠਕ 'ਚ ਕੀ ਕੁਝ ਹੋਇਆ

ਕੇਂਦਰ ਸਰਕਾਰ ਨਾਲ ਗੱਲਬਾਤ ਲਈ ਗਏ ਪੰਜਾਬੀ ਦੀਆਂ ਕਿਸਾਨ ਜਥੇਬੰਦੀਆਂ ਦੇ ਵਫ਼ਦ ਦੇ ਸਾਰੇ ਆਗੂ ਗੱਲਬਾਤ ਦਾ ਬਾਈਕਾਟ ਕਰਕੇ ਬਾਹਰ ਆ ਗਏ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ, ਜੋ ਗੱਲਬਾਤ ਕਰਨ ਆਏ ਕਿਸਾਨ ਵਫ਼ਦ ਦੇ ਮੈਂਬਰ ਹਨ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਬੀਬੀਸੀ ਪੱਤਰਕਾਰ ਦਲਜੀਤ ਅਮੀ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਜਗਮੋਹਨ ਸਿੰਘ ਨੇ ਦੱਸਿਆ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਬੈਠਕ ਵਿਚ ਜਾ ਕੇ ਸਵਾਲ ਕੀਤਾ ਕਿ ਇੱਕ ਪਾਸੇ ਕੇਂਦਰ ਗੱਲਾਬਤ ਲਈ ਬੁਲਾ ਰਹੀ ਹੈ ਤਾਂ ਦੂਜੇ ਪਾਸੇ 7 ਮੰਤਰੀਆਂ ਨੂੰ ਪੰਜਾਬ ਵਿਚ ਵਰਚੂਅਲ ਬੈਠਕਾਂ ਕਰਨ ਲਈ ਭੇਜਿਆ ਗਿਆ ਹੈ। ਇਹ ਕੇਂਦਰ ਸਰਕਾਰ ਦੀ ਦੋਗਲੀ ਨੀਤੀ ਹੈ।

ਜਗਮੋਹਨ ਸਿੰਘ ਮੁਤਾਬਕ 28 ਜਥੇਬੰਦੀਆਂ ਦੇ 7 ਮੈਂਬਰੀ ਵਫ਼ਦ ਨੇ ਅਤੇ ਬੀਕੇਯੂ ਉਗਰਾਹਾਂ ਦੇ ਆਗੂਆਂ ਨੇ ਆਪੋ ਆਪਣੀਆਂ ਮੰਗਾਂ ਦੇ ਮੰਗ ਪੱਤਰ ਸੌਂਪੇ ਤੇ ਇਕੱਠਿਆਂ ਬੈਠਕ ਤੋਂ ਬਾਹਰ ਆ ਗਏ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ 29 ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਸਕੱਤਰ ਨਾਲ ਹੋ ਰਹੀ ਬੈਠਕ 'ਚੋਂ ਵਾਕਆਊਟ ਕਰ ਦਿੱਤਾ ਅਤੇ ਕ੍ਰਸ਼ੀ ਭਵਨ ਦੇ ਬਾਹਰ ਕਿਸਾਨ ਕਾਨੂੰਨਾਂ ਦੀਆਂ ਕਾਪੀਆਂ ਵੀ ਪਾੜ ਦਿੱਤੀਆਂ।

ਇਹ ਵੀ ਪੜ੍ਹੋ:

ਕਿਸਾਨ ਆਗੂ ਬੋਗ ਸਿੰਘ ਨੇ ਬੈਠਕ ਤੋਂ ਬਾਅਦ ਕਿਹਾ, "ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਖੇਤੀਬਾੜੀ ਮੰਤਰੀ ਤੇ ਵਿਭਾਗ ਦੇ ਹੋਰ ਆਗੂ ਹੋਣਗੇ ਪਰ ਸਿਰਫ਼ ਖੇਤੀਬਾੜੀ ਸਕੱਤਰ ਹੀ ਮੌਜੂਦ ਸਨ।"

"ਉਨ੍ਹਾਂ ਨੇ ਉਹੀ ਕਿਹਾ, ਜੋ ਉਹ ਕਹਿਣਾ ਚਾਹੁੰਦੇ ਸੀ। ਅਸੀਂ ਦੱਸਿਆ ਕਿ ਅਸੀਂ ਇੱਥੇ ਸਿੱਖਣ ਨਹੀਂ ਆਏ ਅਸੀਂ ਆਪਣੀ ਮੰਗ ਲਈ ਆਏ ਹਾਂ ਕਿ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ। ਉਹ ਸਾਨੂੰ ਕੋਈ ਸੰਤੁਸ਼ਟੀ ਵਾਲਾ ਜਵਾਬ ਨਹੀਂ ਦੇ ਸਕੇ। ਜਿਸ ਨੇ ਕਾਨੂੰਨ ਬਣਾਇਆ ਹੈ, ਉਹੀ ਇਸ ਨੂੰ ਰੱਦ ਕਰ ਸਕਦੇ ਹਨ।"

ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਸੰਘਰਸ਼ ਦਾ ਅਹਿਮ ਪੜਾਅ

ਪੰਜਾਬ ਵਿੱਚ ਪਿਛਲੇ ਲਗਭਭਗ ਵੀਹ ਦਿਨਾਂ ਤੋਂ ਜਾਰੀ ਕਿਸਾਨ ਸੰਘਰਸ਼ ਵਿੱਚ ਅਹਿਮ ਪੜਾਅ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕੇਂਦਰ ਨਾਲ ਬੈਠਕ ਵਿੱਚ ਸ਼ਾਮਲ ਹੋਣ ਦਿੱਲੀ ਆਈਆਂ ਸਨ। ਪੰਜਾਬ ਵਿੱਚ ਕਿਸਾਨ ਲਹਿਰ ਕੀ ਮੋੜ ਲੈਂਦੀ ਹੈ ਇਹ ਕਿਸਾਨਾਂ ਦੇ ਅਗਲੇ ਐਲਾਨ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।

ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਚੱਲ ਰਹੇ ਹਨ ਪਰ ਕੇਂਦਰ ਸਰਕਾਰ ਵੱਲੋਂ ਸਿਰਫ਼ ਪੰਜਾਬ ਦੀਆਂ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਿਆ ਗਿਆ ਸੀ।

ਇਸ ਬੈਠਕ ਵਿੱਚੋਂ ਸਿਆਸੀ ਧਿਰਾਂ ਅਕਾਲੀ ਦਲ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਾਹਰ ਰੱਖਿਆ ਗਿਆ ਸੀ।

28 ਕਿਸਾਨ ਸੰਗਠਨਾਂ ਦੀ 7 ਮੈਂਬਰੀ ਕਮੇਟੀ ਅਤੇ ਬੀਕੇਯੂ (ਉਗਰਾਹਾਂ) ਦੇ ਆਗੂ ਕੇਂਦਰ ਨਾਲ ਹੋਣ ਵਾਲੀ ਗੱਲਬਾਤ ਵਿੱਚ ਸ਼ਾਮਲ ਹੋਣਗੇ। ਉਗਰਾਹਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਬੈਠਕ ਵਿੱਚ ਸ਼ਾਮਲ ਹੋਣਗੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਜਪਾ ਵੱਲੋਂ ਕਿਸਾਨਾਂ ਨਾਲ ਗੱਲਬਾਤ ਦੇ ਸੱਦੇ ਦੌਰਾਨ ਅੱਜ ਉਨ੍ਹਾਂ ਨਾਲ ਕੀਤੇ ਗਏ ਅਪਮਾਨਜਨਕ ਸਲੂਕ ਤੋਂ ਮੈਂ ਖਾਸਾ ਹੈਰਾਨ-ਪਰੇਸ਼ਾਨ ਤੇ ਦੁਖੀ ਹਾਂ।

ਉਨ੍ਹਾਂ ਨੇ ਕਿਹਾ, "ਭਾਜਪਾ ਨੇ ਮੀਟਿੰਗ ਵਿੱਚ ਆਪਣਾ ਸਿਰਫ਼ ਇੱਕ ਅਫ਼ਸਰ ਭੇਜ ਕੇ ਕਿਸਾਨਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਵਾਲਾ ਕੰਮ ਕੀਤਾ ਹੈ। ਕੀ ਸਾਡੇ ਕਿਸਾਨ ਇੰਨਾ ਵੀ ਨੀ ਹੱਕ ਰੱਖਦੇ ਕਿ ਖੇਤੀਬਾੜੀ ਮੰਤਰੀ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਖੁਦ ਆ ਕੇ ਮਿਲਣ।"

ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਸਭ ਨੇ ਕਿਸਾਨਾਂ ਪ੍ਰਤੀ ਭਾਜਪਾ ਦੀ ਘ੍ਰਿਣਾ ਅਤੇ ਬੁਰੀ ਨੀਅਤ ਦਾ ਪਰਦਾਫਾਸ਼ ਕੀਤਾ ਹੈ।

"ਕਿਸਾਨ ਵਿਰੋਧੀ ਕਾਨੂੰਨ ਜਾਰੀ ਕਰਨ ਤੋਂ ਬਾਅਦ ਕੇਂਦਰ ਸਰਕਾਰ ਘੱਟੋਂ ਘੱਟ ਕਿਸਾਨਾਂ ਨਾਲ ਹਮਦਰਦੀ ਤਾਂ ਜਤਾ ਹੀ ਸਕਦੀ ਸੀ ਬਜਾਏ ਇਹ ਕਰਨ ਦੇ। ਕੇਂਦਰ ਸਰਕਾਰ ਨੇ ਕਿਸਾਨ ਯੂਨੀਅਨਾਂ ਦਾ ਅਪਮਾਨ ਕੀਤਾ। ਅੱਜ ਦੇ ਕੇਂਦਰ ਦੇ ਇਸ ਅਪਮਾਨਜਨਕ ਵਰਤੀਰੇ ਤੋਂ ਬਾਅਦ ਕੀ ਉਹ ਇਹ ਉਮੀਦ ਕਰਦੇ ਹਨ ਕਿਸਾਨ ਉਨ੍ਹਾਂ 'ਤੇ ਭਰੋਸਾ ਕਰਨ?"

ਸੁਖਬੀਰ ਬਾਦਲ ਦਾ ਦਾਅਵਾ - ਅਸੀਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੰਨ ਟਵੀਟ ਕਰਕੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਧੋਖਾ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ, "ਅੰਨਦਾਤਾ ਦੀ ਪਿੱਠ ਤੇ ਛੁਰਾ ਮਾਰਨ ਅਤੇ ਖੇਡ ਖੇਡਣ ਨਾਲ ਰਾਸ਼ਟਰੀ ਹਿੱਤ ਨੂੰ ਨੁਕਸਾਨ ਪਹੁੰਚਦਾ ਹੈ।"

ਉਨ੍ਹਾਂ ਅੱਗੇ ਕਿਹਾ, "ਅਕਾਲੀ ਦਲ ਕਿਸਾਨਾਂ ਦੇ ਬੈਠਕ ਵਿੱਚੋਂ ਬਾਹਰ ਨਿਕਲਣ ਦੇ ਫੈਸਲਿਆਂ ਦੀ ਹਮਾਇਤ ਕਰਦਾ ਹੈ ਅਤੇ ਉਨ੍ਹਾਂ ਨਾਲ ਖੜਾ ਹੈ। ਅਸੀਂ ਕਿਸਾਨਾਂ ਤੱਕ ਪਹੁੰਚ ਕਰਾਂਗੇ ਅਤੇ ਉਨ੍ਹਾਂ ਦੇ ਸੰਘਰਸ਼ ਵਿੱਚ ਚੱਟਾਨ ਵਾਂਗ ਉਨ੍ਹਾਂ ਦੇ ਨਾਲ ਖੜ੍ਹੇ ਹਾਂ।"

ਪੰਜਾਬ ਕੈਬਨਿਟ ਦੀ ਬੈਠਕ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਬੁੱਧਵਾਰ ਨੂੰ ਹੀ ਪੰਜਾਬ ਸਰਕਾਰ ਦੀ ਕੈਬਨਿਟ ਦੀ ਮੀਟਿੰਗ ਹੈ। ਮੰਗਲਵਾਰ ਨੂੰ 3 ਮੈਂਬਰੀ ਮੰਤਰੀ ਸਮੂਹ ਨੇ ਵੀ ਕਿਸਾਨਾਂ ਨਾਲ ਬੈਠਕ ਕੀਤੀ ਸੀ।

ਇਹ ਵੀ ਪੜ੍ਹੋ:

ਕਿਸਾਨਾਂ ਨੂੰ ਸੂਬਾ ਸਰਕਾਰ ਨੇ ਰੇਲ ਟਰੈਕ ਖਾਲੀ ਕਰਨ ਦੀ ਅਪੀਲ ਕੀਤੀ ਤਾਂ ਕਿਸਾਨਾਂ ਨੇ ਪਹਿਲਾਂ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਕੇ ਕੇਂਦਰੀ ਖੇਤਰੀ ਕਾਨੂੰਨ ਰੱਦ ਕਰਨ ਦਾ ਵਾਅਦਾ ਪੂਰਾ ਕਰਨ ਲਈ ਕਿਹਾ ਸੀ।

ਸਮਝਿਆ ਜਾ ਰਿਹਾ ਹੈ ਕਿ ਬੁੱਧਵਾਰ ਦੀ ਕੈਬਨਿਟ ਮੀਟਿੰਗ ਵਿੱਚ ਖੇਤੀ ਕਾਨੂੰਨਾਂ ਬਾਰੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।

  • ਪੰਜਾਬ ਵਿੱਚ ਖਾਦਾਂ ਅਤੇ ਕੋਲੇ ਦੀ ਸਪਲਾਈ ਬਹਾਲ ਕਰਨ ਲਈ ਢਿੱਲ ਦਿੱਤੇ ਜਾਣ ਬਾਰੇ ਵੀ ਕਿਸਾਨ ਜਥੇਬੰਦੀਆਂ ਬੁੱਧਵਾਰ ਦੀ ਬੈਠਕ ਤੋਂ ਬਾਅਦ ਹੀ ਫ਼ੈਸਲਾ ਲੈਣਗੀਆਂ। ਇਸ ਸੰਭਾਵਿਤ ਫ਼ੈਸਲੇ ਉੱਪਰ ਪੰਜਾਬ ਸਰਕਾਰ ਦੀ ਵੀ ਨਜ਼ਰ ਰਹੇਗੀ।
  • ਸੰਘਰਸ਼ ਦੀ ਰੂਪਰੇਖਾ ਬਾਰੇ ਗੱਲ ਕਰਦਿਆਂ 7 ਮੈਂਬਰੀ ਕਮੇਟੀ ਵਿੱਚ ਸ਼ਾਮਲ ਕਿਸਾਨ ਆਗੂ ਜਗਮੋਹਨ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਦੱਸਿਆ ਕਿ ਸੰਘਰਸ਼ ਜਾਰੀ ਰਹੇਗਾ ਅਤੇ ਸੰਘਰਸ਼ ਦੀ ਅਗਲੀ ਰੂਪਰੇਖਾ 15 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਉਲੀਕੀ ਜਾਵੇਗੀ।
  • ਲਹਿਰ ਦੇ ਅਗਲੇ ਰੁੱਖ ਬਾਰੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਨਾਲ ਬੈਠਕ ਤੋਂ ਬਾਅਦ ਹੀ ਸਪਸ਼ਟ ਕੀਤੇ ਜਾਣ ਦੇ ਅਸਾਰ ਹਨ।

ਇਹ ਵੀ ਪੜ੍ਹੋ:

ਵੀਡੀਓ: ਐਪਲ ਨੇ iPhone 12 ਲਾਂਚ ਕੀਤਾ, ਕੀ ਹੈ ਭਾਰਤ ਵਿੱਚ ਮੁੱਲ

ਵੀਡੀਓ: ਅਜ਼ਰਬਾਈਜ਼ਾਨ ਤੇ ਅਰਮੇਨੀਆ ਦੇ ਤਣਾਅ ਵਿੱਚ ਪੀੜਤ ਲੋਕਾਂ ਦੀ ਮਦਦ ਕਰ ਰਿਹਾ ਪੰਜਾਬੀ

ਵੀਡੀਓ: ਪਾਕਿਸਤਾਨ 'ਚ ਫੌਜ ਦੇ ਤਖ਼ਤਾ ਪਲਟ ਦੀ ਕਹਾਣੀ ਪੱਤਰਕਾਰਾਂ ਦੀ ਜ਼ੁਬਾਨੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)