ਫ਼ਿਰੋਜ਼ਪੁਰ: ਦਲਿਤ ਨੌਜਵਾਨ ਨੂੰ ਕੁੱਟ ਕੇ ਪਿਸ਼ਾਬ ਪਿਲਾਉਣ ਦੀ ਕਥਿਤ ਘਟਨਾ, ਪੀੜਤ ਨੇ ਪੁਲਿਸ ਨੂੰ ਕੀ ਦੱਸਿਆ - ਪ੍ਰੈੱਸ ਰਿਵੀਊ

ਫਿਰੋਜ਼ਪੁਰ ਦੇ ਥਾਣਾ ਵੈਰੋਕਾ ਅਧੀਨ ਪੈਂਦੇ ਇੱਕ ਪਿੰਡ ਵਿੱਚ ਜ਼ਮੀਂਦਾਰਾਂ ਵੱਲੋਂ ਇੱਕ ਦਲਿਤ ਨੌਜਵਾਨ ਨੂੰ ਕਥਿਤ ਤੌਰ ਤੇ ਚੋਰ ਦੱਸ ਕੇ ਬੁਰੀ ਤਰ੍ਹਾਂ ਕੁੱਟਣ ਅਤੇ ਜ਼ਬਰਦਸਤੀ ਪਿਸ਼ਾਬ ਪਿਲਾਉਣ ਦੀ ਘਟਨਾ ਸਾਹਮਣੇ ਆਈ ਹੈ।

ਅਮਰ ਉਜਾਲਾ ਦੀ ਖ਼ਬਰ ਮੁਤਾਬਕ ਪੀੜਤ ਆਪਣੇ ਭਰਾ ਨੂੰ ਮਿਲਣ ਗਿਆ ਸੀ, ਜੋ ਕਿ ਫਿਲਹਾਲ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਵੈਰਵਾ ਥਾਣੇ ਵਿੱਚ ਪੀੜਤ ਦੇ ਬਿਆਨ ਤੋਂ ਬਾਅਦ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤ ਨੇ ਦੱਸਿਆ ਕਿ ਉਸ ਦਾ ਭਰਾ ਕਿਸੇ ਜ਼ਮੀਂਦਾਰ ਦੇ ਇੱਥੇ ਕੰਮ ਕਰਦਾ ਹੈ। ਸੋਮਵਾਰ ਦੀ ਦੇਰ ਸ਼ਾਮ ਉਹ ਆਪਣੇ ਭਰਾ ਨੂੰ ਮਿਲਣ ਅਤੇ ਮੋਟਰਸਾਈਕਲ ਲੈਣ ਜਾ ਰਿਹਾ ਸੀ। ਜਿਵੇਂ ਹੀ ਉਹ ਪਿੰਡ ਪਹੁੰਚਿਆ ਤਾਂ ਨਸ਼ੇ ਵਿੱਚ ਧੁੱਤ ਮੁਲਜ਼ਮਾਂ ਸਿਮਰਨਜੀਤ ਸਿੰਘ, ਰਮਨਦੀਪ ਸਿੰਘ ਅਤੇ ਜਸਵੀਰ ਸਿੰਘ ਨੇ ਉਸ ਨੂੰ ਫੜ ਲਿਆ। ਤਿੰਨਾਂ ਮੁਲਜ਼ਮਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਪੀੜਤ ਮੁਤਾਬਕ ਮੁਲਜ਼ਮ ਉਸ ਨੂੰ ਧੱਕੇ ਨਾਲ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹ ਚੋਰੀ ਲਈ ਉੱਥੇ ਆਇਆ ਸੀ। ਜਦੋਂ ਉਹ ਨਹੀਂ ਮੰਨਿਆਂ ਤਾਂ ਉਸ ਨੂੰ ਕੁੱਟਿਆ ਗਿਆ ਤੇ ਪਿਸ਼ਾਬ ਪਿਲਾਇਆ ਗਿਆ। ਜਦੋਂ ਉਸ ਦੇ ਭਰਾ ਨੂੰ ਘਟਨਾ ਦਾ ਪਤਾ ਲੱਗਿਆ ਤਾਂ ਉਸ ਨੇ ਪੀੜਤ ਨੂੰ ਬਚਾਇਆ ਅਤੇ ਹਸਪਤਾਲ ਭਰਤੀ ਕਰਵਾਇਆ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਮੋਬਾਈਲ ਰੇਡੀਏਸ਼ਨ ਖ਼ਤਮ ਕਰਨ ਲਈ ਗਊ ਦੇ ਗੋਹੇ ਦੀ ਚਿੱਪ

ਮੋਦੀ ਸਰਕਾਰ ਵੱਲੋਂ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ ਅਧੀਨ 'ਗਊਆਂ ਦੀ ਰੱਖਿਆ ਅਤੇ ਵਿਕਾਸ ਲਈ ਬਣਾਏ ਗਏ' ਰਾਸ਼ਟਰੀ ਕਾਮਧੇਨੂ ਆਯੋਗ ਨੇ ਗਊ ਦੇ ਗੋਹੇ ਤੋਂ ਬਣੀ ਇੱਕ ਚਿੱਪ ਜਾਰੀ ਕਰਦਿਆਂ ਇੱਕ ਅਨੋਖਾ ਦਾਅਵਾ ਕੀਤਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਆਯੋਗ ਦੇ ਮੁਖੀ ਵਲੱਭਭਾਈ ਕਠਾਰੀਆ ਨੇ ਇਹ ਚਿੱਪ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਇਹ ਚਿੱਪ ਮੋਬਾਈਲ ਫੋਨ ਦੀ ਰੇਡੀਏਸ਼ਨ ਨੂੰ ਘਟਾਉਂਦੀ ਹੈ।

ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਚਿੱਪ ਦਿਖਾਉਂਦਿਆਂ ਉਨ੍ਹਾਂ ਨੇ ਕਿਹਾ, "ਗਊ ਦਾ ਗੋਹਾ ਰੇਡੀਏਸ਼ਨ ਫਰੀ ਹੈ। ਜੇ ਤੁਸੀਂ ਇਸ ਨੂੰ ਘਰੇ ਲਿਆਓ ਅਤੇ ਫੋਨ ਤੇ ਰੱਖੋਂ ਤਾਂ ਇਹ (ਫੋਨ) ਰੇਡੀਏਸ਼ਨ- ਮੁਕਤ ਹੋਜਾਵੇਗਾ।"

ਹੁਣ ਕੋਰੋਨਾ ਬਹਿਰੇ ਵੀ ਕਰ ਸਕਦਾ ਹੈ

ਇੰਗਲੈਂਡ ਵਿੱਚ ਇੱਕ ਕੋਰੋਨਾ ਮਰੀਜ਼ ਨੂੰ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿੱਚੋਂ ਛੁੱਟੀ ਮਿਲਣ ਤੋਂ ਇੱਕ ਹਫਤੇ ਬਾਅਦ ਖੱਬੇ ਕੰਨ ਵਿੱਚ ਘੰਟੀਆਂ ਦੀਆਂ ਅਵਾਜ਼ਾਂ ਸੁਣਾਈ ਦੇਣ ਲੱਗੀਆਂ ਅਤੇ ਫਿਰ ਸੁਣਨਾ ਬੰਦ ਹੋ ਗਿਆ।

ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਬ੍ਰਿਟਿਸ਼ ਮੈਡੀਕਲ ਜਨਰਲ ਵਿੱਚ ਯੂਨੀਵਰਸਿਟੀ ਕਾਲ ਲੰਡਨ ਦੇ ਮਾਹਰਾਂ ਨੇ ਇੱਕ 45 ਸਾਲਾ ਮਰੀਜ਼ ਦਾ ਜ਼ਿਕਰ ਕੀਤਾ ਹੈ ਜਿਸ ਨੂੰ ਕੋਵਿਡ ਦੇ ਇਲਾਜ ਲਈ ਭਰਤੀ ਕੀਤਾ ਗਿਆ ਸੀ। ਇਲਾਜ ਦੌਰਾਨ ਮਰੀਜ਼ ਨੂੰ ਅਜਿਹੀ ਕੋਈ ਦਵਾਈ ਨਹੀਂ ਦਿੱਤੀ ਗਈ ਸੀ ਜਿਸ ਨਾਲ ਉਸ ਦੀ ਸੁਣਨ ਸ਼ਤਤੀ ਉੱਪਰ ਅਸਰ ਪਵੇ।

ਮਰੀਜ਼ ਨੂੰ ਪਹਿਲਾਂ ਵੀ ਕਦੇ ਸੁਣਨ ਵਿੱਚ ਦਿੱਕਤ ਨਹੀਂ ਆਈ ਸੀ। ਅਗਲੀ ਜਾਂਚ ਤੋਂ ਸਪਸ਼ਟ ਹੋਇਆ ਕਿ ਉਸ ਦੇ ਅੰਦਰੂਨੀ ਕੰਨ ਦੇ ਅੰਦਰ ਅਵਾਜ਼ ਪ੍ਰਤੀ ਸੰਵੇਦਨਸ਼ੀਲ ਨਰਵਨੂੰ ਨੁਕਸਾਨ ਪਹੁੰਚਿਆ ਸੀ ਜਿਸ ਨੂੰ ਬਾਅਦ ਵਿੱਚ ਇਲਾਜ ਰਾਹੀਂ ਕੁਝ ਹੱਦ ਤੱਕ ਠੀਕ ਕਰ ਲਿਆ ਗਿਆ।

ਬ੍ਰਿਟੇਨ ਵਿੱਚ ਇਹ ਅਜਿਹਾ ਪਹਿਲਾ ਮਾਮਲਾ ਹੈ ਜਦਕਿ ਦੁਨੀਆਂ ਦੇ ਹੋਰ ਹਿੱਸਿਆਂ ਤੋਂ ਅਜਿਹੀਆਂ ਰਿਪੋਰਟਾਂ ਪਹਿਲਾਂ ਵੀ ਆ ਚੁੱਕੀਆਂ ਹਨ। ਇਸ ਮਾਹਰਾਂ ਮੁਤਾਬਕ ਹਾਲਾਂਕਿ ਹਾਲੇ ਇਹ ਸਪਸ਼ਟ ਨਹੀਂ ਹੈ ਕਿ ਕੋਰੋਨਾਵਇਰਸ ਸੁਣਨ ਸ਼ਕਤੀ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਪਰ ਹੋ ਸਕਦਾ ਹੈ ਕਿ ਇਹ ਅੰਦਰੂਨੀ ਕੰਨ ਵਿੱਚ ਦਾਖ਼ਲ ਹੋ ਕੇ ਕੰਨ ਦੇ ਸੈਲਾਂ ਦੀ ਮੌਤ ਦੀ ਵਜ੍ਹਾ ਬਣਦਾ ਹੋਵੇ।

ਚਿਨਮਿਆਨੰਦ ਕੇਸ: ਪੀੜਤਾ ਮੁੱਕਰੀ

ਸਾਬਕਾ ਕੇਂਦਰੀ ਮੰਤਰੀ ਚਿਨਮਿਆਨੰਦ ਖ਼ਿਲਾਫ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਕਾਨੂੰਨ ਦੀ ਵਿਦਿਆਰਥਣ ਮੰਗਲਵਾਰ ਨੂੰ ਲਖਨਊ ਦੀ ਇੱਕ ਖ਼ਾਸ ਐੱਮਪੀ-ਐੱਮਐੱਲਏ ਅਦਾਲ ਵਿੱਚ ਆਪਣੇ ਬਿਆਨ ਤੋਂ ਮੁੱਕਰ ਗਈ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਤ ਵਿਦਿਆਰਥਣ ਨੇ ਸਪਸਟ ਤੌਰ ਤੇ ਕਿਹਾ ਕਿ ਉਸ ਨੇ ਕਦੇ ਸਾਬਕਾ ਮੰਤਰੀ ਖ਼ਿਲਾਫ਼ ਅਜਿਹੇ ਇਲਜ਼ਾਮ ਨਹੀਂ ਲਾਏ ਜਿਵੇਂ ਕਿ ਸਰਕਾਰੀ ਪੱਖ ਕਹਿ ਰਿਹਾ ਹੈ।

ਇਸ ਬਿਆਨ ਤੋਂ ਖਿਝੇ ਸਰਕਾਰੀ ਪੱਖ ਨੇ ਤੁਰੰਤ ਹੀ ਅਦਾਲ ਨੂੰ ਵਿਦਿਆਰਥਣ ਖ਼ਿਲਾਫ਼ ਸੀਆਰਪੀਸੀ ਦੀ ਧਾਰਾ 340 ਤਹਿਤ ਕਾਰਵਾਈ ਦੀ ਮੰਗ ਕੀਤੀ।

ਜੱਜ ਪੀ ਕੇ ਰਾਏ ਨੇ ਤੁਰੰਤ ਆਪਣੇ ਦਫ਼ਤਰ ਨੂੰ ਅਰਜੀ ਰਜਿਸਟਰਡ ਕਰਨ ਦੇ ਹੁਕਮ ਦਿੱਤੇ ਅਤੇ ਸਰਕਾਰੀ ਪੱਖ ਨੂੰ ਵਿਦਿਆਰਥਣ ਅਤੇ ਮੁਲਜ਼ਮਨ ਨੂੰ ਇਸ ਦੀ ਇੱਕ ਕਾਪੀ ਮੁਹਈਆ ਕਰਵਾਉਣ ਦੇ ਹੁਕਮ ਦਿੱਤੇ। ਮਾਮਲੇ ਦੀ ਅਗਲੀ ਸੁਣਵਾਈ 15 ਅਕਤੂਬਰ ਨੂੰ ਹੋਵੇਗੀ।

ਇਹ ਵੀ ਪੜ੍ਹੋ:

ਵੀਡੀਓ: ਐਪਲ ਨੇ iPhone 12 ਲਾਂਚ ਕੀਤਾ, ਕੀ ਹੈ ਭਾਰਤ ਵਿੱਚ ਮੁੱਲ

ਵੀਡੀਓ: ਅਜ਼ਰਬਾਈਜ਼ਾਨ ਤੇ ਅਰਮੇਨੀਆ ਦੇ ਤਣਾਅ ਵਿੱਚ ਪੀੜਤ ਲੋਕਾਂ ਦੀ ਮਦਦ ਕਰ ਰਿਹਾ ਪੰਜਾਬੀ

ਵੀਡੀਓ: ਪਾਕਿਸਤਾਨ 'ਚ ਫੌਜ ਦੇ ਤਖ਼ਤਾ ਪਲਟ ਦੀ ਕਹਾਣੀ ਪੱਤਰਕਾਰਾਂ ਦੀ ਜ਼ੁਬਾਨੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)