ਡਾ. ਮਨਮੋਹਨ ਸਿੰਘ: ਉਹ ਮੌਕਾ ਜਦੋਂ ਵਾਜਪਾਈ ਦੇ ਭਾਸ਼ਣ ਤੋਂ ਨਿਰਾਸ਼ ਮਨਮੋਹਨ ਸਿੰਘ ਨੇ ਅਸਤੀਫ਼ਾ ਦੇਣ ਬਾਰੇ ਸੋਚਿਆ

ਤਸਵੀਰ ਸਰੋਤ, Hindustan Times/getty
ਭਾਰਤ ਦੇ 89 ਸਾਲਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬੁਖ਼ਾਰ ਕਾਰਨ ਦਿੱਲੀ ਦੇ ਏਮਜ਼ ਵਿੱਚ ਭਰਤੀ ਹਨ। ਹੁਣ ਉਨ੍ਹਾਂ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਹਰ ਵੱਡਾ ਸਿਆਸੀ ਆਗੂ ਮਨਮੋਗਨ ਸਿੰਘ ਦੀ ਸਿਹਤਯਾਬੀ ਲਈ ਦੁਆਵਾਂ ਕਰ ਰਿਹਾ ਹੈ।
ਮਨਮੋਹਨ ਸਿੰਘ ਸਿਆਸਤਦਾਨ ਤੋਂ ਪਹਿਲਾਂ ਇੱਕ ਅਰਥਸ਼ਾਸਤਰੀ ਸਨ। ਉਨ੍ਹਾਂ ਨੂੰ ਰਾਜਨੀਤੀ ਵਿੱਚ ਲਿਆਉਣ ਦਾ ਸਿਹਰਾ ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਨੂੰ ਜਾਂਦਾ ਹੈ।
ਜਦੋਂ ਡਾ. ਮਨਮੋਹਨ ਸਿੰਘ ਨੂੰ ਭਾਰਤ ਦਾ ਵਿੱਤ ਮੰਤਰੀ ਬਣਾਇਆ ਗਿਆ ਤਾਂ ਉਹ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਚੇਅਰਮੈਨ ਸਨ।
ਅਸਲ ਵਿੱਚ ਉਸ ਸਮੇਂ ਨਰਸਿਮਹਾ ਰਾਓ ਇੱਕ ਅਜਿਹਾ ਚਿਹਰਾ ਤਲਾਸ਼ ਰਹੇ ਸਨ ਜਿਸ ਨਾਲ ਕਿ ਉਹ ਵਿਰੋਧੀ ਧਿਰ ਅਤੇ ਕੌਮਾਂਤਰੀ ਮੁਦਰਾ ਕੋਸ਼ ਨੂੰ ਇਹ ਯਕੀਨ ਦਵਾਉਣਾ ਚਾਹੁੰਦੇ ਸਨ ਕਿ ਭਾਰਤ ਹੁਣ ਪੁਰਾਣੇ ਤਰੀਕੇ ਨਾਲ ਨਹੀਂ ਚੱਲੇਗਾ।
ਡਾ. ਮਨਮੋਹਨ ਸਿੰਘ ਨੇ ਆਪਣੇ ਪਹਿਲੇ ਬਜਟ ਵਿੱਚ ਹੀ ਭਾਰਤ ਦੀ ਆਰਥਿਕਤਾ ਨੂੰ ਨਵਾਂ ਮੋੜ ਦਿੱਤਾ ਅਤੇ ਉਦਾਰੀਕਰਨ ਦੀ ਨੀਂਹ ਇੰਨੀ ਮਜ਼ਬੂਤੀ ਨਾਲ ਰੱਖ ਦਿੱਤੀ ਕਿ ਉਹ ਰਸਤਾ ਭਾਰਤ ਉਸ ਤੋਂ ਬਾਅਦ ਬਦਲ ਨਹੀਂ ਸਕਿਆ।
ਉਨ੍ਹਾਂ ਨੂੰ ਭਾਰਤੀ ਇਤਿਹਾਸ ਵਿੱਚ ਸ਼ਾਇਦ ਇੱਕ ਸਿਆਸਤਦਾਨ ਵਜੋਂ ਘੱਟ ਅਤੇ ਇੱਕ ਅਰਥਸ਼ਾਸਤਰੀ ਅਤੇ ਈਮਾਨਦਾਰ ਵਿਅਕਤੀ ਵਜੋਂ ਵਧੇਰੇ ਯਾਦ ਕੀਤਾ ਜਾਵੇਗਾ।
2014 ਵਿੱਚ ਜਦੋਂ ਯੂਪੀਏ ਦੀ ਸਰਕਾਰ ਗਈ, ਜਿਸ ਦੀ ਅਗਵਾਈ ਡਾ. ਮਨਮੋਹਨ ਸਿੰਘ ਦੇ ਹੱਥਾਂ ਵਿੱਚ ਹੀ ਸੀ ਤਾਂ ਭਾਜਪਾ ਨੇ ਦੇਸ਼ ਦੀ ਹਾਲਤ ਲਈ ਡਾ. ਮਨਮੋਹਨ ਸਿੰਘ ਨੂੰ ਜ਼ਿੰਮੇਵਾਰ ਦੱਸਣਾ ਸ਼ੁਰੂ ਕੀਤਾ।
ਇਸ 'ਤੇ ਡਾ.ਮਨਮੋਹਨ ਸਿੰਘ ਨੇ ਸਿਰਫ਼ ਇੰਨਾ ਹੀ ਕਿਹਾ, "ਅਜੋਕੇ ਮੀਡੀਆ ਨਾਲੋਂ ਇਤਿਹਾਸ ਮੇਰੇ ਪ੍ਰਤੀ ਜ਼ਿਆਦਾ ਦਿਆਲੂ ਹੋਵੇਗਾ।"

ਤਸਵੀਰ ਸਰੋਤ, PRASHANT PANJIAR/THE THE INDIA TODAY GROUP VIA GE
ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਇਕ ਵਾਰ ਯੂਪੀਏ ਸਰਕਾਰ ਵਿੱਚ ਹੋਏ ਘੋਟਾਲਿਆਂ- ਘਪਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਇੰਨਾ ਕੁਝ ਹੋਇਆ ਪਰ ਡਾ. ਮਨਮੋਹਨ ਸਿੰਘ ਉੱਪਰ ਇੱਕ ਦਾਗ ਤੱਕ ਨਹੀਂ ਲੱਗਿਆ।
ਉਨ੍ਹਾਂ ਨੇ ਕਿਹਾ, "ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਵਿੱਚ ਇੰਨੇ ਭ੍ਰਿਸ਼ਟਾਚਾਰ ਹੋਏ, ਲੇਕਿਨ ਉਨ੍ਹਾਂ ਉੱਪਰ ਦਾਗ ਤੱਕ ਨਹੀਂ ਲੱਗਿਆ। ਬਾਥਰੂਮ ਵਿੱਚ ਰੇਨਕੋਟ ਪਾਕੇ ਨਹਾਉਣ ਦੀ ਕਲਾ ਕੋਈ ਡਾਕਟਰ ਸਾਹਿਬ ਤੋਂ ਸਿੱਖੇ।"
ਡਾ. ਮਨਮੋਹਨ ਸਿੰਘ ਦੇ ਮੰਤਰੀਆਂ ਅਤੇ ਸਰਕਾਰ ਬਾਰੇ ਬਹੁਤ ਕੁੱਝ ਕਿਹਾ ਗਿਆ ਪਰ ਕਦੇ ਉਨ੍ਹਾਂ ਦੇ ਕਿਰਦਾਰ ਬਾਰੇ ਕੋਈ ਕੁਝ ਨਹੀਂ ਕਹਿ ਸਕਿਆ।

ਤਸਵੀਰ ਸਰੋਤ, Getty Images
ਮੌਜੂਦਾ ਸਰਕਾਰ ਦੀਆਂ ਆਰਥਿਕ ਨੀਤੀਆਂ ਖ਼ਾਸ ਕਰ ਕੋਰੋਨਾਵਾਇਰਸ ਮਹਾਂਮਾਰੀ ਤੋਂ ਬਾਅਦ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ ਡਾ. ਮਨਮੋਹਣ ਸਿੰਘ ਨੇ ਸਰਕਾਰ ਨੂੰ ਤਿੰਨ ਸਲਾਹਾਂ ਦਿੱਤੀਆਂ-
- ਸਰਕਾਰ ਇਹ ਯਕੀਨੀ ਬਣਾਏ ਕਿ "ਲੋਕਾਂ ਦੀ ਰੋਜ਼ੀ-ਰੋਟੀ ਸੁਰੱਖਿਅਤ ਹੈ" ਅਤੇ ਉਨ੍ਹਾਂ ਕੋਲ "ਜ਼ਰੂਰਤ ਪੈਣ ਉੱਤੇ ਖਰਚਣ ਲਈ ਸਿੱਧੀ ਨਕਦੀ" ਮੌਜੂਦ ਹੈ।
- ਸਰਕਾਰ ਨੂੰ ਕਾਰੋਬਾਰ ਕਰਨ ਲਈ "ਸਰਕਾਰ ਦੁਆਰਾ ਸਮਰਥਿਤ ਕ੍ਰੈਡਿਟ ਗਰੰਟੀ ਪ੍ਰੋਗਰਾਮਾਂ" ਰਾਹੀਂ ਲੋੜੀਂਦੀ ਪੂੰਜੀ ਉਪਲੱਬਧ ਕਰਾਉਣੀ ਚਾਹੀਦੀ ਹੈ।
- ਸਰਕਾਰ ਨੂੰ "ਸੰਸਥਾਗਤ ਖੁਦਮੁਖ਼ਤਿਆਰੀ ਅਤੇ ਪ੍ਰਕਿਰਿਆਵਾਂ" ਰਾਹੀਂ ਵਿੱਤੀ ਖੇਤਰ ਨੂੰ ਠੀਕ ਕਰਨਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਫਿਰ ਕੋਰੋਨਾਵਾਇਰਸ ਦਾ ਮੁਕਾਬਲਾ ਕਰਨ ਲਈ ਵੀ ਉਨ੍ਹਾਂ ਨੇ ਸਰਕਾਰ ਨੂੰ ਪੰਜ ਸਲਾਹਾਂ ਦਿੱਤੀਆਂ।
ਡਾ. ਮਨਮੋਹਨ ਸਿੰਘ ਉੱਪਰ ਇਲਜ਼ਾਮ ਲਗਦੇ ਸਨ ਕਿ ਉਹ ਬਹੁਤ ਘੱਟ ਬੋਲਦੇ ਹਨ ਅਤੇ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਹੁੰਦਿਆਂ ਵੀ ਮੌਨਮੋਹਨ ਸਿੰਘ ਕਹਿਣੋਂ ਵੀ ਨਹੀਂ ਕਤਰਾਉਂਦੇ ਸਨ।
ਹਾਲਾਂਕਿ ਜਦੋਂ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਅਤੇ ਉਨ੍ਹਾਂ ਨੇ ਪ੍ਰੈੱਸ ਤੋਂ ਦੂਰੀ ਬਣਾ ਲਈ ਤਾਂ ਡਾ. ਮਨਮੋਹਨ ਸਿੰਘ ਨੇ ਚੁਟਕੀ ਲਈ।
ਉਨ੍ਹਾਂ ਕਿਹਾ, "ਮੀਡੀਆ ਦੀਆਂ ਰਿਪੋਰਟਾਂ ਤੋਂ ਮੈਨੂੰ ਪਤਾ ਲਗਦਾ ਰਿਹਾ ਹੈ ਕਿ ਮੇਰੇ ਨਾ ਬੋਲਣ 'ਤੇ ਉਹ ਮੇਰੀ ਅਲੋਚਨਾ ਕਰਦੇ ਰਹੇ ਹਨ। ਮੈਨੂੰ ਲਗਦਾ ਹੈ ਕਿ ਜੋ ਸੁਝਾਅ ਉਹ ਮੈਨੂੰ ਦਿੰਦੇ ਆਏ ਹਨ ਉਨ੍ਹਾਂ ਨੂੰ ਖੁਦ ਨੂੰ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ।"

ਤਸਵੀਰ ਸਰੋਤ, Getty Images
ਮਨਮੋਹਨ ਸਿੰਘ ਅਸਤੀਫ਼ਾ ਦੇਣਾ ਚਾਹੁੰਦੇ ਸਨ
ਬੀਬੀਸੀ ਪੱਤਰਕਾਰ ਸਿਧਾਰਥ ਗਾਨੂੰ ਦੀ ਇਸ ਰਿਪੋਰਟ ਵਿੱਚ ਅਟਲ ਬਿਹਾਰੀ ਵਾਜਪਾਈ ਦੇਦੋਸਤ ਐਨਐਮ ਘਟਾਟੇ ਨੇ ਇੱਕ ਦਿਲਚਸਪ ਘਟਨਾ ਦੱਸੀ, ''1991 ਵਿੱਚ ਨਰਸਿਮਹਾ ਰਾਓ ਨੇ ਵਾਜਪਾਈ ਨੂੰ ਫੋਨ ਕੀਤਾ ਤੇ ਕਿਹਾ ਕਿ ਤੁਸੀਂ ਬਜਟ ਦੀ ਇੰਨੀ ਤਿੱਖੀ ਆਲੋਚਨਾ ਕੀਤੀ ਕਿ ਮੇਰੇ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਅਸਤੀਫਾ ਦੇਣਾ ਚਾਹੁੰਦੇ ਹਨ।''
''ਇਹ ਸੁਣਕੇ ਵਾਜਪਾਈ ਨੇ ਡਾ. ਮਨਮੋਹਨ ਸਿੰਘ ਨੂੰ ਬੁਲਾਇਆ ਤੇ ਕਿਹਾ ਕਿ ਆਲੋਚਨਾ ਨੂੰ ਨਿਜੀ ਤੌਰ 'ਤੇ ਨਹੀਂ ਲੈਣਾ ਚਾਹੀਦਾ ਹੈ, ਕਿਉਂਕਿ ਇਹ ਇੱਕ ਰਾਜਨੀਤਕ ਭਾਸ਼ਣ ਸੀ।''
ਉਸ ਦਿਨ ਤੋਂ ਦੋਹਾਂ ਵਿਚਾਲੇ ਇੱਕ ਖਾਸ ਰਿਸ਼ਤਾ ਬਣ ਗਿਆ।
ਡਾ. ਮਨਮੋਹਨ ਸਿੰਘ ਦਾ ਪਿਛੋਕੜ
ਸਾਬਕਾ ਪ੍ਰਧਾਨ ਮੰਤਰੀ ਦਾ ਜਨਮ ਅਣਵੰਡੇ ਪੰਜਾਬ ਵਿੱਚ 26 ਸਤੰਬਰ 1932 ਨੂੰ ਗੁਰਮੁਖ ਸਿੰਘ ਦੇ ਘਰ ਹੋਇਆ।
ਉਨ੍ਹਾਂ ਦਾ ਜਨਮ ਅਜੋਕੇ ਪਾਕਿਸਤਾਨ ਵਿੱਚ ਰਹਿ ਗਏ ਗਾਹ ਨਾਮ ਦੇ ਕਸਬੇ ਵਿੱਚ ਹੋਇਆ ਸੀ।
ਸਾਲ 1958 ਵਿੱਚ ਉਨ੍ਹਾਂ ਦਾ ਵਿਆਹ ਗੁਰਸ਼ਰਨ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਹਨ।
ਉਨ੍ਹਾਂ ਨੇ ਪੰਜਾਬ ਯੂਨੀਵਰਿਟੀ ਤੋਂ 1948 ਵਿੱਚ ਦਸਵੀਂ ਪਾਸ ਕੀਤੀ।
ਅਗਲੇਰੀ ਪੜ੍ਹਾਈ ਲਈ ਉਹ ਬ੍ਰਿਟੇਨ ਚਲੇ ਗਏ ਜਿੱਥੇ ਕੈਂਬਰਿਜ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਸਾਲ 1957 ਵਿੱਚ ਪਹਿਲੇ ਦਰਜੇ ਵਿੱਚ ਇਕਨਾਮਿਕਸ ਵਿੱਚ ਆਨਰ ਦੀ ਡਿਗਰੀ ਹਾਸਲ ਕੀਤੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਾਲ 1962 ਵਿੱਚ ਉਨ੍ਹਾਂ ਨੇ ਆਕਸਫੋਰਡ ਯੂਨੀਵਰਿਸਟੀ ਦੇ ਨਫ਼ੀਲਡ ਕਾਲਜ ਤੋਂ ਇਕਨਾਮਿਕਸ ਵਿੱਚ ਹੀ ਡੀ. ਫ਼ਿਲ ਦੀ ਡਿਗਰੀ ਹਾਸਲ ਕੀਤੀ।
ਡਾਕਟਰੇਟ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੜ੍ਹਾਉਣ ਲੱਗੇ।
ਸਾਲ 1971 ਵਿੱਚ ਉਹ ਕਾਮਰਸ ਮੰਤਰਾਲੇ ਵਿੱਚ ਆਰਥਿਕ ਸਲਾਹਕਾਰ ਵਜੋਂ ਭਾਰਤ ਸਰਕਾਰ ਦਾ ਹਿੱਸਾ ਬਣੇ।
ਬਾਅਦ ਵਿੱਚ ਅਗਲੇ ਹੀ ਸਾਲ ਉਨ੍ਹਾਂ ਨੂੰ ਵਿੱਤ ਮੰਤਰਾਲੇ ਵਿੱਚ ਮੁੱਖ ਆਰਥਿਕ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ। ਵਿੱਤ ਮੰਤਰਾਲੇ ਵਿੱਚ ਫਿਰ ਉਨ੍ਹਾਂ ਨੇ ਵੱਖ-ਵੱਖ ਅਹੁਦਿਆਂ ਉੱਪਰ ਰਹਿ ਕੇ ਕੰਮਕਾਜ ਕੀਤਾ।

ਤਸਵੀਰ ਸਰੋਤ, ANI
1991 ਤੋਂ 1996 ਤੱਕ ਉਹ ਭਾਰਤ ਦੇ ਵਿੱਤ ਮੰਤਰੀ ਰਹੇ। ਇਸੇ ਸਾਲ ਉਦਾਰੀਕਰਨ ਦੇ 30 ਸਾਲ ਪੂਰੇ ਹੋਏ ਸਨ।
ਉਨ੍ਹਾਂ ਨੇ ਕਈ ਕੌਮਾਂਤਰੀ ਮੰਚਾਂ ਉੱਪਰ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਜਿਵੇਂ- ਸਾਈਪਰਸ ਵਿੱਚ ਉਨ੍ਹਾਂ ਨੇ ਭਾਰਤੀ ਵਫ਼ਦ ਦੀ ਅਗਵਾਈ ਕੀਤੀ (1993) ਅਤੇ ਫਿਰ ਉਸੇ ਸਾਲ ਵਿਆਨਾ ਵਿੱਚ ਹੋਈ ਮਨੁੱਖੀ ਹੱਕਾਂ ਬਾਰੇ ਵਿਸ਼ਵ ਕਾਨਫਰੰਸ।
ਸਾਲ 1987 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮਵਿਭੂਸ਼ਣ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਵੀ ਉਨ੍ਹਾਂ ਦੇ ਨਾਮ ਕਈ ਕੌਮੀ ਤੇ ਕੌਮਾਂਤਰੀ ਇਨਾਮ-ਸਨਮਾਨ ਦਰਜ ਹਨ।
ਮਨਮੋਹਨ ਸਿੰਘ ਸਾਲ 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਇਸ ਅਰਸੇ ਦੌਰਾਨ ਵਿਸ਼ਵ ਪੱਧਰ ਉੱਤੇ ਉਨ੍ਹਾਂ ਦੀ ਅਮਰੀਕਾ ਨਾਲ ਨਿਊਕਲੀਅਰ ਐਨਰਜੀ ਡੀਲ ਵੇਲੇ ਸਾਖ ਨਜ਼ਰ ਆਈ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਨਾਲ ਨਜਿੱਠਣ ਬਾਰੇ ਮਨਮੋਹਨ ਸਿੰਘ ਦੀਆਂ ਮੋਦੀ ਨੂੰ 5 ਸਲਾਹਾਂ
- ਡਾ. ਮਨਮੋਹਨ ਸਿੰਘ ਦੇ ਦੱਸੇ ਉਹ ਤਿੰਨ ਤਰੀਕੇ ਜਿਸ ਨਾਲ ਅਰਥਚਾਰਾ ਮੁੜ੍ਹ ਲੀਹ 'ਤੇ ਆਏਗਾ
- ਮਨਮੋਹਨ ਸਿੰਘ ਸਰਕਾਰ ਦੇ ਸਲਾਹਕਾਰ ਕੀ ਖੇਤੀ ਕਾਨੂੰਨਾਂ ਵਿੱਚ ਸੁਧਾਰਾਂ ਦੇ ਹਮਾਇਤੀ ਸਨ
- ਡਾ. ਮਨਮੋਹਨ ਸਿੰਘ ਨੂੰ ਮਿਲ ਕੇ ਓਬਾਮਾ ਦੀ ਉਨ੍ਹਾਂ ਬਾਰੇ ਕਿਹੜੀ ਧਾਰਨਾ ਪੱਕੀ ਹੋਈ
- ਜਦੋਂ ਮਨਮੋਹਨ ਸਿੰਘ ਨੂੰ ਪੀਐੱਮ ਦਾ ਫੋਨ ਆਇਆ ਕਿ ਮੈਂ ਤੁਹਾਨੂੰ ਵਿੱਤ ਮੰਤਰੀ ਬਣਾਉਣਾ ਚਾਹੁੰਦਾ ਹਾਂ
ਡਾ. ਮਨਮੋਹਨ ਸਿੰਘ ਬਾਰੇ ਓਬਾਮਾ ਨੇ ਜੋ ਲਿਖਿਆ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਆਪਣੀ ਕਿਤਾਬ ਵਿੱਚ ਉਨ੍ਹਾਂ ਨਾਲ ਆਪਣੀ ਮੁਲਾਕਾਤ ਬਾਰੇ ਲਿਖਦੇ ਹਨ।
ਓਬਾਮਾ ਲਿਖਦੇ ਹਨ ਕਿ ਜਦੋਂ ਉਹ ਡਾ. ਮਨਮੋਹਨ ਸਿੰਘ ਨੂੰ ਮਿਲੇ ਸਨ ਤਾਂ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਡਰ ਹੈ ਕਿ "ਜ਼ੋਰ ਫ਼ੜ ਰਹੇ ਮੁਸਲਿਮ ਵਿਰੋਧੀ ਜ਼ਜਬੇ ਨੇ ਹਿੰਦੂ ਰਾਸ਼ਟਰਵਾਦੀ ਭਾਜਪਾ ਦੇ ਪ੍ਰਭਾਵ ਨੂੰ ਮਜ਼ਬੂਤ ਕੀਤਾ ਸੀ"। ਭਾਜਪਾ ਉਸ ਸਮੇਂ ਵਿਰੋਧੀ ਧਿਰ ਸੀ।

ਤਸਵੀਰ ਸਰੋਤ, AFP
ਓਬਾਮਾ ਲਿਖਦੇ ਹਨ ਕਿ ਜਦੋਂ ਬੰਦੂਕਧਾਰੀਆਂ ਵੱਲੋਂ ਮੁੰਬਈ ਵਿੱਚ 166 ਲੋਕਾਂ ਮਾਰ ਦੇਣ ਤੋਂ ਬਾਅਦ ਡਾ. ਮਨਮੋਹਨ ਸਿੰਘ ਪਾਕਿਸਤਾਨ ਖ਼ਿਲਾਫ਼ ਕਾਰਵਾਈ ਤੋਂ ਝਿਜਕੇ, ਇਸ "ਝਿਜਕ ਦੀ ਉਨ੍ਹਾਂ ਨੂੰ ਸਿਆਸੀ ਕੀਮਤ ਚੁਕਾਉਣੀ ਪਈ।"
ਡਾ. ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਦੱਸਿਆ, "ਅਨਿਸ਼ਚਿਤ ਸਮਿਆਂ ਵਿੱਚ, ਰਾਸ਼ਟਰਪਤੀ ਜੀ, ਧਾਰਮਿਕ ਅਤੇ ਨਸਲੀ ਇੱਕਜੁਟਤਾ ਦਾ ਸੱਦਾ ਨਸ਼ੀਲਾ ਹੋ ਸਕਦਾ ਹੈ। ਅਤੇ ਸਿਆਸਤਦਾਨਾਂ ਲਈ ਭਾਰਤ ਜਾਂ ਦੁਨੀਆਂ ਵਿੱਚ ਕਿਤੇ ਵੀ ਹੋਰ ਇਸ ਦਾ ਸ਼ੋਸ਼ਣ ਕਰਨਾ ਬਹੁਤਾ ਮੁਸ਼ਕਲ ਨਹੀਂ ਹੈ।"
ਓਬਾਮਾ ਨੇ ਡਾ. ਮਨਮੋਹਨ ਸਿੰਘ ਦੇ ਇਸ ਵਿਚਾਰ ਨਾਲ ਸਹਿਮਤੀ ਦਿੰਦਿਆਂ ਚੈਕ ਗਣਰਾਜ ਦੇ ਪਹਿਲੇ ਰਾਸ਼ਟਰਪਤੀ ਵੈਕਲੈਵ ਹਾਵੇਲ ਨਾਲ ਵੈਲਵਟ ਕ੍ਰਾਂਤੀ ਤੋਂ ਬਾਅਦ ਪਰਾਗ ਫੇਰੀ ਦੌਰਾਨ ਹੋਈ ਮੁਲਾਕਾਤ ਅਤੇ "ਉਨ੍ਹਾਂ ਦੀ ਯੂਰਪ ਵਿੱਚ ਇਲ-ਲਿਬਰਲਿਜ਼ਮ ਦੇ ਉਭਾਰ ਬਾਰੇ ਚੇਤਾਵਨੀ" ਨੂੰ ਯਾਦ ਕੀਤਾ।

ਤਸਵੀਰ ਸਰੋਤ, Getty Images
ਫਿਰ ਪਾਕਿਸਤਾਨ ਦੀ ਸਮੱਸਿਆ ਅਤੇ 2008 ਦੇ ਮੁੰਬਈ ਵਿੱਚ ਹੋਟਲਾਂ ਅਤੇ ਹੋਰ ਥਾਵਾਂ ਉੱਪਰ ਅੱਤਵਾਦੀ ਹਮਲੇ ਬਾਰੇ ਇਸ ਦੀ ਭਾਰਤ ਨਾਲ ਮਿਲ ਕੇ ਕੰਮ ਨਾ ਕਰ ਸਕਣ ਦੀ ਨਿਰੰਤਰ ਅਸਫ਼ਲਤਾ ਨੇ ਦੋਵਾਂ ਦੇਸ਼ਾਂ ਵਿੱਚ ਤਣਾਅ ਬਹੁਤ ਵਧਾ ਦਿੱਤਾ ਸੀ। ਕੁਝ ਇਸ ਕਰ ਕੇ ਵੀ ਕਿ ਮੰਨਿਆਂ ਜਾਂਦਾ ਸੀ ਕਿ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਤਨਜ਼ੀਮ ਲਸ਼ਕਰੇ-ਤਇਬਾ ਦੇ ਪਾਕਿਸਤਾਨ ਦੀ ਸੂਹੀਆ ਏਜੰਸੀ ਨਾਲ ਲਿੰਕ ਸਨ।"
ਓਬਾਮਾ ਨੇ ਮਨਮੋਹਨ ਸਿੰਘ ਨੂੰ "ਭਾਰਤੀ ਆਰਥਿਕ ਰੂਪਾਂਤਰਣ ਦੇ ਮੁੱਖ ਇਮਾਰਤਸਾਜ਼" ਅਤੇ ਇੱਕ "ਸੁਘੜ, ਵਿਚਾਰਵਾਨ, ਅਤੇ ਅਸੂਲਪ੍ਰਸਤੀ ਨਾਲ ਇਮਾਨਦਾਰ" ਦੱਸਿਆ ਹੈ।
ਓਬਾਮਾ ਲਿਖਦੇ ਹਨ ਮਨਮੋਹਨ ਸਿੰਘ ਇੱਕ "ਖ਼ੁਦ ਨੂੰ ਮਾਤ ਦੇਣ ਵਾਲੇ ਟੈਕਨੋਕ੍ਰੇਟ ਸਨ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਨੂੰ ਵਲਵਲਿਆਂ ਨੂੰ ਅਪੀਲ ਕਰ ਕੇ ਨਹੀਂ ਸਗੋਂ ਉੱਚੇ ਜੀਵਨ ਮਾਪਦੰਡ ਲਿਆ ਕੇ ਤੇ ਭ੍ਰਿਸ਼ਟ ਨਾ ਹੋਣ ਦੇ ਕਮਾਏ ਹੋਏ ਰੁਤਬੇ ਸਦਕਾ ਜਿੱਤਿਆ ਸੀ।"
ਡਾ. ਮਨਮੋਹਨ ਸਿੰਘ ਦੀ ਸ਼ਖ਼ਸ਼ੀਅਤ ਦੇ ਕੁਝ ਹੋਰ ਪਹਿਲੂ
ਸਿੱਖਾ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪੰਜਾਬ ਤੇ ਹਰਿਆਣਾ ਦੇ ਸਾਂਝੇ ਵਿਧਾਨ ਸਭਾ ਇਜਲਾਸ ਮੌਕੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੌਜੂਦਾ ਸਮਾਜਿਕ ਚੁਣੌਤੀਆਂ ਗਿਣਵਾਈਆਂ। ਮਨਮੋਹਨ ਸਿੰਘ ਨੇ ਗੁਰੂ ਨਾਨਕ ਦੇ ਸੰਦੇਸ਼ ਨੂੰ ਮੌਜੂਦਾ ਪਰਿਪੇਖ ਵੀ ਦਿੱਤਾ।
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦਿੱਲੀ 'ਚ ਹੋਏ 1984 ਸਿੱਖ ਕਤਲੇਆਮ ਲਈ ਆਈ ਕੇ ਗੁਜਰਾਲ ਦੇ ਹਵਾਲੇ ਨਾਲ ਤਤਕਾਲੀ ਗ੍ਰਹਿ ਮੰਤਰੀ ਨਰਸਿਮਹਾ ਰਾਓ ਦੀ ਭੂਮਿਕਾ 'ਤੇ ਸਵਾਲੀਆ ਨਿਸ਼ਾਨ ਲਗਾਇਆ।
ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਹਾੜੇ ਦੇ ਸੰਬੰਧ ਵਿੱਚ ਰੱਖੇ ਪ੍ਰੋਗਰਾਮ ਵਿੱਚ ਸੰਬੋਧਨ ਕਰ ਰਹੇ ਸਨ।
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ 'ਰਾਸ਼ਟਰਵਾਦ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ' ਦਾ ਗਲਤ ਇਸਤੇਮਾਲ ਹੋ ਰਿਹਾ।
ਉਨ੍ਹਾਂ ਅੱਗੇ ਕਿਹਾ ਕਿ ਇਸ ਰਾਹੀਂ ਅੱਤਵਾਦੀ ਅਤੇ ਭਾਵਨਾਤਮਕ ਤਰੀਕੇ ਨਾਲ ਇੱਕ ਅਜਿਹੇ ਭਾਰਤ ਦਾ ਵਿਚਾਰ ਪੇਸ਼ ਕੀਤਾ ਜਾ ਰਿਹਾ ਹੈ ਜਿਸ 'ਚ ਕਰੋੜਾਂ ਨਾਗਰਿਕਾਂ ਦੀ ਹੀ ਥਾਂ ਨਹੀਂ ਹੈ।
ਜਵਾਹਰ ਲਾਲ ਨਹਿਰੂ ਦੀਆਂ ਕਿਤਾਬਾਂ ਤੇ ਭਾਸ਼ਣਾਂ 'ਤੇ ਅਧਾਰਿਤ ਇੱਕ ਕਿਤਾਬ ਦੀ ਘੁੰਢ ਚੁਕਾਈ ਮੌਕੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਨਹਿਰੂ ਦੀ ਵਜ੍ਹਾ ਨਾਲ ਹੀ ਭਾਰਤ ਨੂੰ ਇੱਕ ਜੀਵੰਤ ਲੋਕਤੰਤਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਸਾਡੀ ਗਿਣਤੀ ਸ਼ਕਤੀਸ਼ਾਲੀ ਦੇਸ਼ਾਂ ਵਿੱਚ ਹੁੰਦੀ ਹੈ।
ਉਦਾਰੀਕਰਨ ਦੇ 30 ਸਾਲ ਪੂਰੇ ਹੋਣ 'ਤੇ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਲਈ 1991 ਤੋਂ ਵੀ ਔਖਾ ਸਮਾਂ ਆ ਰਿਹਾ ਹੈ, ਇਹ ਖ਼ੁਸ਼ ਹੋਣ ਦਾ ਨਹੀਂ ਸਗੋਂ ਵਿਚਾਰ ਕਰਨ ਦਾ ਸਮਾਂ ਹੈ।
ਮਨਮੋਹਨ ਸਿੰਘ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਦਾ ਜਿਵੇਂ ਮਾੜਾ ਹਾਲ 1991 'ਚ ਸੀ, ਕੁਝ ਉਸੇ ਤਰ੍ਹਾਂ ਦੀ ਸਥਿਤੀ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਹੈ। ਸਰਕਾਰ ਇਸ ਲਈ ਤਿਆਰ ਰਹੇ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2


















