ਦੂਜੇ ਵਿਸ਼ਵ ਯੁੱਧ ’ਚ ਹਿੱਸਾ ਲੈਣ ਵਾਲੇ ਉਹ ਭਾਰਤੀ ਸਿਪਾਹੀ ਜੋ ਵਿਸਾਰ ਦਿੱਤੇ ਗਏ

ਬਿਨਾਂ ਟੋਪੀ ਤੋਂ ਵਿਚਕਾਰ ਵਰਦੀ ਵਿੱਚ ਬੈਠੇ ਮੇਜਰ ਅਕਬਰ ਖ਼ਾਨ ਅਤੇ ਵਰਦੀ ਵਿੱਚ ਭਾਰਤੀ ਸੈਨਿਕ

ਤਸਵੀਰ ਸਰੋਤ, Private collection

ਤਸਵੀਰ ਕੈਪਸ਼ਨ, ਬਿਨਾਂ ਟੋਪੀ ਤੋਂ ਵਿਚਕਾਰ ਵਰਦੀ ਵਿੱਚ ਬੈਠੇ ਮੇਜਰ ਅਕਬਰ ਖ਼ਾਨ ਅਤੇ ਵਰਦੀ ਵਿੱਚ ਭਾਰਤੀ ਸੈਨਿਕ
    • ਲੇਖਕ, ਸੁਧਾ ਜੀ ਤਿਲਕ
    • ਰੋਲ, ਬੀਬੀਸੀ ਲਈ

ਦੂਜੇ ਵਿਸ਼ਵ ਯੁੱਧ ਦੌਰਾਨ ਡਨਕਰਕ ਤੋਂ ਸਹਿਯੋਗੀ ਦੇਸ਼ਾਂ ਦੀਆਂ ਫੌਜਾਂ ਨੂੰ ਬਾਹਰ ਕੱਢ ਕੇ ਲਿਆਉਣਾ ਇੱਕ ਮਹੱਤਵਪੂਰਨ ਘਟਨਾ ਸੀ।

ਪਰ ਇਸ ਮੁਹਿੰਮ ਬਾਰੇ ਇੱਕ ਗੱਲ ਜਿਹੜੀ ਕਿ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ। ਉਹ ਹੈ, ਉਨ੍ਹਾਂ ਲਗਭਗ 300 ਭਾਰਤੀ ਸੈਨਿਕਾਂ ਦੀ ਕਹਾਣੀ ਜੋ ਇਸ ਦਲ ਦਾ ਹਿੱਸਾ ਸਨ।

ਮਈ 1940 ਵਿੱਚ, ਨੌ ਦਿਨਾਂ ਦੌਰਾਨ ਸਹਿਯੋਗੀ ਦੇਸ਼ਾਂ ਦੀਆਂ 3 ਲੱਖ 38 ਹਜ਼ਾਰ (3,38,000) ਤੋਂ ਵੱਧ ਫੌਜਾਂ ਨੂੰ ਫਰਾਂਸ ਬੰਦਰਗਾਹ ਸ਼ਹਿਰ ਡਨਕਰਕ ਦੇ ਸਮੁੰਦਰੀ ਤੱਟ ਅਤੇ ਬੰਦਰਗਾਹ ਤੋਂ ਬਾਹਰ ਕੱਢਿਆ ਗਿਆ, ਕਿਉਂਕਿ ਜਰਮਨ ਸੈਨਿਕਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਸੀ।

ਯੂਰਪ ਦੇ ਫੌਜੀਆਂ ਦੀ ਇਸ ਵੱਡੀ ਗਿਣਤੀ ਵਿੱਚ ਭਾਰਤੀ ਸਿਪਾਹੀ ਮੇਜਰ ਮੁਹੰਮਦ ਅਕਬਰ ਖਾਨ ਵੀ ਸ਼ਾਮਲ ਸਨ।

28 ਮਈ ਨੂੰ, ਉਨ੍ਹਾਂ ਨੇ ਬੰਬਾਰੀ ਨਾਲ ਤਬਾਹ ਹੋਏ ਹਾਰਬਰ ਤੋਂ ਈਸਟ ਮੋਲ ਵੱਲ 300 ਭਾਰਤੀ ਸੈਨਿਕਾਂ ਅਤੇ 23 ਬ੍ਰਿਟਿਸ਼ ਫੌਜੀਆਂ ਦੀ ਅਗਵਾਈ ਕੀਤੀ।

ਉਹ ਲਗਭਗ ਇੱਕ ਮੀਲ ਲੰਬੀ ਲੱਕੜ ਦੀ ਜੇਟੀ (ਪਾਣੀ ਰੋਕਣ ਲਈ ਬੰਨ੍ਹ) ਕੋਲ ਸਨ ਜੋ ਕਿ ਸਾਲ 2017 ਵਿੱਚ ਆਈ ਕ੍ਰਿਸਟੋਫਰ ਨੋਲਨ ਦੀ ਸ਼ਾਨਦਾਰ ਫਿਲਮ 'ਡਨਕਰਕ' ਵਿੱਚ ਵੀ ਦਿਖਾਈ ਗਈ।

1941 ਵਿੱਚ ਬਰਮਿੰਘਮ ਵਿੱਚ ਭਾਰਤੀ ਸੈਨਿਕ ਮਾਰਚ ਕਰਦੇ ਹੋਏ

ਤਸਵੀਰ ਸਰੋਤ, Private collection

ਤਸਵੀਰ ਕੈਪਸ਼ਨ, 1941 ਵਿੱਚ ਬਰਮਿੰਘਮ ਵਿੱਚ ਭਾਰਤੀ ਸੈਨਿਕ ਮਾਰਚ ਕਰਦੇ ਹੋਏ

ਯੁੱਧ ਤੋਂ ਬਾਅਦ, ਛੇ ਫੁੱਟ ਲੰਬੇ ਬਹਾਦੁਰ ਸਿਪਾਹੀ ਮੇਜਰ ਖਾਨ ਭਾਰਤ ਪਰਤ ਆਏ ਅਤੇ ਫਿਰ ਜਦੋਂ ਸਾਲ 1947 ਵਿੱਚ ਭਾਰਤ-ਪਾਕਿਸਤਾਨ ਵੰਡ ਹੋਈ ਤਾਂ ਮੇਜਰ ਖਾਨ ਪਾਕਿਸਤਾਨ ਦੀ ਨਵੀਂ ਬਣੀ ਫੌਜ ਵਿੱਚ ਇੱਕ ਸੀਨੀਅਰ ਅਧਿਕਾਰੀ ਵਜੋਂ ਸ਼ਾਮਲ ਹੋ ਗਏ।

ਉਨ੍ਹਾਂ ਨੂੰ ਪਾਕਿਸਤਾਨ ਦੀ ਸਥਾਪਨਾ ਕਰਨ ਵਾਲੇ ਮੁਹੰਮਦ ਅਲੀ ਜਿਨਾਹ ਦਾ ਫੌਜੀ ਸਹਾਇਕ ਬਣਾਇਆ ਗਿਆ ਸੀ।

ਉਨ੍ਹਾਂ ਨੇ 40 ਤੋਂ ਵੱਧ ਕਿਤਾਬਾਂ ਲਿਖੀਆਂ ਅਤੇ ਚੀਨ ਦੇ ਦੌਰੇ ਦੌਰਾਨ ਉਨ੍ਹਾਂ ਨੇ ਚੇਅਰਮੈਨ ਮਾਓ ਨਾਲ ਵੀ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ-

ਭਾਰਤੀ ਸੈਨਿਕ 25ਵੀਂ ਐਨੀਮਲ ਟਰਾਂਸਪੋਰਟ ਕੰਪਨੀ ਦਾ ਹਿੱਸਾ ਸਨ

ਬ੍ਰਿਟਿਸ਼ ਇਤਿਹਾਸਕਾਰ ਘੀ ਬੋਮਨ ਦੇ ਅਨੁਸਾਰ ਮੇਜਰ ਅਕਬਰ ਵਰਗੇ ਭਾਰਤੀ ਸੈਨਿਕ ਜੋ ਡਨਕਰਕ ਤੋਂ ਬਾਹਰ ਨਿਕਲਣ ਵਿੱਚ ਸਫ਼ਲ ਹੋਏ ਸਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਭੁਲਾ ਦਿੱਤਾ ਗਿਆ ਹੈ।

ਘੀ ਬੋਮਨ ਨੇ ਪੰਜ ਵੱਖ-ਵੱਖ ਦੇਸ਼ਾਂ ਵਿੱਚ ਆਪਣੇ ਪੰਜ ਸਾਲ ਬਿਤਾਏ, ਗੁਆਚੀਆਂ ਹੋਈਆਂ ਜਾਣਕਾਰੀਆਂ ਅਤੇ ਪਰਿਵਾਰਕ ਐਲਬਮਾਂ ਵਿੱਚੋਂ ਤਸਵੀਰਾਂ ਲੱਭੀਆਂ ਅਤੇ ਸੈਨਿਕਾਂ ਦੇ ਉੱਤਰਾਧਿਕਾਰੀਆਂ ਨਾਲ ਗੱਲਬਾਤ ਕੀਤੀ।

ਇਹ ਭਾਰਤੀ ਸੈਨਿਕ 25ਵੀਂ ਐਨੀਮਲ ਟਰਾਂਸਪੋਰਟ ਕੰਪਨੀ ਦਾ ਹਿੱਸਾ ਸਨ, ਜਿਨ੍ਹਾਂ ਨੇ ਬ੍ਰਿਟਿਸ਼ ਫ਼ੌਜ ਦੀ ਮਦਦ ਲਈ ਆਪਣੀਆਂ ਖੱਚਰਾਂ ਨਾਲ 7,000 ਮੀਲ (11,265 ਕਿਲੋਮੀਟਰ) ਦੀ ਯਾਤਰਾ ਕੀਤੀ ਸੀ।

ਇੰਗਲੈਂਡ ਨੇੜੇ ਸ਼ਰਲੀ ਵਿੱਚ ਭਾਰਤੀ ਸਿਪਾਹੀ ਬ੍ਰਿਟਿਸ਼ ਨਿਵਾਸ ਉੱਤੇ

ਤਸਵੀਰ ਸਰੋਤ, Private collection

ਤਸਵੀਰ ਕੈਪਸ਼ਨ, ਇੰਗਲੈਂਡ ਨੇੜੇ ਸ਼ਰਲੀ ਵਿੱਚ ਭਾਰਤੀ ਸਿਪਾਹੀ ਬ੍ਰਿਟਿਸ਼ ਨਿਵਾਸ ਉੱਤੇ

ਉਨ੍ਹਾਂ ਵਿੱਚੋਂ ਚਾਰ ਨੂੰ ਛੱਡ ਕੇ ਬਾਕੀ ਸਾਰੇ ਮੁਸਲਮਾਨ ਸਨ। ਉਹ ਖਾਕੀ ਵਰਦੀ, ਟਿਨ ਦੇ ਹੈਲਮੇਟ, ਟੋਪੀਆਂ ਅਤੇ ਪਗੜੀਆਂ (ਪੱਗਾਂ) ਪਹਿਨਦੇ ਸਨ।

ਉਨ੍ਹਾਂ ਕੋਲ ਕੋਈ ਹਥਿਆਰ ਨਹੀਂ ਸੀ, ਕਿਉਂਕਿ ਜਦੋਂ ਉਹ ਫਰਾਂਸ ਪਹੁੰਚਣ ਤੋਂ ਛੇ ਮਹੀਨੇ ਪਹਿਲਾਂ ਪੰਜਾਬ ਤੋਂ ਚੱਲੇ ਸਨ ਤਾਂ ਉਨ੍ਹਾਂ ਨੂੰ ਕੋਈ ਵੀ ਹਥਿਆਰ ਦਿੱਤਾ ਹੀ ਨਹੀਂ ਗਿਆ ਸੀ।

ਫਰਾਂਸ ਵਿੱਚ ਕੜਾਕੇ ਦੀ ਠੰਢ ਦੌਰਾਨ, ਬ੍ਰਿਟਿਸ਼ ਫੌਜ ਨੂੰ ਮੋਟਰਾਂ ਵਾਲੇ ਵਾਹਨਾਂ ਦੀ ਥਾਂ ਖੱਚਰਾਂ ਦੀ ਜ਼ਰੂਰਤ ਸੀ ਤਾਂ ਜੋ ਉਨ੍ਹਾਂ ਦਾ ਸਾਮਾਨ ਆਸਾਨੀ ਨਾਲ ਢੋਇਆ ਜਾ ਸਕੇ।

ਪਰ ਕਿਉਂਕਿ ਉਨ੍ਹਾਂ ਕੋਲ 'ਪਸ਼ੂ ਸੰਭਾਲਣ ਦੇ ਹੁਨਰ' ਦੀ ਘਾਟ ਸੀ, ਇਸ ਲਈ ਉਨ੍ਹਾਂ ਦੀ ਮਦਦ ਲਈ ਭਾਰਤੀ ਫੌਜਾਂ ਤੈਨਾਤ ਕੀਤੀਆਂ ਗਈਆਂ ਸਨ।

ਯੁੱਧਬੰਦੀ ਕੈਂਪ ਵਿੱਚ ਅਨੀਸ਼ ਅਹਿਮਦ ਖ਼ਾਨ
ਤਸਵੀਰ ਕੈਪਸ਼ਨ, ਯੁੱਧਬੰਦੀ ਕੈਂਪ ਵਿੱਚ ਅਨੀਸ਼ ਅਹਿਮਦ ਖ਼ਾਨ

ਯੁੱਧ ਦੌਰਾਨ ਲਗਭਗ 50 ਲੱਖ ਕਾਮਨਵੈਲਥ ਦੇਸ਼ਾਂ ਦੇ ਸੇਵਾਕਰਮੀ ਬ੍ਰਿਟਿਸ਼ ਸਾਮਰਾਜ ਦੀਆਂ ਫੌਜੀ ਸੇਵਾਵਾਂ ਵਿੱਚ ਸ਼ਾਮਲ ਹੋਏ ਸਨ।

ਉਨ੍ਹਾਂ ਵਿੱਚੋਂ ਲਗਭਗ ਅੱਧੇ ਦੱਖਣੀ ਏਸ਼ੀਆ ਤੋਂ ਸਨ। ਡਨਕਰਕ ਵਿੱਚ ਭਾਰਤੀ ਸੈਨਿਕਾਂ ਨਾਲ ਕੀ ਹੋਇਆ, ਇਸ ਬਾਰੇ ਜ਼ਿਆਦਾ ਜਾਣਕਾਰੀ ਉਪਲੱਬਧ ਨਹੀਂ ਹੈ।

ਹਾਲ ਹੀ ਵਿੱਚ ਇਤਿਹਾਸਕਾਰ ਬੋਮਨ ਦੀ ਕਿਤਾਬ 'ਦਿ ਇੰਡੀਅਨ ਕੰਟੀਨਜੈਂਟ: ਦਿ ਫਾਰਗਾਟਨ ਮੁਸਲਿਮ ਸੋਲਜਰਸ ਆਫ ਦਿ ਬੈਟਲ ਆਫ ਡਨਕਰਕ' ਆਈ ਹੈ।

ਇਹ ਵੀ ਪੜ੍ਹੋ-

ਉਹ ਕਹਿੰਦੇ ਹਨ, "ਇਨ੍ਹਾਂ ਸਿਪਾਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਕਹਾਣੀ ਯੁੱਧ ਦੀਆਂ ਅਣਕਹੀਆਂ ਮਹਾਨ ਕਹਾਣੀਆਂ ਵਿੱਚੋਂ ਇੱਕ ਹੈ।"

ਮਿਸਾਲ ਲਈ, ਚੌਧਰੀ ਵਲੀ ਮੁਹੰਮਦ ਨੂੰ ਲਓ, ਜਿਨ੍ਹਾਂ ਨੇ ਬਾਅਦ ਵਿੱਚ ਦੱਸਿਆ, "ਜਰਮਨ ਜਹਾਜ਼ ਸਾਡੇ ਸਿਰਾਂ ਉੱਤੇ ਉੱਡਦੇ ਭਿਆਨਕ ਪੰਛੀਆਂ ਵਰਗੇ ਸਨ ਜੋ ਸਾਡੇ ਉੱਤੇ ਗੋਲੀਬਾਰੀ ਕਰ ਰਹੇ ਸਨ... ਮੈਂ 15 ਦਿਨਾਂ ਤੱਕ ਨਹੀਂ ਸੁੱਤਾ।"

ਵੇਲਸ ਵਿੱਚ ਚਾਰਲੀ ਐਜਵਰਡਸ ਦੇ ਨਾਲ ਭਾਰਤੀ ਸੈਨਿਕ ਸਦਾ ਖ਼ਾਨ

ਤਸਵੀਰ ਸਰੋਤ, MACMILLAN

ਤਸਵੀਰ ਕੈਪਸ਼ਨ, ਵੇਲਸ ਵਿੱਚ ਚਾਰਲੀ ਐਜਵਰਡਸ ਦੇ ਨਾਲ ਭਾਰਤੀ ਸੈਨਿਕ ਸਦਾ ਖ਼ਾਨ

ਉਹ ਅਤੇ ਉਨ੍ਹਾਂ ਦੀ ਟੁਕੜੀ 23 ਮਈ ਨੂੰ ਡਨਕਰਕ ਪਹੁੰਚੇ ਸਨ।

"ਅਸੀਂ ਸੋਚਿਆ ਵੀ ਨਹੀਂ ਸੀ ਕਿ ਅਸੀਂ ਡਨਕਰਕ ਤੋਂ ਜ਼ਿੰਦਾ ਬਾਹਰ ਨਿਕਲ ਸਕਾਂਗੇ ... ਹਰ ਪਾਸੇ ਅੱਗ ਲੱਗੀ ਹੋਈ ਸੀ। ਸਾਰਾ ਡਨਕਰਕ ਸੜ ਰਿਹਾ ਸੀ। ਅੱਗ ਇੰਨੀ ਜ਼ਿਆਦਾ ਸੀ ਕਿ ਲੱਗ ਰਿਹਾ ਸੀ ਜਿਵੇਂ ਦਿਨ ਹੋਵੇ..."

ਉਨ੍ਹਾਂ ਨੇ ਯਾਦ ਕਰਦਿਆਂ ਦੱਸਿਆ, "ਜਿਸ ਜਹਾਜ਼ ਵਿੱਚ ਅਸੀਂ ਸਵਾਰ ਹੋਣਾ ਸੀ ਉਹ ਡੁੱਬ ਗਿਆ ਸੀ। ਅਸੀਂ ਬੀਚ 'ਤੇ ਪਹੁੰਚੇ ਅਤੇ ਵੇਖਿਆ ਕਿ ਜਹਾਜ਼ ਡੁੱਬ ਗਿਆ ਸੀ, ਇਸ ਲਈ ਸਾਨੂੰ ਵਾਪਸ ਜੰਗਲ ਵੱਲ ਭੱਜਣਾ ਪਿਆ।"

ਦੋ ਦਿਨਾਂ ਬਾਅਦ, ਮੁਹੰਮਦ ਅਤੇ ਉਨ੍ਹਾਂ ਦੀਆਂ ਫੌਜਾਂ ਨੂੰ ਉੱਥੋਂ ਕੱਢ ਲਿਆ ਗਿਆ।

ਇਸੇ ਤਰ੍ਹਾਂ ਜਮ੍ਹਾਂਦਾਰ ਮੌਲਾ ਦਾਦ ਖਾਨ ਸਨ, ਜਿਨ੍ਹਾਂ ਨੂੰ ਦੁਸ਼ਮਣ ਵੱਲੋਂ ਗੋਲੇ ਬਰਸਾਏ ਜਾਣ ਦੌਰਾਨ ਆਪਣੇ ਆਦਮੀਆਂ ਨੂੰ ਬਚਾਉਣ ਲਈ ਦਿਖਾਈ ਗਈ "ਬੇਮਿਸਾਲ ਬਹਾਦੁਰੀ, ਧੀਰਜ ਅਤੇ ਫੈਸਲੇ" ਲਈ ਸਨਮਾਨਿਤ ਕੀਤਾ ਗਿਆ ਸੀ।

ਬੋਮਨ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਕਿ ਭਾਰਤੀ ਸੈਨਿਕਾਂ ਦੀ ਮਹੱਤਤਾ ਉਨ੍ਹਾਂ ਦੀ ਸੰਖਿਆ ਵਿੱਚ ਹੈ। ਇਹ ਸਧਾਰਨ ਤੱਥ ਹੈ ਕਿ ਉਹ ਉੱਥੇ ਭਾਰਤੀ ਹੋਣ ਦੇ ਨਾਤੇ, ਸਾਮਰਾਜ ਦੇ ਨਾਗਰਿਕ ਹੋਣ ਦੇ ਨਾਤੇ ਅਤੇ ਮੌਲਵੀ ਅਤੇ ਪੱਗਾਂ ਨਾਲ ਮੌਜੂਦ ਸਨ ਅਤੇ ਦੁਨੀਆ ਨੂੰ ਵੇਖਣ ਦਾ ਉਨ੍ਹਾਂ ਦਾ ਨਜ਼ਰੀਆ ਬਿਲਕੁਲ ਵੱਖਰਾ ਸੀ।"

ਵੀਡੀਓ ਕੈਪਸ਼ਨ, ਪਹਿਲੀ ਸੰਸਾਰ ਜੰਗ 'ਚ ਕਿੰਨੀ ਅਹਿਮ ਸੀ ਭਾਰਤੀ ਫ਼ੌਜੀਆਂ ਦੀ ਭੁਮਿਕਾ

ਖੱਚਰਾਂ ਦੀਆਂ ਪਿੱਠਾਂ 'ਤੇ ਕਰਤਬ ਅਤੇ ਭੰਗੜਾ

ਇਨ੍ਹਾਂ ਆਦਮੀਆਂ ਨੇ ਸਾਲ 1940 ਦਾ ਬਹੁਤ ਸਮਾਂ ਉੱਤਰੀ ਫਰਾਂਸ ਦੇ ਇੱਕ ਪਿੰਡ ਵਿੱਚ ਬਿਤਾਇਆ, ਜੋ ਕਿ ਲਿਲੀ ਸ਼ਹਿਰ ਦੇ ਠੀਕ ਉੱਤਰ ਵਿੱਚ ਸੀ।

ਸਰਦੀ ਦੀ ਮਾਰ ਝੱਲਦੇ ਹੋਏ, ਉਹ ਕਸਰਤ ਕਰਦੇ ਅਤੇ ਆਪਣੇ ਖੱਚਰਾਂ ਦੀ ਦੇਖਭਾਲ ਕਰਦੇ ਸਨ।

ਉੱਥੇ ਹੀ ਉਨ੍ਹਾਂ ਨੂੰ ਦਰਸ਼ਕਾਂ ਦੇ ਰੂਪ ਵਿੱਚ ਸਥਾਨਕ ਪੇਂਡੂ ਲੋਕ ਮਿਲੇ। ਜਿਨ੍ਹਾਂ ਨੂੰ ਉਹ ਆਪਣੇ "ਹਫ਼ਤਾਵਾਰੀ ਜਿਮਖਾਨੇ" ਵਿੱਚ ਖੱਚਰਾਂ ਦੀਆਂ ਪਿੱਠਾਂ 'ਤੇ ਕਰਤਬ ਅਤੇ ਭੰਗੜਾ ਵਿਖਾਉਂਦੇ ਸਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਬੋਮਨ ਕਹਿੰਦੇ ਹਨ ਕਿ ਹਾਲਾਤ ਉਸ ਸਮੇਂ ਤੇਜ਼ੀ ਨਾਲ ਬਦਲ ਗਏ ਜਦੋਂ ਮਈ ਵਿੱਚ ਜਰਮਨਾਂ ਨੇ ਫਰਾਂਸ 'ਤੇ ਹਮਲਾ ਕੀਤਾ, ਅਤੇ "ਦੋ ਹਫਤਿਆਂ ਦੇ ਅੰਦਰ ਹੀ, ਇੱਕ ਚੰਗੀ ਤਰ੍ਹਾਂ ਕ੍ਰਮਬੱਧ, ਅਨੁਸ਼ਾਸਿਤ, ਬਹੁ-ਰਾਸ਼ਟਰੀ ਫੌਜ ਦਾ ਹਿੱਸਾ ਬਣਨ ਵਾਲੇ ਇਹ ਸਿਪਾਹੀ, ਤੱਟ ਉੱਤੇ ਹਫੜਾ-ਦਫੜੀ ਵਾਲੀ ਵਾਪਸੀ ਦਾ ਹਿੱਸਾ ਬਣ ਗਏ ਸਨ"।

ਇਤਿਹਾਸਕਾਰ ਦੱਸਦੇ ਹਨ ਕਿ ਡੋਵਰ ਪਹੁੰਚਣ 'ਤੇ, ਉਨ੍ਹਾਂ ਨੇ ਪੰਜਾਬੀ ਲੋਕ ਸੰਗੀਤ ਵਜਾਇਆ, ਜਿਸ 'ਤੇ "ਬਹੁਤ ਸਾਰੇ ਬ੍ਰਿਟਿਸ਼ ਦਰਸ਼ਕ ਵੀ ਨਾਚ ਵਿੱਚ ਸ਼ਾਮਲ ਹੋਏ।"

ਬ੍ਰਿਟਿਸ਼ ਘਰਾਂ ਅਤੇ ਉੱਥੋਂ ਦੇ ਲੋਕਾਂ ਦੇ ਦਿਲਾਂ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਤੋਂ ਪ੍ਰਭਾਵਿਤ ਖਿਡੌਣਿਆਂ ਵਾਲੇ ਸੈਨਿਕ ਵੀ ਬਣਾਏ ਗਏ।

ਭਾਰਤ ਤੋਂ ਬ੍ਰਿਟੇਨ ਅਤੇ ਫਰਾਂਸ ਦੇ ਪਿੰਡਾਂ ਅਤੇ ਕਸਬਿਆਂ ਦੀ ਯਾਤਰਾ ਕਰਨ ਤੋਂ ਬਾਅਦ, ਜਦੋਂ ਯੁੱਧ ਖ਼ਤਮ ਹੋਣ ਮਗਰੋਂ ਉਹ ਆਪਣੇ ਘਰ ਪਰਤੇ, ਉਦੋਂ ਤੱਕ ਉਨ੍ਹਾਂ ਦੀ ਜ਼ਿੰਦਗੀ ਬਹੁਤ ਬਦਲ ਗਈ ਸੀ।

ਕੁਝ ਨੂੰ ਜਰਮਨਾਂ ਵੱਲੋਂ ਫੜ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਫਰਾਂਸ, ਜਰਮਨੀ, ਇਟਲੀ ਅਤੇ ਪੋਲੈਂਡ ਦੇ ਜੰਗੀ ਕੈਦੀਆਂ ਦੇ ਕੈਂਪਾਂ ਵਿੱਚ ਰੱਖਿਆ ਗਿਆ ਸੀ।

ਫਿਰ ਕਿਉਂ ਇਨ੍ਹਾਂ ਸਿਪਾਹੀਆਂ ਨੂੰ ਉਨ੍ਹਾਂ ਕਿਤਾਬਾਂ ਅਤੇ ਫਿਲਮਾਂ ਵਿੱਚ ਭੁਲਾ ਦਿੱਤਾ ਗਿਆ, ਜਦਕਿ ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ 1940 ਆਪਣੇ ਇੱਕ ਮਸ਼ਹੂਰ ਭਾਸ਼ਣ ਵਿੱਚ ਇਸ ਨੂੰ "ਚਮਤਕਾਰ ਵਾਲੀ ਰਿਹਾਈ" ਕਿਹਾ ਸੀ?

ਬੋਮਨ ਅਨੁਸਾਰ, ਇੱਕ ਕਾਰਨ ਇਹ ਹੋ ਸਕਦਾ ਹੈ ਕਿ ਉਹ "ਸਪਲਾਈ ਦੇ ਕਾਰੋਬਾਰ ਵਿੱਚ ਸ਼ਾਮਲ ਸਨ, ਨਾ ਕਿ ਫਰੰਟ-ਲਾਈਨ ਲੜਾਈ ਵਿੱਚ, ਅਤੇ ਅਜਿਹੀਆਂ ਸਹਾਇਕ ਫੌਜਾਂ ਨੂੰ ਘੱਟ ਹੀ ਯਾਦ ਕੀਤਾ ਜਾਂਦਾ ਹੈ।"

ਡਨਕਰਕ ਵਿੱਚੋਂ ਕਰੀਬ 300 ਭਾਰਤੀ ਸਿਪਾਹੀ ਕੱਢੇ ਗਏ

ਤਸਵੀਰ ਸਰੋਤ, Hulton Deutsch/Getty Images

ਤਸਵੀਰ ਕੈਪਸ਼ਨ, ਡਨਕਰਕ ਵਿੱਚੋਂ ਕਰੀਬ 300 ਭਾਰਤੀ ਸਿਪਾਹੀ ਕੱਢੇ ਗਏ

ਉਹ ਅੱਗੇ ਕਹਿੰਦੇ ਹਨ, "ਜਨਤਾ ਦੀ ਯਾਦਦਾਸ਼ਤ ਅਤੇ ਉਨ੍ਹਾਂ ਵੱਲੋਂ ਭੁੱਲਣਾ, ਦਿਲਚਸਪ ਪ੍ਰਕਿਰਿਆਵਾਂ ਹਨ, ਸਾਰੇ ਕਾਰਨ ਦੱਸਣਾ ਮੁਸ਼ਕਿਲ ਹੈ।"

"ਯੂਰਪ ਅਤੇ ਭਾਰਤ ਵਿੱਚ ਯੁੱਧ ਤੋਂ ਬਾਅਦ ਦਾ ਮਾਹੌਲ ਬਹੁਤ ਹੀ ਵੱਖਰਾ ਸੀ। ਯੂਰਪ ਵਿੱਚ ਪੁਨਰ ਨਿਰਮਾਣ ਅਤੇ ਨਵੇਂ ਸਮਾਜਾਂ ਦੇ ਨਿਰਮਾਣ ਦੀ ਜ਼ਰੂਰਤ ਸੀ।"

"ਸਾਰਾ ਧਿਆਨ ਭਵਿੱਖ 'ਤੇ ਸੀ, ਅਤੇ ਮੋਟੇ ਤੌਰ 'ਤੇ ਯਾਦ ਰਹੇ ਯੁੱਧ ਦੇ ਤੱਤ ਜਿਨ੍ਹਾਂ ਨੂੰ ਇਕੱਠਾ ਕੀਤਾ ਗਿਆ, ਉਨ੍ਹਾਂ ਵਿੱਚ ਆਮ ਤੌਰ 'ਤੇ ਚਿੱਟੇ ਚਿਹਰਿਆਂ ਅਤੇ ਸ਼ਾਨਦਾਰ ਪਿਛੋਕੜ ਵਾਲੇ ਲੋਕ ਸ਼ਾਮਲ ਸਨ।"

"ਭਾਰਤ ਵਿੱਚ, ਸੁਤੰਤਰਤਾ ਅਤੇ ਵੰਡ ਦੀ ਪ੍ਰਕਿਰਿਆ ਨੂੰ ਪਹਿਲ ਦਿੱਤੀ ਗਈ। ਇਤਿਹਾਸ ਹਮੇਸ਼ਾ ਇੱਕ ਚੱਲਦੀ ਰਹਿਣ ਵਾਲੀ ਅਤੇ ਉਜਾਗਰ ਕਰਨ ਵਾਲੀ ਪ੍ਰਕਿਰਿਆ ਹੈ।

(ਸੁਧਾ ਜੀ ਤਿਲਕ ਇੱਕ ਪੱਤਰਕਾਰ ਅਤੇ 'ਟੈਂਪਲ ਟੇਲਸ: ਸਿਕਰੇਟਸ ਐਂਡ ਸਟੋਰੀਜ਼ ਫਰੋਮ ਇੰਡਿਆਜ਼ ਸੈਕਰੇਡ ਪਲੇਸੇਜ਼' ਦੇ ਲੇਖਿਕਾ ਹਨ।)

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)