ਅਫ਼ਗਾਨਿਸਤਾਨ: ਤਾਲਿਬਾਨ ਦੀ ਅੰਤਰਿਮ ਸਰਕਾਰ ਵਿੱਚ ਪਈ ਫੁੱਟ - ਸੂਤਰ

ਤਸਵੀਰ ਸਰੋਤ, AFP
- ਲੇਖਕ, ਖ਼ੁਦਾਈ ਨੂਰ ਨਾਸਰ
- ਰੋਲ, ਬੀਬੀਸ ਇਸਲਾਮਾਬਾਦ
ਸੀਨੀਅਰ ਤਾਲਿਬਾਨ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਅਫ਼ਗਾਨਿਸਤਾਨ ਵਿੱਚ ਨਵੀਂ ਸਰਕਾਰ ਦੀ ਬਣਤਰ ਨੂੰ ਲੈ ਕੇ ਤਾਲਿਬਾਨ ਦੇ ਦੋ ਧੜਿਆਂ ਵਿਚਾਲੇ ਵਖਰੇਵੇਂ ਪੈਦਾ ਹੋ ਗਏ ਹਨ।
ਸੂਤਰਾਂ ਮੁਤਾਬਕ ਇਹ ਵਖਰੇਵੇਂ ਤਾਲਿਬਾਨ ਦੇ ਸਹਿ-ਮੋਢੀ ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਅਤੇ ਇੱਕ ਕੈਬਨਿਟ ਮੈਂਬਰ ਦਰਮਿਆਨ ਪੈਦਾ ਹੋਏ ਹਨ।
ਤਾਲਿਬਾਨ ਦੀ ਲੀਡਰਸ਼ਿਪ ਵਿੱਚ ਪਿਛਲੇ ਦਿਨੀਂ ਬਰਾਦਰ ਦੇ ਲਾਪਤਾ ਹੋਣ ਮਗਰੋਂ ਹੀ ਮਤਭੇਦ ਪੈਦਾ ਹੋ ਗਏ ਸਨ।
ਹਾਲਾਂਕਿ, ਇਨ੍ਹਾਂ ਮਤਭੇਦਾਂ ਤੋਂ ਇਨਕਾਰ ਕੀਤਾ ਗਿਆ ਹੈ।
ਤਾਲਿਬਾਨ ਨੇ ਅਗਸਤ ਦੇ ਮੱਧ ਵਿੱਚ ਅਫ਼ਗਾਨਿਸਤਾਨ 'ਤੇ ਕਬਜ਼ਾ ਕੀਤਾ ਅਤੇ ਦੇਸ਼ ਨੂੰ "ਇਸਲਾਮਿਕ ਅਮੀਰਾਤ" ਐਲਾਨਿਆ ਸੀ।
ਇਹ ਵੀ ਪੜ੍ਹੋ:
ਸੰਗਠਨ ਵੱਲੋਂ ਐਲਾਨੀ ਗਈ ਨਵੀਂ ਕੈਬਨਿਟ ਵਿੱਚ ਸਾਰੇ ਹੀ ਮਰਦ ਹਨ। ਇਨ੍ਹਾਂ ਵਿੱਚੋਂ ਕੁਝ ਉੱਪਰ 20 ਸਾਲ ਪਹਿਲਾਂ ਅਮਰੀਕਾ ਵਿੱਚ ਹਮਲੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਹਨ।
ਇੱਕ ਤਾਲਿਬਾਨ ਸੂਤਰ ਨੇ ਬੀਬੀਸੀ ਦੀ ਪਸ਼ਤੋ ਸੇਵਾ ਨੂੰ ਦੱਸਿਆ ਕਿ ਬਰਾਦਰ ਅਤੇ ਖ਼ਲੀਲ-ਉਰ-ਰਹਿਮਾਨ ਹੱਕਾਨੀ ਜੋ ਕਿ ਰਫਿਊਜੀ ਮਾਮਲਿਆਂ ਦੇ ਮੰਤਰੀ ਅਤੇ ਮਸ਼ਹੂਰ ਹੱਕਾਨੀ ਨੈਟਵਰਕ ਦੇ ਪ੍ਰਮੁੱਖ ਹਨ।
ਦੋਵਾਂ ਆਗੂਆਂ ਵਿਚਾਲੇ ਝਗੜਾ ਹੋਇਆ ਅਤੇ ਗੱਲ ਇੱਥੇ ਹੀ ਨਹੀਂ ਮੁੱਕੀ ਉਨ੍ਹਾਂ ਦੇ ਹਮਾਇਤੀਆਂ ਵਿਚਾਲੇ ਹੱਥੋਪਾਈ ਹੋ ਗਈ।
ਕਤਰ ਵਿੱਚ ਰਹਿ ਰਹੇ ਸੀਨੀਅਰ ਤਾਲਿਬਾਨ ਮੈਂਬਰ ਅਤੇ ਘਟਨਾ ਸਮੇਂ ਮੌਜੂਦ ਇੱਕ ਵਿਅਕਤੀ ਨੇ ਪਿਛਲੇ ਹਫ਼ਤੇ ਹੋਈ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਝਗੜੇ ਦੀ ਵਜ੍ਹਾ ਇਹ ਹੈ ਕਿ ਨਵੇਂ ਉਪ ਪ੍ਰਧਾਨ ਮੰਤਰੀ ਬਰਾਦਰ ਨੇ ਆਪਣੀ ਅੰਤਰਿਮ ਸਰਕਾਰ ਦੀ ਬਣਤਰ ਤੋਂ ਨਾਖ਼ੁਸ਼ੀ ਜ਼ਾਹਿਰ ਕੀਤੀ ਸੀ।
ਜਿੱਤ ਦੇ ਸਿਹਰੇ ਪਿੱਛੇ ਵਿਵਾਦ
ਕਿਹਾ ਜਾ ਰਿਹਾ ਹੈ ਕਿ ਮਤਭੇਦ ਦੀ ਜੜ੍ਹ ਇਹ ਹੈ ਕਿ ਆਖ਼ਰ ਅਫ਼ਗਾਨਿਸਤਾਨ ਵਿੱਚ ਜਿੱਤ ਦਾ ਸਿਹਰਾ ਤਾਲਿਬਾਨ ਦੇ ਕਿਹੜੇ ਧੜੇ ਦੇ ਸਿਰ ਜਾਵੇਗਾ।
ਰਿਪੋਰਟਾਂ ਮੁਤਾਬਕ ਬਰਾਦਰ ਦਾ ਕਹਿਣਾ ਹੈ ਕਿ ਉਨ੍ਹਾਂ ਵਰਗੇ ਲੋਕਾਂ ਵੱਲੋਂ ਵਰਤੀ ਗਈ ਕੂਟਨੀਤਿਕ ਰਣਨੀਤੀ ਨੂੰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ।
ਜਦਕਿ ਹੱਕਾਨੀ ਧੜੇ ਦਾ ਕਹਿਣਾ ਹੈ ਕਿ ਤਾਲਿਬਾਨ ਨੂੰ ਵੀਹ ਸਾਲ ਬਾਅਦ ਅਫ਼ਗਾਨਿਸਤਾਨ ਦੀ ਸੱਤਾ 'ਤੇ ਕਾਬਜ਼ ਹੋਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ।
ਹੱਕਾਨੀ ਹਮਾਇਤੀਆਂ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਦਾ ਤਖ਼ਤ ਤਾਲਿਬਾਨ ਨੂੰ ਉਨ੍ਹਾਂ ਦੀ ਵਜ੍ਹਾ ਕਰਕੇ ਮਿਲਿਆ ਹੈ।

ਤਸਵੀਰ ਸਰੋਤ, Getty Images
ਜ਼ਿਕਰਯੋਗ ਹੈ ਕਿ ਬਰਾਦਰ ਪਹਿਲੇ ਤਾਲਿਬਾਨ ਆਗੂ ਸਨ ਜਿਨ੍ਹਾਂ ਨੇ ਸਿੱਧਾ ਅਮਰੀਕਾ ਨਾਲ ਗੱਲਬਾਤ ਦਾ ਮੁੱਢ ਬੰਨ੍ਹਿਆ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟੈਲੀਫ਼ੋਨ 'ਤੇ ਗੱਲਬਾਤ ਕੀਤੀ।
ਉਸ ਤੋਂ ਪਹਿਲਾਂ ਉਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਫ਼ੌਜਾਂ ਦੀ ਨਿਕਾਸੀ ਦਾ ਰਾਹ ਪੱਧਰਾ ਕਰਨ ਲਈ ਤਾਲਿਬਾਨ ਦੇ ਨੁਮਾਇੰਦੇ ਵਜੋਂ ਅਮਰੀਕਾ ਨਾਲ ਦੋਹਾ ਵਿੱਚ ਸਮਝੌਤਾ ਕੀਤਾ।
ਦੂਜੇ ਪਾਸੇ ਸ਼ਕਤੀਸ਼ਾਲੀ ਹੱਕਾਨੀ ਨੈਟਵਰਕ ਪਿਛਲੇ ਸਾਲਾਂ ਦੌਰਾਨ ਅਫ਼ਗਾਨ ਫ਼ੌਜਾਂ ਅਤੇ ਪੱਛਮੀ ਦੇਸ਼ਾਂ ਦੀਆਂ ਫ਼ੌਜਾਂ ਉੱਪਰ ਹੋਏ ਸਭ ਤੋਂ ਹਿੰਸਕ ਹਮਲਿਆਂ ਵਿੱਚ ਸ਼ਾਮਲ ਰਿਹਾ ਹੈ।
ਹੱਕਾਨੀ ਨੈਟਵਰਕ ਦੇ ਮੁੱਖੀ ਸਿਰਾਜੂਦੀਨ ਹੱਕਾਨੀ, ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ਵਿੱਚ ਗ੍ਰਹਿ ਮੰਤਰੀ ਹਨ।
ਝਗੜੇ ਦੀਆਂ ਅਫ਼ਵਾਹਾਂ ਪਿਛਲੇ ਹਫ਼ਤੇ ਉਸ ਵੇਲੇ ਫੈਲੀਆਂ ਜਦੋਂ ਤਾਲਿਬਾਨ ਦੇ ਸਭ ਤੋਂ ਜਾਣੇ-ਪਛਾਣੇ ਚਿਹਰਿਆਂ ਵਿੱਚੋਂ ਇੱਕ ਬਰਾਦਰ ਅਚਾਨਕ ਗਾਇਬ ਹੋ ਗਏ ਸਨ।
ਸੋਸ਼ਲ ਮੀਡੀਆ ਉੱਪਰ ਅਜਿਹੀਆਂ ਵੀ ਕਿਆਸਅਰਾਈਆਂ ਸਨ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।
ਤਾਲਿਬਾਨ ਦੇ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਬਰਾਦਰ ਵਿਵਾਦ ਤੋਂ ਬਾਅਦ ਕਾਬੁਲ ਛੱਡ ਕੇ ਕੰਧਾਰ ਚਲੇ ਗਏ ਸਨ।
ਇੱਕ ਅਵਾਜ਼ ਦੀ ਰਿਕਾਰਡਿੰਗ ਜਿਸ ਨੂੰ ਬਰਾਦਰ ਦੀ ਆਵਾਜ਼ ਦੱਸਿਆ ਜਾ ਰਿਹਾ ਹੈ, ਸੋਮਵਾਰ ਨੂੰ ਜਾਰੀ ਕੀਤੀ ਗਈ।
ਇਸ ਵਿੱਚ ਕਥਿਤ ਤੌਰ 'ਤੇ ਬਰਾਦਰ ਕਹਿ ਰਹੇ ਹਨ, " ਮੈਂ ਦੌਰਿਆਂ 'ਤੇ ਹਾਂ, ਇਸ ਸਮੇਂ ਮੈਂ ਜਿੱਥੇ ਵੀ ਹਾਂ, ਸੁਰੱਖਿਅਤ ਹਾਂ।"
ਬੀਬੀਸੀ ਹਾਲਾਂਕਿ ਤਾਲਿਬਾਨ ਨਾਲ ਜੁੜੀਆਂ ਕਈ ਵੈਬਸਾਈਟਾਂ ਉੱਪਰ ਮੌਜੂਦ ਇਸ ਰਿਕਾਰਡਿੰਗ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ।
ਤਾਲਿਬਾਨ ਦੇ ਆਪਾ-ਵਿਰੋਧੀ ਬਿਆਨ
ਉਧਰ ਤਾਲਿਬਾਨ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦਾ ਝਗੜਾ ਨਹੀਂ ਹੋਇਆ ਤੇ ਬਰਦਾਰ ਠੀਕ-ਠਾਕ ਹਨ।
ਇੱਕ ਬੁਲਾਰੇ ਨੇ ਕਿਹਾ ਕਿ ਬਰਦਾਰ ਤਾਲਿਬਾਨ ਦੇ ਸੁਪਰੀਮ ਆਗੂ ਨੂੰ ਮਿਲਣ ਕੰਧਾਰ ਗਏ ਹੋਏ ਹਨ ਪਰ ਬਾਅਦ ਵਿੱਚ ਬੀਬੀਸੀ ਪਸ਼ਤੋ ਨੂੰ ਦੱਸਿਆ ਗਿਆ ਕਿ ਉਹ "ਥੱਕ ਗਏ ਸਨ ਅਤੇ ਅਰਾਮ ਕਰਨਾ ਚਾਹੁੰਦੇ ਸਨ।"
ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਬਰਾਦਰ ਨੇ ਕਾਬੁਲ ਵਾਪਸ ਆਉਣਾ ਸੀ ਅਤੇ ਕੈਮਰੇ ਉੱਪਰ ਵੀ ਆ ਸਕਦੇ ਹਨ ਪਰ ਸੂਤਰਾਂ ਨੇ ਕਿਸੇ ਵੀ ਝਗੜੇ ਤੋਂ ਇਨਕਾਰ ਕੀਤਾ।
ਇਸੇ ਦੌਰਾਨ ਤਾਲਿਬਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਕੌਮਾਂਤਰੀ ਭਾਈਚਾਰੇ ਨੂੰ ਅਫ਼ਗਾਨਿਸਤਾਨ ਦੀ ਮਦਦ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਉਨ੍ਹਾਂ ਦੀ ਮਦਦ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post















