ਅਫ਼ਗਾਨਿਸਤਾਨ: ਤਾਲਿਬਾਨ ਦੇ 5 ਮੁੱਖ ਆਗੂ ਜਿਨ੍ਹਾਂ ਨੇ ਸੰਗਠਨ ਨੂੰ ਮੁੜ ਮਜ਼ਬੂਤ ਕੀਤਾ
ਤਾਲਿਬਾਨ ਨੇ ਜਿਸ ਰਫ਼ਤਾਰ ਨਾਲ ਅਫ਼ਗਾਨਿਸਤਾਨ ਉੱਪਰ ਕਬਜ਼ਾ ਕੀਤਾ ਹੈ ਉਸ ਤੋਂ ਲੋਕ ਹੈਰਾਨ ਹਨ।
ਤਾਲਿਬਾਨ ਦੀ ਨਵੀਂ ਸਰਕਾਰ ਵਿੱਚ ਕੌਣ ਕਿਹੜੀ ਜ਼ਿੰਮੇਵਾਰੀ ਨਿਭਾਏਗਾ ਫ਼ਿਲਹਾਲ ਇਹ ਤਾਂ ਤੈਅ ਨਹੀਂ ਹੈ ਪਰ ਤਾਲਿਬਾਨ ਦੇ ਕੁਝ ਮੁੱਖ ਆਗੂਆਂ ਦੇ ਨਾਮ ਜ਼ਰੂਰ ਉੱਭਰ ਕੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਦੇ ਆਲ਼ੇ-ਦੁਆਲੇ ਇਹ ਸਰਕਾਰ ਘੁੰਮੇਗੀ।
ਇਹ ਆਗੂ ਕੌਣ ਹਨ ਅਤੇ ਫ਼ਿਲਾਹਾਲ ਇਨ੍ਹਾਂ ਦੀ ਕੀ ਭੂਮਿਕਾ ਹੈ—
ਇਹ ਆਗੂ ਹਨ- ਮੁੱਲਾ ਅਬਦੁਲ ਗਨੀ ਬਰਾਦਰ, ਹਿਬਤੁੱਲਾਹ ਅਖੁੰਦਜ਼ਾਦਾ ਅਤੇ ਸਿਰਾਜੁਦੀਨ ਹੱਕਾਨੀ।
ਇਹ ਵੀ ਪੜ੍ਹੋ:
ਸਾਲ 2001 ਵਿੱਚ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਨੇ ਤਾਲਿਬਾਨ ਨੂੰ ਅਫ਼ਗ਼ਾਨਿਸਤਾਨ ਵਿੱਚ ਸੱਤਾ ਤੋਂ ਬਾਹਰ ਕੱਢ ਦਿੱਤਾ ਸੀ।
ਪਰ ਇਸ ਸਮੂਹ ਨੇ ਹੌਲੀ-ਹੌਲੀ ਆਪਣੀ ਤਾਕਤ ਵਧਾਈ ਅਤੇ ਹੁਣ ਦੁਬਾਰਾ ਇਸ ਖੇਤਰ ਉੱਤੇ ਕਬਜ਼ਾ ਕਰ ਰਿਹਾ ਹੈ।
ਇਸ ਰਿਪੋਰਟ 'ਚ ਤਾਲਿਬਾਨ ਨੂੰ ਮੁੜ ਪੈਰਾਂ ਸਿਰ ਕਰਨ ਵਾਲੇ ਮੁੱਖ ਚਹਿਰਿਆਂ ਬਾਰੇ ਗੱਲ ਕਰਦੇ ਹਾਂ।
ਹਿਬਤੁੱਲਾਹ ਅਖੁੰਦਜ਼ਾਦਾ

ਤਸਵੀਰ ਸਰੋਤ, AFGHAN ISLAMIC PRESS
ਹਿਬਤੁੱਲਾਹ ਅਖੁੰਦਜ਼ਾਦਾ ਨੂੰ "ਲੀਡਰ ਆਫ਼ ਦਾ ਫੇਥਫੁੱਲ' ਆਖਿਆ ਜਾਂਦਾ ਹੈ। ਉਹ ਇਸਲਾਮਿਕ ਕਾਨੂੰਨ ਦੇ ਵਿਦਵਾਨ ਹਨ ਅਤੇ ਤਾਲਿਬਾਨ ਦੇ ਸਰਬਉੱਚ ਨੇਤਾ ਹਨ ਜੋ ਗਰੁੱਪ ਦੇ ਰਾਜਨੀਤਿਕ, ਧਾਰਮਿਕ ਅਤੇ ਫੌਜੀ ਮਾਮਲਿਆਂ 'ਤੇ ਅੰਤਿਮ ਅਧਿਕਾਰ ਰੱਖਦੇ ਹਨ।
ਮੰਨਿਆਂ ਜਾਂਦਾ ਹੈ ਕਿ ਉਨ੍ਹਾਂ ਨੇ ਤਾਲਿਬਾਨ ਦੀ ਦਿਸ਼ਾ ਬਦਲੀ ਅਤੇ ਮੌਜੂਦਾ ਹਾਲਤ ਵਿੱਚ ਪਹੁੰਚਾਇਆ ਜਿੱਥੇ ਉਹ 20 ਸਾਲ ਬਾਅਦ ਇੱਕ ਵਾਰ ਫਿਰ ਅਫ਼ਗਾਨਿਸਤਾਨ ਦੀ ਸੱਤਾ ਉੱਪਰ ਕਾਬਜ਼ ਹੋਣ ਵਿੱਚ ਸਫ਼ਲ ਹੋਇਆ ਹੈ।
ਤਾਲਿਬਾਨ ਦੇ ਗੜ੍ਹ ਮੰਨੇ ਜਾਂਦੇ ਕੰਧਾਰ ਨਾਲ ਉਨ੍ਹਾਂ ਦੇ ਸੰਬੰਧਾਂ ਨੇ ਤਾਲਿਬਾਨ ਵਿੱਚ ਆਪਣੀ ਪਕੜ ਮਜਬੂਤ ਕਰਨ ਵਿੱਚ ਮਦਦ ਕੀਤੀ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ, ''ਅਖੁੰਦਜ਼ਾਦਾ ਨੇ ਉਦੋਂ ਅਹੁਦਾ ਸੰਭਾਲਿਆ ਜਦੋਂ ਉਨ੍ਹਾਂ ਦੇ ਭਰਾ ਅਖ਼ਤਰ ਮਨਸੂਰ 2016 ਵਿੱਚ ਅਫਗਾਨ-ਪਾਕਿਸਤਾਨ ਸਰਹੱਦ ਦੇ ਨੇੜੇ ਇੱਕ ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਗਏ ਸਨ।
ਅਖੁੰਦਜ਼ਾਦਾ ਨੇ ਕੁਚਲਕ ਦੀ ਇੱਕ ਮਸਜਿਦ ਵਿੱਚ ਪੜ੍ਹਾਇਆ ਅਤੇ ਉਪਦੇਸ਼ ਵੀ ਦਿੱਤਾ ਹੈ।
1980 ਦੇ ਦਹਾਕੇ ਵਿੱਚ ਉਨ੍ਹਾਂ ਨੇ ਸੋਵੀਅਤ ਸੰਘ ਦੇ ਖਿਲਾਫ਼ ਅਫ਼ਗਾਨਿਸਤਾਨ ਦੇ ਵਿਦਰੋਹ ਵਿੱਚ ਕਮਾਂਡਰ ਦੀ ਭੂਮਿਕਾ ਨਿਭਾਈ ਸੀ। ਫਿਰ ਵੀ ਉਨ੍ਹਾਂ ਦੀ ਬਹੁਤੀ ਪਛਾਣ ਇੱਕ ਧਾਰਮਿਕ ਵਿਦਵਾਨ ਵਜੋਂ ਹੀ ਹੈ।
ਉਹ ਅਫ਼ਗਾਨ ਤਾਲਿਬਾਨ ਦਾ ਮੁਖੀਆ ਬਣਨ ਤੋਂ ਪਹਿਲਾਂ ਵੀ ਤਾਲਿਬਾਨ ਦੇ ਸਿਖਰਲੇ ਆਗੂਆਂ ਵਿੱਚ ਗਿਣੇ ਜਾਂਦੇ ਸਨ ਅਤੇ ਤਾਲਿਬਾਨ ਦੇ ਹੁਕਮ ਉਨ੍ਹਾਂ ਵੱਲੋਂ ਹੀ ਸੁਣਾਏ ਜਾਂਦੇ ਸਨ।
ਉਨ੍ਹਾਂ ਨੇ ਇਲਜ਼ਾਮ ਸਾਬਤ ਹੋਣ ਮਗਰੋਂ ਕਾਤਲਾਂ ਨੂੰ ਅਤੇ ਗੈਰ-ਕਾਨੂੰਨੀ ਜਿਣਸੀ ਸੰਬੰਧ ਰੱਖਣ ਵਾਲਿਆਂ ਨੂੰ ਮੌਤ ਅਤੇ ਚੋਰੀ ਕਰਨ ਵਾਲਿਆਂ ਦੇ ਹੱਥ ਵੱਢਣ ਦੇ ਹੁਕਮ ਦਿੱਤੇ ਸਨ।
ਉਨ੍ਹਾਂ ਦੀ ਉਮਰ ਲਗਭਗ 60 ਸਾਲ ਹੈ ਅਤੇ ਉਨ੍ਹਾਂ ਦੇ ਠਿਕਾਣੇ ਬਾਰੇ ਅਜੇ ਕੁਝ ਨਹੀਂ ਪਤਾ ਪਰ ਹਿਬਤੁੱਲਾਹ ਨੇ ਜ਼ਿਆਦਾ ਸਮਾਂ ਅਫ਼ਗਾਨਿਸਤਾਨ ਵਿੱਚ ਬਿਤਾਇਆ ਹੈ।

ਹਿਬਤੁੱਲ੍ਹਾ ਤਾਲਿਬਾਨ ਦੇ ਸਾਬਕਾ ਮੁਖੀ ਅਖ਼ਤਰ ਮੁਹੰਮਦ ਮੰਸੂਰ ਦੇ ਡਿਪਟੀ ਸਨ। ਮੰਸੂਰ ਦੀ ਮਈ 2016 ਵਿੱਚ ਅਮਰੀਕੀ ਡਰੋਨ ਹਮਲੇ ਵਿੱਚ ਮੌਤ ਹੋ ਗਈ ਸੀ। ਮੰਸੂਰ ਨੇ ਆਪਣੀ ਵਸੀਅਤ ਵਿੱਚ ਹਿਬਤੁੱਲਾਹ ਨੂੰ ਆਪਣਾ ਵਾਰਸ ਐਲਾਨਿਆ ਸੀ।
ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਦੇ ਕੁਏਟਾ ਵਿੱਚ ਹਿਬਤੁੱਲਾਹ ਦੀ ਮੁਲਕਾਤ ਤਾਲਿਬਾਨ ਦੇ ਜਿਨ੍ਹਾਂ ਸਿਖਰਲੇ ਆਗੂਆਂ ਨਾਲ ਹੋਈ ਸੀ ਉਨ੍ਹਾਂ ਨੇ ਹੀ ਉਨ੍ਹਾਂ ਨੂੰ ਤਾਲਿਬਾਨ ਦਾ ਮੁੱਖੀ ਬਣਵਾਇਆ। ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਵਸੀਅਤ ਦਾ ਕਾਗਜ਼ ਉਨ੍ਹਾਂ ਦੀ ਨਿਯੁਕਤੀ ਨੂੰ ਮਾਨਤਾ ਦੇਣ ਲਈ ਸੀ।
ਹਾਲਾਂਕਿ ਤਾਲਿਬਾਨ ਨੇ ਇਸ ਨੂੰ ਸਰਬਸੰਮਤੀ ਨਾਲ ਲਿਆ ਗਿਆ ਫ਼ੈਸਲਾ ਦੱਸਿਆ ਸੀ।
ਉਨ੍ਹਾਂ ਦੇ ਨਾਮ ਦਾ ਅਰਥ ਹੈ- ਅੱਲ੍ਹਾ ਵੱਲੋਂ ਮਿਲਿਆ ਤੋਹਫ਼ਾ, ਉਹ ਨੂਰਜ਼ਈ ਕਬੀਲੇ ਨਾਲ ਸੰਬੰਧ ਰੱਖਦੇ ਹਨ।
ਮੁੱਲਾ ਅਬਦੁਲ ਗਨੀ ਬਰਾਦਰ

ਤਸਵੀਰ ਸਰੋਤ, SEFA KARACAN/ANADOLU AGENCY VIA GETTY IMAGES
ਮੁੱਲਾ ਅਬਦੁਲ ਗਨੀ ਬਰਾਦਰ ਤਾਲਿਬਾਨ ਦੇ ਮੋਢੀ ਚਾਰ ਜਣਿਆਂ ਵਿੱਚੋਂ ਸੀ। ਬਰਾਦਰ ਹੁਣ ਤਾਲਿਬਾਨ ਦੇ ਰਾਜਨੀਤਿਕ ਦਫਤਰ ਦੇ ਮੁਖੀ ਹਨ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ, ''ਉਹ ਉਸ ਟੀਮ ਦਾ ਹਿੱਸਾ ਹੈ ਜੋ ਦੋਹਾ ਵਿੱਚ ਇੱਕ ਰਾਜਨੀਤਿਕ ਸੌਦੇ ਨੂੰ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਵਿੱਚ ਹੈ, ਜਿਸ ਨਾਲ ਅਫ਼ਗਾਨਿਸਤਾਨ ਵਿੱਚ ਸੀਜ਼ਫਾਇਰ ਅਤੇ ਸ਼ਾਂਤੀ ਸਥਾਪਤ ਹੋਵੇ।''
ਸਾਲ 2018 ਵਿੱਚ ਜਦੋਂ ਕਤਰ ਵਿੱਚ ਅਮਰੀਕਾ ਨਾਲ ਗੱਲਬਾਤ ਕਰਨ ਲਈ ਤਾਲਿਬਾਨ ਦਾ ਦਫ਼ਤਰ ਖੁੱਲ੍ਹਿਆ ਤਾਂ ਬਰਾਦਰ ਨੂੰ ਸਿਆਦੀ ਦਲ ਦਾ ਮੁਖੀ ਬਣਾਇਆ ਗਿਆ।
ਮੁੱਲਾ ਬਰਾਦਰ ਹਮੇਸ਼ਾ ਤੋਂ ਅਮਰੀਕਾ ਨਾਲ ਗੱਲਬਾਤ ਦੇ ਹਮਾਇਤੀ ਸੀ।

ਤਸਵੀਰ ਸਰੋਤ, Getty Images
ਬਰਾਦਰ ਮੁੱਲਾ ਉਮਰ ਦੇ ਸਭ ਤੋਂ ਭਰੋਸੇਯੋਗ ਕਮਾਂਡਰਾਂ ਵਿੱਚੋਂ ਇੱਕ ਸੀ। ਬਰਾਦਰ ਨੂੰ 2010 ਵਿੱਚ ਦੱਖਣੀ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਸੁਰੱਖਿਆ ਬਲਾਂ ਨੇ ਫੜ ਲਿਆ ਸੀ ਅਤੇ 2018 ਵਿੱਚ ਰਿਹਾ ਕੀਤਾ ਗਿਆ ਸੀ।
ਸਾਲ 2001 ਵਿੱਚ ਜਦੋਂ ਅਮਰੀਕਾ ਨੇ ਤਾਲਿਬਾਨ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਤਾਂ ਨਾਟੋ ਫ਼ੌਜਾਂ ਦੇ ਖ਼ਿਲਾਫ਼ ਹਥਿਆਰਬੰਦ ਵਿਦਰੋਰ ਦੇ ਮੁਖੀਆ ਬਣ ਗਏ।
ਬਾਅਦ ਵਿੱਚ ਸਾਲ 2012 ਤੱਕ ਮੁੱਲਾ ਬਰਦਾਰ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ।
ਉਸ ਸਮੇਂ ਅਫ਼ਗਾਨਿਸਤਾਨ ਸਰਕਾਰ ਅਮਨ ਵਾਰਤਾ ਨੂੰ ਅੱਗੇ ਤੋਰਨ ਲਈ ਜਿਨ੍ਹਾਂ ਕੈਦੀਆਂ ਦੀ ਰਿਹਾਈ ਦੀ ਮੰਗ ਕਰਦੀ ਸੀ ਉਨ੍ਹਾਂ ਵਿੱਚ ਬਰਦਾਰ ਦਾ ਨਾਂਅ ਸਭ ਤੋਂ ਉੱਪਰ ਹੁੰਦਾ ਸੀ
ਸਾਲ 2013 ਵਿੱਚ ਪਾਕਿਸਤਾਨ ਵਿੱਚੋਂ ਰਿਹਾਈ ਤੋਂ ਬਾਅਦ ਉਨ੍ਹਾਂ ਬਾਰੇ ਜਾਣਕਾਰੀ ਨਹੀਂ ਕਿ ਉਹ ਕਿੱਥੇ ਰਹੇ।

ਤਸਵੀਰ ਸਰੋਤ, Getty Images
ਉਹ ਮੁੱਲਾ ਮੁਹੰਮਦ ਉਮਰ ਦੇ ਸਭ ਤੋਂ ਭਰੋਸੇਮੰਦ ਸਿਪਾਹੀ ਅਤੇ ਡਿਪਟੀ ਸਨ। ਆਪਣੀ ਗ੍ਰਿਫ਼ਤਾਰੀ ਸਮੇਂ ਉਹ ਤਾਲਿਬਾਨ ਦੇ ਦੂਜੇ ਨੰਬਰ ਦੇ ਆਗੂ ਸੀ।
ਅਫ਼ਗਾਨਿਸਤਾਨ ਸਰਕਾਰ ਨੂੰ ਲਗਦਾ ਸੀ ਕਿ ਬਰਦਾਰ ਦੇ ਕੱਦ ਦਾ ਆਗੂ ਹੀ ਤਾਲਿਬਾਨ ਨੂੰ ਗੱਲਬਾਤ ਦੀ ਮੇਜ਼ 'ਤੇ ਲਿਆ ਸਕਦਾ ਹੈ।
ਸਾਲ 1994 ਵਿੱਚ ਤਾਲਿਬਾਨ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਉਹ ਇਸ ਦੇ ਇੱਕ ਕਮਾਂਡਰ ਅਤੇ ਰਣਨੀਤੀਕਾਰ ਰਹੇ ਹਨ।
ਮੁੱਲਾ ਉਮਰ ਦੇ ਜਿਊਂਦੇ-ਜੀਅ ਉਹ ਤਾਲਿਬਾਨ ਲਈ ਫੰਡ ਇਕੱਠਾ ਕਰਨ ਅਤੇ ਰੋਜ਼ਾਨਾ ਗਤੀਵਿਧੀਆਂ ਦੀ ਨਿਗਰਾਨੀ ਕਰਦੇ ਸਨ।
ਉਹ ਅਫ਼ਗਾਨਿਸਤਾਨ ਦੀਆਂ ਸਾਰੀਆਂ ਲੜਾਈਆਂ ਵਿੱਚ ਤਾਲਿਬਾਨ ਦੇ ਮੋਹਰੀ ਆਗੂਆਂ ਵਿੱਚ ਸ਼ਾਮਲ ਰਹੇ ਹਨ।
ਜਦੋਂ ਅਮਰੀਕਾ ਨੇ ਤਾਲਿਬਾਨ ਨੂੰ ਸੱਤਾ ਤੋਂ ਲਾਂਭੇ ਕੀਤਾ ਤਾਂ ਉਹ ਡਿਪਟੀ ਰੱਖਿਆ ਮੰਤਰੀ ਸੀ।

ਤਸਵੀਰ ਸਰੋਤ, Getty Images
ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਸਮੇਂ ਅਫ਼ਗਾਨਿਸਤਾਨ ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਸੀ,"ਉਨ੍ਹਾਂ ਦੀ ਪਤਨੀ ਉਮਰ ਅਬਦੁੱਲਾ ਦੀ ਭੈਣ ਹਨ। ਤਾਲਿਬਾਨ ਦੇ ਸਾਰੇ ਪੈਸੇ ਦਾ ਹਿਸਾਬ ਰੱਖਦੇ ਹਨ। ਉਹ ਅਫ਼ਗਾਨ ਦਸਤਿਆਂ ਖ਼ਿਲਾਫ਼ ਸਭ ਤੋਂ ਖੂੰਖਾਰ ਹਮਲਿਆਂ ਦੀ ਅਗਵਾਈ ਕਰਦੇ ਸਨ।'
ਤਾਲਿਬਾਨ ਦੇ ਦੂਜੇ ਆਗੂਆਂ ਵਾਂਗ ਮੁੱਲਾ ਬਰਦਾਰ ਉੱਪਰ ਵੀ ਸੰਯੁਕਤ ਰਾਸ਼ਟਰ ਨੇ ਰੋਕਾਂ ਲਗਾਈਆਂ ਸਨ। ਉਨ੍ਹਾਂ ਉੱਪਰ ਸਫ਼ਰ ਕਰਨ ਅਤੇ ਹਥਿਆਰ ਖ਼ਰੀਦਣ ਦੀ ਪਾਬੰਦੀ ਸੀ।
ਅਫ਼ਗਾਨਿਸਤਾਨ ਵਿੱਚ ਅਮਰੀਕਾ ਦੀ ਵਧਦੀ ਮੌਜੂਦਗੀ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ ਤਾਲਿਬਾਨ ਅਮਰੀਕਾ ਨੂੰ ਭਾਰੀ ਤੋਂ ਭਾਰੀ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।
ਇੰਟਰਪੋਲ ਦੇ ਮੁਤਾਬਕ ਮੁੱਲਾ ਬਰਦਾਰ ਦਾ ਜਨਮ ਉਰੂਜਗ਼ਾਨ ਸੂਬੇ ਦੇ ਦੇਹਰਾਵੁੱਡ ਜ਼ਿਲ੍ਹੇ ਦੇ ਵੀਟਮਾਕ ਪਿੰਡ ਵਿੱਚ 1968 ਵਿੱਚ ਹੋਇਆ ਸੀ।
ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਾ ਸੰਬੰਧ ਦੁਰਾਨੀ ਕਬੀਲੇ ਨਾਲ ਹੈ। ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਵੀ ਦੁਰਾਨੀ ਹੀ ਹਨ।
ਸਿਰਾਜੁਦੀਨ ਹੱਕਾਨੀ

ਤਸਵੀਰ ਸਰੋਤ, FBI
ਮਸ਼ਹੂਰ ਮੁਜਾਹਿਦੀਨ ਕਮਾਂਡਰ ਜਲਾਲੂਦੀਨ ਹੱਕਾਨੀ ਦੇ ਪੁੱਤਰ, ਸਿਰਾਜੁਦੀਨ ਹੱਕਾਨੀ ਨੈਟਵਰਕ ਦੀ ਅਗਵਾਈ ਕਰਦੇ ਹਨ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ, ''ਕੁਝ ਮਾਹਰਾਂ ਦਾ ਮੰਨਣਾ ਹੈ ਕਿ ਹੱਕਾਨੀ ਅਫਗਾਨਿਸਤਾਨ ਵਿੱਚ ਆਤਮਘਾਤੀ ਬੰਬ ਧਮਾਕਿਆਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਅਫਗਾਨਿਸਤਾਨ ਵਿੱਚ ਕਈ ਉੱਚ ਪੱਧਰੀ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।''
ਇਸ ਗਰੁਪ ਨੂੰ ਅਫ਼ਗਾਨਿਸਤਾਨ ਵਿੱਚ ਅਫ਼ਗਾਨ ਸੁਰੱਖਿਆ ਦਸਤਿਆਂ ਅਤੇ ਪੱਛਮੀ ਫ਼ੌਜਾਂ ਉੱਪਰ ਹੋਏ ਹਮਲਿਆਂ ਵਿੱਚੋਂ ਜ਼ਿਆਦਾਤਰ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।
ਇਸ ਵਿੱਚ ਕਾਬੁਲ ਦੇ ਚੋਟੀ ਦੇ ਹੋਟਲ 'ਤੇ ਹਮਲਾ, ਤਤਕਾਲੀ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਕਤਲ ਦੀ ਕੋਸ਼ਿਸ਼ ਅਤੇ ਭਾਰਤੀ ਅੰਬੈਸੀ 'ਤੇ ਆਤਮਘਾਤੀ ਹਮਲਾ ਸ਼ਾਮਲ ਹੈ।
ਇਸ ਸਮੇਂ ਹੱਕਾਨੀ ਨੈਟਵਰਕ ਨੂੰ ਇਲਾਕੇ ਦਾ ਸਭ ਤੋਂ ਤਾਕਤਵਰ ਅਤੇ ਖ਼ਤਰਨਾਕ ਕਟੱੜਪੰਥੀ ਸਮੂਹ ਮੰਨਿਆ ਜਾਂਦਾ ਹੈ।
ਕੁਝ ਦਾ ਤਾਂ ਇਹ ਵੀ ਮੰਨਣਾ ਹੈ ਕਿ ਇਸ ਨੈਟਵਰਕ ਦਾ ਅਫ਼ਗਾਨਿਸਤਾਨ ਵਿੱਚ ਰਸੂਖ ਇਸਲਾਮਿਕ ਸਟੇਟ ਨਾਲੋਂ ਵੀ ਜ਼ਿਆਦਾ ਹੈ।
ਇਸ ਗਰੁੱਪ ਨੂੰ ਅਮਰੀਕਾ ਵੱਲੋਂ ਅੱਤਵਾਦੀ ਸੰਗਠਨ ਐਲਾਨਿਆ ਗਿਆ ਹੈ। ਇਹ ਸੰਗਠਨ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ਉੱਪਰ ਰਹਿ ਕੇ ਤਾਲਿਬਾਨ ਦੀਆਂ ਵਿੱਤੀ ਲੋੜਾਂ ਪੂਰੀਆਂ ਕਰਦਾ ਹੈ।
ਸਿਰਾਜੂਦੀਨ ਹੱਕਾਨੀ ਦੀ ਉਮਰ ਲਗਭਗ 45 ਸਾਲ ਮੰਨੀ ਜਾਂਦੀ ਹੈ। ਹਾਲਾਂਕਿ ਉਨ੍ਹਾਂ ਦੇ ਇਲਾਕੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ।
ਮੁਹੰਮਦ ਯਾਕੂਬ
ਮੁਹੰਮਦ ਯਾਕੂਬ ਤਾਲਿਬਾਨ ਦੇ ਮੋਢੀ ਮੁੱਲਾ ਮੁਹੰਮਦ ਉਮਰ ਦੇ ਪੁੱਤਰ ਹਨ।
ਉਨ੍ਹਾਂ ਦੀ ਉਮਰ 30 ਸਾਲ ਤੋਂ ਕੁਝ ਵਧੇਰੇ ਦੱਸੀ ਜਾਂਦੀ ਹੈ ਅਤੇ ਫਿਲਹਾਲ ਉਹ ਤਾਲਿਬਾਨ ਦੇ ਫ਼ੌਜੀ ਅਭਿਆਨਾਂ ਦੇ ਮੁਖੀਆ ਹਨ।
ਸਾਲ 2016 ਵਿੱਚ ਤਾਲਿਬਾਨ ਦੇ ਆਗੂ ਅਖ਼ਤਰ ਮੰਸੂਰ ਦੀ ਮੌਤ ਤੋਂ ਮਗਰੋਂ ਕੁਝ ਕਟੱੜਪੰਥੀ ਮੁਹੰਮਦ ਯਾਕੂਬ ਨੂੰੰ ਤਾਲਿਬਾਨ ਦਾ ਸੁਪਰੀਮ ਕਮਾਂਡਰ ਬਣਾਉਣਆ ਚਾਹੁੰਦੇ ਸਨ। ਪਰਹ ਦੂਜਿਆਂ ਨੂੰ ਲਗਦਾ ਸੀ ਕਿ ਉਹ ਅਜੇ ਜਵਾਨ ਹਨ ਅਤੇ ਉਨ੍ਹਾਂ ਕੋਲ ਤਜ਼ਰਬੇ ਦੀ ਕਮੀ ਹੈ।
ਸਥਾਨਕ ਮੀਡੀਆ ਮੁਤਾਬਕ ਯਾਕੂਬ ਅਫ਼ਗਾਨਿਸਤਾਨ ਵਿੱਚ ਹੀ ਰਹਿੰਦੇ ਹਨ।
ਅਬਦੁੱਲ ਹਕੀਮ
ਸਿਤੰਬਰ 2020 ਵਿੱਚ ਤਾਲਿਬਾਨ ਨੇ ਅਬਦੁਲ ਹਕੀਮ ਨੂੰ ਦੋਹਾ ਵਿੱਚ ਤਾਲਿਬਾਨ ਵਫ਼ਦ ਦਾ ਮੁਖੀਆ ਬਣਾਇਆ ਸੀ।
ਉਨ੍ਹਾਂ ਦੀ ਉਮਰ 60 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਉਹ ਪਾਕਿਸਤਾਨ ਦੇ ਕੁਏਟਾ ਵਿੱਚ ਕਥਿਤ ਤੌਰ ਤੇ ਇੱਕ ਮਦਰੱਸਾ ਚਲਾਉਂਦੇ ਹਨ। ਉੱਥੇ ਹੀ ਉਹ ਤਾਲਿਬਾਨ ਦੀ ਨਿਆਂਪਾਲਿਕਾ ਵੀ ਚਲਾਉਂਦੇ ਹਨ।
ਤਾਲਿਬਾਨ ਨੇ ਕਈ ਸੀਨੀਅਰ ਆਗੂਆਂ ਨੇ ਕਥਿਤ ਤੌਰ ਤੇ ਕੁਏਟਾ ਵਿੱਚ ਪਨਾਹ ਲੈ ਰੱਖੀ ਹੈ ਅਤੇ ਉੱਥੋਂ ਹੀ ਸੰਗਠਨ ਦਾ ਕੰਮ ਚਲਾਉਂਦੇ ਹਨ।
ਹਾਲਾਂਕਿ ਪਾਕਿਸਤਾਨ ਕੁਏਟਾ ਵਿੱਚ ਤਾਲਿਬਾਨ ਆਗੂਆਂ ਦੀ ਮੌਜੂਦਗੀ ਤੋਂ ਇਨਕਾਰ ਕਰਦਾ ਆਇਆ ਹੈ।
ਹਕੀਮ ਤਾਲਿਬਾਨ ਦੇ ਧਾਰਮਿਕ ਵਿਦਵਾਨਾਂ ਦੀ ਤਾਕਤਵਰ ਕਮੇਟੀ ਦੇ ਮੁਖੀ ਹਨ ਅਤੇ ਮੰਨਿਆ ਜਾਂਦਾ ਹੈ ਕਿ ਉਹ ਸਰਬਉੱਚ ਕਮਾਂਡਰ ਅਖੁੰਦਜ਼ਾਦਾ ਦੇ ਕਰੀਬੀ ਲੋਕਾਂ ਵਿੱਚੋਂ ਇੱਕ ਹਨ।

ਤਸਵੀਰ ਸਰੋਤ, AFP
ਤਾਲਿਬਾਨ ਕੌਣ ਹਨ
ਤਾਲਿਬਾਨ ਜਿਸ ਦਾ ਪਸ਼ਤੋ ਭਾਸ਼ਾ ਵਿੱਚ ਅਰਥ ਹੈ 'ਵਿਦਿਆਰਥੀ', ਇਹ ਸਮੂਹ, 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ, ਅਫ਼ਗ਼ਾਨਿਸਤਾਨ ਤੋਂ ਸੋਵੀਅਤ ਫੌਜਾਂ ਦੀ ਵਾਪਸੀ ਦੇ ਬਾਅਦ ਉੱਤਰੀ ਪਾਕਿਸਤਾਨ ਵਿੱਚ ਉੱਭਰਿਆ।
ਇਹ ਮੰਨਿਆ ਜਾਂਦਾ ਹੈ ਕਿ ਪਸ਼ਤੂਨ ਅੰਦੋਲਨ ਮੁੱਖ ਤੌਰ 'ਤੇ ਪਹਿਲਾਂ ਧਾਰਮਿਕ ਮਦਰੱਸਿਆਂ ਵਿੱਚ ਦਿਖਾਈ ਦਿੱਤਾ ਸੀ ਜੋ ਕਿ ਜ਼ਿਆਦਾਤਰ ਸਾਊਦੀ ਅਰਬ ਤੋਂ ਆਏ ਪੈਸੇ ਨਾਲ ਚੱਲਦਾ ਸੀ ਅਤੇ ਜੋ ਸੁੰਨੀ ਇਸਲਾਮ ਦੇ ਕੱਟੜ ਰੂਪ ਦਾ ਪ੍ਰਚਾਰ ਕਰਦਾ ਸੀ।
ਤਾਲਿਬਾਨ ਦਾ ਵਾਅਦਾ ਸੀ ਕਿ ਇੱਕ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੇ ਪਸ਼ਤੂਨ ਖੇਤਰਾਂ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਬਹਾਲ ਕਰਨਗੇ ਅਤੇ ਆਪਣੇ ਸਿੱਧੇ-ਸਾਦੇ ਸ਼ਰੀਆ ਜਾਂ ਇਸਲਾਮਿਕ ਕਾਨੂੰਨ ਲਾਗੂ ਕਰਨਗੇ।
ਤਾਲਿਬਾਨ ਨੇ ਤੇਜ਼ੀ ਨਾਲ ਅਫ਼ਗ਼ਾਨਿਸਤਾਨ ਦੇ ਦੱਖਣ-ਪੱਛਮੀ ਇਲਾਕੇ ਵਿੱਚ ਆਪਣੇ ਪ੍ਰਭਾਵ ਨੂੰ ਵਧਾਇਆ।
ਇਹ ਵੀ ਪੜ੍ਹੋ:















