ਅਫ਼ਗ਼ਾਨਿਸਤਾਨ: ਤਾਲਿਬਾਨ ਨੇ ਜਿੱਥੇ-ਜਿੱਥੇ ਕਬਜ਼ੇ ਕੀਤੇ, ਉੱਥੇ ਕਿਹੋ ਜਿਹੀਆਂ ਪਾਬੰਦੀਆਂ ਲਾਈਆਂ ਹਨ

ਤਸਵੀਰ ਸਰੋਤ, BBC/ELAINE JUNG
- ਲੇਖਕ, ਰੋਦਰੀ ਡੈਵੀਸ ਅਤੇ ਬੀਬੀਸੀ ਜਾਂਚ ਟੀਮ
- ਰੋਲ, ਚਿੱਤਰ: ਐਲੇਨ ਜੰਗ
ਕੰਮ ਦੇ ਦਿਨਾਂ ਦੌਰਾਨ ਮਿਡ ਵਾਈਫ ਯਾਨਿ ਦਾਈ ਨੂਰੀਆ ਹਯਾ ਪੁਰਸ਼ ਡਾਕਟਰਾਂ ਦੀਆਂ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਰਹਿੰਦੀ ਸੀ।
ਉਹ ਸਥਾਨਕ ਲੋਕਾਂ ਦੇ ਇਲਾਜ ਅਤੇ ਇਸ਼ਕਾਮਿਸ਼ ਵਿੱਚ ਕੰਮ ਕਰਦੇ ਹਨ। ਇਹ ਪੇਂਡੂ ਜ਼ਿਲ੍ਹਾ ਹੈ ਅਤੇ ਇੱਥੇ ਸਹੂਲਤਾਂ ਦੀ ਘਾਟ ਹੈ। ਇਹ ਇਲਾਕਾ ਅਫ਼ਗਾਨਿਸਤਾਨ ਦੇ ਉੱਤਰ ਪੂਰਬੀ ਸੂਬੇ ਤੱਖਰ ਵਿੱਚ ਪੈਂਦਾ ਹੈ। ਜਿਸ ਦੀ ਤਜਾਕਿਸਤਾਨ ਨਾਲ ਸਰਹੱਦ ਲੱਗਦੀ ਹੈ।
ਪਿਛਲੇ ਦਿਨੀਂ 29 ਸਾਲਾ ਨੂਰੀਆ ਨੂੰ ਪਤਾ ਲੱਗਿਆ ਕਿ ਔਰਤਾਂ ਅਤੇ ਮਰਦ ਮੁਲਜ਼ਮਾਂ ਵਿਚਕਾਰ ਗੱਲਬਾਤ ਉੱਪਰ ਰੋਕ ਲਗਾ ਦਿੱਤੀ ਗਈ ਹੈ।
ਨੂਰੀਆ ਮੁਤਾਬਿਕ ਤਾਲਿਬਾਨ ਵੱਲੋਂ ਇਲਾਕੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਹ ਪਹਿਲਾ ਹੁਕਮ ਸੀ।
ਇਸ਼ਕਾਮਿਸ਼ ਹਿੰਦੂਕੁਸ਼ ਪਹਾੜਾਂ ਦੀ ਧਾਰ ਵਿੱਚ ਮੌਜੂਦ ਹੈ ਅਤੇ ਤਾਲਿਬਾਨ ਵੱਲੋਂ ਆਪਣੇ ਕਬਜ਼ੇ ਵਿੱਚ ਲਿਆ ਇਕ ਮਹੱਤਵਪੂਰਨ ਹਿੱਸਾ ਹੈ।
ਨਾਟੋ ਸੁਰੱਖਿਆ ਬਲਾਂ ਦੇ ਆਪਣੇ ਦਸ ਹਜ਼ਾਰ ਫ਼ੌਜੀ ਮਈ ਵਿੱਚ ਵਾਪਸ ਸੱਦਣ ਤੋਂ ਬਾਅਦ ਤਾਲਿਬਾਨ ਨੇ ਇੱਥੇ ਕਬਜ਼ਾ ਕੀਤਾ ਹੈ।
ਇਸਲਾਮਿਕ ਧੜਿਆਂ ਨੇ ਮਹੀਨੇ ਦੇ ਮੱਧ ਵਿੱਚ ਬੁਰਕਾ ਜ਼ਿਲ੍ਹੇ ਦੇ ਪਹਾੜੀ ਇਲਾਕਿਆਂ ਉਪਰ ਕਬਜ਼ਾ ਕਰ ਲਿਆ। ਸਰਕਾਰੀ ਸੁਰੱਖਿਆ ਬਲ ਇਨ੍ਹਾਂ ਧੜਿਆਂ ਵਿਰੁੱਧ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸਨ।
ਇਹ ਵੀ ਪੜ੍ਹੋ:
ਇਸੇ ਸਮੇਂ ਦੌਰਾਨ ਅਮਰੀਕੀ ਫੌਜਾਂ ਨੇ ਕੰਧਾਰ ਹਵਾਈ ਅੱਡੇ ਨੂੰ ਵੀ ਛੱਡ ਦਿੱਤਾ ਜੋ ਦੇਸ਼ ਸਭ ਤੋਂ ਵੱਡਾ ਹਵਾਈ ਅੱਡਾ ਹੈ।
ਕੰਧਾਰ ਸੂਬੇ ਵਿੱਚ ਹੀ ਦੇਸ਼ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਕੰਧਾਰ ਮੌਜੂਦ ਹੈ।ਇਲਾਕੇ ਵਿੱਚ ਰਹਿਣ ਵਾਲੇ ਲੋਕ ਤਾਲਿਬਾਨ ਦੀ ਵਧ ਰਹੀ ਤਾਕਤ ਤੋਂ ਲਗਪਗ ਅਣਜਾਣ ਸਨ।
ਤਾਲਿਬਾਨੀ ਪਾਬੰਦੀਆਂ ਅਤੇ ਸਜ਼ਾਵਾਂ ਦੇ ਦੌਰ ਦੀ ਵਾਪਸੀ
54 ਸਾਲਾ ਜਾਨ ਆਗਾ ਨੇ ਦੱਸਿਆ,"ਹਰ ਕੋਈ ਡਰਿਆ ਹੋਇਆ ਸੀ।"
ਉਹ ਅਰਗਿਸਤਾਨ ਦੇ ਵਸਨੀਕ ਹਨ, ਜਿਸ ਦੀ ਪਾਕਿਸਤਾਨ ਨਾਲ ਸਰਹੱਦ ਲੱਗਦੀ ਹੈ ਅਤੇ ਕੰਧਾਰ ਤੋਂ ਦੋ ਘੰਟੇ ਦਾ ਸਫ਼ਰ ਹੈ।
ਹਥਿਆਰਬੰਦ ਲੜਾਕੇ ਸ਼ਹਿਰ ਦੀਆਂ ਸੜਕਾਂ ਉਪਰ ਘੁੰਮਦੇ ਹਨ।ਸਵੇਰੇ ਸ਼ਾਮ ਲੋਕਾਂ ਦੇ ਘਰਾਂ ਤੇ ਦਸਤਕ ਦੇ ਕੇ ਖਾਣਾ ਮੰਗਦੇ ਹਨ, ਜੋ ਡਰ ਦੇ ਸਾਏ ਵਿੱਚ ਰਹਿੰਦੇ ਲੋਕ ਦੇ ਦਿੰਦੇ ਹਨ।
ਫਲ ਵੇਚਣ ਵਾਲੇ ਇੱਕ ਵਿਅਕਤੀ ਨੇ ਦੱਸਿਆ ,"ਹਰ ਘਰ ਉਨ੍ਹਾਂ ਵਾਸਤੇ ਖਾਣਾ ਰੱਖਦਾ ਹੈ।"
ਉਨ੍ਹਾਂ ਮੁਤਾਬਕ ਗ਼ਰੀਬ ਦੇਸ਼ ਵਿੱਚ ਜਿੰਨੇ ਮਰਜ਼ੀ ਗ਼ਰੀਬ ਲੋਕ ਹੋਣ ਪਰ ਜੇਕਰ ਲੜਾਕੇ ਉਨ੍ਹਾਂ ਦੇ ਘਰਾਂ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਉਹ ਰਹਿਣਗੇ।
ਜੂਨ ਵਿੱਚ ਤਾਲਿਬਾਨ ਨੇ ਕਈ ਸੂਬਿਆਂ ਉਪਰ ਕਬਜ਼ਾ ਕੀਤਾ ਜਿਨ੍ਹਾਂ ਵਿੱਚ ਤੱਖਰ,ਫ਼ਰਿਆਬ ਅਤੇ ਬਦਖ਼ਸ਼ਾਂ ਸ਼ਾਮਿਲ ਹਨ।
ਇਸ ਸਮੇਂ ਤੱਕ ਜ਼ਿਆਦਾਤਰ ਅਮਰੀਕੀ ਫ਼ੌਜਾਂ ਅਫ਼ਗਾਨਿਸਤਾਨ ਤੋਂ ਚਲੀਆਂ ਗਈਆਂ ਸਨ ਹਾਲਾਂਕਿ ਕੁਝ ਫ਼ੌਜੀ ਅਤੇ ਹਵਾਈ ਸੈਨਾ ਦੇ ਅਧਿਕਾਰੀ ਕਾਬੁਲ ਦੇ ਹਵਾਈ ਅੱਡੇ ਵਿਖੇ ਮੌਜੂਦ ਸਨ।
ਅਫ਼ਗਾਨਿਸਤਾਨ ਵੱਲੋਂ ਜਲਦਬਾਜ਼ੀ ਵਿੱਚ ਅੰਤਰਰਾਸ਼ਟਰੀ ਸੁਰੱਖਿਆ ਬਲਾਂ ਦੇ ਜਾਣ ਦੀ ਆਲੋਚਨਾ ਕੀਤੀ ਗਈ ਹੈ।
ਕਈਆਂ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਵਿਚ ਅਮਰੀਕਾ ਅਤੇ ਤਾਲਿਬਾਨ ਦਰਮਿਆਨ ਹੋਈਆਂ ਸ਼ਾਂਤੀ ਵਾਰਤਾਵਾਂ ਕਰਕੇ ਤਾਲਿਬਾਨ ਦੇ ਹੌਸਲੇ ਵਧੇ ਹਨ।

ਤਸਵੀਰ ਸਰੋਤ, BBC/ELAINE JUNG
ਇਹ ਸੰਘਰਸ਼ ਚ' ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਤੇ ਇਸ ਦਾ ਕੋਈ ਅੰਤ ਨਹੀਂ ਹੋਇਆ।ਅਮਰੀਕੀ ਫੌਜਾਂ ਨੇ ਦੋ ਦਹਾਕੇ ਪਹਿਲਾਂ ਅਫਗਾਨਿਸਤਾਨ ਵਿੱਚ ਆ ਕੇ ਤਾਲਿਬਾਨ ਦੇ ਅੱਧੇ ਦਹਾਕੇ ਦੇ ਰਾਜ ਉੱਪਰ ਰੋਕ ਲਗਾਈ ਸੀ।
ਤਾਲਿਬਾਨ ਦੀ ਮੁੜ ਤੋਂ ਸ਼ੁਰੂ ਹੋਈ ਦਾਅਵੇਦਾਰੀ ਕੇਵਲ ਖਾਣੇ ਜਾਂ ਰਹਿਣ ਉਪਰ ਨਹੀਂ ਰੁਕੀ ਹੈ। ਪਿਛਲੇ ਦੋ ਦਹਾਕਿਆਂ ਵਿੱਚ ਮੁਸ਼ਕਿਲ ਨਾਲ ਮਿਲੇ ਸਮਾਜਿਕ ਅਤੇ ਆਰਥਿਕ ਹੱਕਾਂ ਉੱਪਰ ਸਭ ਤੋਂ ਪਹਿਲਾਂ ਰੋਕ ਲਗਾਈ ਗਈ ਹੈ। ਮਹਿਲਾਵਾਂ ਉਪਰ ਲੱਗੀ ਰੋਕ ਨੂਰੀਆ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖੀ ਹੈ।
ਨੂਰੀਆ ਨੇ ਦੱਸਿਆ,"ਹੁਣ ਬਹੁਤ ਸਾਰੀਆਂ ਪਾਬੰਦੀਆਂ ਹਨ। ਬਾਹਰ ਜਾਣ ਤੋਂ ਪਹਿਲਾਂ ਤਾਲਿਬਾਨ ਨੇ ਬੁਰਕਾ ਪਹਿਨਣ ਦੇ ਆਦੇਸ਼ ਦਿੱਤੇ ਹਨ ਅਤੇ ਨਾਲ ਕੋਈ ਮਰਦ ਹੋਣਾ ਜ਼ਰੂਰੀ ਹੈ।"
ਦਾਈ ਦੇ ਤੌਰ ਤੇ ਜ਼ਿਲ੍ਹੇ ਵਿੱਚ ਸਫ਼ਰ ਕਰਨਾ ਹੁਣ ਮੁਸ਼ਕਲ ਹੋ ਗਿਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਆਦਮੀਆਂ ਦੇ ਦਾੜ੍ਹੀ ਕੱਟਣ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਤਾਲਿਬਾਨ ਮੁਤਾਬਿਕ ਇਹ ਇਸਲਾਮ ਦੇ ਖ਼ਿਲਾਫ਼ ਹੈ। ਨਾਈ ਹੁਣ ਵਿਦੇਸ਼ੀ ਤਰੀਕੇ ਦੇ ਵਾਲ ਨਹੀਂ ਕੱਟ ਸਕਦੇ ਜਿਸ ਵਿੱਚ ਪਿੱਛੋਂ ਅਤੇ ਪਾਸਿਆਂ ਤੋਂ ਵਾਲ ਛੋਟੇ ਹੁੰਦੇ ਹਨ।
ਅਮਰੀ ਬਿਲ ਮਰੋਫ਼,ਤਾਲਿਬਾਨ ਦਾ ਹੀ ਹਿੱਸਾ ਹੈ ਜੋ ਲੋਕਾਂ ਉੱਪਰ ਸਮਾਜਿਕ ਪਾਬੰਦੀਆਂ ਲਗਾਉਣ ਦਾ ਕੰਮ ਕਰਦਾ ਹੈ। ਇਨ੍ਹਾਂ ਲੋਕਾਂ 90 ਦੇ ਦਹਾਕੇ ਵਿੱਚ ਅਫ਼ਗਾਨ ਲੋਕਾਂ ਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ ਸਨ।
ਹੁਣ ਇਹ ਫੇਰ ਆਪਣੇ ਦੋ ਸੂਤਰੀ ਨਿਯਮ ਨਾਲ ਵਾਪਿਸ ਆ ਗਏ ਹਨ ਜਿਸ ਵਿੱਚ ਪਹਿਲਾਂ ਚੇਤਾਵਨੀ ਅਤੇ ਫਿਰ ਸਜ਼ਾ ਦਿੱਤੀ ਜਾਂਦੀ ਹੈ।ਸਜ਼ਾ ਵਿੱਚ ਲੋਕਾਂ ਦੇ ਸਾਹਮਣੇ ਕੁੱਟਮਾਰ,ਕੌੜੇ,ਜੇਲ੍ਹ ਆਦਿ ਸ਼ਾਮਿਲ ਹਨ।
ਨੂਰੀਆ ਨੇ ਦੱਸਿਆ," ਇਕਦਮ ਸਾਡੇ ਤੋਂ ਸਾਡੀ ਆਜ਼ਾਦੀ ਖੋਹ ਲਈ ਗਈ ਹੈ। ਇਹ ਬਹੁਤ ਔਖਾ ਹੈ ਪਰ ਸਾਡੇ ਕੋਲ ਹੋਰ ਕੋਈ ਰਾਹ ਵੀ ਨਹੀਂ ਹੈ।"
"ਉਹ ਬਹੁਤ ਸਖ਼ਤ ਹਨ ਅਤੇ ਸਾਨੂੰ ਉਹ ਕਰਨਾ ਪੈਂਦਾ ਹੈ ਜੋ ਉਹ ਆਖਦੇ ਹਨ। ਉਹ ਇਸਲਾਮ ਨੂੰ ਆਪਣੇ ਮੁਤਾਬਿਕ ਵਰਤ ਰਹੇ ਹਨ। ਅਸੀਂ ਵੀ ਮੁਸਲਮਾਨ ਹਾਂ ਪਰ ਉਨ੍ਹਾਂ ਦੇ ਨਿਯਮ ਅਲੱਗ ਹਨ।"
ਤਾਲਿਬਾਨੀ ਕਬਜ਼ੇ ਨੇ ਦੇਸ਼ ਦੀ ਆਰਥਿਕ ਸਥਿਤੀ ਨੂੰ ਵੀ ਕੀਤਾ ਪ੍ਰਭਾਵਿਤ
ਤੱਖਰ ਇੱਕ ਪਹਾੜੀ ਇਲਾਕਾ ਹੋਣ ਕਰਕੇ ਬਾਕੀ 34 ਸੂਬਿਆਂ ਵਿੱਚ ਆਪਣੀ ਸਾਫ਼ ਸੁਥਰੀ ਹਵਾ, ਬਰਫ਼ ਨਾਲ ਲੱਦੇ ਪਹਾੜਾਂ ਅਤੇ ਸਾਫ਼ ਸੁਥਰੀਆਂ ਨਦੀਆਂ ਕਰਕੇ ਜਾਣਿਆ ਜਾਂਦਾ ਹੈ। ਅਫ਼ਗਾਨ ਲੋਕ ਅਕਸਰ ਇੱਥੇ ਘੁੰਮਣ ਫਿਰਨ ਆਉਂਦੇ ਸਨ।
ਫਰਖ਼ਰ ਜ਼ਿਲ੍ਹੇ ਵਿੱਚ ਟੈਕਸੀ ਚਲਾਉਣ ਵਾਲੇ ਆਸਿਫ਼ ਅਹਾਦੀ ਨੇ ਦੱਸਿਆ ਕਿ ਉਹ ਹਰ ਰੋਜ਼ 900 ਅਫਗਾਨਿਸ ਜੋ ਲਗਪਗ 11 ਡਾਲਰ ਦੇ ਬਰਾਬਰ ਹੈ,ਕਮਾ ਲੈਂਦੇ ਸਨ। ਜਦੋਂ ਤੋਂ ਤਾਲਿਬਾਨ ਨੇ ਕਬਜ਼ਾ ਕੀਤਾ ਹੈ,ਸੈਲਾਨੀਆਂ ਦਾ ਆਉਣਾ ਜਾਣਾ ਬੰਦ ਹੋ ਗਿਆ ਹੈ।
35 ਸਾਲਾ ਆਸਿਫ਼ ਅਹਾਦੀ ਆਖਦੇ ਹਨ,"ਉਹ ਮੇਰੇ ਗਾਹਕ ਸਨ। ਇਸ ਪੈਸੇ ਨਾਲ ਮੈਂ ਆਪਣਾ ਪਰਿਵਾਰ ਪਾਲਦਾ ਸੀ। ਹੁਣ ਇੱਕ ਦਿਨ ਵਿੱਚ ਵੱਧ ਤੋਂ ਵੱਧ ਮੈਂ 150 ਅਫਗਾਨਿਸ ਕਮਾਉਂਦਾ ਹਾਂ। ਇਸ ਨਾਲ ਮੇਰੀ ਗੱਡੀ ਦੇ ਤੇਲ ਦਾ ਖ਼ਰਚਾ ਵੀ ਪੂਰਾ ਨਹੀਂ ਹੁੰਦਾ ,ਜਿਸ ਦੀ ਕੀਮਤ ਪਹਿਲਾਂ ਨਾਲੋਂ ਦੋ ਗੁਣਾ ਤੋਂ ਵੱਧ ਹੋ ਗਈ ਹੈ।"
ਇਸ ਦਾ ਸਮਾਜ ਉਪਰ ਵੀ ਵੱਡਾ ਅਸਰ ਪਿਆ ਹੈ। ਆਸਿਫ਼ ਆਖਦੇ ਹਨ," ਪਹਿਲਾਂ ਲੋਕ ਹਰ ਸ਼ੁੱਕਰਵਾਰ ਪਾਰਟੀ ਕਰਦੇ ਸਨ- ਸੰਗੀਤ ਸੁਣਦੇ ਸਨ ਅਤੇ ਨੱਚਦੇ ਸਨ। ਹੁਣ ਇਸ ਸਭ ਉੱਪਰ ਪੂਰੀ ਤਰ੍ਹਾਂ ਨਾਲ ਪਾਬੰਦੀ ਹੈ।"

ਤਸਵੀਰ ਸਰੋਤ, BBC/ELAINE JUNG
"ਹਰ ਤਰ੍ਹਾਂ ਦਾ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।"
4 ਜੁਲਾਈ ਤੱਕ,ਨਾਟੋ ਅਤੇ ਅਮਰੀਕੀ ਬਲਾਂ ਨੇ ਅਫ਼ਗਾਨਿਸਤਾਨ ਦੇ ਸਭ ਤੋਂ ਵੱਡੇ ਏਅਰਬੇਸ ਬਗਰਾਮ ਤੋਂ ਜਾਣਾ ਸ਼ੁਰੂ ਕਰ ਦਿੱਤਾ ਸੀ।
ਇਸ ਤੋਂ ਦੋ ਦਿਨ ਬਾਅਦ ਤਾਲਿਬਾਨ ਨੇ ਕੰਧਾਰ ਦੇ ਪੰਜਵਾਈ ਜ਼ਿਲ੍ਹੇ ਉਪਰ ਕਬਜ਼ਾ ਕਰ ਲਿਆ ਸੀ। ਇਹ ਤਾਲਿਬਾਨ ਦਾ ਗੜ੍ਹ ਹੈ ਅਤੇ ਇੱਥੋਂ ਹੀ ਉਨ੍ਹਾਂ ਦੀ ਸ਼ੁਰੂਆਤ ਹੋਈ ਸੀ।
ਇੱਕ ਹਫ਼ਤੇ ਤੋਂ ਘੱਟ ਸਮੇਂ ਵਿੱਚ ਤਾਲਿਬਾਨ ਮੁਤਾਬਕ ਉਨ੍ਹਾਂ ਨੇ ਦੇਸ਼ ਦੀ ਸਭ ਤੋਂ ਵੱਡੀ ਅਤੇ ਈਰਾਨ ਨਾਲ ਵਪਾਰ ਦਾ ਰਾਹ ਖੁੱਲ੍ਹਣ ਵਾਲੀ ਇਸਲਾਮ ਕਾਲਾ ਬੰਦਰਗਾਹ ਉੱਪਰ ਕਬਜ਼ਾ ਕੀਤਾ।
ਜੁਲਾਈ ਦੇ ਤੀਸਰੇ ਹਫਤੇ ਤੱਕ ਤਾਲਿਬਾਨ ਨੇ ਦੇਸ਼ ਦੇ 85 ਫ਼ੀਸਦ ਹਿੱਸੇ ਅਤੇ 90 ਫ਼ੀਸਦ ਸਰਹੱਦਾਂ ਉੱਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਸੀ।
ਸਰਕਾਰ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਸੀ ਅਤੇ ਇਸ ਦੀ ਵਿਅਕਤੀਗਤ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ। ਸ਼ਹਿਰੀ ਇਲਾਕਿਆਂ ਵਿੱਚ ਜ਼ਿਆਦਾਤਰ ਸਰਕਾਰ ਹੀ ਮੌਜੂਦ ਹੈ।
'ਤਾਲਿਬਾਨੀ ਸੋਚ ਅਤੇ ਵਿਚਾਰਧਾਰਾ ਵਿੱਚ ਕੁਝ ਨਹੀਂ ਬਦਲਿਆ'
ਤਾਲਿਬਾਨ ਦਾ ਕਬਜ਼ਾ ਹੁੰਦੇ ਹੀ ਲੋਕਾਂ ਨੇ ਆਪਣੇ ਘਰਾਂ ਤੋਂ ਬਾਹਰ ਆਉਣਾ ਸ਼ੁਰੂ ਕਰ ਦਿੱਤਾ। ਆਸਿਫ਼ ਮੁਤਾਬਕ ਕਈ ਲੋਕਾਂ ਨੇ ਤਾਲਿਬਾਨ ਦੇ ਨਿਆਂ ਅਤੇ ਸ਼ਾਸਨ ਦਾ ਤਰੀਕਾ ਪਹਿਲਾਂ ਕਦੇ ਨਹੀਂ ਵੇਖਿਆ।
" ਉਹ ਬਹੁਤ ਛੇਤੀ ਫ਼ੈਸਲਾ ਕਰਦੇ ਹਨ ਖਾਸ ਕਰਕੇ ਕਿਸੇ ਜੁਰਮ ਦੀ ਸੂਰਤ ਵਿੱਚ। ਕੋਈ ਬਾਬੂਸ਼ਾਹੀ ਜਾਂ ਦਫ਼ਤਰੀ ਖਿੱਚੋਤਾਣ ਨਹੀਂ। ਹਰ ਤਰ੍ਹਾਂ ਦੀ ਮੁਸ਼ਕਿਲ ਦਾ ਹੱਲ ਦਿਨਾਂ ਵਿੱਚ ਕੱਢ ਲਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਫ਼ੈਸਲੇ ਨੂੰ ਕੋਈ ਚੁਣੌਤੀ ਨਹੀਂ ਦਿੰਦਾ।"
ਇਸਲਾਮ ਵਿੱਚ ਗ਼ਰੀਬਾਂ ਨੂੰ ਦਿੱਤਾ ਜਾਣ ਵਾਲਾ ਪੈਸਾ ਜਾਂ ਸਾਮਾਨ ਵੀ ਉਹ 'ਤਾਲਿਬਾਨ ਅਸ਼ਰ' ਜਾਂ 'ਜ਼ਕਤ' ਦੇ ਨਾਮ ਤੇ ਇਕੱਠਾ ਕਰਦੇ ਹਨ।
ਜ਼ਿਆਦਾਤਰ ਸਮੇਂ ਇਹ ਕਮਾਈ ਦਾ 10 ਫ਼ੀਸਦ ਹੁੰਦਾ ਹੈ ਪਰ ਤਾਲਿਬਾਨ ਇਸ ਨੂੰ ਆਪਣੇ ਤਰੀਕੇ ਨਾਲ ਟੈਕਸ ਦੇ ਰੂਪ ਵਿਚ ਲੈਂਦੇ ਹਨ।
ਆਸਿਫ਼ ਨੇ ਦੱਸਿਆ '"ਇਹ ਵੀ ਇੱਕ ਤਰ੍ਹਾਂ ਦਾ ਆਰਥਿਕ ਬੋਝ ਹੈ।ਹਰ ਚੀਜ਼ ਮਹਿੰਗੀ ਹੋ ਗਈ ਹੈ। ਬਾਹਰੋਂ ਅਤੇ ਅੰਦਰੋਂ ਹੋਣ ਵਾਲੇ ਵਪਾਰ ਨੂੰ ਬੰਦ ਕੀਤਾ ਗਿਆ ਹੈ ਅਤੇ ਆਰਥਿਕ ਤੌਰ ਤੇ ਮੰਦਹਾਲੀ ਹੋਈ ਹੈ। ਕੰਮ ਰੁਕ ਗਏ ਹਨ।"
"ਲੋਕ ਪਹਿਲਾਂ ਹੀ ਬਹੁਤ ਗ਼ਰੀਬ ਹਨ ਅਤੇ ਕੋਈ ਕੰਮ ਨਹੀਂ ਹੈ, ਕੋਈ ਨਿਵੇਸ਼ ਨਹੀਂ ਹੈ।"
ਇਹ ਵੀ ਪੜ੍ਹੋ:
ਕਈ ਲੋਕਾਂ ਨੇ ਪਹਿਲਾਂ ਤਾਲਿਬਾਨ ਦੇ ਦੌਰ ਨੂੰ ਵੇਖਿਆ ਹੈ।
ਲੋਕ ਦੱਸਦੇ ਹਨ ,"ਉਨ੍ਹਾਂ ਦੀ ਵਿਚਾਰਧਾਰਾ ਅਤੇ ਸੋਚ ਬਿਲਕੁਲ ਉਨ੍ਹਾਂ ਦੇ ਪਿਛਲੇ ਦੌਰ ਵਰਗੀ ਹੈ। ਕੁਝ ਨਹੀਂ ਬਦਲਿਆ।"
"ਤਾਲਿਬਾਨ ਆਖਦੇ ਹਨ ਆਪਣੇ ਦੌਰ ਨੂੰ ਸਥਾਪਿਤ ਕਰਨ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ।"
ਲੋਕਾਂ ਨੇ ਦੱਸਿਆ ਕਿ ਤਾਲਿਬਾਨ ਨੇ ਉਨ੍ਹਾਂ ਦੇ ਇਲਾਕੇ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਹਨ।
ਉਨ੍ਹਾਂ ਮੁਤਾਬਿਕ ਸਿੱਖਿਆ ਇਸਲਾਮ ਦੇ ਸ਼ਰੀਆ ਕਾਨੂੰਨ ਮੁਤਾਬਿਕ ਹੋਣੀ ਚਾਹੀਦੀ ਹੈ। ਇਸ ਨੇ ਇਲਾਕੇ ਦੇ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।
ਮਹਿਲਾਵਾਂ ਅਤੇ ਬੱਚੀਆਂ ਦੀ ਸਿੱਖਿਆ ਉੱਪਰ ਤਾਲਿਬਾਨੀ ਪਾਬੰਦੀਆਂ
1996-2001 ਵਿੱਚ ਆਪਣੇ ਸ਼ਾਸਨ ਦੌਰਾਨ ਤਾਲਿਬਾਨ ਨੇ ਔਰਤਾਂ ਅਤੇ ਬੱਚੀਆਂ ਦੀ ਸਿੱਖਿਆ ਉਪਰ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ। ਸਿਹਤ ਸੁਵਿਧਾਵਾਂ ਉੱਪਰ ਵੀ ਔਰਤਾਂ ਲਈ ਅੰਸ਼ਿਕ ਤੌਰ ਤੇ ਪਾਬੰਦੀ ਸੀ।
ਤਾਲਿਬਾਨ ਦੇ ਜਾਣ ਤੋਂ ਬਾਅਦ ਔਰਤਾਂ ਨੇ ਜਨਤਕ ਥਾਵਾਂ ਉੱਤੇ ਆਪਣੀ ਮੌਜੂਦਗੀ ਦਰਜ ਕਰਵਾਈ ਅਤੇ ਹੁਣ ਉਹ ਸੰਸਦ ਦਾ ਇਕ ਚੌਥਾਈ ਹਿੱਸਾ ਵੀ ਹਨ।
ਪ੍ਰਾਇਮਰੀ ਸਿੱਖਿਆ ਵਿੱਚ ਕੁੜੀਆਂ ਦੀ ਗਿਣਤੀ ਵੀ 50 ਫੀਸਦ ਤੱਕ ਵਧੀ ਹਾਲਾਂਕਿ ਸੈਕੰਡਰੀ ਸਿੱਖਿਆ ਵਿੱਚ ਇਹ ਕੇਵਲ 20 ਫ਼ੀਸਦ ਤੱਕ ਹੀ ਹੈ। ਮਹਿਲਾਵਾਂ ਦੀ ਔਸਤ ਉਮਰ ਵੀ 57 ਸਾਲ ਤੋਂ ਵਧ ਕੇ 66 ਸਾਲ ਹੋਈ ਹੈ।
ਹਾਲਾਂਕਿ ਇਹ ਅੰਕੜੇ ਬਹੁਤ ਵਧੀਆ ਨਹੀਂ ਹਨ ਪਰ ਫੇਰ ਵੀ ਕੁਝ ਹੱਦ ਤਕ ਤਰੱਕੀ ਹੋਈ ਹੈ। ਤਾਲਿਬਾਨ ਦੀ ਵਾਪਸੀ ਨਾਲ ਇਨ੍ਹਾਂ ਉੱਪਰ ਪਾਬੰਦੀਆਂ ਅਤੇ ਦਾ ਖਤਰਾ ਵਧ ਗਿਆ ਹੈ।
ਅਗਸਤ ਵਿੱਚ ਤਾਲਿਬਾਨ ਨੇ ਸ਼ਹਿਰੀ ਇਲਾਕਿਆਂ ਉੱਪਰ ਆਪਣੇ ਹਮਲੇ ਵਧਾਏ ਹਨ।
ਦੇਸ਼ ਦੇ ਸੂਬਿਆਂ ਦੀਆਂ ਜ਼ਿਆਦਾਤਰ ਰਾਜਧਾਨੀਆਂ ਹੁਣ ਤਾਲਿਬਾਨ ਦੇ ਕਬਜ਼ੇ ਵਿੱਚ ਹਨ। ਇਨ੍ਹਾਂ ਵਿੱਚ ਉੱਤਰ ਦਾ ਕੁੰਦੂਜ਼ ਅਤੇ ਤੱਖਰ ਦਾ ਤਾਲੁਕਾਨ ਸ਼ਹਿਰ ਸ਼ਾਮਿਲ ਹਨ।
ਇਸੇ ਹਫ਼ਤੇ ਉਨ੍ਹਾਂ ਨੇ ਪੱਛਮ ਵਿੱਚ ਮੌਜੂਦ ਹੈਰਾਤ,ਦੱਖਣ ਵਿੱਚ ਮੌਜੂਦ ਕੰਧਾਰ ਅਤੇ ਲਸ਼ਗਰ ਗਾਹ ਵਰਗੇ ਮਹੱਤਵਪੂਰਨ ਸ਼ਹਿਰਾਂ ਉਪਰ ਕਬਜ਼ਾ ਕੀਤਾ ਹੈ ਜਿਸ ਵਿੱਚ ਦੱਸ ਲੱਖ ਤੋਂ ਵੱਧ ਲੋਕ ਰਹਿੰਦੇ ਹਨ।

ਤਸਵੀਰ ਸਰੋਤ, Getty Images
ਅਮਰੀਕੀ ਫ਼ੌਜ ਹਵਾਈ ਹਮਲਿਆਂ ਰਾਹੀਂ ਅਫ਼ਗਾਨ ਸੁਰੱਖਿਆ ਬਲਾਂ ਦੀ ਮਦਦ ਕਰ ਰਹੀ ਹੈ। ਦੇਸ਼ ਵਿੱਚ ਮੌਜੂਦ ਆਖ਼ਰੀ ਵਿਦੇਸ਼ੀ ਸੁਰੱਖਿਆ ਬਲਾਂ ਦੀ 11 ਸਤੰਬਰ ਤੱਕ ਵਾਪਸੀ ਦੇ ਆਸਾਰ ਹਨ।
ਇਸੇ ਦਿਨ ਅਮਰੀਕਾ ਉੱਪਰ ਅਲਕਾਇਦਾ ਦੇ ਹਮਲਿਆਂ ਨੂੰ ਦੋ ਦਹਾਕੇ ਪੂਰੇ ਹੋ ਜਾਣਗੇ।
ਇਨ੍ਹਾਂ ਹਮਲਿਆਂ ਤੋਂ ਬਾਅਦ ਹੀ ਅਮਰੀਕੀ ਬਲਾਂ ਨੇ ਅਫਗਾਨਿਸਤਾਨ ਵਿਚੋਂ ਤਾਲਿਬਾਨ ਅਤੇ ਓਸਾਮਾ ਬਿਨ ਲਾਦੇਨ ਨਾਲ ਸਬੰਧਿਤ ਹੋਰ ਅਲਕਾਇਦਾ ਦੇ ਲੋਕਾਂ ਨੂੰ ਖ਼ਤਮ ਕਰਨ ਲਈ ਦੇਸ਼ ਤੇ ਹਮਲਾ ਕੀਤਾ ਸੀ।
ਇਸ ਸੰਘਰਸ਼ ਨੇ ਮਨੁੱਖੀ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੰਯੁਕਤ ਰਾਸ਼ਟਰ ਅਨੁਸਾਰ ਅਗਸਤ ਦੇ ਪਹਿਲੇ ਹਫ਼ਤੇ ਤੱਕ ਹਜ਼ਾਰਾਂ ਨਾਗਰਿਕਾਂ ਦੀ ਮੌਤ ਹੋ ਗਈ ਹੈ। ਲੱਖਾਂ ਦੀ ਗਿਣਤੀ ਵਿੱਚ ਲੋਕ ਆਪਣਾ ਘਰ ਬਾਰ ਛੱਡ ਕੇ ਚਲੇ ਗਏ ਹਨ।
ਅਫ਼ਗਾਨਿਸਤਾਨ ਉੱਪਰ ਕਿਸ ਦਾ ਸਾਸ਼ਨ ਹੋਵੇਗਾ ਇਹ ਸਾਫ ਨਹੀਂ ਹੈ ਪਰ ਜਿੱਥੇ- ਜਿੱਥੇ ਤਾਲਿਬਾਨ ਦਾ ਕਬਜ਼ਾ ਹੈ ਉਥੇ ਬਦਲਾਅ ਨਿਸ਼ਚਿਤ ਹੈ।
ਲੋਕ ਆਖਦੇ ਹਨ," ਆਪਣੀ ਜ਼ਿੰਦਗੀ ਬਚਾਉਣ ਲਈ ਤੁਹਾਨੂੰ ਆਪਣਾ ਸਿਰ ਝੁਕਾਉਣਾ ਪਵੇਗਾ। ਤੁਸੀਂ ਉਨ੍ਹਾਂ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਕਰ ਸਕਦੇ। ਤੁਸੀਂ ਉਨ੍ਹਾਂ ਦੇ ਖ਼ਿਲਾਫ਼ ਕੁਝ ਬੋਲ ਵੀ ਨਹੀਂ ਸਕਦੇ। ਜੇਕਰ ਉਹ 'ਹਾਂ' ਆਖਦੇ ਹਨ ਤਾਂ ਤੁਹਾਨੂੰ 'ਹਾਂ' ਕਹਿਣਾ ਪਵੇਗਾ ਅਤੇ ਜੇਕਰ ਉਹ 'ਨਾ' ਆਖਦੇ ਹਨ ਤਾਂ ਤੁਹਾਨੂੰ 'ਨਾ' ਕਹਿਣਾ ਪਵੇਗਾ।"
ਨੂਰੀਆ ਅਨੁਸਾਰ,"ਚਾਹੇ ਲੋਕ ਠੀਕ ਨਜ਼ਰ ਆਉਂਦੇ ਹਨ ਪਰ ਜਦੋਂ ਤੁਸੀਂ ਦੂਸਰਿਆਂ ਨਾਲ ਗੱਲ ਕਰਦੇ ਹੋ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀਆਂ ਕੀ ਚਿੰਤਾਵਾਂ ਹਨ। ਅਸੀਂ ਇਕੱਠੇ ਬੈਠਦੇ ਹਾਂ ਅਤੇ ਰੱਬ ਅੱਗੇ ਦੁਆ ਕਰਦੇ ਹਾਂ ਕਿ ਉਨ੍ਹਾਂ ਨੂੰ ਸਾਡੇ ਤੋਂ ਦੂਰ ਕਰ ਦੇਵੇ।"
ਇੰਟਰਵਿਊ ਦੇਣ ਵਾਲੇ ਲੋਕਾਂ ਦੇ ਨਾਮ ਬਦਲੇ ਗਏ ਹਨ।
ਇਹ ਵੀ ਪੜ੍ਹੋ:-












