ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੇ ਕਿਹਾ, ਜੇਕਰ ਉਨ੍ਹਾਂ ਨੇ ਪੱਛਮੀ ਸੱਭਿਆਚਾਰ ਨਹੀਂ ਛੱਡਿਆ ਤਾਂ ਸਾਨੂੰ ਉਨ੍ਹਾਂ ਨੂੰ ਮਾਰਨਾ ਪਵੇਗਾ - ਬੀਬੀਸੀ Exclusive

ਤਾਲਿਬਾਨ
ਤਸਵੀਰ ਕੈਪਸ਼ਨ, ਤਾਲਿਬਾਨ ਨੇ ਜਿੰਨ੍ਹਾਂ ਖੇਤਰਾਂ 'ਤੇ ਆਪਣਾ ਕਬਜ਼ਾ ਕਰ ਲਿਆ ਹੈ, ਉੱਥੋਂ ਜਵਾਬੀ ਕਤਲ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਖ਼ਬਰਾਂ ਆ ਰਹੀਆਂ ਹਨ।
    • ਲੇਖਕ, ਸਿੰਕਦਰ ਕਿਰਮਾਨੀ
    • ਰੋਲ, ਬੀਬੀਸੀ ਪੱਤਰਕਾਰ- ਬਲਖ਼,ਅਫ਼ਗਾਨਿਸਤਾਨ

ਅਸੀਂ ਜਿੰਨ੍ਹਾਂ ਤਾਲਿਬਾਨ ਲੜਾਕਿਆਂ ਨਾਲ ਮੁਲਾਕਾਤ ਕੀਤੀ, ਉਹ ਅਫ਼ਗਾਨਿਸਤਾਨ ਦੇ ਸਭ ਤੋਂ ਵੱਡੇ ਸ਼ਹਿਰਾਂ 'ਚੋਂ ਇੱਕ ਮਜ਼ਾਰ-ਏ-ਸ਼ਰੀਫ਼ ਤੋਂ ਮਹਿਜ਼ 30 ਮਿੰਟ ਦੀ ਦੂਰੀ 'ਤੇ ਸਨ।

ਲੜਾਈ ਵਿੱਚ ਜਿੱਤੀਆਂ ਕੁੱਝ ਚੀਜ਼ਾਂ ਉਨ੍ਹਾਂ ਨੇ ਸਾਨੂੰ ਵਿਖਾਈਆਂ, ਜਿਸ ਵਿੱਚ ਇੱਕ ਫੌਜੀ ਵਾਹਨ (ਹਮਵੀ), ਦੋ ਪਿਕ-ਅਪ ਗੱਡੀਆਂ ਅਤੇ ਕਈ ਸ਼ਕਤੀਸ਼ਾਲੀ ਮਸ਼ਨੀਗਨਾਂ ਸ਼ਾਮਲ ਸਨ।

ਏਨੁਦੀਨ ਜੋ ਕਿ ਪਹਿਲਾਂ ਮਦਰੱਸੇ ਦਾ ਵਿਦਿਆਰਥੀ ਸੀ, ਪਰ ਹੁਣ ਉਹ ਇੱਕ ਸਥਾਨਕ ਫੌਜੀ ਕਮਾਂਡਰ ਹੈ। ਬਿਨ੍ਹਾਂ ਕਿਸੇ ਹਾਵ-ਭਾਵ ਦੇ ਉਹ ਹਥਿਆਰਬੰਦ ਭੀੜ੍ਹ ਵਿਚਾਲੇ ਖੜ੍ਹਾ ਸੀ।

ਅੰਤਰਰਾਸ਼ਟਰੀ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਹੀ ਤਾਲਿਬਾਨ ਹਰ ਦਿਨ ਨਵੇਂ ਖੇਤਰਾਂ ਉੱਤੇ ਆਪਣੀ ਪਕੜ ਮਜਬੂਤ ਕਰ ਰਿਹਾ ਹੈ।

ਇਸ ਸਭ ਦੇ ਬਾਵਜੂਦ ਜੋ ਲੋਕ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ, ਉਹ ਹੈ ਆਮ ਜਨਤਾ, ਜੋ ਕਿ ਦੇਸ਼ ਦੀ ਮੌਜੂਦਾ ਸਥਿਤੀ ਤੋਂ ਬਹੁਤ ਸਹਿਮੀ ਹੋਈ ਹੈ।

ਹਾਲ ਹੀ ਦੇ ਹਫ਼ਤਿਆਂ ਦੌਰਾਨ ਲੱਖਾਂ ਹੀ ਆਮ ਅਫ਼ਗਾਨ ਲੋਕਾਂ ਨੇ ਆਪਣਾ ਘਰ ਬਾਰ ਛੱਡ ਦਿੱਤਾ ਹੈ । ਸੈਂਕੜੇ ਹੀ ਲੋਕ ਜਾਂ ਤਾਂ ਮਾਰੇ ਗਏ ਹਨ ਜਾਂ ਫਿਰ ਜ਼ਖਮੀ ਹੋ ਗਏ ਹਨ।

ਮੈਂ ਏਨੁਦੀਨ ਨੂੰ ਸਵਾਲ ਕੀਤਾ ਕਿ ਉਹ ਹਿੰਸਾ ਨੂੰ ਕਿਸ ਤਰ੍ਹਾਂ ਨਾਲ ਸਹੀ ਠਹਿਰਾ ਸਕਦੇ ਹਨ, ਖਾਸ ਕਰਕੇ ਉਸ ਸਥਿਤੀ ਵਿੱਚ ਜਦੋਂ ਉਹ ਉਨ੍ਹਾਂ ਲੋਕਾਂ ਲਈ ਜੰਗ ਲੜਨ ਦਾ ਦਾਅਵਾ ਕਰ ਰਹੇ ਹਨ, ਜੋ ਕਿ ਅਸਲ ਵਿੱਚ ਆਪਣੇ ਸਰੀਰਾਂ 'ਤੇ ਦੁੱਖ ਹੰਡਾ ਰਹੇ ਹਨ।

ਉਹ ਜਵਾਬ ਦਿੰਦਾ ਹੈ, " ਇਹ ਲੜਾਈ ਹੈ, ਇਸ ਲਈ ਲੋਕ ਮਰ ਵੀ ਰਹੇ ਹਨ।"

ਉਸ ਨੇ ਅੱਗੇ ਕਿਹਾ ਕਿ ਤਾਲਿਬਾਨ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਨਾਗਰਿਕ ਨੂੰ ਨੁਕਸਾਨ ਨਾ ਪਹੁੰਚੇ।

ਵੀਡੀਓ ਕੈਪਸ਼ਨ, ਤਾਲਿਬਾਨ ਕੌਣ ਹਨ ਤੇ ਇਨ੍ਹਾਂ ਦਾ ਉਭਾਰ ਕਿੱਥੋ ਹੋਇਆ

'ਕਾਬੁਲ ਵਿੱਚ ਕਠਪੁਤਲੀ ਸਰਕਾਰ'

ਜਦੋਂ ਮੈਂ ਕਿਹਾ ਕਿ ਇਹ ਲੜਾਈ ਤਾਂ ਤਾਲਿਬਾਨ ਨੇ ਸ਼ੁਰੂ ਕੀਤੀ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ, "ਨਹੀਂ। ਸਾਡੀ ਸਰਕਾਰ ਸੀ, ਪਰ ਉਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ। ਉਨ੍ਹਾਂ ਨੇ (ਅਮਰੀਕਾ) ਨੇ ਇਹ ਜੰਗ ਸ਼ੁਰੂ ਕੀਤੀ ਸੀ।"

ਏਨੁਦੀਨ ਅਤੇ ਦੂਜੇ ਤਾਲਿਬਾਨ ਲੜਾਕਿਆਂ ਦਾ ਮੰਨਣਾ ਹੈ ਕਿ ਹਵਾ ਉਨ੍ਹਾਂ ਦੇ ਨਾਲ ਹੈ ਅਤੇ 2001 ਵਿੱਚ ਅਮਰੀਕੀ ਹਮਲਿਆਂ ਤੋਂ ਬਾਅਦ ਸੱਤਾ ਤੋਂ ਬਾਹਰ ਕੀਤੇ ਤਾਲਿਬਾਨ ਦਾ ਪ੍ਰਭਾਵ ਹੁਣ ਮੁੜ ਵਾਪਸ ਆਉਣ ਵਾਲਾ ਹੈ।

ਤਾਲਿਬਾਨ
ਤਸਵੀਰ ਕੈਪਸ਼ਨ, ਤਾਲਿਬਾਨ ਦਾ ਕਹਿਣਾ ਹੈ ਕਿ ਲੜਾਈ ਪਹਿਲਾਂ ਅਮਰੀਕਾ ਨੇ ਸ਼ੁਰੂ ਕੀਤੀ

ਉਹ ਕਾਬੁਲ ਦੀ ਸਰਕਾਰ ਨੂੰ ਇੱਕ ਕਠਪੁਤਲੀ ਸਰਕਾਰ ਮੰਨਦੇ ਹਨ ਅਤੇ ਕਹਿੰਦੇ ਹਨ, "ਉਹ ਪੱਛਮੀ ਸੱਭਿਆਚਾਰ ਨੂੰ ਨਹੀਂ ਛੱਡ ਰਹੇ ਹਨ, ਇਸ ਲਈ ਸਾਨੂੰ ਉਨ੍ਹਾਂ ਨੂੰ ਮਾਰਨਾ ਪੈ ਰਿਹਾ ਹੈ।"

ਸਾਡੀ ਗੱਲਬਾਤ ਖ਼ਤਮ ਹੋਣ ਤੋਂ ਕੁਝ ਦੇਰ ਬਾਅਦ ਹੀ ਸਾਨੂੰ ਹੈਲੀਕਾਪਟਰਾਂ ਦੀ ਆਵਾਜ਼ ਸੁਣਾਈ ਦਿੱਤੀ। ਤਾਲਿਬਾਨ ਲੜਾਕੇ ਫੌਜੀ ਗੱਡੀਆਂ ਵਿੱਚ ਉੱਥੋਂ ਨਿਕਲ ਜਾਂਦੇ ਹਨ। ਇਸ ਗੱਲ ਦੀ ਚਿਤਾਵਨੀ ਹੈ ਕਿ ਅਫ਼ਗਾਨਿਸਤਾਨ ਦੀ ਹਵਾਈ ਫੌਜ ਅੱਜ ਵੀ ਤਾਲਿਬਾਨ ਲਈ ਖ਼ਤਰਾ ਪੈਦਾ ਕਰ ਰਹੀ ਹੈ ਅਤੇ ਜੰਗ ਅਜੇ ਵੀ ਖ਼ਤਮ ਨਹੀਂ ਹੋਈ ਹੈ।

ਅਸੀਂ ਬਲਖ਼ ਵਿੱਚ ਹਾਂ। ਇਸ ਸ਼ਹਿਰ ਦਾ ਆਪਣਾ ਪੁਰਾਣਾ ਇਤਿਹਾਸ ਹੈ। ਮੰਨਿਆ ਜਾਂਦਾ ਹੈ ਕਿ ਇਹ ਇਸਲਾਮ ਦੇ ਸਭ ਤੋਂ ਮਸ਼ਹੂਰ ਰਹੱਸਵਾਦੀ ਕਵੀਆਂ ਵਿੱਚੋਂ ਇੱਕ ਜਲਾਲੁਦੀਨ ਰੂਮੀ ਦਾ ਜਨਮ ਸਥਾਨ ਰਿਹਾ ਹੈ।

ਇਸ ਸਾਲ ਦੇ ਸ਼ੁਰੂ ਵਿੱਚ ਹੀ ਅਸੀਂ ਇੱਥੋਂ ਲੰਘੇ ਸੀ, ਪਰ ਉਦੋਂ ਇੱਥੇ ਸਰਕਾਰ ਦਾ ਪੂਰਾ ਕੰਟਰੋਲ ਸੀ। ਪਰ ਬਾਹਰਵਾਰ ਦੇ ਪਿੰਡਾਂ 'ਤੇ ਤਾਲਿਬਾਨ ਦਾ ਕਬਜ਼ਾ ਸੀ। ਪਰ ਹੁਣ ਇਹ ਸ਼ਹਿਰ ਵੀ ਉਨ੍ਹਾਂ 200 ਜ਼ਿਲ੍ਹਿਆਂ ਵਿੱਚ ਸ਼ਾਮਲ ਹੋ ਗਿਆ ਹੈ, ਜਿੰਨ੍ਹਾਂ ਉੱਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ।

ਵੀਡੀਓ ਕੈਪਸ਼ਨ, ਤਾਲਿਬਾਨ ਦੇ ਮੂੰਹੋ ਸੁਣੋ ਔਰਤਾਂ ਨਾਲ ਕਿਸ ਤਰ੍ਹਾਂ ਦਾ ਵਤੀਰਾ ਰੱਖਦੇ ਹਨ

ਬਲਖ਼ ਵਿੱਚ ਕਿੰਨਾਂ ਬਦਲਾਅ ਆਇਆ?

ਤਾਲਿਬਾਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਚ ਸਮਝ ਕੇ ਹੀ ਉੱਤਰ ਵੱਲ ਧਿਆਨ ਕੇਂਦਰਤ ਕੀਤਾ ਗਿਆ ਹੈ। ਇਹ ਸਿਰਫ ਇਸ ਲਈ ਨਹੀਂ ਕੀਤਾ ਗਿਆ ਹੈ, ਕਿਉਂਕਿ ਇਸ ਖੇਤਰ ਨੂੰ ਰਵਾਇਤੀ ਤੌਰ 'ਤੇ ਤਾਲਿਬਾਨ ਵਿਰੋਧੀ ਰੁਕਾਵਟ ਵੱਜੋਂ ਵੇਖਿਆ ਜਾਂਦਾ ਹੈ, ਬਲਕਿ ਇਸ ਲਈ ਵੀ ਕਿਉਂਕਿ ਇਹ ਇਲਾਕਾ ਵਧੇਰੇ ਵਿਭਿੰਨਤਾ ਵਾਲਾ ਵੀ ਹੈ।

ਪਸ਼ਤੂਨ ਭਾਈਚਾਰੇ ਦੇ ਲੋਕ ਤਾਲਿਬਾਨ ਦੀ ਅਗਵਾਈ ਵਿੱਚ ਵਧੇਰੇ ਪ੍ਰਤੀਨਿਧਤਾ ਕਰਦੇ ਵਿਖਾਈ ਦਿੰਦੇ ਹਨ, ਪਰ ਇਸ ਅਧਿਕਾਰੀ ਦਾ ਕਹਿਣਾ ਹੈ ਕਿ ਤਾਲਿਬਾਨ ਦੂਜੇ ਭਾਈਚਾਰਿਆਂ ਦੇ ਲੋਕਾਂ ਨੂੰ ਵੀ ਆਪਣੇ ਸਮੂਹ ਵਿੱਚ ਸ਼ਾਮਲ ਕਰਨ ਲਈ ਪੁਰ ਜ਼ੋਰ ਯਤਨ ਕਰ ਰਿਹਾ ਹੈ।

ਤਾਲਿਬਾਨ
ਤਸਵੀਰ ਕੈਪਸ਼ਨ, ਤਾਲਿਬਾਨ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਸੋਚ ਸਮਝ ਦੇ ਹੀ ਉੱਤਰ ਵੱਲ ਧਿਆਨ ਕੇਂਦਰਤ ਕੀਤਾ ਗਿਆ ਹੈ।

ਬਲਖ਼ ਵਿਖੇ ਸਥਾਨਕ ਤਾਲਿਬਾਨੀ ਆਗੂ ਹਾਜੀ ਹਿਕਮਤ ਸਾਡੇ ਮੇਜ਼ਬਾਨ ਹਨ ਅਤੇ ਉਹ ਸਾਨੂੰ ਇਹ ਵਿਖਾਉਣ ਲਈ ਬਹੁਤ ਹੀ ਉਤਸੁਕ ਹਨ ਕਿ ਕਿਵੇਂ ਇੱਥੇ ਜੀਵਨ ਆਪਣੀ ਲੀਹ 'ਤੇ ਹੈ ਅਤੇ ਸੁਚਾਰੂ ਢੰਗ ਨਾਲ ਸਭ ਕੁਝ ਵਾਪਰ ਰਿਹਾ ਹੈ।

ਕੁੜੀਆਂ ਸੜਕਾਂ 'ਤੇ ਆਉਂਦੇ-ਜਾਂਦੇ ਵਿਖਾਈ ਦੇ ਜਾਂਦੀਆਂ ਹਨ। ਹਾਂਲਾਕਿ ਬਹੁਤ ਸਾਰੀਆਂ ਥਾਵਾਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਕੁੜੀਆਂ ਦੇ ਸਕੂਲ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਬਾਜ਼ਾਰਾਂ ਵਿੱਚ ਵੀ ਭੀੜ ਵਿਖਾਈ ਦੇ ਰਹੀ ਹੈ ਅਤੇ ਬਾਜ਼ਾਰ ਵਿੱਚ ਮਰਦ ਅਤੇ ਔਰਤਾਂ ਦੋਵੇਂ ਹੀ ਨਜ਼ਰ ਆ ਰਹੇ ਹਨ।

ਸਥਾਨਕ ਸੂਤਰਾਂ ਨੇ ਸਾਨੂੰ ਦੱਸਿਆ ਕਿ ਔਰਤਾਂ ਨੂੰ ਕਿਸੇ ਮਰਦ ਨਾਲ ਹੀ ਬਾਹਰ ਆਉਣ-ਜਾਣ ਦੀ ਇਜਾਜ਼ਤ ਹੈ। ਪਰ ਸਾਨੂੰ ਅਜਿਹਾ ਕਿਤੇ ਵੀ ਵਿਖਾਈ ਨਹੀਂ ਦਿੱਤਾ। ਦੂਜੀਆਂ ਥਾਵਾਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਉੱਥੇ ਤਾਲਿਬਾਨ ਕਮਾਂਡਰ ਬਹੁਤ ਸਖ਼ਤ ਹਨ।

ਇਹ ਵੀ ਪੜ੍ਹੋ:

ਪਰ ਜਿੰਨ੍ਹਾਂ ਔਰਤਾਂ ਨੂੰ ਅਸੀਂ ਇੱਥੇ ਵੇਖਿਆ ਉਨ੍ਹਾਂ ਨੇ ਬੁਰਕਾ ਪਾਇਆ ਹੋਇਆ ਸੀ।

ਹਾਜੀ ਹਿਕਮਤ ਜ਼ੋਰ ਦੇ ਕੇ ਕਹਿੰਦੇ ਹਨ ਕਿ ਕਿਸੇ 'ਤੇ ਵੀ ਦਬਾਅ ਨਹੀਂ ਹੈ ਅਤੇ ਤਾਲਿਬਾਨ ਸਿਰਫ ਇਹ ਦੱਸ ਰਹੇ ਹਨ ਕਿ ਔਰਤਾਂ ਨੂੰ ਇਸ ਢੰਗ ਨਾਲ ਕੱਪੜੇ ਪਾਉਣੇ ਚਾਹੀਦੇ ਹਨ।

ਹਾਲਾਂਕਿ, ਮੈਨੂੰ ਦੱਸਿਆ ਗਿਆ ਹੈ ਕਿ ਟੈਕਸੀ ਡਰਾਇਵਰਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਉਦੋਂ ਤੱਕ ਕਿਸੇ ਵੀ ਔਰਤ ਨੂੰ ਆਪਣੀ ਕਾਰ ਵਿੱਚ ਨਹੀਂ ਬੈਠਣ ਦੇਣ ਜਦੋਂ ਤੱਕ ੳਹੁ ਬੁਰਕਾ ਨਹੀਂ ਪਾਉਂਦੀ।

ਬਲਖ਼ ਦਾ ਬਜ਼ਾਰ
ਤਸਵੀਰ ਕੈਪਸ਼ਨ, ਬਜ਼ਾਰ ਵਿੱਚ ਆਮ ਲੋਕਾਂ ਦੇ ਨਾਲ ਤਾਲਿਬਾਨ ਲੜਾਕੇ ਵੀ ਘੁੰਮਦੇ ਹਨ ਇਸ ਲਈ ਇਹ ਕਹਿਣਾ ਬਹੁਤ ਹੀ ਮੁਸ਼ਕਲ ਹੈ ਕਿ ਉੱਥੋਂ ਦੇ ਲੋਕ ਅਸਲ ਵਿੱਚ ਕੀ ਸੋਚਦੇ ਹਨ।

ਤਾਲਿਬਾਨ ਦੇ ਨਿਸ਼ਾਨੇ 'ਤੇ ਵੱਡੇ ਸ਼ਹਿਰ

ਸਾਡੇ ਉੱਥੋਂ ਜਾਣ ਤੋਂ ਬਾਅਦ ਰਿਪੋਰਟ ਆਈ ਕਿ ਪਹਿਰਾਵੇ ਦੇ ਕਾਰਨ ਇੱਕ ਕੁੜ੍ਹੀ ਦਾ ਕਤਲ ਤੱਕ ਕਰ ਦਿੱਤਾ ਗਿਆ ਹੈ। ਹਾਲਾਂਕਿ ਹਾਜੀ ਹਿਕਮਤ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਤਾਲਿਬਾਨ ਇਸ ਘਟਨਾ ਲਈ ਜ਼ਿੰਮੇਵਾਰ ਹੈ।

ਬਾਜ਼ਾਰ ਵਿੱਚ ਬਹੁਤ ਸਾਰੇ ਲੋਕ ਤਾਲਿਬਾਨ ਦੇ ਹੱਕ ਵਿੱਚ ਆਪਣੇ ਵਿਚਾਰ ਰੱਖਦੇ ਹਨ। ਉਹ ਸੁਰੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦਾ ਧੰਨਵਾਦ ਵੀ ਕਰਦੇ ਹਨ। ਪਰ ਉਸ ਸਮੇਂ ਉਨ੍ਹਾਂ ਨਾਲ ਤਾਲਿਬਾਨ ਲੜਾਕੂ ਵੀ ਮੌਜੂਦ ਸਨ। ਇਸ ਲਈ ਇਹ ਕਹਿਣਾ ਬਹੁਤ ਹੀ ਮੁਸ਼ਕਲ ਹੈ ਕਿ ਉੱਥੋਂ ਦੇ ਲੋਕ ਅਸਲ ਵਿੱਚ ਕੀ ਸੋਚਦੇ ਹਨ।

ਤਾਲਿਬਾਨ ਦੀ ਕੱਟੜਵਾਦੀ ਵਿਚਾਰਧਾਰਾ ਵਧੇਰੇ ਰੂੜ੍ਹੀਵਾਦੀ ਅਫ਼ਗਾਨਾਂ ਨਾਲ ਮੇਲ ਖਾਂਦੀ ਹੈ। ਹੁਣ ਤਾਲਿਬਾਨ ਲੜਾਕੂ ਵੱਡੇ ਸ਼ਹਿਰਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਮਜ਼ਾਰ-ਏ-ਸ਼ਰੀਫ਼ ਸ਼ਹਿਰ 'ਤੇ ਅਜੇ ਵੀ ਸਰਕਾਰ ਦਾ ਕੰਟਰੋਲ ਹੈ। ਜਿੰਨੇ ਵੀ ਲੋਕਾਂ ਨਾਲ ਮੈਂ ਉੱਥੇ ਗੱਲਬਾਤ ਕੀਤੀ, ਉਨ੍ਹਾਂ ਸਾਰਿਆਂ ਨੇ ਹੀ ਇਸ ਗੱਲ ਬਾਰੇ ਚਿੰਤਾ ਪ੍ਰਗਟ ਕੀਤੀ ਹੈ ਕਿ ਤਾਲਿਬਾਨ ਦੇ ਮੁੜ ਉੱਭਰਨ ਦਾ ਉਨ੍ਹਾਂ ਲਈ ਕੀ ਮਤਲਬ ਹੈ, ਖਾਸ ਕਰਕੇ ਨੌਜਵਾਨ ਪੀੜ੍ਹੀ ਦੀ ਆਜ਼ਾਦੀ ਲਈ, ਜੋ ਕਿ ਇਸ ਦੇ ਨਾਲ ਹੀ ਵੱਡੇ ਹੋਏ ਹਨ।

ਬਲਖ਼ ਦੇ ਬਜ਼ਾਰ ਵਿੱਚ ਇੱਕ ਬੱਚੀ
ਤਸਵੀਰ ਕੈਪਸ਼ਨ, ਹੁਤ ਸਾਰੀਆਂ ਥਾਵਾਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਕੁੜੀਆਂ ਦੇ ਸਕੂਲ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਪਰ ਬਲਖ਼ ਜ਼ਿਲ੍ਹੇ ਵਿੱਚ ਤਾਲਿਬਾਨ ਆਪਣੀ ਸਰਕਾਰ ਨੂੰ ਰਸਮੀ ਰੂਪ ਦੇ ਰਹੇ ਹਨ। ਤਾਲਿਬਾਨ ਨੇ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਸਰਕਾਰੀ ਇਮਾਰਤਾਂ 'ਤੇ ਕਬਜ਼ਾ ਕਰ ਲਿਆ ਹੈ। ਇੱਕ ਪੁਲਿਸ ਕੰਪਲੈਕਸ ਖਾਲੀ ਪਿਆ ਹੈ, ਜੋ ਕਿ ਪਹਿਲਾਂ ਸਥਾਨਕ ਪੁਲਿਸ ਮੁਖੀ ਦਾ ਮੁੱਖ ਦਫ਼ਤਰ ਸੀ। ਇਲਾਕੇ 'ਤੇ ਕਬਜ਼ਾ ਸਥਾਪਤ ਕਰਨ ਲਈ ਹੋਈ ਲੜਾਈ ਦੌਰਾਨ ਆਤਮਘਾਤੀ ਹਮਲੇ ਵਿੱਚ ਇਹ ਇਮਾਰਤ ਅਸ਼ੰਕ ਤੌਰ 'ਤੇ ਤਬਾਹ ਹੋ ਗਈ ਸੀ।

ਹਮਲੇ ਦੀ ਗੱਲ ਕਰਦਿਆਂ ਤਾਲਿਬਾਨ ਦੇ ਜ਼ਿਲ੍ਹਾ ਗਵਰਨਰ ਅਬਦੁੱਲਾ ਮੰਜ਼ੂਰ ਦੇ ਚਿਹਰੇ 'ਤੇ ਵੱਖਰੀ ਚਮਕ ਆ ਜਾਂਦੀ ਹੈ ਅਤੇ ਉਸ ਦੇ ਸਾਥੀ ਵੀ ਹੱਸਣ ਲੱਗਦੇ ਹਨ। ਅਫ਼ਗਾਨਿਸਤਾਨ ਦੇ ਹੋਰਨਾਂ ਖੇਤਰਾਂ ਦੀ ਤਰ੍ਹਾਂ ਹੀ ਇੱਥੇ ਵੀ ਲੜਾਈ ਨਿੱਜੀ/ ਵਿਅਕਤੀਗਤ ਹੋਣ ਦੇ ਨਾਲ ਨਾਲ ਵਿਚਾਰਕ ਵੀ ਹੈ।

ਕੀ ਨਹੀਂ ਬਦਲਿਆ ?

ਇੱਥੇ ਤਾਲਿਬਾਨ ਦੀ ਹਕੂਮਤ ਸਥਾਪਤ ਹੋਣ ਤੋਂ ਬਾਅਦ ਵੀ ਜੋ ਚੀਜ਼ ਨਹੀਂ ਬਦਲੀ ਹੈ, ਉਹ ਹੈ ਸੰਤਰੀ ਰੰਗ ਦੇ ਕੱਪੜੇ ਪਾ ਕੇ ਸੜਕਾਂ ਅਤੇ ਗਲਿਆਂ ਦੀ ਸਫਾਈ ਕਰਦੇ ਮੁਲਾਜ਼ਮ।

ਇਹ ਇਸ ਸਥਿਤੀ ਵਿੱਚ ਵੀ ਆਪਣੇ ਕੰਮ 'ਤੇ ਆ ਰਹੇ ਹਨ।

ਇਸ ਤੋਂ ਇਲਾਵਾ ਕਈ ਨੌਕਰਸ਼ਾਹ ਵੀ ਆਪੋ ਆਪਣੀ ਡਿਊਟੀ 'ਤੇ ਜਾ ਰਹੇ ਹਨ। ਇੰਨ੍ਹਾਂ ਦੀ ਨਿਗਰਾਨੀ ਕਰਨ ਲਈ ਹਾਲ ਵਿੱਚ ਹੀ ਇੱਕ ਤਾਲਿਬਾਨੀ ਮੇਅਰ ਦੀ ਨਿਯੁਕਤੀ ਕੀਤੀ ਗਈ ਹੈ, ਜੋ ਕਿ ਇੱਕ ਕੋਨੇ ਵਿੱਚ " ਅਫ਼ਗਾਨਿਸਤਾਨ ਦੇ ਇਸਲਾਮਿਕ ਅਮੀਰਾਤ" ਦੇ ਇੱਕ ਛੋਟੇ ਜਿਹੇ ਚਿੱਟੇ ਝੰਡੇ ਦੇ ਨਾਲ ਇੱਕ ਵੱਡੀ ਲੱਕੜ ਦੀ ਮੇਜ਼ 'ਤੇ ਬੈਠਾ ਹੋਇਆ ਹੈ।

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ 'ਚ ਚੱਲੀ 20 ਸਾਲ ਦੀ ਜੰਗ ਨੇ ਕਿੰਨੀਆਂ ਜਾਨਾਂ ਲਈਆਂ ਤੇ ਕਿੰਨਾ ਖ਼ਰਚਾ ਹੋਇਆ

ਉਹ ਇਸ ਤੋਂ ਪਹਿਲਾਂ ਅਸਲੇ ਦੀ ਸਪਲਾਈ ਦਾ ਇੰਚਾਰਜ ਸੀ, ਪਰ ਹੁਣ ਉਨ੍ਹਾਂ ਨੂੰ ਟੈਕਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਉਹ ਬਹੁਤ ਹੀ ਮਾਣ ਨਾਲ ਮੈਨੂੰ ਦੱਸਦੇ ਹਨ ਕਿ ਉਨ੍ਹਾਂ ਦਾ ਸਮੂਹ ਕਾਰੋਬਾਰੀ ਲੋਕਾਂ ਤੋਂ ਸਰਕਾਰ ਨਾਲੋਂ ਘੱਟ ਟੈਕਸ ਵਸੂਲਦਾ ਹੈ।

ਫੌਜੀ ਜੀਵਨ ਤੋਂ ਆਮ ਜ਼ਿੰਦਗੀ ਵੱਲ ਵੱਧਣਾ ਇੱਕ ਅਜਿਹਾ ਕੰਮ ਹੈ, ਜੋ ਕਿ ਤਰੱਕੀ ਦੀ ਰਾਹ 'ਤੇ ਹੈ।

ਸਾਡੀ ਇੰਟਰਵਿਊ ਦੇ ਦੌਰਾਨ ਇੱਕ ਤਾਲਿਬਾਨ ਲੜਾਕੂ ਮੇਅਰ ਦੇ ਪਿੱਛੇ ਬੰਦੂਕ ਲੈ ਕੇ ਖੜ੍ਹਾ ਹੈ, ਪਰ ਉੱਥੇ ਮੌਜੂਦ ਕੁਝ ਸੀਨੀਅਰ ਲੋਕਾਂ ਨੇ ਉਸ ਨੂੰ ਉੱਥੋਂ ਹਟਾ ਦਿੱਤਾ ਹੈ।

ਤਾਲਿਬਾਨ
ਤਸਵੀਰ ਕੈਪਸ਼ਨ, ਤਾਲਿਬਾਨ ਦੇ ਥਾਪੇ ਹੋਏ ਮੇਅਰ

ਹਾਲਾਂਕਿ ਕਈ ਥਾਵਾਂ 'ਤੇ ਬਾਗ਼ੀਆਂ ਦੀ ਇਸਲਾਮੀ ਧਰਮ ਗ੍ਰੰਥਾਂ ਦੀ ਕੱਟੜ ਵਿਆਖਿਆ ਵਧੇਰੇ ਵਿਖਾਈ ਦਿੰਦੀ ਹੈ। ਸਥਾਨਕ ਰੇਡਿਓ ਸਟੇਸ਼ਨ 'ਤੇ ਪਹਿਲਾਂ ਇਸਲਾਮਿਕ ਸੰਗੀਤ ਅਤੇ ਹਿੱਟ ਰਹਿ ਚੁੱਕੇ ਗਾਣਿਆਂ ਨੂੰ ਵਜਾਇਆ ਜਾਂਦਾ ਸੀ, ਪਰ ਹੁਣ ਰੇਡਿਓ 'ਤੇ ਸਿਰਫ ਤਾਂ ਸਿਰਫ ਧਾਰਮਿਕ ਗਾਣੇ ਹੀ ਵੱਜਦੇ ਹਨ।

ਹਾਜੀ ਹਿਕਮਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਸ਼ਲੀਲਤਾ ਵਧਾਉਣ ਵਾਲੇ ਸੰਗੀਤ ਨੂੰ ਜਨਤਕ ਤੌਰ 'ਤੇ ਵਜਾਉਣ ਦੀ ਪਾਬੰਦੀ ਲਗਾਈ ਹੋਈ ਹੈ, ਪਰ ਉਹ ਨਾਲ ਹੀ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਲੋਕ ਨਿੱਜੀ ਤੌਰ 'ਤੇ ਆਪਣੀ ਪਸੰਦ ਦੇ ਗਾਣੇ ਸੁਣ ਸਕਦੇ ਹਨ।

ਹਾਲਾਂਕਿ ਸਾਨੂੰ ਦੱਸਿਆ ਗਿਆ ਸੀ ਕਿ ਇੱਕ ਸਥਾਨਕ ਵਿਅਕਤੀ ਨੂੰ ਬਾਜ਼ਾਰ ਵਿੱਚ ਸੰਗੀਤ ਸੁਣਦਿਆਂ ਫੜ੍ਹ ਲਿਆ ਗਿਆ ਸੀ। ਤਾਲਿਬਾਨ ਲੜਾਕੂਆਂ ਨੇ ਸਜ਼ਾ ਦੇ ਤੌਰ 'ਤੇ ਉਸ ਵਿਅਕਤੀ ਨੂੰ ਤੇਜ਼ ਧੁੱਪ ਵਿੱਚ ਉਸ ਸਮੇਂ ਤੱਕ ਨੰਗੇ ਪੈਰੀਂ ਤੋਰੀ ਰੱਖਿਆ ਜਦੋਂ ਤੱਕ ਕਿ ਉਹ ਬੇਹੋਸ਼ ਨਹੀਂ ਹੋ ਗਿਆ ਸੀ।

ਵੀਡੀਓ ਕੈਪਸ਼ਨ, ਤਾਲਿਬਾਨ ਦੀ ਦਹਿਸ਼ਤ ‘ਚ ਹਿਜਰਤ ਕਰਦੇ ਲੋਕਾਂ ਦੀ ਕਹਾਣੀ

ਪਰ ਹਾਜੀ ਹਿਕਮਤ ਦਾ ਦਾਅਵਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੁੰਦਾ ਹੈ। ਜਦੋਂ ਅਸੀਂ ਉੱਥੋਂ ਜਾਣ ਲੱਗੇ ਤਾਂ ਉੱਥੇ ਕੰਮ ਕਰ ਰਹੇ ਕੁਝ ਨੌਜਵਾਨਾਂ ਵੱਲ ਇਸ਼ਾਰਾ ਕਰਦਿਆਂ ਹਾਜੀ ਹਿਕਮਤ ਨੇ ਕਿਹਾ- ਵੇਖੋ ਇੰਨ੍ਹਾਂ ਦੀ ਦਾੜੀ ਨਹੀਂ ਹੈ।

ਉਹ ਥੋੜਾ ਮੁਸਕਰਾਉਂਦਿਆਂ ਹੋਇਆ ਕਹਿੰਦਾ ਹੈ ਕਿ " ਵੇਖੋ ਅਸੀਂ ਕਿਸੇ ਨੂੰ ਵੀ ਮਜਬੂਰ ਨਹੀਂ ਕੀਤਾ ਹੈ।"

ਇਹ ਸਪੱਸ਼ਟ ਹੈ ਕਿ ਤਾਲਿਬਾਨ ਦੁਨੀਆ ਦੇ ਅੱਗੇ ਆਪਣਾ ਨਰਮ ਅਕਸ ਪੇਸ਼ ਕਰਨਾ ਚਾਹੁੰਦਾ ਹੈ। ਪਰ ਅਜਿਹੀਆਂ ਵੀ ਖ਼ਬਰਾਂ ਹਨ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਤਾਲਿਬਾਨ ਦਾ ਰਵੱਈਆ ਬਹੁਤ ਹੀ ਸਖ਼ਤ ਹੈ। ਇੰਨ੍ਹਾਂ ਦੇ ਵਿਵਹਾਰ ਵਿੱਚ ਅੰਤਰ ਸਥਾਨਕ ਕਮਾਂਡਰਾਂ ਦੇ ਰਵੱਈਏ 'ਤੇ ਨਿਰਭਰ ਕਰਦਾ ਹੈ।

ਤਾਲਿਬਾਨ ਵੱਲੋਂ ਸਖ਼ਤ ਸਜ਼ਾ

ਤਾਲਿਬਾਨ ਨੇ ਜਿੰਨ੍ਹਾਂ ਖੇਤਰਾਂ 'ਤੇ ਆਪਣਾ ਕਬਜ਼ਾ ਕਰ ਲਿਆ ਹੈ, ਉੱਥੋਂ ਜਵਾਬੀ ਕਤਲ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਖ਼ਬਰਾਂ ਆ ਰਹੀਆਂ ਹਨ।

ਮਜ਼ਾਰੇ ਸ਼ਰੀਫ਼

ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਨੇ ਤਾਲਿਬਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਤਾਕਤ ਦੇ ਜ਼ੋਰ 'ਤੇ ਸੱਤਾ ਹਥਿਆਉਣ ਦਾ ਯਤਨ ਕੀਤਾ ਤਾਂ ਹਸ਼ਰ ਬਹੁਤ ਮਾੜਾ ਹੋਵੇਗਾ।

ਇਸ ਤੋਂ ਪਹਿਲਾਂ ਜਦੋਂ ਤਾਲਿਬਾਨ ਸੱਤਾ 'ਤੇ ਕਾਬਜ਼ ਸੀ, ਉਸ ਸਮੇਂ ਨੂੰ ਸ਼ਰੀਆ ਕਾਨੂੰਨ ਦੇ ਅਨੁਸਾਰ ਸਖ਼ਤ ਸਜ਼ਾਵਾਂ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ।

ਪਿਛਲੇ ਮਹੀਨੇ ਦੱਖਣੀ ਸੂਬੇ ਹੇਲਮੰਡ ਵਿੱਚ ਤਾਲਿਬਾਨ ਨੇ ਇੱਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ੀ ਦੋ ਲੋਕਾਂ ਨੂੰ ਪੁਲ ਤੋਂ ਲਟਕਾ ਕੇ ਫਾਂਸੀ ਦੇ ਦਿੱਤੀ ਸੀ। ਤਾਲਿਬਾਨ ਨੇ ਦੋਵੇਂ ਦੋਸ਼ੀਆਂ ਲਈ ਇਹ ਸਜ਼ਾ ਜਾਇਜ਼ ਦੱਸੀ।

ਜਿਸ ਦਿਨ ਅਸੀਂ ਬਲਖ਼ ਵਿਖੇ ਤਾਲਿਬਾਨ ਦੀ ਅਦਾਲਤ ਦਾ ਕੰਮਕਾਜ ਵੇਖਿਆ, ਉਸ ਦਿਨ ਉੱਥੇ ਸਾਰੇ ਹੀ ਮਾਮਲੇ ਜ਼ਮੀਨੀ ਵਿਵਾਦ ਨਾਲ ਸਬੰਧਤ ਸਨ।

ਇੱਕ ਪਾਸੇ ਬਹੁਤ ਸਾਰੇ ਲੋਕ ਤਾਲਿਬਾਨ ਦੇ ਨਿਆਂ ਪ੍ਰਦਾਨ ਕਰਨ ਦੇ ਤਰੀਕੇ ਕਾਰਨ ਡਰੇ ਹੋਏ ਸਨ, ਉੱਥੇ ਹੀ ਕੁਝ ਲੋਕ ਅਜਿਹੇ ਵੀ ਸਨ ਜੋ ਕਿ ਸਰਕਾਰ ਦੀ ਭ੍ਰਿਸ਼ਟ ਪ੍ਰਣਾਲੀ ਦੇ ਮੁਕਾਬਲੇ ਇੱਥੇ ਤੁਰੰਤ ਹੱਲ ਨਿਕਲਣ ਦੀ ਸੰਭਾਵਨਾ ਵੇਖਦੇ ਹਨ।

ਮਾਮਲੇ ਦੇ ਸਿਲਸਿਲੇ ਵਿੱਚ ਆਏ ਇੱਕ ਵਿਅਕਤੀ ਨੇ ਕਿਹਾ, " ਪਹਿਲਾਂ ਮੈਨੂੰ ਵੱਡੀ ਰਕਮ ਰਿਸ਼ਵਤ ਵੱਜੋਂ ਦੇਣੀ ਪੈਂਦੀ ਸੀ।"

ਤਾਲਿਬਾਨ ਦੇ ਜੱਜ ਹਾਜੀ ਬਦਰੂਦੀਨ ਨੇ ਦੱਸਿਆ ਕਿ ਉਹ ਚਾਰ ਮਹੀਨਿਆਂ ਤੋਂ ਜੱਜ ਦੇ ਅਹੁਦੇ ਦੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਉਨ੍ਹਾਂ ਨੇ ਇਸ ਅਰਸੇ ਦੌਰਾਨ ਕਿਸੇ ਨੂੰ ਵੀ ਸਰੀਰਕ ਸਜ਼ਾ ਨਹੀਂ ਦਿੱਤੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਕਿਸੇ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ ਤਾਂ ਤਾਲਿਬਾਨ ਦੀ ਅਦਾਲਤ ਵਿੱਚ ਅਪੀਲ ਕਰਨ ਦੀ ਵੀ ਵਿਵਸਥਾ ਹੈ।

ਪਰ ਉਹ ਸਖ਼ਤ ਸਜ਼ਾ ਦੀ ਵਕਾਲਤ ਕਰਦੇ ਹਨ। ਉਹ ਕਹਿੰਦੇ ਹਨ, " ਸਾਡੇ ਸ਼ਰੀਆ ਵਿੱਚ ਇਹ ਸਪੱਸ਼ਟ ਹੈ ਕਿ ਜੋ ਲੋਕ ਬਿਨ੍ਹਾਂ ਵਿਆਹ ਕਰਵਾਏ ਹੀ ਜਿਨਸੀ ਸੰਬੰਧ ਕਾਇਮ ਕਰਦੇ ਹਨ, ਭਾਵੇਂ ਉਹ ਕੋਈ ਕੁੜ੍ਹੀ ਹੋਵੇ ਜਾਂ ਫਿਰ ਮੁੰਡਾ, ਉਸ ਨੂੰ ਜਨਤਕ ਤੌਰ 'ਤੇ 100 ਕੋੜਿਆਂ ਦੀ ਸਜ਼ਾ ਦਿੱਤੀ ਜਾਵੇਗੀ।"

"ਪਰ ਜੇਕਰ ਕੋਈ ਵਿਆਹਿਆ ਹੈ ਤਾਂ ਉਸ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਜਾਵੇਗਾ…। ਜੇਕਰ ਕੋਈ ਚੋਰੀ ਕਰਦਾ ਹੈ ਅਤੇ ਉਸ ਦਾ ਦੋਸ਼ ਵੀ ਸਾਬਤ ਹੋ ਜਾਂਦਾ ਹੈ ਤਾਂ ਉਸ ਦੇ ਹੱਥ ਹੀ ਕੱਟ ਦਿੱਤੇ ਜਾਣੇ ਚਾਹੀਦੇ ਹਨ।"

ਆਧੁਨਿਕ ਯੁੱਗ ਵਿੱਚ ਇਹ ਸਜ਼ਾਵਾ ਬਿਲਕੁੱਲ ਵੀ ਮੇਲ ਨਹੀਂ ਖਾਂਦੀਆਂ ਹਨ… ਇਸ ਤਰ੍ਹਾਂ ਦੀਆਂ ਆਲੋਚਨਾਵਾਂ ਨੂੰ ਉਹ ਸਿਰੇ ਤੋਂ ਖਾਰਜ ਕਰਦੇ ਹਨ।

ਵੀਡੀਓ ਕੈਪਸ਼ਨ, ਤਾਲਿਬਾਨ ਤੇ ਜੰਗ ਵਿਚਾਲੇ ਇੱਕ ਅਫ਼ਗਾਨਿਸਤਾਨ ਇਹ ਵੀ ਹੈ

ਉਹ ਅੱਗੇ ਕਹਿੰਦੇ ਹਨ, " ਲੋਕਾਂ ਦੇ ਬੱਚਿਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ। ਕੀ ਇਹ ਬਿਹਤਰ ਹੈ? ਜਾਂ ਫਿਰ ਇਹ ਬਿਹਤਰ ਹੈ ਕਿ ਇੱਕ ਵਿਅਕਤੀ ਦੇ ਹੱਥ ਕੱਟ ਦਿੱਤੇ ਜਾਣ ਅਤੇ ਸਮਾਜ ਵਿੱਚ ਮੁੜ ਸਥਿਰਤਾ ਬਹਾਲ ਕਰ ਦਿੱਤੀ ਜਾਵੇ?"

ਤਾਲਿਬਾਨ ਤੇਜ਼ੀ ਨਾਲ ਆਪਣਾ ਦਬਦਬਾ ਕਾਇਮ ਕਰ ਰਿਹਾ ਹੈ, ਪਰ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ 'ਤੇ ਸਰਕਾਰ ਦਾ ਹੀ ਅਧਿਕਾਰ ਹੈ। ਆਉਣ ਵਾਲੇ ਮਹੀਨਿਆਂ ਵਿੱਚ ਜੇਕਰ ਦੋਵਾਂ ਧਿਰਾਂ ਦਰਮਿਆਨ ਅਧਿਕਾਰ ਸਥਾਪਤ ਕਰਨ ਨੂੰ ਲੈ ਕੇ ਸੰਘਰਸ਼ ਹੁੰਦਾ ਹੈ ਤਾਂ ਹਿੰਸਾ ਵਧਣ ਦੀ ਪੂਰੀ ਸੰਭਾਵਨਾ ਹੈ।

ਜਦੋਂ ਮੈਂ ਹਾਜੀ ਹਿਕਮਤ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਯਕੀਨ ਹੈ ਕਿ ਤਾਲਿਬਾਨ ਫੌਜ ਦੀ ਤਾਕਤ ਸਦਕਾ ਜਿੱਤ ਹਾਸਲ ਕਰ ਲੈਣਗੇ ਤਾਂ ਉਨ੍ਹਾਂ ਨੇ ਜਵਾਬ ਦਿੱਤਾ- " ਹਾਂ"

ਉਨ੍ਹਾਂ ਨੇ ਕਿਹਾ, " ਜੇਕਰ ਸ਼ਾਂਤੀ ਵਾਰਤਾ ਸਫਲ ਨਹੀਂ ਹੁੰਦੀ ਹੈ ਤਾਂ ਇੰਸ਼ਾਂਅੱਲ੍ਹਾ, ਅਸੀਂ ਜਿੱਤ ਜਾਵਾਂਗੇ।"

ਇਹ ਸ਼ਾਂਤੀ ਗੱਲਬਾਤ ਅਜੇ ਬੰਦ ਹੈ। ਤਾਲਿਬਾਨ ਵਾਰ-ਵਾਰ ਇਸਲਾਮਿਕ ਸਰਕਾਰ ਦੇ ਗਠਨ ਦੀ ਮੰਗ ਕਰ ਰਹੇ ਹਨ ਅਤੇ ਇਹ ਇੱਕ ਤਰ੍ਹਾਂ ਨਾਲ ਵਿਰੋਧੀਆਂ ਤੋਂ ਆਤਮ ਸਮਰਪਣ ਦੀ ਮੰਗ ਵਾਂਗਰ ਲੱਗਦਾ ਹੈ।

ਹਾਜੀ ਹਿਕਮਤ ਦਾ ਕਹਿਣਾ ਹੈ, " ਅਸੀਂ ਦੋਵੇਂ ਹੀ ਵਿਦੇਸ਼ੀ ਤਾਕਤਾਂ ਨੂੰ ਮਾਤ ਦੇ ਦਿੱਤੀ ਹੈ ਅਤੇ ਹੁਣ ਸਾਡੇ ਅੰਦਰੂਨੀ ਦੁਸ਼ਮਣਾਂ ਦੀ ਵਾਰੀ ਹੈ।"

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)