ਅਫਗਾਨਿਸਤਾਨ : ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਕਤਲ ਤੋਂ ਪਹਿਲਾਂ ਤੇ ਬਾਅਦ ਕੀ ਵਾਪਰਿਆ ਸੀ

ਦਾਨਿਸ਼ ਸਿੱਦੀਕੀ

ਤਸਵੀਰ ਸਰੋਤ, Anadolu Agency/getty

ਤਸਵੀਰ ਕੈਪਸ਼ਨ, 16 ਜੁਲਾਈ ਨੂੰ ਦਾਨਿਸ਼ ਦਾ ਕਤਲ ਹੋਇਆ ਸੀ
    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ

ਅਫ਼ਗਾਨਿਸਤਾਨ 'ਚ ਹਾਲ ਹੀ 'ਚ ਭਾਰਤੀ ਫੋਟੋ-ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਕਤਲ ਕਾਰਨ ਉਨ੍ਹਾਂ ਦਾ ਪਰਿਵਾਰ, ਦੋਸਤ-ਮਿੱਤਰ ਅਤੇ ਦੁਨੀਆ ਭਰ ਦੇ ਪੱਤਰਕਾਰ ਭਾਈਚਾਰੇ ਦੇ ਲੋਕ ਹੈਰਾਨ ਹਨ।

ਲਗਾਤਾਰ ਸਵਾਲ ਉੱਠ ਰਹੇ ਹਨ ਕਿ 16 ਜੁਲਾਈ ਨੂੰ ਕਿੰਨ੍ਹਾਂ ਹਾਲਾਤਾਂ 'ਚ ਦਾਨਿਸ਼ ਦਾ ਕਤਲ ਹੋਇਆ ਸੀ।

ਦਾਨਿਸ਼ ਦੇ ਕਤਲ ਤੋਂ ਪਹਿਲਾਂ ਅਤੇ ਬਾਅਦ 'ਚ ਕੀ ਵਾਪਰਿਆ ਸੀ, ਇਹ ਸਭ ਸਮਝਣ ਲਈ ਹੀ ਬੀਬੀਸੀ ਨੇ ਕਾਬੁਲ, ਕੰਧਾਰ ਅਤੇ ਸਪਿਨ ਬੋਲਡਕ ਦੇ ਅਧਿਕਾਰੀਆਂ, ਪੱਤਰਕਾਰਾਂ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ।

ਇੰਨ੍ਹਾਂ 'ਚੋਂ ਕਈਆਂ ਨੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਆਪਣੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਗੱਲਬਾਤ ਕੀਤੀ ਹੈ।

ਇਹ ਵੀ ਪੜ੍ਹੋ-

ਸਪਿਨ ਬੋਲਡਕ ਪਾਕਿਸਤਾਨ ਦੇ ਨਾਲ ਲੱਗਦਾ ਇੱਕ ਛੋਟਾ ਜਿਹਾ ਸ਼ਹਿਰ ਹੈ।

ਤਾਲਿਬਾਨ ਅਤੇ ਸਰਕਾਰੀ ਫੌਜ ਦਰਮਿਆਨ ਜਾਰੀ ਜੰਗ 'ਚ ਅਫ਼ਗਾਨ ਫੌਜ ਦੇ ਨਾਲ ਰਿਪੋਰਟਿੰਗ ਕਰਨ ਲਈ ਸਪਿਨ ਬੋਲਡਕ ਜਾਣ ਤੋਂ ਪਹਿਲਾਂ ਦਾਨਿਸ਼ ਕੰਧਾਰ ਗਵਰਨਰ ਦੇ ਦਫ਼ਤਰ 'ਚ ਸਨ।

ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਦਾਨਿਸ਼, ਕੰਧਾਰ ਦੇ ਰਾਜਪਾਲ ਅਤੇ ਹੋਰਨਾਂ ਲੋਕਾਂ ਨੂੰ ਦਫ਼ਤਰ ਦੇ ਅੰਦਰ ਹੀ ਰਹਿਣ ਦੀ ਹਿਦਾਇਤ ਕੀਤੀ ਗਈ ਸੀ।

ਦਾਨਿਸ਼ ਸਿੱਦੀਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਾਨਿਸ਼ ਦੇ ਕਤਲ ਉੱਤੇ ਲਗਾਤਾਰ ਸਵਾਲ ਉੱਠ ਰਹੇ ਹਨ

ਕੰਧਾਰ ਗਵਰਨਰ ਦੇ ਬੁਲਾਰੇ ਬਹੀਰ ਅਹਿਮਦੀ ਨੇ ਪੁਲਿਟਜ਼ਰ ਜੇਤੂ ਦਾਨਿਸ਼ ਸਿੱਦੀਕੀ ਦੇ ਨਾਲ ਉਸ ਦਫ਼ਤਰ 'ਚ ਤਿੰਨ ਦਿਨ ਬਿਤਾਏ ਸਨ।

ਬਹੀਰ ਉਸ ਸਮੇਂ ਨੂੰ ਯਾਦ ਕਰਦਿਆਂ ਦੱਸਦੇ ਹਨ, "ਉਹ ਦਿਨ ਸਲਮਾਨ ਖ਼ਾਨ ਦੇ ਟੀ.ਵੀ ਸ਼ੋਅ ਬਿਗ ਬੋਸ ਵਰਗੇ ਸਨ। ਅਸੀਂ ਇੱਕ ਹੀ ਘਰ 'ਚ, ਇੱਕ ਹੀ ਕਮਰੇ 'ਚ ਇੱਕਠਿਆਂ ਸਮਾਂ ਗੁਜ਼ਾਰਿਆ ਸੀ।"

ਉਹ ਅੱਗੇ ਦੱਸਦੇ ਹਨ, "ਦਾਨਿਸ਼ ਇੱਕ ਬਹਾਦਰ ਆਦਮੀ ਅਤੇ ਇੱਕ ਬਹਾਦਰ ਫੋਟੋਗ੍ਰਾਫ਼ਰ ਸਨ। ਉਸ ਦੇ ਵਰਗਾ ਹੋਰ ਕੋਈ ਨਹੀਂ ਸੀ।"

ਉਨ੍ਹਾਂ ਤਿੰਨ ਦਿਨਾਂ ਦੌਰਾਨ ਹਰ ਕਿਸੇ ਨੇ ਇੱਕਠੇ ਬੈਠ ਕੇ ਖਾਣਾ ਖਾਧਾ ਅਤੇ ਸਾਰੇ ਇੱਕਠੇ ਹੀ ਰਹੇ।

ਬਹੀਰ ਅਹਿਮਦੀ ਦੱਸਦੇ ਹਨ, "ਦਾਨਿਸ਼ ਅਤੇ ਮੈਂ ਅਫ਼ਗਾਨਿਸਤਾਨ, ਕੰਧਾਰ ਅਤੇ ਦੇਸ਼ ਦੀ ਤਾਜ਼ਾ ਸਥਿਤੀ ਬਾਰੇ ਗੱਲਬਾਤ ਕੀਤੀ। ਅਸੀਂ ਵਧੀਆ ਦੋਸਤ ਬਣ ਗਏ ਅਤੇ ਉਸ ਨਾਲ ਬਿਤਾਏ ਦਿਨ ਮੈਨੂੰ ਜ਼ਿੰਦਗੀ ਭਰ ਯਾਦ ਰਹਿਣਗੇ।"

ਜਿਸ ਸਮੇਂ ਤਾਲਿਬਾਨ ਦਹਿਸ਼ਤਗਰਦਾਂ ਨੇ ਦਾਨਿਸ਼ 'ਤੇ ਹਮਲਾ ਕੀਤਾ ਸੀ, ਉਸ ਸਮੇਂ ਉਹ ਅਫ਼ਗਾਨ ਫੌਜ ਦੇ ਇੱਕ ਦਸਤੇ ਦੇ ਨਾਲ ਸਨ।

ਲਾਸ਼ਾਂ ਦੀ ਨੁਮਾਇਸ਼ ਲਗਾਈ ਗਈ

ਕੰਧਾਰ ਤੋਂ ਲਗਭਗ 100 ਕਿਲੋਮੀਟਰ ਦੂਰ ਸਪਿਨ ਬੋਲਡਕ ਦੇ ਬਾਹਰਵਾਰ ਹੋਏ ਇਸ ਹਮਲੇ 'ਚ ਦਾਨਿਸ਼ ਦੇ ਨਾਲ ਦੋ ਅਫ਼ਗਾਨ ਸੈਨਿਕ ਵੀ ਮਾਰੇ ਗਏ ਸਨ।

ਇਸ ਹਮਲੇ ਦਾ ਸ਼ਿਕਾਰ ਹੋਏ ਦੋ ਅਫ਼ਗਾਨ ਜਵਾਨਾਂ 'ਚ ਅਫ਼ਗਾਨ ਸਪੈਸ਼ਲ ਬਲ ਦੇ ਕਮਾਂਡਰ ਸਦੀਕ ਕਰਜ਼ਾਈ ਵੀ ਸਨ।

ਦਾਨਿਸ਼ ਸਿੱਦੀਕੀ

ਤਸਵੀਰ ਸਰੋਤ, danish siddiqui/instagram

ਤਸਵੀਰ ਕੈਪਸ਼ਨ, ਕੰਧਾਰ ਤੋਂ ਲਗਭਗ 100 ਕਿਲੋਮੀਟਰ ਦੂਰ ਸਪਿਨ ਬੋਲਡਕ ਦੇ ਬਾਹਰਵਾਰ ਹੋਏ ਇਸ ਹਮਲੇ 'ਚ ਦਾਨਿਸ਼ ਦੇ ਨਾਲ ਦੋ ਅਫ਼ਗਾਨ ਸੈਨਿਕ ਵੀ ਮਾਰੇ ਗਏ ਸਨ

ਅਧਿਕਾਰੀਆਂ ਅਤੇ ਸਥਾਨਕ ਲੋਕਾਂ ਦੇ ਅਨੁਸਾਰ ਇੰਨ੍ਹਾਂ ਤਿੰਨਾਂ ਨੂੰ 16 ਜੁਲਾਈ ਦੀ ਸਵੇਰ ਨੂੰ 8-9 ਵਜੇ ਵਿਚਾਲੇ ਗੋਲੀ ਮਾਰੀ ਗਈ ਸੀ।

ਸਪਿਨ ਬੋਲਡਕ 'ਚ ਰਹਿਣ ਵਾਲੇ ਇੱਕ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ ਕਿ ਤਾਲਿਬਾਨ ਦੇ ਲੋਕ ਇੰਨ੍ਹਾਂ ਤਿੰਨਾਂ ਲਾਸ਼ਾਂ ਨੂੰ ਚੌਕ 'ਚ ਲੈ ਆਏ ਸਨ ਅਤੇ ਫਿਰ ਲਾਸ਼ਾਂ ਨੂੰ ਨੁਮਾਇਸ਼ ਲਈ ਰੱਖ ਦਿੱਤਾ ਗਿਆ ਸੀ ਅਤੇ ਨਾਲ ਹੀ ਹਵਾ 'ਚ ਗੋਲੀਆਂ ਵੀ ਚਲਾਈਆਂ ਗਈਆਂ ਸਨ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਜਦੋਂ ਦੁਪਹਿਰ ਦੇ 12 ਵਜੇ ਦੇ ਕਰੀਬ ਉਹ ਖੁਦ ਚੌਕ 'ਤੇ ਪਹੁੰਚੇ ਤਾਂ ਉਸ ਸਮੇਂ ਤੱਕ ਦਾਨਿਸ਼ ਦੀ ਮ੍ਰਿਤਕ ਦੇਹ ਨੂੰ ਪੂਰੀ ਤਰ੍ਹਾਂ ਨਾਲ ਖਿੰਡਾ ਦਿੱਤਾ ਗਿਆ ਸੀ।

ਇੱਕ ਆਦਮੀ ਨੇ ਦੱਸਿਆ ਕਿ ਲਾਸ਼ਾਂ ਨੂੰ ਵੇਖਣ ਲਈ ਬਹੁਤ ਸਾਰੇ ਲੋਕ ਉੱਥੇ ਇੱਕਠੇ ਹੋਏ ਸਨ ਅਤੇ ਉਨ੍ਹਾਂ 'ਚੋਂ ਹੀ ਕੁਝ ਲੋਕਾਂ ਨੇ ਉਸ ਨੂੰ ਦੱਸਿਆ ਕਿ ਤਾਲਿਬਾਨ ਨੇ ਬਖ਼ਤਰਬੰਦ ਵਾਹਨ ਦਾਨਿਸ਼ ਦੇ ਚਿਹਰੇ ਉੱਤੋਂ ਦੀ ਲੰਘਾ ਦਿੱਤਾ ਸੀ।

ਇਸ ਆਦਮੀ ਅਨੁਸਾਰ ਤਾਲਿਬਾਨ ਕਹਿ ਰਹੇ ਸਨ ਕਿ ਉਨ੍ਹਾਂ ਨੇ ਇੱਕ ਭਾਰਤੀ ਜਾਸੂਸ ਨੂੰ ਫੜ੍ਹ ਲਿਆ ਹੈ ਅਤੇ ਉਹ ਅਜੇ ਵੀ ਇਹੀ ਗੱਲ ਕਹਿ ਰਹੇ ਹਨ।

ਤਾਲਿਬਾਨ ਨੇ ਦਾਨਿਸ਼ ਸਿੱਦੀਕੀ ਦੇ ਕਤਲ ਤੋਂ ਇਨਕਾਰ ਕੀਤਾ ਹੈ।ਦਾਨਿਸ਼ ਰਾਇਟਰਜ਼ ਲਈ ਕੰਮ ਕਰਦੇ ਸਨ।

ਰਾਇਟਰਜ਼ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਤਾਲਿਬਾਨ ਦੇ ਤਰਜਮਾਨ ਜ਼ਬੀਹ-ਉੱਲਾਹ ਮੁਜਾਹਿਦ ਨੇ ਕਿਹਾ ਹੈ ਕਿ ਤਾਲਿਬਾਨ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਜਿਸ ਜਗ੍ਹਾ 'ਤੇ 'ਭਿਆਨਕ ਲੜਾਈ' ਹੋਈ ਹੈ, ਉੱਥੇ ਇੱਕ ਪੱਤਰਕਾਰ ਰਿਪੋਰਟਿੰਗ ਕਰ ਰਿਹਾ ਸੀ ਅਤੇ ਇਹ ਵੀ ਅਜੇ ਸਪਸ਼ਟ ਨਹੀਂ ਹੈ ਕਿ ਦਾਨਿਸ਼ ਦਾ ਕਤਲ ਕਿਵੇਂ ਹੋਇਆ ਹੈ।

ਇਹ ਵੀ ਪੜ੍ਹੋ-

ਲਾਸ਼ਾਂ ਨੂੰ ਇਕੱਠਾ ਕਰਨਾ

ਬਹੀਰ ਅਹਿਮਦੀ ਅਨੁਸਾਰ ਸ਼ੁਰੂ 'ਚ ਤਾਂ ਤਾਲਿਬਾਨ ਲਾਸ਼ਾਂ ਵਾਪਸ ਕਰਨ ਲਈ ਤਿਆਰ ਨਹੀਂ ਸਨ। ਉਨ੍ਹਾਂ ਨੂੰ ਅਜਿਹਾ ਕਰਨ ਲਈ ਤਿਆਰ ਕਰਨਾ ਪਿਆ।

ਸਰਕਾਰ ਦੀ ਗੁਜ਼ਾਰਿਸ਼ ਤੋਂ ਬਾਅਦ ਰੈੱਡ ਕਰਾਸ ਦੀ ਇੱਕ ਟੀਮ ਨੇ ਲਾਸ਼ਾਂ ਨੂੰ ਸਪਿਨ ਬੋਲਡਕ ਤੋਂ ਚੁੱਕ ਕੇ ਕੰਧਾਰ ਦੇ ਮੀਰਵਾਇਸ ਹਸਪਤਾਲ 'ਚ ਪਹੁੰਚਾਇਆ।

ਹਸਪਤਾਲ ਦੇ ਇੱਕ ਅਧਿਕਾਰੀ ਦੇ ਅਨੁਸਾਰ, "ਜਦੋਂ ਉਨ੍ਹਾਂ ਨੂੰ ਦਾਨਿਸ਼ ਦੀ ਮ੍ਰਿਤਕ ਦੇਹ ਮਿਲੀ ਤਾਂ ਉਸ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਕੁਚਲਿਆ ਹੋਇਆ ਸੀ। ਉਸ ਲਾਸ਼ ਦੀ ਪਛਾਣ ਕਰਨਾ ਵੀ ਮੁਸ਼ਕਲ ਸੀ।"

ਇਸ ਅਧਿਕਾਰੀ ਦੇ ਮੁਤਾਬਕ ਦਾਨਿਸ਼ ਦੀ ਲਾਸ਼ ਫੌਰੈਂਸਿਕ ਜਾਂਚ ਲਈ ਅਗਲੇ ਦਿਨ ਹਵਾਈ ਜਹਾਜ਼ ਰਾਹੀਂ ਕਾਬੁਲ ਭੇਜੀ ਗਈ ਸੀ।

ਸਦੀਕ ਕਰਜ਼ਾਈ

ਤਸਵੀਰ ਸਰੋਤ, Bahir Ahmadi

ਤਸਵੀਰ ਕੈਪਸ਼ਨ, ਹਮਲੇ ਦਾ ਸ਼ਿਕਾਰ ਹੋਏ ਦੋ ਅਫ਼ਗਾਨ ਜਵਾਨਾਂ 'ਚ ਅਫ਼ਗਾਨ ਸਪੈਸ਼ਲ ਬਲ ਦੇ ਕਮਾਂਡਰ ਸਦੀਕ ਕਰਜ਼ਾਈ ਵੀ ਸਨ

ਬਹੀਰ ਅਹਿਮਦੀ ਅਤੇ ਕੰਧਾਰ ਦੇ ਹਸਪਤਾਲ 'ਚ ਤਿੰਨ੍ਹਾਂ ਮ੍ਰਿਤਕ ਦੇਹਾਂ ਨੂੰ ਵੇਖਣ ਵਾਲੇ ਇੱਕ ਪੱਤਰਕਾਰ ਦੇ ਅਨੁਸਾਰ ਸਦੀਕ ਕਰਜ਼ਾਈ ਦਾ ਚਿਹਰਾ ਨਹੀਂ ਵਿਗਾੜਿਆ ਗਿਆ ਸੀ।

ਸਾਨੂੰ ਦਾਨਿਸ਼ ਦੀ ਲਾਸ਼ ਦੀ ਫੌਰੈਂਸਿਕ ਜਾਂਚ ਦੀ ਰਿਪੋਰਟ ਤਾਂ ਨਹੀਂ ਮਿਲ ਸਕੀ ਹੈ ਪਰ ਕੰਧਾਰ ਦੇ ਇਸ ਪੱਤਰਕਾਰ ਦੇ ਅਨੁਸਾਰ ਦਾਨਿਸ਼ ਦੀ ਗਰਦਨ ਦੇ ਹੇਠਾਂ ਗੋਲੀ ਦਾ ਕੋਈ ਨਿਸ਼ਾਨ ਨਜ਼ਰ ਨਹੀਂ ਆਇਆ ਸੀ।

ਦਾਨਿਸ਼ ਦੀ ਮ੍ਰਿਤਕ ਦੇਹ ਨਾਲ ਗ਼ੈਰ ਮਨੁੱਖੀਕਾਰਾ ਕਰਨ 'ਤੇ ਆਈਆਂ ਕੁਝ ਮੀਡੀਆ ਰਿਪੋਰਟਾਂ 'ਤੇ ਤਾਲਿਬਾਨ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।

ਪਰ ਜੇਕਰ ਤਾਲਿਬਾਨ ਨੇ ਅਜਿਹਾ ਕੀਤਾ ਹੈ ਤਾਂ ਉਸ ਦੇ ਪਿੱਛੇ ਦੇ ਸਹੀ ਕਾਰਨ ਸਪੱਸ਼ਟ ਨਹੀਂ ਹਨ।

ਅਫ਼ਗਾਨ ਜਰਨਲਿਸਟ ਸੇਫ਼ਟੀ ਕਮੇਟੀ ਦੇ ਮੁਖੀ ਨਜੀਬ ਸ਼ਰੀਫ਼ੀ ਨੇ ਕਿਹਾ, "ਜਿਸ ਤਰ੍ਹਾਂ ਨਾਲ ਉਸ (ਦਾਨਿਸ਼) ਦੀ ਲਾਸ਼ ਦੀ ਹਾਲਤ ਖ਼ਰਾਬ ਕੀਤੀ ਗਈ ਹੈ, ਉਹ ਨਿੰਦਣਯੋਗ ਹੈ।"

"ਇਸ ਦੇ ਦੋ ਕਾਰਨ ਹੋ ਸਕਦੇ ਹਨ। ਪਹਿਲਾ ਕਿ ਉਹ ਪੱਤਰਕਾਰ ਸਨ ਅਤੇ ਦੂਜਾ ਕਿ ਉਹ ਭਾਰਤੀ ਸਨ।"

ਤਾਲਿਬਾਨ ਲਈ ਦਾਨਿਸ਼ ਦੀ ਕੌਮੀਅਤ ਦਾ ਪਤਾ ਲਗਾਉਣਾ ਕੋਈ ਮੁਸ਼ਕਲ ਕੰਮ ਨਹੀਂ ਸੀ। ਉਹ ਟਵਿੱਟਰ 'ਤੇ ਬਹੁਤ ਸਰਗਰਮ ਰਿਹਾ ਕਰਦੇ ਸਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਪਾਸਪੋਰਟ ਅਤੇ ਮੀਡੀਆ ਨਾਲ ਜੁੜੇ ਜ਼ਰੂਰੀ ਕਾਗਜ਼ਾਤ ਆਪਣੇ ਨਾਲ ਜਰੂਰ ਰੱਖੇ ਹੋਣਗੇ।

ਦਰਅਸਲ ਉਨ੍ਹਾਂ ਨੇ ਆਪਣੇ ਕਤਲ ਤੋਂ ਕੁਝ ਘੰਟੇ ਪਹਿਲਾਂ ਹੀ ਇਲਾਕੇ 'ਚ ਚੱਲ ਰਹੀ ਲੜਾਈ ਦੀ ਸਥਿਤੀ ਬਾਰੇ ਟਵੀਟ ਵੀ ਕੀਤਾ ਸੀ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

16 ਜੁਲਾਈ ਨੂੰ ਕੀ ਹੋਇਆ ਸੀ?

16 ਜੁਲਾਈ ਦੀ ਤੜਕਸਾਰ ਬਹੀਰ ਅਹਿਮਦੀ ਕੰਧਾਰ ਦੇ ਰਾਜਪਾਲ ਦੇ ਦਫ਼ਤਰ 'ਚ ਸਨ।

ਉਨ੍ਹਾਂ ਦੇ ਨਾਲ ਰਾਜਪਾਲ ਤੋਂ ਇਲਾਵਾ ਮਿਲਟਰੀ ਕਮਾਂਡਰ ਵੀ ਉੱਥੇ ਮੌਜੂਦ ਸਨ, ਜੋ ਕਿ ਅਫ਼ਗਾਨ ਫੌਜ ਦੀਆਂ ਕਾਰਵਾਈਆਂ 'ਤੇ ਨਜ਼ਰ ਰੱਖ ਰਹੇ ਸਨ।

ਅਫ਼ਗਾਨ ਵਿਸ਼ੇਸ਼ ਬਲ ਦੇ ਕਮਾਂਡਰ ਸਦੀਕ ਕਰਜ਼ਾਈ ਲਗਾਤਾਰ ਦਫ਼ਤਰ ਦੇ ਇੱਕ ਵਿਅਕਤੀ ਨੂੰ ਜ਼ਮੀਨੀ ਹਾਲਾਤ ਬਾਰੇ ਲਗਾਤਾਰ ਅਪਡੇਟ ਦੇ ਰਹੇ ਸਨ।

ਉਹ ਵਿਅਕਤੀ ਦਫ਼ਤਰ 'ਚ ਮੌਜੂਦ ਲੋਕਾਂ ਨੂੰ ਜ਼ਮੀਨੀ ਸਥਿਤੀ ਤੋਂ ਜਾਣੂ ਕਰਵਾ ਰਿਹਾ ਸੀ।

ਬਹੀਰ ਅਹਿਮਦੀ ਯਾਦ ਕਰਦੇ ਹੋਏ ਦੱਸਦੇ ਹਨ, "ਉਸ ਸਮੇਂ ਜੰਗ ਦੇ ਹਾਲਾਤ ਸਨ। ਸਦੀਕ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਉਹ ਅੱਗੇ ਵੱਧ ਰਹੇ ਹਨ, ਤਾਲਿਬਾਨ ਨੂੰ ਮਾਰ ਰਹੇ ਹਨ, ਉਹ ਬਹੁਤ ਵਧੀਆ ਕਰ ਰਹੇ ਹਨ। ਇਸ ਨਾਲ ਸਾਰੇ ਲੋਕਾਂ ਦੇ ਹੌਂਸਲੇ ਬੁਲੰਦ ਸਨ।"

"ਫਿਰ ਅਚਾਨਕ ਖ਼ਬਰ ਆਈ ਕਿ ਸਦੀਕ ਨਾਲ ਫੋਨ ਰਾਹੀਂ ਸੰਪਰਕ ਨਹੀਂ ਹੋ ਪਾ ਰਿਹਾ ਹੈ ਅਤੇ ਫਿਰ ਕੁਝ ਹੀ ਮਿੰਟਾਂ 'ਚ ਖ਼ਬਰ ਆਈ ਕਿ ਉਹ ਮਾਰੇ ਗਏ ਹਨ। ਉਨ੍ਹਾਂ ਦੀ ਲਾਸ਼ ਤਾਲਿਬਾਨ ਦੇ ਕਬਜ਼ੇ 'ਚ ਹੈ।"

ਬਹੀਰ ਅੱਗੇ ਕਹਿੰਦੇ ਹਨ ਕਿ ਸਦੀਕ ਕਰਜ਼ਾਈ ਸਾਡੇ ਮਹਾਨ ਅਤੇ ਬਹਾਦਰ ਯੋਧਿਆਂ 'ਚੋਂ ਇੱਕ ਸਨ। ਪਿਛਲੇ 20 ਸਾਲਾਂ ਦੀ ਜੰਗ ਦੌਰਾਨ ਉਨ੍ਹਾਂ ਨੇ ਆਪਣੇ ਪਰਿਵਾਰ ਦੇ 13 ਮੈਂਬਰਾਂ ਦੀ ਮੌਤ ਵੇਖੀ ਸੀ।

ਕੁਝ ਹੀ ਮਿੰਟਾਂ ਬਾਅਦ ਦਾਨਿਸ਼ ਦੇ ਮਾਰੇ ਜਾਣ ਦੀ ਵੀ ਖ਼ਬਰ ਆਈ।

ਦਾਨਿਸ਼ ਸਿੱਦੀਕੀ

ਤਸਵੀਰ ਸਰੋਤ, danish siddiqui/instagram

ਤਸਵੀਰ ਕੈਪਸ਼ਨ, ਦਾਨਿਸ਼ ਦਾ ਦਾ ਚਿਹਰਾ ਵਿਗਾੜਿਆ ਹੋਇਆ ਸੀ

"ਗਵਰਨਰ, ਕਮਾਂਡਰ, ਹਰ ਕੋਈ ਹੈਰਾਨ ਸੀ। ਹੁਣੇ ਤਾਂ ਅਸੀਂ ਦਾਨਿਸ਼ ਦੇ ਨਾਲ ਦੁਪਹਿਰ ਅਤੇ ਰਾਤ ਦਾ ਭੋਜਨ ਖਾਧਾ ਸੀ।"

"ਅਸੀਂ ਕਦੇ ਵੀ ਨਹੀਂ ਸੋਚਿਆ ਸੀ ਕਿ ਦਾਨਿਸ਼ ਮਾਰੇ ਜਾਣਗੇ ਕਿਉਂਕਿ ਸਾਨੂੰ ਪੂਰਾ ਵਿਸ਼ਵਾਸ ਸੀ ਕਿ ਸਦੀਕ ਕਰਜ਼ਾਈ ਜੇਤੂ ਰਹਿਣਗੇ।"

ਦਾਨਿਸ਼ ਸਿੱਦੀਕੀ ਦੀ ਮੌਤ ਦੇ ਕੀ ਕਾਰਨ ਰਹੇ ਹੋਣਗੇ, ਇਸ ਦੀ ਪੁਸ਼ਟੀ ਕਰਨਾ ਮੁਸ਼ਕਲ ਹੈ, ਕਿਉਂਕਿ ਸਾਨੂੰ ਅਜਿਹੇ ਕਿਸੇ ਅਫ਼ਗਾਨ ਸੈਨਿਕ ਬਾਰੇ ਨਹੀਂ ਪਤਾ ਹੈ ਜੋ ਕਿ ਉਸ ਮਿਸ਼ਨ ਤੋਂ ਜ਼ਿੰਦਾ ਪਰਤਿਆ ਹੋਵੇ।

ਇੱਕ ਸੋਚ ਹੈ ਕਿ ਉਨ੍ਹਾਂ ਸਾਰਿਆਂ 'ਤੇ ਲੁਕ ਕੇ ਜਾਂ ਫਿਰ ਆਰਪੀਜੀ ਨਾਲ ਹਮਲਾ ਕੀਤਾ ਗਿਆ ਸੀ, ਜਿਸ 'ਚ ਸਾਰੇ ਲੋਕ ਮਾਰੇ ਗਏ।

ਦੂਜੀ ਧਾਰਨਾ ਇਹ ਹੈ ਕਿ ਉਨ੍ਹਾਂ ਦੀ ਬਖ਼ਤਰਬੰਦ ਗੱਡੀ ਤਾਲਿਬਾਨ ਦੇ ਹਮਲੇ ਕਾਰਨ ਚੱਲਣ ਯੋਗ ਨਹੀਂ ਰਹੀ ਅਤੇ ਤਾਲਿਬਾਨ ਨੇ ਉਨ੍ਹਾਂ ਨੂੰ ਘੇਰ ਲਿਆ, ਉਹ ਜਦੋਂ ਗੱਡੀ ਤੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ।

ਸਪਿਨ ਬੋਲਡਕ ਦੇ ਇੱਕ ਸ਼ਹਿਰੀ ਨੇ ਦੱਸਿਆ ਕਿ ਉਸ ਦਾ ਘਰ ਉਸ ਜਗ੍ਹਾ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਸਥਿਤ ਹੈ, ਜਿੱਥੇ ਦਾਨਿਸ਼ ਨੂੰ ਮਾਰਿਆ ਗਿਆ ਸੀ। ਉਸ ਨੇ ਦੱਸਿਆ ਕਿ ਉਹ ਉਸ ਸਮੇਂ ਘਰ 'ਚ ਹੀ ਸਨ।

"ਉੱਥੇ ਧੜਾ-ਧੜ ਗੋਲੀਆਂ ਚੱਲਣ ਦੀ ਇੰਨ੍ਹੀ ਆਵਾਜ਼ ਆਈ ਕਿ ਅਸੀਂ ਘਬਰਾ ਹੀ ਗਏ।"

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਫੋਟੋ 'ਚ ਦਾਨਿਸ਼ ਦੀ ਮ੍ਰਿਤਕ ਦੇਹ ਜ਼ਮੀਨ 'ਤੇ ਪਈ ਵਿਖਾਈ ਦੇ ਰਹੀ ਹੈ ਅਤੇ ਉਨ੍ਹਾਂ ਦਾ ਚਿਹਰਾ ਠੀਕ ਹੈ।

ਕੰਧਾਰ ਦੇ ਇੱਕ ਪੱਤਰਕਾਰ ਨੇ ਸਪਿਨ ਬੋਲਡਕ ਦੇ ਲੋਕਾਂ ਦੇ ਹਵਾਲੇ ਨਾਲ ਕਿਹਾ ਕਿ ਤਿੰਨ੍ਹਾਂ ਲੋਕਾਂ ਨੂੰ ਮਾਰਨ ਤੋਂ ਬਾਅਦ ਤਾਲਿਬਾਨ ਬਖ਼ਤਰਬੰਦ ਗੱਡੀ ਲੇ ਕੇ ਚਲੇ ਗਏ।

ਪਰ ਉਹ ਬਾਅਦ 'ਚ ਵਾਪਸ ਆਏ ਅਤੇ ਸਿਰਫ ਦਾਨਿਸ਼ 'ਤੇ ਗੱਡੀ ਚੜ੍ਹ ਦਿੱਤੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਰੈੱਡ ਕਰਾਸ ਦੀ ਟੀਮ ਲਾਸ਼ਾਂ ਲੈਣ ਲਈ ਪਹੁੰਚੀ

ਅਧਿਕਾਰੀਆਂ ਅਤੇ ਸਪਿਨ ਬੋਲਡਕ 'ਚ ਲੋਕਾਂ ਨਾਲ ਕੀਤੀ ਗੱਲਬਾਤ ਤੋਂ ਸੰਕੇਤ ਮਿਲਦਾ ਹੈ ਕਿ ਤਿੰਨੇ ਲਾਸ਼ਾਂ ਕਈ ਘੰਟਿਆਂ ਤੱਕ ਸਪਿਨ ਬੋਲਡਕ ਦੇ ਚੌਕ 'ਚ ਦੁਪਹਿਰ ਜਾਂ ਫਿਰ ਸ਼ਾਮ ਤੱਕ ਪਈਆਂ ਰਹੀਆਂ।

ਫਿਰ ਰੈੱਡ ਕਰਾਸ ਦੀ ਟੀਮ ਉਨ੍ਹਾਂ ਲਾਸ਼ਾਂ ਨੂੰ ਲੈਣ ਲਈ ਪਹੁੰਚੀ ਅਤੇ ਲਾਸ਼ਾਂ ਕੰਧਾਰ ਦੇ ਹਸਪਤਾਲ 'ਚ ਪਹੁੰਚਾਈਆਂ ਗਈਆਂ।

ਸਪਿਨ ਬੋਲਡਕ ਦੇ ਹੀ ਇੱਕ ਹੋਰ ਵਸਨੀਕ ਨੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਮੀਡੀਆ ਤੋਂ ਪਤਾ ਲੱਗਿਆ ਹੈ ਕਿ ਇੱਕ ਭਾਰਤੀ ਪੱਤਰਕਾਰ ਦਾ ਕਤਲ ਹੋ ਗਿਆ ਹੈ।

ਇਹ ਖ਼ਬਰ ਸੁਣ ਕੇ ਉਹ ਸ਼ਾਮ ਚਾਰ ਵਜੇ ਦੇ ਕਰੀਬ ਉਸ ਚੌਕ 'ਚ ਪਹੁੰਚੇ , ਜਿੱਥੇ ਲਾਸ਼ਾਂ ਪਈਆਂ ਹੋਈਆਂ ਸਨ।

ਉਸ ਨੇ ਦੱਸਿਆ, " ਉਸ ਚੌਕ 'ਚ ਵੱਡੀ ਗਿਣਤੀ 'ਚ ਲੋਕ ਇੱਕਠੇ ਹੋ ਗਏ ਸਨ।"

ਅਫਗਾਨਿਸਤਾਨ ਦੇ ਛੋਟੇ ਜਿਹੇ ਸ਼ਹਿਰ ਸਪਿਨ ਬੋਲਡਕ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ ਅਤੇ ਇਸ ਸਮੇਂ ਇਹ ਖੇਤਰ ਤਾਲਿਬਾਨ ਦੇ ਕਬਜ਼ੇ ਹੇਠ ਹੈ।

ਰਿਪੋਰਟਾਂ ਦੇ ਅਨੁਸਾਰ ਤਾਲਿਬਾਨ ਨੇ ਇਲਾਕੇ 'ਚ ਨਵੇਂ ਟੈਕਸ ਲਗਾ ਦਿੱਤੇ ਹਨ ਅਤੇ ਸਰਹੱਦ ਪਾਰ ਜਾਣ ਵਾਲੇ ਸਾਮਾਨ 'ਤੇ ਵੀ ਟੈਕਸ ਲਗਾਇਆ ਜਾ ਰਿਹਾ ਹੈ।

17 ਜੁਲਾਈ ਨੂੰ ਪ੍ਰਕਾਸ਼ਤ ਹੋਈ ਇੱਕ ਰਿਪੋਰਟ 'ਚ ਰਾਇਟਰਜ਼ ਨੇ ਕਿਹਾ ਸੀ ਕਿ ਦਾਨਿਸ਼ ਸਿੱਦੀਕੀ ਨੇ ਉਨ੍ਹਾਂ ਨੂੰ ਦੱਸਿਆ ਸੀ, "ਸ਼ੁਕਰਵਾਰ ਨੂੰ ਲੜਾਈ ਦੀ ਰਿਪੋਰਟਿੰਗ ਕਰਦਿਆਂ ਉਸ ਦੀ ਬਾਂਹ 'ਤੇ ਸੱਟ ਲੱਗੀ ਸੀ, ਜਿਸ ਦਾ ਕਿ ਤੁਰੰਤ ਇਲਾਜ ਕੀਤਾ ਗਿਆ। ਬਾਅਦ 'ਚ ਤਾਲਿਬਾਨ ਅੱਤਵਾਦੀ ਸਪਿਨ ਬੋਲਡਕ 'ਚ ਲੜਾਈ ਤੋਂ ਪਿੱਛੇ ਹੱਟ ਗਏ ਸਨ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਰਿਪੋਰਟ 'ਚ ਇੱਕ ਕਮਾਂਡਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਦੋਂ ਤਾਲਿਬਾਨ ਨੇ ਮੁੜ ਹਮਲਾ ਕੀਤਾ, ਉਸ ਸਮੇਂ ਦਾਨਿਸ਼ ਦੁਕਾਨਦਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਸਥਾਨਕ ਅਫ਼ਗਾਨਿਸਤਾਨੀ ਪੱਤਰਕਾਰਾਂ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਜਦੋਂ ਦਾਨਿਸ਼ ਜ਼ਖਮੀ ਹੋ ਗਏ ਸਨ ਤਾਂ ਉਨ੍ਹਾਂ ਨੂੰ ਉੱਥੇ ਹੀ ਕਿਉਂ ਛੱਡ ਦਿੱਤਾ ਗਿਆ ਸੀ।

ਅਫ਼ਗਾਨ ਜਰਨਲਿਸਟ ਸੇਫ਼ਟੀ ਕਮੇਟੀ ਦੇ ਮੁਖੀ ਨਜੀਬ ਸ਼ਰੀਫ਼ੀ ਦਾ ਕਹਿਣਾ ਹੈ, "ਜਦੋਂ ਰਾਇਟਰਜ਼ ਨੂੰ ਦਾਨਿਸ਼ ਦੀ ਸੱਟ ਬਾਰੇ ਪਤਾ ਲੱਗਿਆ ਤਾਂ ਰਾਇਟਰਜ਼ ਨੂੰ ਉਸੇ ਸਮੇਂ ਹੀ ਉਸ ਨੂੰ ਬੁਲਾ ਲੈਣਾ ਚਾਹੀਦਾ ਸੀ।"

ਬੀਬੀਸੀ ਨੂੰ ਭੇਜੇ ਇੱਕ ਬਿਆਨ 'ਚ ਰਾਇਟਰਜ਼ ਨੇ ਕਿਹਾ ਹੈ, "ਸਾਨੂੰ ਆਪਣੇ ਸਾਥੀ ਦਾਨਿਸ਼ ਸਿੱਦੀਕੀ ਦੀ ਮੌਤ 'ਤੇ ਬਹੁਤ ਦੁੱਖ ਹੈ। ਅਸੀਂ ਤੱਥਾਂ ਦੀ ਜਾਂਚ ਕਰ ਰਹੇ ਹਾਂ ਕਿ ਆਖਰ ਦਾਨਿਸ਼ ਦੀ ਮੌਤ ਕਿਵੇਂ ਹੋਈ ਹੈ।"

ਨਜੀਬ ਸ਼ਰੀਫ਼ੀ ਦਾ ਕਹਿਣਾ ਹੈ, "ਅਸੀਂ ਇਹ ਪਤਾ ਲਗਾਉਣ ਦਾ ਯਤਨ ਕਰ ਰਹੇ ਹਾਂ ਕਿ ਕੀ ਦਾਨਿਸ਼ ਨੂੰ ਕਤਲ ਕਰਨ ਤੋਂ ਪਹਿਲਾਂ ਬੰਦੀ ਬਣਾਇਆ ਗਿਆ ਸੀ ਅਤੇ ਫਿਰ ਉਸ ਦਾ ਕਤਲ ਕੀਤਾ ਗਿਆ ਜਾਂ ਫਿਰ ਗੋਲੀਬਾਰੀ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)