ਅਫ਼ਗਾਨਿਸਤਾਨ : ਤਾਲਿਬਾਨ ਦੇ ਮੁਲਕ ਨੂੰ 'ਇਸਲਾਮਿਕ ਅਮੀਰਾਤ' ਬਣਾਉਣ ਦੇ ਮਾਅਨੇ

ਤਸਵੀਰ ਸਰੋਤ, Getty Images
- ਲੇਖਕ, ਗੁਈਲੇਰਮੋ ਡੀ ਓਲਮੋ
- ਰੋਲ, ਬੀਬੀਸੀ ਨਿਊਜ਼
ਸਿਰਫ਼ ਕੁਝ ਦਿਨਾਂ ਵਿੱਚ ਹੀ ਅਫ਼ਗਾਨਿਸਤਾਨ ਪੂਰੀ ਤਰ੍ਹਾ ਬਦਲ ਗਿਆ ਹੈ। ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਤਾਲਿਬਾਨ ਜਿਸ ਕਿਸਮ ਦਾ ਨਿਜ਼ਾਮ ਬਣਾਉਣਾ ਚਾਹੁੰਦਾ ਹੈ, ਉਸ ਦੀ ਰੂਪ-ਰੇਖਾ ਅਜੇ ਸਪਸ਼ਟ ਨਹੀਂ ਹੋ ਸਕੀ ਹੈ।
ਅਮਰੀਕੀ ਫ਼ੌਜ ਕਾਬੁਲ ਛੱਡਣ ਨੂੰ ਕਾਹਲੀ ਹੈ ਅਤੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਦੇ ਇਲਾਕੇ ਵਿੱਚ ਜਿਸ ਤਰ੍ਹਾਂ ਦੀ ਹਫ਼ੜਾ-ਦਫ਼ੜੀ ਦਾ ਮਹੌਲ ਹੈ, ਉਸ ਸਭ ਦੇ ਦਰਮਿਆਨ ਜੋ ਚੀਜ਼ ਸਾਫ਼ ਦਿਖਾਈ ਦੇ ਰਹੀ ਹੈ ਉਹ ਹੈ ਕਿ 'ਇਸਲਾਮਿਕ ਰਿਪਬਲਿਕ ਆਫ਼ ਅਫ਼ਗਾਨਿਸਤਾਨ' ਹੁਣ ਇਤਿਹਾਸ ਦਾ ਹਿੱਸਾ ਬਣ ਚੁੱਕਿਆ ਹੈ।
ਅਫ਼ਗਾਨਿਸਤਾਨ, ਜਿਸ ਦੌਰ ਵਿੱਚੋਂ ਲੰਘ ਰਿਹਾ ਹੈ, ਉਸ ਦੇ ਪਹਿਲੇ ਚੈਪਟਰ ਦੇ ਕੁਝ ਹਿੱਸੇ ਲਿਖੇ ਜਾ ਚੁੱਕੇ ਹਨ, ਜਿਵੇਂ - ਰਾਸ਼ਟਰਪਤੀ ਅਸ਼ਰਫ਼ ਗ਼ਨੀ ਦਾ ਦੇਸ਼ ਛੱਡ ਕੇ ਜਾਣਾ, ਕਾਬੁਲ ਦਾ ਪਤਨ, ਤਾਲਿਬਾਨ ਦੇ ਹੱਥਾਂ ਵਿੱਚ ਕਮਾਂਡ ਅਤੇ ਅਫ਼ਗਾਨਿਸਤਾਨ ਨੂੰ "ਇਸਲਾਮਿਕ ਅਮਿਰਾਤ" ਬਣਾਉਣ ਦੀ ਉਨ੍ਹਾਂ ਦੀ ਯੋਜਨਾ।
ਇੱਕ ਸੱਚ ਇਹ ਵੀ ਹੈ ਕਿ ਤਾਲਿਬਾਨ ਖ਼ੁਦ ਨੂੰ ਇਸਲਾਮਿਕ ਅਮਿਰਾਤ ਆਫ਼ ਅਫ਼ਗਾਨਿਸਤਾਨ ਵਜੋਂ ਪਰਿਭਾਸ਼ਿਤ ਕਰਦਾ ਹੈ।
ਸਾਲ 2020 ਦੇ ਦੋਹਾ ਸਮਝੌਤੇ ਉੱਪਰ ਉਨ੍ਹਾਂ ਨੇ ਇਸੇ ਨਾਮ ਨਾਲ਼ ਦਸਤਖ਼ਤ ਕੀਤੇ ਹਨ। ਇਹੀ ਦਸਤਾਵੇਜ਼ ਅਮਰੀਕਾ ਦੇ ਅਫ਼ਗਾਨਿਸਤਾਨ ਛੱਡਣ ਦਾ ਪਹਿਲਾ ਐਲਾਨ ਹੈ।
ਤਾਲਿਬਾਨ ਦੇ ਬੁਲਾਰੇ ਪਿਛਲੇ ਦਿਨਾਂ ਵਿੱਚ ਇਸ ਦੋਹਾ ਸਮਝੌਤੇ ਦਾ ਜ਼ਿਕਰ ਵਾਰ-ਵਾਰ ਕਰਦੇ ਰਹੇ ਹਨ ਅਤੇ ਜ਼ਬੀਉੱਲ੍ਹਾ ਮੁਜ਼ਾਹਿਦ ਨੇ ਆਪਣੀ ਪ੍ਰੈੱਸ ਕਾਨਫ਼ਰੰਸ ਵਿੱਚ ਅਫ਼ਗਾਨਿਸਤਾਨ ਨੂੰ ਇਸੇ ਨਾਮ ਨਾਲ਼ ਸੱਦਿਆ ਹੈ।
ਨਵੇਂ ਨਿਜ਼ਾਮ ਨੂੰ ਇਸ ਬਾਰੇ ਪ੍ਰਤੀਕਿਰਿਆਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਕਾਬੁਲ, ਜਲਾਲਾਬਾਦ ਅਤੇ ਅਸਦਾਬਾਦ ਵਰਗੇ ਸ਼ਹਿਰਾਂ ਵਿੱਚ ਹੋਏ ਮੁਜ਼ਾਹਰਿਆਂ ਤੋਂ ਇਹ ਸਾਫ਼ ਹੋ ਗਿਆ ਹੈ।
ਇੱਥੇ ਇਸਲਾਮਿਕ ਰਿਪਬਲਿਕ ਆਫ਼ ਅਫ਼ਗਾਨਿਸਤਾਨ ਦੇ ਝੰਡੇ ਚੁੱਕੇ ਹੋਏ ਮੁਜ਼ਾਹਰਾਕਾਰੀਆਂ ਉੱਪਰ ਗੋਲੀਆਂ ਚਲਾਈਆਂ ਗਈਆਂ। ਤਾਲਿਬਾਨ ਨੇ ਫ਼ੈਸਲਾ ਕੀਤਾ ਹੈ ਕਿ ਉਹ ਹੁਣ ਇਸ ਝੰਡੇ ਦੀ ਥਾਂ ਆਪਣੇ ਝੰਡੇ ਦੀ ਵਰਤੋਂ ਕਰਨਗੇ।
ਅਫ਼ਗਾਨਿਸਤਾਨ ਦੇ ਨਾਮ ਵਿੱਚ ਕੀਤੇ ਜਾ ਰਹੇ ਬਦਲਾਅ ਦੇ ਸਿਆਸੀ, ਵਿਚਾਰਧਾਰਕ ਅਤੇ ਧਾਰਮਿਕ ਨਤੀਜੇ ਨਿਕਲਣਗੇ। ਅਫ਼ਗਾਨਿਸਤਾਨ ਅਤੇ ਅਫ਼ਗਾਨਾਂ ਦੇ ਦੁਨੀਆਂ ਨਾਲ਼ ਰਿਸ਼ਤੇ ਵੀ ਇਸ ਬਦਲਾਅ ਦੇ ਅਸਰ ਹੇਠ ਆਉਣਗੇ।
ਇਹ ਵੀ ਪੜ੍ਹੋ:
ਅਮੀਰਾਤ ਕੀ ਹੁੰਦਾ ਹੈ ਤੇ ਇਸ ਦੇ ਕੀ ਅਰਥ ਹਨ?
ਫਾਰਸ ਦੀ ਖਾੜੀ ਵਿੱਚ ਇਸ ਤਰ੍ਹਾਂ ਦੇ ਮੁਲਕ ਹਨ, ਜਿਵੇਂ ਕਤਰ ਅਤੇ ਕੁਵੈਤ ਅਮਿਰਾਤ। ਸੰਯੁਕਤ ਅਰਬ ਅਮੀਰਾਤ ਦੇ ਨਾਮ ਤੋਂ ਹੀ ਸਾਫ਼ ਹੋ ਜਾਂਦਾ ਹੈ ਕਿ ਉਹ ਅਮਿਰਾਤਾਂ ਦਾ ਸੰਘ ਹੈ।

ਤਸਵੀਰ ਸਰੋਤ, Getty Images
ਜੌਰਜੀਆ ਸਟੇਟ ਯੂਨੀਵਰਸਿਟੀ ਦੇ ਪੱਛਮੀ ਏਸ਼ੀਆ ਮਾਮਲਿਆਂ ਦੇ ਮਾਹਰ ਜੇਵੀਅਰ ਗਵਿਰਾਡੋ ਕਹਿੰਦੇ ਹਨ, "ਗਣਤੰਤਰੀ ਦੇਸ਼ਾਂ ਵਿੱਚ ਰਾਸ਼ਟਰਪਤੀ ਧਾਰਮਿਕ ਆਗੂ ਨਹੀਂ ਹੁੰਦੇ ਪਰ ਅਮਿਰਾਤ ਪ੍ਰਣਾਲੀ ਵਾਲੇ ਦੇਸ਼ਾਂ ਵਿੱਚ ਦੇਸ਼ ਦਾ ਮੁਖੀ ਧਾਰਮਿਕ ਲੀਡਰ ਹੀ ਹੁੰਦਾ ਹੈ।"
"ਸਿਆਸੀ ਅਤੇ ਧਾਰਮਿਕ ਸ਼ਕਤੀਆਂ ਇੱਕ ਅਗਵਾਈ ਵਿੱਚ ਕੇਂਦਰਿਤ ਹੁੰਦੀਆਂ ਹਨ ਅਤੇ ਉਹ ਉਸ ਦੇਸ਼ ਦਾ ਆਮਿਰ ਹੁੰਦਾ ਹੈ।"
ਜ਼ਿਆਦਾਤਰ ਮੁਸਲਮਾਨ ਦੇਸ਼ਾਂ ਵਿੱਚ ਸਿਆਸੀ ਅਤੇ ਧਾਰਮਿਕ ਅਗਵਾਈ ਇੱਕੋ ਆਗੂ ਦੇ ਹੱਥਾਂ ਵਿੱਚ ਹੁੰਦੀ ਹੈ।
ਬੋਸਟਨ ਯੂਨੀਵਰਸਿਟੀ ਦੇ ਮਾਨਵ-ਵਿਗਿਆਨ ਮਾਹਰ ਥੌਮਸ ਬਾਰਫ਼ੀਲਡ ਦੱਸਦੇ ਹਨ, "ਆਮਿਰ ਦੇ ਖ਼ਿਤਾਬ ਦਾ ਇਤਿਹਾਸ ਆਮਿਰ ਅਲਮੁਮਿਨਿਨ ਦੇ ਸਮੇਂ ਦਾ ਹੈ। ਇਸ ਦਾ ਅਰਥ ਹੈ 'ਵਫ਼ਾਦਾਰ ਅਤੇ ਭਰੋਸੇਮੰਦ ਲੋਕਾਂ ਦਾ ਕਮਾਂਡਰ।' ਪੈਗੰਬਰ ਮੁਹੰਮਦ ਦੇ ਸਮੇਂ ਫ਼ੌਜ ਦੇ ਕੁਝ ਸਰਦਾਰ ਇਸ ਖ਼ਿਤਾਬ ਦੀ ਵਰਤੋਂ ਕਰਦੇ ਸਨ।"
ਥੌਮਸ ਬਾਰਫ਼ੀਲਡ ਦਾ ਕਹਿਣਾ ਹੈ ਕਿ ਤਾਲਿਬਾਨ ਜਿਸ ਅਮਿਰਾਤ ਦੀ ਗੱਲ ਕਰ ਰਹੇ ਹਨ, ਉਹ ਇਸਲਾਮਿਕ ਸਟੇਟ ਦੇ ਖ਼ਲੀਫੇਟ ਤੋਂ ਵੱਖਰੀ ਹੈ।
ਇਸਲਾਮਿਕ ਸਟੇਟ ਦਾ ਕਹਿਣਾ ਹੈ, "ਉਨ੍ਹਾਂ ਦੀ ਯੋਜਨਾ ਹੈ ਕਿ ਦੁਨੀਆ ਉੱਪਰ ਜਿੱਤ ਹਾਸਲ ਕਰਕੇ ਇਹ ਯਕੀਨੀ ਬਣਾਉਣਾ ਕਿ ਸਾਰੇ ਮੁਸਲਮਾਨਾਂ ਉੱਪਰ ਖ਼ਲੀਫ਼ੇ ਦਾ ਰਾਜ ਕਾਇਮ ਹੋਵੇ, ਭਾਵੇਂ ਉਹ ਕਿਤੇ ਵੀ ਰਹਿ ਰਹੇ ਹੋਣ।"
"ਉੱਥੇ ਹੀ ਤਾਲਿਬਾਨ ਖ਼ੁਦ ਨੂੰ ਇੱਕ ਆਜ਼ਾਦ ਸਿਆਸੀ ਇਕਾਈ ਵਜੋਂ ਦੇਖ ਰਿਹਾ ਹੈ। ਜਿਸ ਦਾ ਘੇਰਾ ਅਫ਼ਗਾਨਿਸਤਾਨ ਦੀ ਸਰਜ਼ਮੀਨ ਦੇ ਬਾਸ਼ਿੰਦਿਆਂ ਤੱਕ ਹੀ ਮਹਿਦੂਦ ਹੈ।"
ਜੇਵਿਯਰ ਗਿਵਰਾਡੋ ਕਹਿੰਦੇ ਹਨ, "ਖ਼ਲੀਫ਼ੇਟ ਦਾ ਸੰਕਲਪ ਚਾਰ ਖ਼ਲੀਫ਼ਿਆ ਨਾਲ਼ ਜੁੜਿਆ ਹੋਇਆ ਹੈ, ਜਦੋਂ ਸੱਤਵੀਂ ਸਦੀ ਵਿੱਚ ਪੈਗੰਬਰ ਮੁਹੰਮਦ ਦੇ ਵਾਰਸਾਂ ਦੀ ਇਸਲਾਮੀ ਦੁਨੀਆਂ ਉੱਪਰ ਸਿੱਧੀ ਹਕੂਮਤ ਸੀ।"
ਥੌਮਸ ਕਹਿੰਦੇ ਹਨ, "ਜਦੋਂ ਇਸ ਖ਼ਲੀਫ਼ੇਟ ਦਾ ਨਿਜ਼ਾਮ ਢਿੱਲਾ ਪੈਣ ਲੱਗਿਆ ਤਾਂ ਅਮਿਰਾਤਾਂ ਅਤੇ ਸਲਤਨਤਾਂ ਦਾ ਉਭਾਰ ਹੋਇਆ, ਸੁਲਤਾਨ ਤੋਂ ਭਾਵ ਇੱਕ ਅਜਿਹੇ ਆਗੂ ਤੋਂ ਹੁੰਦਾ ਸੀ- ਜਿਸ ਦੇ ਹੱਥ ਵਿੱਚ ਫ਼ੌਜ ਦੀ ਕਮਾਂਡ ਹੁੰਦੀ ਸੀ।"
ਫਿਰ ਤਾਲਿਬਾਨ ਦੇ ਅਮਿਰਾਤ ਅਤੇ ਇਸਲਾਮਿਕ ਸਟੇਟ ਦੀ ਖ਼ਲੀਫ਼ੇਟ ਵਿੱਚੋਂ ਕਿਸ ਦੀ ਜਿੱਤ ਹੋਵੇਗੀ?
ਥੌਮਸ ਦੱਸਦੇ ਹਨ, "ਦੋਵੇਂ ਹੀ ਗੁੱਟ ਇੱਕ ਦੂਜੇ ਨੂੰ ਦੁਸ਼ਮਣਾਂ ਵਾਂਗ ਦੇਖਦੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਤੇ ਇਸਲਾਮਿਕ ਸਟੇਟ ਕਾਬੁਲ ਵਿੱਚ ਬੰਬ ਧਮਾਕਿਆਂ ਦਾ ਸਿਲਸਿਲਾ ਨਾ ਸ਼ੁਰੂ ਕਰ ਦੇਵੇ।"
ਵੀਰਵਾਰ ਨੂੰ ਕਾਬੁਲ ਹਵਾਈ ਅੱਡੇ ਉੱਪਰ ਜੋ ਹੋਇਆ ਇਹ ਉਸੇ ਦੀ ਕੜੀ ਸੀ।

ਤਸਵੀਰ ਸਰੋਤ, Getty Images
ਅਮਰੀਕਾ ਤਾਲਿਬਾਨ ਦੇ ਇਸ ਵਾਅਦੇ ਉੱਪਰ ਯਕੀਨ ਕਰਨਾ ਚਾਹੁੰਦਾ ਹੈ ਕਿ ਅਫ਼ਗਾਨਿਸਤਾਨ ਦੀ ਜ਼ਮੀਨ ਪੱਛਮੀ ਮੁਲਕਾਂ ਦੇ ਖ਼ਿਲਾਫ਼ ਨਹੀਂ ਵਰਤੀ ਜਾਵੇਗੀ ਪਰ ਇਸਲਾਮਿਕ ਸਟੇਟ ਦੇ ਮਨਸੂਬੇ ਕੁਝ ਵੱਖਰੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਅਮੀਰਾਤ ਹੀ ਕਿਉਂ?
ਜੇਵੀਅਰ ਗਵਿਰਾਡੋ ਕਹਿੰਦੇ ਹਨ, "ਅਮੀਰਾਤ ਵਾਲੀ ਪ੍ਰਣਾਲੀ ਚੁਣਨ ਦੀ ਵਜ੍ਹਾ ਦੀ ਜੜ੍ਹ ਤਾਲਿਬਾਨ ਦੀਆਂ ਆਪਣੀਆਂ ਸਿਆਸੀ ਰਵਾਇਤਾਂ ਵਿੱਚ ਹੀ ਹੈ।"
ਸਾਲ 2001 ਵਿੱਚ ਤਾਲਿਬਾਨ ਦੇ ਪਤਨ ਤੱਕ ਉਸ ਦੀ ਹਕੂਮਤ ਦੇ ਕਰਤਾ ਧਰਤਾ ਮਰਹੂਮ ਮੁੱਲ੍ਹਾ ਉਮਰ, ਆਮਿਰ ਦੇ ਧਾਰਨੀ ਸਨ।
ਜੇਵੀਅਰ ਦਾ ਕਹਿਣਾ ਹੈ ਕਿ ਜਦੋਂ ਵੱਖਰੀ ਨਸਲ ਅਤੇ ਖ਼ਾਨਦਾਨ ਦਾ ਕੋਈ ਨਵਾਂ ਗਰੁੱਪ ਸੱਤਾ ਵਿੱਚ ਆਉਂਦਾ ਹੈ ਤਾਂ ਉਹ ਆਪਣੀ ਸਿਆਸੀ ਹੈਸੀਅਤ ਹਾਸਲ ਕਰਨ ਲਈ ਆਮਿਰ ਦੀ ਉਪਾਧੀ ਧਾਰਣ ਕਰਦਾ ਹੈ।
ਅਫ਼ਗਾਨਿਸਤਾਨ ਹੁਣ ਤੱਕ ਕਈ ਪ੍ਰਣਾਲੀਆਂ ਅੰਗੀਕਾਰ ਕਰ ਚੁੱਕਿਆ ਹੈ। ਇਸ ਵਿੱਚ ਮੁਹੰਮਦ ਜ਼ਾਹਿਰ ਸ਼ਾਹ ਦਾ ਸੰਵਿਧਾਨਿਕ ਰਾਜਤੰਤਰ ਵੀ ਸੀ, ਜਿਸ ਨੂੰ ਸਾਲ 1973 ਦੇ ਵਿਦਰੋਹ ਤੋਂ ਬਾਅਦ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਗਿਆ।
ਸਾਲ 2001 ਵਿੱਚ ਅਮਰੀਕਾ ਦੇ ਆਉਣ ਤੋਂ ਬਾਅਦ ਇਸਲਾਮੀ ਗਣਰਾਜ ਕਾਇਮ ਕੀਤਾ ਗਿਆ ਪਰ ਤਾਲਿਬਾਨ ਹਮੇਸ਼ਾ ਤੋਂ ਪੁਰਾਣੀ ਅਮਿਰਾਤ ਵਾਲੀ ਰਵਾਇਤ ਅੱਗੇ ਤੋਰਨੀ ਚਾਹੁੰਦੇ ਸੀ।

ਤਸਵੀਰ ਸਰੋਤ, Getty Images
ਹੁਣ ਇਹ ਤੈਅ ਹੈ ਕਿ ਉਹ ਸਫ਼ਲ ਹੋਣ ਜਾ ਰਹੇ ਹਨ। ਹਾਲਾਂਕਿ ਕਈ ਅਫ਼ਗਾਨਾਂ ਨੂੰ ਡਰ ਹੈ ਕਿ ਇਸ ਦਾ ਮਤਲਬ ਨੱਬੇ ਦੇ ਦਹਾਕੇ ਵਾਲੀ ਦਮਨਕਾਰੀ ਅਤੇ ਹਿੰਸਕ ਰਾਜ ਪ੍ਰਣਾਲੀ ਹੋਣ ਵਾਲ਼ਾ ਹੈ।
ਅਮੀਰਾਤ ਪ੍ਰਣਾਲੀ ਵਾਲੀ ਸਰਕਾਰ ਦੇ ਨਕਸ਼ ਕੀ ਹੋਣਗੇ?
ਸਾਲ 2004 ਵਿੱਚ ਜਦੋਂ ਅਫ਼ਗਾਨਿਸਤਾਨ ਉੱਪਰ ਪੱਛਮੀ ਮੁਲਕਾਂ ਦਾ ਅਸਰ ਸੀ ਤਾਂ ਉਸ ਸਮੇਂ ਬਣੇ ਦੇਸ਼ ਨੂੰ ਇਸਲਾਮੀ ਗਣਰਾਜ ਦਾ ਦਰਜਾ ਦਿੱਤਾ ਸੀ।
ਇਸ ਵਿੱਚ ਲੋਕਾਂ ਮੁਤਾਬਕ ਚੱਲਣ ਵਾਲੀ ਲੋਕਤੰਤਰੀ ਸਰਕਾਰ ਦੀ ਵਿਵਸਥਾ ਕੀਤੀ ਗਈ ਸੀ। ਹਾਲਾਂਕਿ ਇਹ ਸੰਵਿਧਾਨ ਹੁਣ ਇੱਕ ਮਰਹੂਮ ਦਸਤਾਵੇਜ਼ ਬਣ ਚੁੱਕਿਆ ਹੈ।
ਥੌਮਸ ਬਾਰਫ਼ੀਲਡ ਕਹਿੰਦੇ ਹਨ, "ਇਹ ਤੈਅ ਹੈ ਕਿ ਤਾਲਿਬਾਨ ਕੋਈ ਨਵਾਂ ਸੰਵਿਧਾਨ ਲਿਖਣ ਨਹੀਂ ਜਾ ਰਹੇ ਕਿਉਂਕਿ ਉਨ੍ਹਾਂ ਲਈ ਸ਼ਰੀਆ ਕਨੂੰਨ ਬਹੁਤ ਹੈ। ਅਫ਼ਗਾਨਿਸਤਾਨ ਵਿੱਚ ਹੁਣ ਚੋਣਾਂ ਨਹੀਂ ਹੋਣਗੀਆਂ ਕਿਉਂਕਿ ਤਾਲਿਬਾਨ ਦੀ ਹਕੂਮਤ ਦੀ ਮਾਨਤਾ ਲੋਕਾਂ ਦੀ ਮਰਜ਼ੀ ਦੀ ਮੁਥਾਜ ਨਹੀਂ ਹੋਵੇਗੀ ਸਗੋਂ ਅੱਲ੍ਹਾ ਦੀ ਮਰਜ਼ੀ ਮੁਤਾਬਕ ਹੋਵੇਗੀ।"

ਤਸਵੀਰ ਸਰੋਤ, Getty Images
ਤਾਲਿਬਾਨ ਦੀ ਹਕੂਮਤ ਦਾ ਜੋ ਵੀ ਵਿਅਕਤੀ ਆਮਿਰ ਬਣੇਗਾ, ਉਸ ਕੋਲ ਸਿਆਸੀ ਅਤੇ ਨਿਆਂ ਨਾਲ਼ ਜੁੜੀਆਂ ਤਾਕਤਾਂ ਹੋਣਗੀਆਂ ਪਰ ਕੀ ਉਹ ਹਮੇਸ਼ਾ ਹਕੂਮਤ ਕਰੇਗਾ?
ਥੌਮਸ ਬਾਰਫ਼ੀਲਡ ਕਹਿੰਦੇ ਹਨ,"ਜੇ ਤੁਸੀਂ ਅਫ਼ਗਾਨਿਸਤਾਨ ਦੇ ਅਤੀਤ ਵਿੱਚ ਝਾਕ ਕੇ ਦੇਖੋਂ ਤਾਂ ਜ਼ਿਆਦਾਤਰ ਆਗੂਆਂ ਦੀ ਹਕੂਮਤ ਉਨ੍ਹਾਂ ਦੀ ਮੌਤ ਜਾਂ ਬਰਤਰਫ਼ੀ ਨਾਲ਼ ਹੀ ਖ਼ਤਮ ਹੋਈ ਹੈ।"
ਇਸ ਦਾ ਮਤਲਬ ਇਹ ਨਹੀਂ ਹੈ ਕਿ ਅਫ਼ਗਾਨਿਸਤਾਨ ਦੇ ਆਮਿਰ ਕੋਲ ਬੇਇੰਤਹਾ ਤਾਕਤ ਹੋਵੇਗੀ ਅਤੇ ਉਸ ਦੀ ਨਿਯੁਕਤੀ ਬਿਨਾਂ ਕਿਸੇ ਸੌਦੇਬਾਜ਼ੀ ਜਾਂ ਗੱਲਬਾਤ ਤੋਂ ਬਿਨਾਂ ਹੋ ਜਾਵੇਗੀ।
ਜੇਵੀਅਰ ਕਹਿੰਦੇ ਹਨ,"ਅਫ਼ਗਾਨਿਸਤਾਨ ਵਿੱਚ ਕਈ ਨਸਲ, ਕਬੀਲੇ ਅਤੇ ਖ਼ਾਨਦਾਨ ਹਨ ਅਤੇ ਇਹ ਸੰਭਵ ਹੈ ਕਿ ਉਹ ਪ੍ਰਭਾਵਸ਼ਾਲੀ ਲੋਕਾਂ ਦੇ ਸਮੂਹ ਵਿੱਚ ਚੋਣਾਂ ਕਰਵਾਉਣ।"
ਹੁਣ ਤੱਕ ਜੋ ਅੰਦਾਜ਼ੇ ਲਗਾਏ ਜਾ ਰਹੇ ਹਨ ਉਨ੍ਹਾਂ ਦੇ ਮੁਤਾਬਕ ਦੋਹਾ ਸਮਝੌਤੇ ਵਿੱਚ ਅਮਰੀਕਾ ਨੇ ਤਾਲਿਬਾਨ ਵੱਲੋਂ ਗੱਲ ਕਰਨ ਵਾਲੇ ਮੁੱਲ੍ਹਾ ਉਮਰ ਦੇ ਕਰੀਬੀ ਰਹੇ ਮੁੱਲ੍ਹਾ ਗ਼ਨੀ ਬਰਾਦਰ ਮੁਲਕ ਦੇ ਨਵੇਂ ਆਮਿਰ ਹੋ ਸਕਦੇ ਹਨ।
ਹਾਲਾਂਕਿ ਇਸ ਦੇ ਬਾਵਜੂਦ ਹਾਲੇ ਕਈ ਸਵਾਲ ਹਨ, ਜਿਨ੍ਹਾਂ ਦੇ ਜਵਾਬ ਤਲਾਸ਼ੇ ਜਾ ਰਹੇ ਹਨ। ਅਫ਼ਗਾਨਿਸਤਾਨ ਵਿੱਚ ਅਮਿਰਾਤ ਦੀ ਰਵਾਇਤ ਤਾਲਿਬਾਨ ਦੇ ਅੰਦੋਲਨ ਤੋਂ ਕਿਤੇ ਪੁਰਾਣੀ ਹੈ।
ਥੌਮਸ ਬਾਰਫ਼ੀਲਡ ਕਹਿੰਦੇ ਹਨ ਕਿ ਅਫ਼ਗਾਨਿਸਤਾਨ ਵਿੱਚ ਬਹੁ-ਗਿਣਤੀ ਭਾਈਚਾਰਾ ਇਸਲਾਮ ਦੇ ਸੁੰਨੀ ਮਤ ਦਾ ਧਾਰਨੀ ਹੈ।
ਸ਼ੀਆ ਲੋਕਾਂ ਦੀ ਤੁਲਨਾ ਵਿੱਚ ਸੱਤਾ ਦੇ ਢਾਂਚੇ ਬਾਰੇ ਇਨ੍ਹਾਂ ਲੋਕਾਂ ਵਿੱਚ ਲਚਕੀਲਾਪਣ ਜ਼ਿਆਦਾ ਹੈ। ਇਸ ਲਈ ਉਮੀਦ ਹੈ ਕਿ ਤਾਲਿਬਾਨ ਨਾਲ਼ ਜੁੜੇ ਧੜੇ ਸਮਝੌਤਾ ਕਰਨ ਤੋਂ ਝਿਜਕ ਨਹੀਂ ਦਿਖਾਉਣਗੇ।
ਔਰਤਾਂ ਦੀ ਕੀ ਸਥਿਤੀ ਰਹੇਗੀ?
ਕੀ ਸੱਤਾ ਲਈ ਕੀਤੀ ਜਾ ਰਹੀ ਸੌਦੇਬਾਜ਼ੀ ਵਿੱਚ ਔਰਤਾਂ ਦੀ ਕੋਈ ਹਿੱਸੇਦਾਰੀ ਹੋਣ ਜਾ ਰਹੀ ਹੈ? ਫ਼ਿਲਹਾਲ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਅਤੇ ਨਾ ਹੀ ਕੋਈ ਉਮੀਦ ਲੱਗ ਰਹੀ ਹੈ।
ਕੁੜੀਆਂ ਨੂੰ ਸਿਰਫ਼ ਪੜ੍ਹਨ ਅਤੇ ਕੰਮ ਕਰਨ ਦੀ ਇਜਾਜ਼ਤ ਦੇਣ ਦਾ ਮਤਲਬ ਹੈ ਕਿ ਤਾਲਿਬਾਨ ਦੇ ਪਿਛਲੇ ਰਵੱਈਏ ਵਿੱਚ ਬਦਲਾਅ ਆਇਆ ਹੈ।
ਹਾਲਾਂਕਿ ਪਿਛਲੇ 20 ਸਾਲਾਂ ਦੌਰਾਨ ਅਫ਼ਗਾਨਿਸਤਾਨ ਵਿੱਚ ਕੁਝ ਅਜਿਹੇ ਬਦਲਾਅ ਆਏ ਹਨ, ਜਿਨ੍ਹਾਂ ਦੇ ਜਾਣ ਵਿੱਚ ਸਮਾਂ ਲੱਗੇਗਾ ਅਤੇ ਤਾਲਿਬਾਨ ਨੂੰ ਪਹਿਲਾਂ ਇਸ ਨਾਲ਼ ਨਜਿੱਠਣਾ ਪਵੇਗਾ।

ਤਸਵੀਰ ਸਰੋਤ, Reuters
ਜੇਵੀਅਰ ਸੁਚੇਤ ਕਰਦੇ ਹਨ, "ਅਫ਼ਗਾਨਿਸਤਾਨ ਦੀ ਮੌਜੂਦਾ ਆਜ਼ਾਦੀ ਪਹਿਲਾਂ ਨਾਲ਼ੋਂ ਕਿਤੇ ਜ਼ਿਆਦਾ ਸਿਖਲਾਈਯਾਫ਼ਤਾ ਹੈ, ਖ਼ਾਸ ਕਰਕੇ ਸ਼ਹਿਰਾਂ ਵਿੱਚ- ਉਹ ਕੰਪਿਊਟਰ ਦੀ ਵਰਤੋਂ ਕਰਦੇ ਹਨ। ਉਹ ਵੋਟ ਪਾਉਂਦੇ ਰਹੇ ਹਨ। ਇਸ ਲਈ ਤਾਲਿਬਾਨ ਸ਼ਾਇਦ ਪਹਿਲਾਂ ਵਾਂਗ ਹਕੂਮਤ ਨਹੀਂ ਕਰਨਾ ਚਾਹੇਗਾ।"
ਜੇ ਤਾਲਿਬਾਨ ਨੇ ਦਮਨ ਅਤੇ ਤਾਕਤ ਨਾਲ਼ ਲੋਕਾਂ ਨੂੰ ਦੱਬਣਾ ਸ਼ੁਰੂ ਕੀਤਾ ਤਾਂ ਉਸ ਨੂੰ ਕੌਮਾਂਤਰੀ ਮਾਨਤਾ ਹਾਸਲ ਕਰਨ ਵਿੱਚ ਪਰੇਸ਼ਾਨੀ ਹੋਵੇਗੀ ਅਤੇ ਇਸ ਦੇ ਕੂਟਨੀਤਿਕ ਅਤੇ ਆਰਥਿਕ ਸਿੱਟੇ ਭੁਗਤਣੇ ਪੈਣਗੇ।
ਥੌਮਸ ਬਾਰਫ਼ੀਲਡ ਕਹਿੰਦੇ ਹਨ, "ਸਵਾਲ ਇਹ ਹੈ ਕਿ ਕੀ ਤਾਲਿਬਾਨ ਨੇ ਸਬਕ ਸਿੱਖ ਲਿਆ ਹੈ ਜਾਂ ਨਹੀਂ ਕਿ ਦੇਸ਼ ਉੱਪਰ ਹਕੂਮਤ ਕਰਨ ਲਈ ਉਨ੍ਹਾਂ ਨੂੰ ਦੁਸ਼ਮਣਾਂ ਨਾਲ਼ ਸਮਝੌਤੇ ਕਰਨੇ ਪੈਣਗੇ।"
ਮੁਜ਼ਾਹਰਾਕਾਰੀਆਂ ਉੱਪਰ ਗੋਲ਼ੀਆਂ ਚਲਾਉਣ ਅਤੇ ਪੁਰਾਣੀ ਅਫ਼ਗਾਨ ਹਕੂਮਤ ਦੇ ਲੋਕਾਂ ਨਾਲ਼ ਮੇਲਜੋਲ ਰੱਖਣ ਵਾਲ਼ਿਆਂ ਨੂੰ ਧਮਕਾਉਣਾ ਜਾਂ ਸਜ਼ਾ ਦੇਣ ਤੋਂ ਕੋਈ ਜ਼ਿਆਦਾ ਉਮੀਦ ਨਜ਼ਰ ਨਹੀਂ ਦਿਸ ਰਹੀ।
ਫਿਰ ਵੀ ਇਸ ਸਵਾਲ ਦਾ ਜਵਾਬ ਅਤੇ ਨਵੇਂ ਆਮਿਰ ਦਾ ਐਲਾਨ, ਦੋਵਾਂ ਸਵਾਲਾਂ ਦਾ ਜਵਾਬ ਅਜੇ ਸਮੇਂ ਦੀ ਕੁੱਖ ਵਿੱਚ ਪਿਆ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












