ਮੋਦੀ ਦੁਨੀਆਂ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ 'ਚ ਸ਼ਾਮਲ, ਤਾਲਿਬਾਨ ਆਗੂ ਮੁੱਲ੍ਹਾ ਗਨੀ ਬਰਾਦਰ ਵੀ ਇਸ ਸੂਚੀ 'ਚ- ਪ੍ਰੈੱਸ ਰਿਵੀਊ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲ਼ਾ ਨੂੰ ਟਾਈਮਜ਼ ਮੈਗਜ਼ੀਨ ਨੇ ਸਾਲ 2021 ਦੇ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿੱਚ ਰੱਖਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੈਗਜ਼ੀਨ ਨੇ ਬੁੱਧਵਾਰ ਨੂੰ ਇਹ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਪ੍ਰਿੰਸ ਹੈਰੀ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੀ ਹਨ।

ਤਾਲਿਬਾਨ ਆਗੂ ਮੁੱਲ੍ਹਾ ਗ਼ਨੀ ਬਰਾਦਰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ।

ਇਹ ਵੀ ਪੜ੍ਹੋ:

ਅੰਮ੍ਰਿਤਸਰ ਵਿੱਚ 15 ਦਿਨਾਂ ਦੌਰਾਨ ਡੇਂਗੂ ਦੇ 161 ਕੇਸ, ਸਿਹਤ ਮਹਿਕਮੇ ਨੂੰ ਭਾਜੜਾਂ

ਪੰਜਾਬ ਦੇ ਕੈਬਨਿਟ ਮੰਤਰੀ ਓਪੀ ਸੋਨੀ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਪ੍ਰਸ਼ਾਸਨ, ਮਿਊਂਸੀਪਲ ਕਾਰਪੋਰੇਸ਼ਨ ਅਤੇ ਸਹਿਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਜ਼ਿਲ੍ਹੇ ਵਿੱਚ ਵਿਗੜਦੀ ਜਾ ਰਹੀ ਡੇਂਗੂ ਦੀ ਸਥਿਤੀ ਦਾ ਜਾਇਜ਼ਾ ਲਿਆ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਅੰਮ੍ਰਿਤਸਰ ਵਿੱਚ ਇਸ ਡੇਂਗੂ ਸੀਜ਼ਨ ਵਿੱਚ 278 ਕੇਸਾਂ ਵਿੱਚੋਂ 161 ਸਿਰਫ਼ ਪਿਛਲੇ 15 ਦਿਨਾਂ ਦੌਰਾਨ ਸਾਹਮਣੇ ਆਏ ਹਨ।

ਮੰਤਰੀ ਨੇ ਅਧਿਕਾਰੀਆਂ ਨੂੰ ਡੇਂਗੂ ਉੱਪਰ ਕਾਬੂ ਪਾ ਕੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਵਧਾਉਣ ਨੂੰ ਕਿਹਾ। ਇਸ ਦੇ ਨਾਲ਼ ਹੀ ਉਨ੍ਹਾਂ ਨੇ ਅੰਮ੍ਰਿਤਸਰ ਦੇ ਸਾਰੇ 85 ਵਾਰਡਾਂ ਵਿੱਚ ਫੋਗਿੰਗ ਹਰ-ਰੋਜ਼ ਯਕੀਨੀ ਬਣਾਉਣ ਲਈ ਵੀ ਕਿਹਾ।

ਜ਼ਿਲ੍ਹੇ ਦੇ ਐਪੀਡਰਮੋਲੋਜਿਸਟ ਡਾ਼ ਮਦਨ ਮੋਹਨ ਨੇ ਕਿਹਾ,"ਪੇਚੀਦਗੀਆਂ ਤੋਂ ਬਚਣ ਲਈ ਪੀੜਤ ਤਰਲ ਦੀ ਵਧੇਰੇ ਮਾਤਰਾ ਲੈਣੀ ਸ਼ੁਰੂ ਕਰਨ। ਅਸੀਂ ਇਸ ਸਾਲ ਲਾਰਵਾ ਦਾ ਪਤਾ ਲੱਗਣ 'ਤੇ 546 ਚਲਾਨ ਜਾਰੀ ਕੀਤੇ ਹਨ।"

ਪੰਜਾਬ ਵਿੱਚ ਹਾਈ ਅਲਰਟ

ਪਿਛਲੇ ਮਹੀਨੇ ਇੱਕ ਤੇਲ ਦੇ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਕਰਨ ਵਾਲੇ ਦਹਿਸ਼ਤਗਰਦਾਂ ਦੇ ਸਮੂਹ ਦੇ ਚਾਰ ਹੋਰ ਮੈਂਬਰ ਫੜੇ ਜਾਣ ਮਗਰੋਂ ਪੰਜਾਬ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਖ਼ਬਰ ਵੈਬਸਾਈਟ ਐੱਨਡੀਟੀਵੀ ਦੀ ਖ਼ਬਰ ਮੁਤਾਬਕ ਸੂਬੇ ਵਿੱਚ ਪਿਛਲੇ 40 ਦਿਨਾਂ ਦੌਰਾਨ ਗੁਆਂਢੀ ਦੇਸ਼ ਪਾਕਿਸਤਾਨ ਦੀ ਸੂਹੀਆ ਏਜੰਸੀ ਆਈਐੱਸਆਈ ਦੀ ਸ਼ਹਿ ਹਾਸਲ ਦਹਿਸ਼ਤਗਰਦ ਸ਼ੜਯੰਤਰ ਨਾਕਾਮ ਕੀਤਾ ਗਿਆ ਹੈ।

ਹਾਈ ਅਲਰਟ ਦਾ ਦਾ ਐਲਾਨ ਸੂਬੇ ਵਿੱਚ ਕੋਵਿਡ ਕਾਰਨ ਲੰਬੇ ਸਮੇਂ ਤੋਂ ਬੰਦ ਸਕੂਲਾਂ ਦੇ ਮੁੜ ਖੁੱਲ੍ਹਣ ਅਤੇ ਆਉਣ ਵਾਲੇ ਤਿਉਹਾਰੀ ਸੀਜ਼ਨ ਦੇ ਮੱਦੇ ਨਜ਼ਰ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਇੱਕ ਵਿਅਕਤੀ ਨੂੰ ਫੜਿਆ ਗਿਆ ਸੀ, ਜਿਸ ਦਾ ਸਬੰਧ ਟਿਫ਼ਨ ਬੰਬ ਕੇਸ ਨਾਲ ਸੀ।

ਅੱਠ ਅਗਸਤ ਨੂੰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਅਜਨਾਲਾ ਦੇ ਇੱਕ ਪੈਟਰੋਲ ਪੰਪ ਤੇ ਖੜ੍ਹੇ ਇੱਕ ਪੈਟਰੋਲ ਟੈਂਕਰ ਨੂੰ ਅੱਗ ਲੱਗ ਗਈ ਹੈ ਜੋ ਕਿ ਬਾਅਦ ਵਿੱਚ ਦਹਿਸ਼ਤਗਰਦ ਹਮਲਾ ਨਿਕਲਿਆ ਸੀ।

ਦੁਨੀਆਂ ਤਾਲਿਬਾਨ ਨੂੰ ਹੋਰ ਸਮਾਂ ਦੇਵੇ-ਇਮਰਾਨ

ਪਾਕਿਸਾਤਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਲਮੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਬੈਠ ਕੇ ਇਹ ਸੋਚਦੇ ਰਹਿਣ ਕਿ "ਅਸੀਂ ਉਨ੍ਹਾਂ ਨੂੰ ਕਾਬੂ ਕੰਟਰੋਲ ਕਰ ਸਕਦੇ ਹਾਂ" ਦੀ ਬਜਾਇ ਦੁਨੀਆਂ ਨੂੰ ਤਾਲਿਬਾਨ ਨੂੰ ਹੋਰ ਸਮਾਂ ਦੇਣਾ ਚਾਹੀਦਾ ਹੈ।

ਸੀਐੱਨਐੱਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਮਰਾਨ ਖ਼ਾਨ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਅਮਨ ਅਤੇ ਸਥਿਰਤਾ ਦਾ ਰਾਹ ਇਹ ਹੈ ਕਿ ਤਾਲਿਬਾਨ ਨੂੰ ਔਰਤਾਂ ਦੇ ਹੱਕਾਂ ਅਤੇ ਸੰਮਿਲਤ ਸਰਕਾਰ ਬਣਾਉਣ ਲਈ "ਹੱਲਾਸ਼ੇਰੀ" ਦਿੱਤੀ ਜਾਵੇ।

ਉਨ੍ਹਾਂ ਨੇ ਕਿਹਾ ਕਿ ਜੇ ਅਫ਼ਗਾਨਿਸਤਾਨ ਦਾ ਮਸਲਾ ਵਿਗੜਿਆ ਤਾਂ ਇਹ ਵਿਨਾਸ਼ਕਾਰੀ ਹੋਵੇਗਾ। "ਦੁਨੀਆਂ ਦਾ ਸਭ ਤੋਂ ਵੱਡਾ ਮਨੁੱਖੀ ਸੰਕਟ ਅਤੇ ਇੱਕ ਵੱਡੀ ਰਿਫਿਊਜੀ ਸਮੱਸਿਆ।"

ਉਨ੍ਹਾਂ ਨੇ ਕਿਹਾ,"ਕਿਸੇ ਵੀ ਕਠਪੁਤਲੀ ਸਰਕਾਰ ਦੀ ਅਫ਼ਗਾਨ ਲੋਕ ਹਮਾਇਤ ਨਹੀਂ ਕਰਦੇ।''

"ਅਫ਼ਗਾਨਿਸਤਾਨ ਦੀ ਇਹ ਮੌਜੂਦਾ ਸਰਕਾਰ ਸਪਸ਼ਟ ਤੌਰ 'ਤੇ ਮਹਿਸੂਸ ਕਰਦੀ ਹੈ ਕਿ ਕੌਮਾਂਤਰੀ ਸਹਾਇਤਾ ਅਤੇ ਮਦਦ ਤੋਂ ਬਿਨਾਂ, ਉਹ ਸੰਕਟ ਨੂੰ ਨਹੀਂ ਰੋਕ ਸਕਣਗੇ। ਇਸ ਲਈ ਸਾਨੂੰ ਉਨ੍ਹਾਂ ਨੂੰ ਸਹੀ ਦਿਸ਼ਾ ਵਿੱਚ ਲਿਜਾਣਾ ਚਾਹੀਦਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)