ਜਥੇਦਾਰ ਦੇ ਯੂਕੇ ਦੌਰੇ 'ਤੇ ਵਿਵਾਦ, 'ਅਕਾਲ ਤਖ਼ਤ ਦੇ ਵਕਾਰ ਨੂੰ ਠੇਸ ਪਹੁੰਚਾਉਣ ਦੀ ਡੂੰਘੀ ਸਾਜਿਸ਼’

ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਦੀ ਯੂਕੇ ਫੇਰੀ ਚਰਚਾ ਦਾ ਵਿਸ਼ਾ ਬਣ ਗਈ ਹੈ।

ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇੱਕ ਚਿੱਠੀ ਮੁਤਾਬਕ ਉਨ੍ਹਾਂ 'ਤੇ ਕੋਰੋਨਾ ਪ੍ਰੋਟੋਕੋਲ ਤੋੜ ਕੇ ਸਮਾਗ਼ਮ ਵਿੱਚ ਸ਼ਾਮਿਲ ਹੋਣ ਦੀ ਗੱਲ ਕਹੀ ਗਈ ਜਾ ਰਹੀ ਹੈ।

ਹਾਲਾਂਕਿ, ਵੁਲਵਰਹੈਂਪਟਨ ਦੇ ਕੌਂਸਲਰ ਭੁਪਿੰਦਰ ਗਾਖ਼ਲ ਨੇ ਕਿਹਾ ਹੈ ਕਿ ਅਜਿਹਾ ਕੁਝ ਨਹੀਂ ਹੋਇਆ। ਜਥੇਦਾਰ ਨੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਸੀ, ਬਕਾਇਦਾ ਉਨ੍ਹਾਂ ਦਾ ਟੈਸਟ ਵੀ ਹੋਇਆ ਸੀ ਅਤੇ ਉਨ੍ਹਾਂ ਦੀ ਵੈਕਸੀਨ ਦੀ ਡੋਜ਼ ਵੀ ਮੁਕੰਮਲ ਸੀ।

ਕੀ ਹੈ ਮਾਮਲਾ?

ਦਰਅਸਲ, ਗਿਆਨੀ ਹਰਪ੍ਰੀਤ ਸਿੰਘ 12 ਸਤੰਬਰ ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ ਸਿੱਖ ਫੌਜੀਆਂ ਦੀ ਅਗਵਾਈ ਕਰਨ ਵਾਲੇ ਹੌਲਦਾਰ ਈਸ਼ਰ ਸਿੰਘ ਦੇ ਬੁੱਤ ਦੇ ਉਦਘਾਟਨੀ ਸਮਾਗਮ ਵਿੱਚ ਹਿੱਸਾ ਲੈਣ ਬ੍ਰਿਟੇਨ ਪਹੁੰਚੇ ਸਨ।

ਇੰਗਲੈਂਡ ਦੇ ਵੁਲਵਰਹੈਂਪਟਨ ਵਿੱਚ ਹੌਲਦਾਰ ਈਸ਼ਰ ਸਿੰਘ ਦੇ ਬੁੱਤ ਦਾ ਉਦਘਾਦਨ ਕੀਤਾ ਗਿਆ।

ਇਸ ਮੌਕੇ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਸੰਸਦ ਮੈਂਬਰ, ਸਥਾਨਕ ਕੌਂਸਲਰ ਅਤੇ ਫੌਜੀ ਅਫ਼ਸਰਾਂ ਸਮੇਤ ਸਥਾਨਕ ਇਲਾਕਾ ਵਾਸੀ ਵੀ ਮੌਜੂਦ ਸਨ।

ਇਸ ਸਮਾਗ਼ਮ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਚਿੱਠੀ ਵਾਇਰਲ ਹੋਣ ਲੱਗੀ ਜਿਸ ਵਿੱਚ ਜਥੇਦਾਰ ਵੱਲੋਂ ਕੋਰੋਨਾ ਪ੍ਰੋਟੋਕੋਲ ਦੀ ਉਲੰਘਣਾ ਬਾਰੇ ਕਿਹਾ ਗਿਆ।

ਇਸ ਕਥਿਤ ਚਿੱਠੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵੁਲਵਰਹੈਂਪਟਨ ਦੀ ਵੇਡਨਸਫੀਲਡ ਗੁਰਦੁਆਰਾ ਕਮੇਟੀ ਨੂੰ ਉੱਥੇ ਦੇ ਸਿਹਤ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਜੁਰਮਾਨਾ ਲਾਉਣ ਦੀ ਗੱਲ ਵੀ ਲਿਖੀ ਗਈ ਹੈ।

ਇਹ ਵੀ ਪੜ੍ਹੋ-

‘ਅਕਾਲ ਤਖ਼ਤ ਦੇ ਵਕਾਰ ਨੂੰ ਠੇਸ ਪਹੁੰਚਾਉਣ ਦੀ ਡੂੰਘੀ ਸਾਜਿਸ਼’

ਸਕੱਤਰ ਗੁਰਮੀਤ ਸਿੰਘ ਦੇ ਦਸਤਖ਼ਤਾਂ ਹੇਠ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਅਧਿਕਾਰਿਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੌਂ ਤੋਂ 15 ਸਿਤੰਬਰ ਤੱਕ ਇੰਗਲੈਂਡ ਦੇ ਅਧਿਕਾਰਿਤ ਦੌਰੇ ਉੱਪਰ ਸਨ।

ਇਸ ਸਮੇਂ ਦੌਰਾਨ ਉਨ੍ਹਾਂ ਨੇ ਸਾਰਾਗੜ੍ਹੀ ਯੁੱਧ ਵਿੱਚ ਮਾਰੇ ਜਾਣ ਵਾਲੇ ਸਿੱਖ ਫੌਜੀਆਂ ਦੀ ਯਾਦ ਵਿੱਚ ਰੱਖੇ ਕਈ ਸਮਾਗਮਾਂ ਅਤੇ ਹੌਲਦਾਰ ਈਸ਼ਰ ਸਿੰਘ ਦੇ ਬੁੱਤ ਦੀ ਘੁੰਢ ਚੁਕਾਈ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨੀ ਸੀ।

ਬਿਆਨ ਵਿੱਚ ਵਿਵਾਦ ਬਾਰੇ ਕਿਹਾ ਗਿਆ,"ਅਕਾਲ ਤਖਤ ਸਾਹਿਬ ਦਾ ਸਕੱਤਰੇਤ ਇਹ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਸਿੰਘ ਸਾਹਿਬ ਦੀ ਯਾਤਰਾ ਦੀ ਯੋਜਨਾ ਭਾਰਤ ਅਤੇ ਇੰਗਲੈਂਡ ਵਿੱਚ ਲਾਗੂ ਸਾਰੀਆਂ ਕੋਵਿਡ ਹਦਾਇਤਾਂ ਨੂੰ ਮੁਕੰਮਲ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਸੀ।”

"ਅਸੀਂ ਇੰਗਲੈਂਡ ਦੇ ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਸਿੰਘ ਸਾਹਿਬ ਵੱਲੋਂ ਇੰਗਲੈਂਡ ਦੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕੀਤੇ ਜਾਣ ਬਾਰੇ ਫ਼ੈਲਾਈ ਜਾ ਰਹੀ ਗ਼ਲਤ ਜਾਣਕਾਰੀ ਦੀ ਨਿਖੇਧੀ ਕਰਦੇ ਹਾਂ। ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸਿੰਘ ਸਾਹਿਬ ਦੇ ਵਕਾਰ ਨੂੰ ਠੇਸ ਪਹੁੰਚਾਉਣ ਦੀ ਡੂੰਘੀ ਸਾਜਿਸ਼ ਹੈ।"

ਕੌਂਸਲਰ ਨੇ ਬੀਬੀਸੀ ਪੰਜਾਬੀ ਨੂੰ ਕੀ ਕਿਹਾ

ਬੀਬੀਸੀ ਪੱਤਰਕਾਰ ਗਗਨ ਸੱਭਰਵਾਲ ਨੂੰ ਵੁਲਵਰਹੈਂਪਟਨ ਦੇ ਕੌਂਸਲਰ ਭੁਪਿੰਦਰ ਗਾਖਲ ਨੇ ਕਿਹਾ ਕਿ ਚਿੱਠੀ ਫਰਜ਼ੀ ਹੈ।

ਉਹ ਕਹਿੰਦੇ ਹਨ, "ਜਿੰਨੀ ਛੇਤੀ ਹੋ ਸਕੇ ਅਸੀਂ ਇਹ ਪਛਾਨਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਕਿੱਥੋਂ ਆਈ ਹੈ।"

ਉਨ੍ਹਾਂ ਨੇ ਅੱਗੇ ਕਿਹਾ, ''ਜਥੇਦਾਰ ਭਾਰਤ ਤੋਂ ਆਉਣ ਤੋਂ ਪਹਿਲਾਂ ਕੋਵੀਸ਼ੀਲਡ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਕੇ ਆਏ ਸਨ ਅਤੇ ਉਨ੍ਹਾਂ ਨੇ ਆਉਣ ਤੋਂ ਪਹਿਲਾਂ ਆਪਣਾ ਪੀਸੀਆਰ ਟੈਸਟ ਵੀ ਕਰਵਾਇਆ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਉਡਾਣ ਭਰਨ ਦੀ ਆਗਿਆ ਮਿਲੀ ਸੀ। ਫਿਰ ਇੱਥੇ ਆ ਕੇ ਉਨ੍ਹਾਂ ਨੇ ਪ੍ਰੋਟੋਕੋਲ ਤਹਿਤ ਦੋ ਦਿਨਾਂ ਦਾ ਸੈਲਫ ਆਈਸੋਲੇਸ਼ਨ ਦਾ ਸਮਾਂ ਵੀ ਪੂਰਾ ਕੀਤਾ।''

''ਆਈਸੋਲੇਸ਼ਨ ਵਿੱਚ ਰਹਿਣ ਤੋਂ ਬਾਅਦ ਉਨ੍ਹਾਂ ਦਾ ਮੁੜ ਟੈਸਟ ਕੀਤਾ ਅਤੇ ਟੈਸਟ ਨੈਗੇਟਿਵ ਆਉਣ 'ਤੇ ਹੀ ਉਨ੍ਹਾਂ ਨੂੰ ਸਮਾਗਮ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।''

ਉਨ੍ਹਾਂ ਦਾ ਕਹਿਣਾ ਹੈ ਕਿ ਜਥੇਦਾਰ ਸਮਾਗ਼ਮ ਵਿੱਚ ਸ਼ਮੂਲੀਅਤ ਕਰ ਕੇ ਵਾਪਸ ਭਾਰਤ ਵੀ ਮੁੜ ਗਏ ਹਨ।

ਯੂਕੇ ਵਿੱਚ ਹੋਏ ਸਮਾਗਮ ਵੇਲੇ ਬੀਬੀਸੀ ਨੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਸੀ- ਵੀਡੀਓ

ACRO ਦਫ਼ਤਰ ਵੱਲੋਂ ਕੀ ਜਵਾਬ ਆਇਆ?

ਬੀਬੀਸੀ ਦੇ ਈਮੇਲ ਦੇ ਜਵਾਬ ਵਿੱਚ ਏਸੀਆਰਓ (ACRO) ਦਫ਼ਤਰ ਨੇ ਵੀ ਕਿਹਾ ਹੈ ਕਿ ਇਹ ਵਾਇਰਲ ਹੋਈ ਚਿੱਠੀ ਫ਼ਰਜੀ ਹੈ ਅਤੇ ਦਫਡਤਰ ਵੱਲੋਂ ਜੁਰਮਾਨਾ ਲਗਾਉਣ ਵਾਲੀ ਗੱਲ ਵਿੱਚ ਵੀ ਕੋਈ ਸੱਚਾਈ ਨਹੀਂ ਹੈ।

ਦਫ਼ਤਰ ਵੱਲੋਂ ਕਿਹਾ ਗਿਆ ਕਿ 14 ਸਤੰਬਰ ਨੂੰ ਗੁਰਦੁਆਰਾ ਗੁਰੂ ਨਾਨਕ, ਵੈਡਨਸਫੀਲਡ ਦੇ ਟਰੱਸਟੀਆਂ ਨੂੰ ਲਿਖੀ ਇਹ ਚਿੱਠੀ ਅਸਲ ਨਹੀਂ ਹੈ।

ਏਸੀਆਰਓ ਯਾਨੀ ਕ੍ਰਿਮੀਨਲ ਰਿਕਾਰਡ ਆਫਿਸ ਇੱਕ ਕੌਮੀ ਪੁਲਿਸ ਇਕਾਈ ਹੈ ਜੋ ਕੋਰੋਨਾਵਾਇਰਸ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੈਨਲਟੀ ਨੋਟਿਸ ਜਾਰੀ ਕਰਦੀ ਹੈ।

ਇਸ ਮਾਮਲੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਇਹ ਵੀ ਪੜ੍ਹੋ:

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)