'ਪੁੱਤ ਨੂੰ ਕਮਾਈ ਲਈ ਭੇਜਿਆ ਸੀ ਕੈਨੇਡਾ, ਹੁਣ ਲਾਸ਼ ਲਿਆਉਣ ਲਈ ਪਿੰਡ ਵਾਲੇ ਫੰਡ ਇਕੱਠਾ ਕਰ ਰਹੇ'

ਕੈਨੇਡਾ ਵਿੱਚ ਇੱਕ 23 ਸਾਲਾ ਪੰਜਾਬੀ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦਾ ਨਾਮ ਪ੍ਰਭਜੋਤ ਸਿੰਘ ਸੀ ਜੋ ਕਿ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ।

ਟਰੂਰੋ, ਨੋਵਾ ਸਕੋਟੀਆ ਪੁਲਿਸ ਦੇ ਚੀਫ਼ ਡੇਵ ਮੈਕਨੀਲ ਨੇ ਕਤਲ ਬਾਰੇ ਵੇਰਵਾ ਦਿੱਤਾ।

ਇੱਕ ਪ੍ਰੈਸ ਕਾਨਫਰੰਸ ਕਰਕੇ ਉਨ੍ਹਾਂ ਦੱਸਿਆ ਕਿ ਉਹ ਰੋਬੀ ਸਟ੍ਰੀਟ ਦੀ ਇੱਕ ਬਿਲਡਿੰਗ ਵਿੱਚ ਰਹਿੰਦਾ ਸੀ।

ਉਨ੍ਹਾਂ ਕਿਹਾ, "5 ਸਿਤੰਬਰ ਨੂੰ ਸਵੇਰੇ 2 ਵਜੇ ਇੱਕ ਫੋਨ ਆਇਆ ਸੀ, ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਉੱਥੇ ਇੱਕ ਨੌਜਵਾਨ ਗੰਭੀਰ ਸੱਟਾਂ ਨਾਲ ਪਿਆ ਸੀ। ਉਸ ਨੂੰ ਸਥਾਨਕ ਹਸਪਤਾਲ ਲੈ ਕੇ ਜਾਇਆ ਗਿਆ। ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ।"

"ਅਸੀਂ ਇਸ ਦੀ ਪੁਸ਼ਟੀ ਕਰਦੇ ਹਾਂ ਕਿ ਨੌਜਵਾਨ ਪ੍ਰਭਜੋਤ ਸਿੰਘ 23 ਸਾਲਾਂ ਦਾ ਸੀ। ਅਸੀਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸੀਂ ਕਈ ਸਰਚ ਵਾਰੰਟ ਜਾਰੀ ਕੀਤੇ ਹਨ।"

ਇਹ ਵੀ ਪੜ੍ਹੋ:

ਹਾਲਾਂਕਿ ਉਨ੍ਹਾਂ ਨੇ ਕਿਸੇ ਸ਼ੱਕੀ ਬਾਰੇ ਕੋਈ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ।

ਜਦੋਂ ਉਨ੍ਹਾਂ ਤੋਂ ਸਵਾਲ ਪੁੱਛਿਆ ਗਿਆ ਕਿ ਇਹ ਨਸਲੀ ਹਮਲਾ ਸੀ ਤਾਂ ਡੇਵ ਮੈਕਨੀਲ ਨੇ ਜਵਾਬ ਦਿੱਤਾ, "ਫਿਲਹਾਲ ਸਾਡੇ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਜਾਂਚ ਵਿੱਚ ਸਾਹਮਣੇ ਆਏਗਾ ਕਿ ਕਤਲ ਦਾ ਇਹੀ ਕਾਰਨ ਸੀ ਜਾਂ ਕੁਝ ਹੋਰ।''

''ਹਾਲੇ ਇਹ ਸਾਬਤ ਕਰਨ ਲਈ ਕੋਈ ਪੁਖ਼ਤਾ ਸਬੂਤ ਨਹੀਂ ਹਨ। ਹਾਲਾਂਕਿ ਸੋਸ਼ਲ ਮੀਡੀਆ ਉੱਤੇ ਇਸ ਬਾਰੇ ਅਫ਼ਵਾਹਾਂ ਜ਼ਰੂਰ ਹਨ। "

"ਪ੍ਰਭਜੋਤ ਸਿੰਘ ਬਹੁਤ ਹੀ ਮਿਹਨਤੀ ਨੌਜਵਾਨ ਸੀ , ਸਾਨੂੰ ਪਰਿਵਾਰ ਨਾਲ ਹਮਦਰਦੀ ਹੈ। ਇਹ ਬੇਹੱਦ ਤ੍ਰਾਸਦੀ ਵਾਲਾ ਹੈ ਕਿ ਉਸ ਦੀ ਜਾਨ ਚਲੀ ਗਈ।"

ਉਨ੍ਹਾਂ ਨੇ ਜਾਂਚ ਦਾ ਹਵਾਲਾ ਦਿੰਦਿਆਂ ਪ੍ਰਭਜੋਤ ਨੂੰ ਲੱਗੀਆਂ ਸੱਟਾਂ ਜਾਂ ਹਮਲੇ ਦੌਰਾਨ ਵਰਤੇ ਗਏ ਹਥਿਆਰ ਬਾਰੇ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਇਹ ਵੀ ਪੜ੍ਹੋ:

ਪਰਿਵਾਰ ਨੇ ਕੀ ਦੱਸਿਆ?

ਮ੍ਰਿਤਕ ਪ੍ਰਭਜੋਤ ਸਿੰਘ ਦੇ ਚਾਚਾ ਜਸਵੰਤ ਸਿੰਘ ਨੇ ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਰਿੰਦਰ ਮਾਨ ਨੂੰ ਦੱਸਿਆ ਕਿ ਦੋ-ਤਿੰਨ ਸਾਲ ਪੜ੍ਹਾਈ ਕਰਨ ਤੋਂ ਬਾਅਦ ਪ੍ਰਭਜੋਤ ਸਿੰਘ ਉੱਥੇ ਵਰਕ ਪਰਮਿਟ ਤੇ ਰਹਿ ਰਿਹਾ ਸੀ।

ਜਸਵੰਤ ਸਿੰਘ ਦੀ ਧੀ-ਜਵਾਈ ਵੀ ਉੱਥੇ ਹੀ ਰਹਿੰਦੇ ਹਨ ਅਤੇ ਤਿੰਨੇ ਜਣੇ ਇਕੱਠੇ ਹੀ ਰਹਿੰਦੇ ਸਨ। ਪਰਿਵਾਰ ਨੂੰ ਜਵਾਈ ਨੇ ਫੋਨ ਕਰਕੇ ਘਟਨਾ ਬਾਰੇ ਦੱਸਿਆ।

ਪਰਿਵਾਰ ਨਾਲ਼ ਦੁਖ ਵੰਡਾਉਣ ਆਏ ਰਣਜੀਤ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਬਹੁਤ ਹੀ ਮਿਲਾਪੜੇ ਸੁਭਾਅ ਦਾ ਮੁੰਡਾ ਸੀ।

ਪਰਿਵਾਰਕ ਮੈਂਬਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਪ੍ਰਭਜੋਤ ਸਿੰਘ ਦੇ ਘਰੋਂ ਬਾਹਰ ਨਿਕਲਦਿਆਂ ਹੀ ਇਸ ਦੇ ਕੋਈ ਕਿਰਚ ਜਾਂ ਚਾਕੂ ਮਾਰਿਆ।

ਪਰਿਵਾਰ ਅਤੇ ਪਿੰਡ ਵਾਲੇ ਹੁਣ ਇਸ ਗੱਲ ਲਈ ਚਾਰਾਜੋਈ ਕਰ ਰਹੇ ਹਨ, ਉਹ ਕਿਸੇ ਨਾ ਕਿਸੇ ਢੰਗ ਨਾਲ ਪ੍ਰਭਜੋਤ ਸਿੰਘ ਦੀ ਲਾਸ਼ ਪਿੰਡ ਬੁੱਕਣਵਾਲਾ ਲਿਆਂਦੀ ਜਾ ਸਕੇ।

ਪਰਮਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਕਿ ਪ੍ਰਭਜੋਤ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤਾਂ ਪਿੰਡ ਵਾਲਿਆਂ ਵੱਲੋਂ ਲਾਸ਼ ਮੰਗਵਾਉਣ ਲਈ ਫ਼ੰਡ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਮਾਂ ਆਪਣੇ ਪੁੱਤਰ ਨੂੰ ਦੇਖ ਸਕੇ।

ਜ਼ਿਕਰਯੋਗ ਹੈ ਕਿ ਪ੍ਰਭਜੋਤ ਸਿੰਘ ਦੇ ਪਿਤਾ ਦੀ ਮੌਤ ਭਾਰਤੀ ਫ਼ੌਜ ਦੀ ਨੌਕਰੀ ਦੌਰਾਨ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਇਸ ਵੇਲੇ ਉਸ ਦੀ ਪਰਵਰਿਸ਼ ਉਸ ਦੇ ਚਾਚਾ ਜਸਵੰਤ ਸਿੰਘ ਕਰ ਰਹੇ ਸਨ।

ਭਾਰਤੀ ਹਾਈ ਕਮਿਸ਼ਨ ਓਟਾਵਾ ਨੇ ਕੀ ਕਿਹਾ

ਭਾਰਤੀ ਹਾਈ ਕਮਿਸ਼ਨ, ਓਟਾਵਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਕੈਨੇਡਾ ਵਿੱਚ ਨੌਜਵਾਨ ਪ੍ਰੋਭਜੋਤ ਦੇ ਕਤਲ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਨੇ ਬਿਆਨ ਵਿੱਚ ਕਿਹਾ:

ਟੋਰਾਂਟੋ ਵਿੱਚ ਸਾਡੇ ਕੌਂਸਲੇਟ ਦੇ ਅਧਿਕਾਰੀ ਪਹਿਲਾਂ ਹੀ ਪੀੜਤ ਪਰਿਵਾਰ ਦੇ ਮੈਂਬਰਾਂ ਦੇ ਸੰਪਰਕ ਵਿੱਚ ਹਨ ਅਤੇ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਭੇਜਣ ਵਿੱਚ ਹਰ ਤਰ੍ਹਾਂ ਦੀ ਮਦਦ ਕਰਨਗੇ।

ਅਸੀਂ ਇਸ ਮਾਮਲੇ ਨੂੰ ਫੈਡਰਲ ਅਤੇ ਸਥਾਨਕ ਕੈਨੇਡੀਅਨ ਅਧਿਕਾਰੀਆਂ ਕੋਲ ਚੁੱਕਿਆ ਹੈ, ਜਿਨ੍ਹਾਂ ਨੇ ਸਾਨੂੰ ਇਸ ਮਾਮਲੇ ਦੀ ਜਲਦੀ ਅਤੇ ਪਾਰਦਰਸ਼ੀ ਜਾਂਚ ਦਾ ਭਰੋਸਾ ਦਿੱਤਾ ਹੈ।

ਅਸੀਂ ਕੈਨੇਡੀਅਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ, ਖ਼ਾਸ ਕਰਕੇ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਨਸਲੀ ਪ੍ਰੇਰਿਤ ਅਪਰਾਧਾਂ ਤੋਂ ਸੁਰੱਖਿਅਤ ਕਰਨ।

ਅਸੀਂ ਕੈਨੇਡਾ ਦੇ ਸਾਰੇ ਭਾਰਤੀ ਨਾਗਰਿਕਾਂ, ਖਾਸ ਕਰਕੇ ਵਿਦਿਆਰਥੀਆਂ ਨੂੰ ਵੀ ਸਲਾਹ ਦਿੰਦੇ ਹਾਂ ਕਿ ਉਹ ਸਾਵਧਾਨੀ ਵਰਤਣ, ਉਜਾੜ ਅਤੇ ਇਕੱਲੇ ਖੇਤਰਾਂ ਵਿੱਚ ਖਾਸ ਕਰਕੇ ਰਾਤ ਵੇਲੇ ਇਕੱਲੇ ਨਾ ਜਾਣ ਅਤੇ ਸਥਾਨਕ ਪੁਲਿਸ ਨੂੰ ਕਿਸੇ ਵੀ ਸ਼ੱਕੀ ਜਾਂ ਨਫ਼ਰਤ ਭਰੀਆਂ ਗਤੀਵਿਧੀਆਂ ਦਾ ਸਾਹਮਣਾ ਕਰਨ ਦੀ ਰਿਪੋਰਟ ਦੇਣ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)