ਅਫਗਾਨਿਸਤਾਨ: ਤਾਲਿਬਾਨ ਦਾ ਨਵਾਂ ਹਥਿਆਰ ਸੋਸ਼ਲ ਮੀਡੀਆ, ਕਿਵੇਂ ਹੋ ਰਹੀ ਵਰਤੋਂ ਤੇ ਕਿਹੜੀ ਧਾਰਨਾ ਬਦਲਣਾ ਚਾਹੁੰਦੇ ਹਨ

    • ਲੇਖਕ, ਸਾਰ੍ਹਾ ਆਤਿਕ
    • ਰੋਲ, ਬੀਬੀਸੀ ਨਿਊਜ਼

ਮਈ ਦੀ ਸ਼ੁਰੂਆਤ ਵਿੱਚ, ਜਦੋਂ ਅਮਰੀਕਾ ਅਤੇ ਨਾਟੋ ਫੌਜਾਂ ਨੇ ਅਫਗਾਨਿਸਤਾਨ ਤੋਂ ਆਪਣੀ ਰਵਾਨਗੀ ਸ਼ੁਰੂ ਕੀਤੀ, ਤਾਂ ਤਾਲਿਬਾਨ ਨੇ ਅਫਗਾਨ ਫ਼ੌਜ ਖ਼ਿਲਾਫ਼ ਆਪਣੀ ਫੌਜੀ ਕਾਰਵਾਈ ਤੇਜ਼ ਕਰ ਦਿੱਤੀ।

ਪਰ ਉਨ੍ਹਾਂ ਨੇ ਕੁਝ ਅਜਿਹਾ ਵੀ ਕੀਤਾ ਜੋ ਕਿ ਇਸ ਦੇਸ਼ ਵਿੱਚ ਉਨ੍ਹਾਂ ਦੇ ਵਿਵਾਦਪੂਰਨ ਇਤਿਹਾਸ ਨਾਲੋਂ ਕੁਝ ਵੱਖਰਾ ਸੀ - ਉਨ੍ਹਾਂ ਨੇ ਇੱਕ ਵਿਆਪਕ ਸੋਸ਼ਲ ਮੀਡੀਆ ਮੁਹਿੰਮ ਚਲਾਈ।

ਸੋਸ਼ਲ ਮੀਡੀਆ ਖਾਤਿਆਂ ਦਾ ਇਹ ਨੈੱਟਵਰਕ ਤਾਲਿਬਾਨ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਾਬੁਲ ਸਰਕਾਰ ਦੀਆਂ ਕਥਿਤ ਅਸਫਲਤਾਵਾਂ ਨੂੰ ਪੇਸ਼ ਕਰਦਾ ਹੈ।

ਸਮੂਹ ਦੀਆਂ ਹਾਲੀਆ ਜਿੱਤਾਂ ਬਾਰੇ ਦਾਅਵਾ ਕਰਦੇ ਟਵੀਟ - ਕਈ ਵਾਰ ਸਮੇਂ ਤੋਂ ਪਹਿਲਾਂ - ਅਤੇ ਕਈ ਹੈਸ਼ਟੈਗਾਂ ਨਾਲ, ਜਿਨ੍ਹਾਂ ਵਿੱਚ #kabulregimecrimes (ਅਫਗਾਨ ਸਰਕਾਰ 'ਤੇ ਯੁੱਧ ਅਪਰਾਧਾਂ ਦਾ ਦੋਸ਼ ਲਗਾਉਂਦੇ ਟਵੀਟਾਂ ਨਾਲ ਜੋੜਿਆ ਗਿਆ); #westandwithTaliban (ਜ਼ਮੀਨੀ ਪੱਧਰ 'ਤੇ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼) ਅਤੇ #ﻧَﺼْﺮٌ_ﻣٌِﻦَ_اللهِ_ﻭَﻓَﺘْﺢٌ_ﻗَﺮِﻳﺐٌ (ਰੱਬ ਦੀ ਸਹਾਇਤਾ ਅਤੇ ਜਿੱਤ ਨੇੜੇ ਹੈ)।

ਇਨ੍ਹਾਂ ਵਿੱਚੋਂ ਪਹਿਲਾ ਹੈਸ਼ਟੈਗ ਘੱਟੋ-ਘੱਟ ਅਫਗਾਨਿਸਤਾਨ ਵਿੱਚ ਤਾਂ ਚਰਚਾ ਵਿੱਚ ਰਿਹਾ।

ਇਹ ਵੀ ਪੜ੍ਹੋ:

ਇਸ ਦੇ ਜਵਾਬ ਵਿੱਚ, ਅਫਗਾਨਿਸਤਾਨ ਦੇ ਤਤਕਾਲੀ ਉਪ-ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਆਪਣੀਆਂ ਫੌਜਾਂ ਅਤੇ ਜਨਤਾ ਨੂੰ ਆਗਾਹ ਕੀਤਾ ਕਿ ਉਹ ਸੋਸ਼ਲ ਮੀਡੀਆ 'ਤੇ ਤਾਲਿਬਾਨ ਦੀ ਜਿੱਤ ਦੇ ਝੂਠੇ ਦਾਅਵਿਆਂ 'ਤੇ ਯਕੀਨ ਨਾ ਕਰਨ ਅਤੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਫੌਜੀ ਕਾਰਵਾਈਆਂ ਦੇ ਵੇਰਵੇ ਸਾਂਝੇ ਕਰਨ ਤੋਂ ਬਚਣ ਦੀ ਅਪੀਲ ਕੀਤੀ।

ਇਸ ਤੋਂ ਇਹ ਸਮਝ ਆਉਂਦਾ ਹੈ ਕਿ ਆਧੁਨਿਕ ਸੂਚਨਾ ਤਕਨਾਲੋਜੀ ਅਤੇ ਮੀਡੀਆ ਨਾਲ ਜੁੜਨ ਤੋਂ ਬਾਅਦ ਹੁਣ ਤਾਲਿਬਾਨ ਨੇ ਆਪਣੀ ਸਖਤ ਵਿਰੋਧੀ ਵਾਲਾ ਅਕਸ ਬਦਲਿਆ ਹੈ ਅਤੇ ਸੋਸ਼ਲ ਮੀਡੀਆ ਨੂੰ ਇੱਕ ਔਜਾਰ ਵਜੋਂ ਅਪਣਾ ਲਿਆ ਹੈ।

ਜਦੋਂ 1996 ਵਿੱਚ ਤਾਲਿਬਾਨ ਪਹਿਲੀ ਵਾਰ ਅਫਗਾਨਿਸਤਾਨ 'ਤੇ ਕਾਬਜ ਹੋਏ ਸਨ, ਤਾਂ ਉਨ੍ਹਾਂ ਨੇ ਇੰਟਰਨੈੱਟ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਟੈਲੀਵਿਜ਼ਨ ਸੈੱਟ, ਕੈਮਰੇ ਤੇ ਵੀਡੀਓ ਟੇਪਾਂ ਨੂੰ ਜ਼ਬਤ ਜਾਂ ਨਸ਼ਟ ਕਰ ਦਿੱਤਾ ਸੀ।

ਸਾਲ 2005 ਵਿੱਚ, ਤਾਲਿਬਾਨ ਦੇ ਇਸਲਾਮਿਕ ਅਮੀਰਾਤ ਦੀ ਅਧਿਕਾਰਤ ਵੈੱਬਸਾਈਟ, 'ਅਲ-ਅਮਰਾਹ' ਲਾਂਚ ਕੀਤੀ ਗਈ ਸੀ। ਵੈਬਸਾਈਟ ਉੱਤੇ ਹੁਣ ਪੰਜ ਭਾਸ਼ਾਵਾਂ - ਅੰਗਰੇਜ਼ੀ, ਅਰਬੀ, ਪਸ਼ਤੋ, ਦਾਰੀ ਅਤੇ ਉਰਦੂ ਵਿੱਚ ਸਮੱਗਰੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ।

ਸੋਸ਼ਲ ਮੀਡੀਆ ਲਈ ਟੀਮਾਂ ਕਿਵੇਂ ਕੰਮ ਕਰਦੀਆਂ ਹਨ?

ਆਡੀਓ, ਵੀਡੀਓ ਅਤੇ ਲਿਖਤੀ ਸਮੱਗਰੀ ਦੀ ਨਿਗਰਾਨੀ ਇਸਲਾਮਿਕ ਅਮੀਰਾਤ ਅਫਗਾਨਿਸਤਾਨ (IEA) ਦੇ ਸੱਭਿਆਚਾਰਕ ਕਮਿਸ਼ਨ ਦੁਆਰਾ ਕੀਤੀ ਜਾਂਦੀ ਹੈ, ਜਿਸਦੀ ਅਗਵਾਈ ਉਨ੍ਹਾਂ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਕਰਦੇ ਹਨ।

ਜ਼ਬੀਉੱਲਾਹ ਮੁਜਾਹਿਦ ਦੇ ਪਹਿਲੇ ਟਵਿੱਟਰ ਅਕਾਊਂਟ ਨੂੰ ਕੰਪਨੀ ਵੱਲੋਂ ਬੰਦ ਕਰ ਦਿੱਤਾ ਗਿਆ ਸੀ, ਪਰ ਉਨ੍ਹਾਂ ਦਾ ਨਵਾਂ ਅਕਾਊਂਟ - 2017 ਤੋਂ ਚੱਲ ਰਿਹਾ ਹੈ।

ਉੱਥੇ ਉਨ੍ਹਾਂ ਦੇ 3 ਲੱਖ 71 ਹਜ਼ਾਰ ਤੋਂ ਵੱਧ ਫੌਲੋਅਰਜ਼ ਹਨ। ਉਨ੍ਹਾਂ ਦੀ ਨਿਗਰਾਨੀ ਹੇਠ ਇੱਕ ਪੂਰੀ ਸਮਰਪਿਤ ਟੀਮ ਹੈ ਜੋ ਕਿ ਤਾਲਿਬਾਨ ਦੀ ਵਿਚਾਰਧਾਰਾ ਦਾ ਆਨਲਾਈਨ ਪ੍ਰਚਾਰ ਕਰਦੀ ਹੈ।

ਦੱਸਿਆ ਗਿਆ ਹੈ ਕਿ ਉਸ ਸਮੂਹ ਦੇ ਮੁਖੀ - ਖਾਸ ਤੌਰ 'ਤੇ IEA ਦੇ ਸੋਸ਼ਲ ਮੀਡੀਆ ਡਾਇਰੈਕਟਰ - ਕਾਰੀ ਸਈਦ ਖੋਸਤੀ ਹਨ।

ਕਾਰੀ ਸਈਦ ਖੋਸਤੀ ਨੇ ਬੀਬੀਸੀ ਨੂੰ ਦੱਸਿਆ ਕਿ ਟਵਿੱਟਰ 'ਤੇ ਧਿਆਨ ਰੱਖਣ ਲਈ ਵੱਖਰੀਆਂ ਟੀਮਾਂ ਸਨ।

ਇਹ ਟੀਮਾਂ ਤਾਲਿਬਾਨ ਦੇ ਹੈਸ਼ਟੈਗਾਂ ਨੂੰ ਟ੍ਰੈਂਡ ਕਰਵਾਉਣ ਦੀ ਕੋਸ਼ਿਸ਼ ਕਰਦੀਆਂ- ਅਤੇ ਨਾਲ ਹੀ ਵੱਟਸਐਪ ਅਤੇ ਫੇਸਬੁੱਕ 'ਤੇ ਸੰਦੇਸ਼ਾਂ ਨੂੰ ਫੈਲਾਉਣ ਦਾ ਕੰਮ ਕਰਦੇ ਸਨ।

ਫੇਸਬੁੱਕ ਉੱਪਰ ਪਾਬੰਦੀ, ਟਵਿੱਟਰ ’ਤੇ ਧਿਆਨ

ਉਨ੍ਹਾਂ ਕਿਹਾ, "ਸਾਡੇ ਦੁਸ਼ਮਣਾਂ ਦੇ ਟੈਲੀਵਿਜ਼ਨ, ਰੇਡੀਓ, ਸੋਸ਼ਲ ਮੀਡੀਆ ਉੱਤੇ ਵੈਰੀਫਾਈਡ ਅਕਾਊਂਟ ਹਨ ਅਤੇ ਸਾਡੇ ਕੋਲ ਕੁਝ ਨਹੀਂ, ਫਿਰ ਵੀ ਅਸੀਂ ਉਨ੍ਹਾਂ ਨਾਲ ਟਵਿੱਟਰ ਅਤੇ ਫੇਸਬੁੱਕ 'ਤੇ ਲੜੇ ਅਤੇ ਉਨ੍ਹਾਂ ਨੂੰ ਹਰਾਇਆ।"

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਅਜਿਹੇ ਲੋਕਾਂ ਨੂੰ ਲੈਣਾ ਸੀ ਜੋ ਤਾਲਿਬਾਨ ਦੀ ਵਿਚਾਰਧਾਰਾ ਕਾਰਨ ਸ਼ਾਮਲ ਹੋਏ ਸਨ ਅਤੇ "ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਿਆਉਣਾ ਸੀ ਤਾਂ ਜੋ ਉਹ ਸਾਡੇ ਸੰਦੇਸ਼ ਨੂੰ ਫੈਲਾ ਸਕਣ।"

ਅਫਗਾਨਿਸਤਾਨ ਵਿੱਚ ਸਿਰਫ 8.6 ਮਿਲੀਅਨ ਇੰਟਰਨੈੱਟ ਉਪਭੋਗਤਾ ਹਨ, ਨਾਲ ਹੀ ਨੈੱਟਵਰਕ ਕਵਰੇਜ ਅਤੇ ਕਿਫਾਇਤੀ ਡੇਟਾ ਦੀ ਅਣਹੋਂਦ ਇੱਕ ਹੋਰ ਵੱਡੀ ਚੁਣੌਤੀ ਹੈ।

ਖੋਸਤੀ ਨੇ ਦੱਸਿਆ ਕਿ IEA (ਆਨਲਾਈਨ ਲੜਾਈ ਲੜ ਰਹੇ) ਸੋਸ਼ਲ ਮੀਡੀਆ ਟੀਮ ਦੇ ਮੈਂਬਰਾਂ ਲਈ ਡੇਟਾ ਪੈਕੇਜਾਂ ਲਈ ਪ੍ਰਤੀ ਮਹੀਨਾ 1,000 ਅਫਗਾਨੀ ਕਰੰਸੀ (£8.33; $11.51) ਅਦਾ ਕਰਦੀ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ IEA) ਕੋਲ "ਪੂਰੀ ਤਰ੍ਹਾਂ ਉਪਕਰਣਾਂ ਨਾਲ ਲੈਸ ਚਾਰ ਮਲਟੀਮੀਡੀਆ ਸਟੂਡੀਓ ਹਨ ਜੋ ਕਿ ਆਡੀਓ, ਵੀਡੀਓ ਸਮੱਗਰੀ ਅਤੇ ਡਿਜੀਟਲ ਬ੍ਰਾਂਡਿੰਗ ਲਈ ਵਰਤੇ ਜਾਂਦੇ ਹਨ"।

ਨਤੀਜੇ ਵਜੋਂ ਉੱਚ ਗੁਣਵੱਤਾ ਵਾਲੇ ਪ੍ਰਾਪੇਗੈਂਡਾ ਵੀਡੀਓ ਤਾਲਿਬਾਨ ਲੜਾਕਿਆਂ ਅਤੇ ਉਨ੍ਹਾਂ ਦੀ ਵਿਦੇਸ਼ੀ ਅਤੇ ਰਾਸ਼ਟਰੀ ਤਾਕਤਾਂ ਦੇ ਵਿਰੁੱਧ ਲੜਾਈਆਂ ਦੀ ਵਡਿਆਈ ਕਰਦੇ ਹਨ।

ਇਹ ਵੀਡੀਓ ਉਨ੍ਹਾਂ ਦੇ ਯੂਟਿਊਬ ਅਤੇ ਅਲ-ਅਮਰਾਹ ਵੈਬਸਾਈਟਾਂ 'ਤੇ ਵਿਆਪਕ ਰੂਪ ਵਿੱਚ ਉਪਲਬਧ ਹਨ।

ਇਹ ਸਮੂਹ ਟਵਿੱਟਰ ਅਤੇ ਯੂਟਿਊਬ 'ਤੇ ਖੁੱਲ੍ਹ ਕੇ ਸਮੱਗਰੀ ਪ੍ਰਕਾਸ਼ਿਤ ਕਰਦਾ ਹੈ, ਪਰ ਫੇਸਬੁੱਕ ਨੇ ਤਾਲਿਬਾਨ ਨੂੰ ਇੱਕ "ਖਤਰਨਾਕ ਸੰਗਠਨ" ਦੇ ਰੂਪ ਵਿੱਚ ਨਾਮਜ਼ਦ ਕੀਤਾ ਹੈ ਅਤੇ ਉਹ ਉਨ੍ਹਾਂ ਨਾਲ ਜੁੜੇ ਖਾਤਿਆਂ ਅਤੇ ਪੇਜਾਂ ਨੂੰ ਅਕਸਰ ਹਟਾਉਂਦੇ ਰਹਿੰਦੇ ਹਨ।

ਫੇਸਬੁੱਕ ਨੇ ਕਿਹਾ ਹੈ ਕਿ ਉਹ ਆਪਣੇ ਪਲੇਟਫਾਰਮਾਂ ਤੋਂ ਤਾਲਿਬਾਨ ਦੀ ਸਮੱਗਰੀ 'ਤੇ ਪਾਬੰਦੀ ਜਾਰੀ ਰੱਖਣਗੇ।

ਖੋਸਤੀ ਨੇ ਬੀਬੀਸੀ ਨੂੰ ਦੱਸਿਆ ਕਿ ਤਾਲਿਬਾਨ ਨੂੰ ਫੇਸਬੁੱਕ 'ਤੇ ਆਪਣੀ ਮੌਜੂਦਗੀ ਕਾਇਮ ਰੱਖਣਾ ਮੁਸ਼ਕਿਲ ਹੋ ਰਿਹਾ ਸੀ, ਅਤੇ ਉਹ ਟਵਿੱਟਰ 'ਤੇ ਧਿਆਨ ਕੇਂਦਰਤ ਕਰ ਰਹੇ ਸਨ।

ਹਾਲਾਂਕਿ ਅਮਰੀਕੀ ਵਿਦੇਸ਼ ਵਿਭਾਗ ਨੇ ਹੱਕਾਨੀ ਨੈਟਵਰਕ ਨੂੰ ਇੱਕ ਅੰਤਰਰਾਸ਼ਟਰੀ ਅੱਤਵਾਦੀ ਸਮੂਹ ਦੇ ਰੂਪ ਵਿੱਚ ਐਲਾਨਿਆ ਹੈ, ਪਰ ਉਨ੍ਹਾਂ ਦੇ ਨੇਤਾ ਅਨਸ ਹੱਕਾਨੀ ਸਮੇਤ ਸਮੂਹ ਦੇ ਬਹੁਤ ਸਾਰੇ ਮੈਂਬਰਾਂ ਦੇ ਟਵਿੱਟਰ ਖਾਤੇ ਹਨ ਜਿਨ੍ਹਾਂ ਦੇ ਹਜ਼ਾਰਾਂ ਫੌਲੋਅਰਜ਼ ਹਨ।

ਨਾਮ ਨਾ ਛਾਪਣ ਦੀ ਸ਼ਰਤ 'ਤੇ ਤਾਲਿਬਾਨ ਦੀ ਸੋਸ਼ਲ ਮੀਡੀਆ ਟੀਮ ਦੇ ਇੱਕ ਮੈਂਬਰ ਨੇ ਬੀਬੀਸੀ ਨੂੰ ਦੱਸਿਆ ਕਿ ਟੀਮ ਨੇ ਫਰਵਰੀ 2020 ਵਿੱਚ ਤਾਲਿਬਾਨ ਦੇ ਉਪ ਨੇਤਾ ਸਿਰਾਜੁਦੀਨ ਹੱਕਾਨੀ ਵੱਲੋਂ ਨਿਊਯਾਰਕ ਟਾਈਮਜ਼ ਵਿੱਚ ਲਿਖੇ ਇੱਕ ਰਾਇ ਲੇਖ (ਓਪੀਨਿਅਨ ਲੇਖ) ਨੂੰ ਹੋਰ ਪ੍ਰਸਾਰਿਤ ਕਰਨ ਲਈ ਟਵਿੱਟਰ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ।

ਟਵਿੱਟਰ 'ਤੇ ਐਕਟਿਵ ਜ਼ਿਆਦਾਤਰ ਤਾਲਿਬਾਨ ਅਕਾਊਂਟਸ ਉਸ ਤੋਂ ਬਾਅਦ ਹੀ ਬਣਾਏ ਗਏ ਸਨ।

ਉਨ੍ਹਾਂ ਨੇ ਕਿਹਾ, "ਬਹੁਤੇ ਅਫਗਾਨ ਅੰਗਰੇਜ਼ੀ ਨਹੀਂ ਸਮਝਦੇ, ਪਰ ਕਾਬੁਲ ਸ਼ਾਸਨ ਦੇ ਨੇਤਾਵਾਂ ਨੇ ਟਵਿੱਟਰ ਉੱਤੇ ਅੰਗਰੇਜ਼ੀ ਵਿੱਚ ਸਰਗਰਮੀ ਨਾਲ ਸੰਚਾਰ ਕੀਤਾ - ਕਿਉਂਕਿ ਉਨ੍ਹਾਂ ਨੂੰ ਸੁਣਨ ਵਾਲੇ ਅਫਗਾਨ ਨਹੀਂ ਬਲਕਿ ਅੰਤਰਰਾਸ਼ਟਰੀ ਭਾਈਚਾਰੇ ਹਨ।"

"ਤਾਲਿਬਾਨ ਆਪਣੇ ਖਿਲਾਫ ਹੋਣ ਵਾਲੇ ਪ੍ਰਚਾਰ ਦਾ ਮੁਕਾਬਲਾ ਕਰਨਾ ਚਾਹੁੰਦਾ ਸੀ ਅਤੇ ਇਸੇ ਲਈ ਅਸੀਂ ਵੀ ਆਪਣੇ ਆਪ ਨੂੰ ਟਵਿੱਟਰ 'ਤੇ ਕੇਂਦਰਤ ਕੀਤਾ।"

ਉਨ੍ਹਾਂ ਦੱਸਿਆ ਕਿ ਟੀਮ ਦੇ ਮੈਂਬਰਾਂ, ਜਿਨ੍ਹਾਂ ਵਿੱਚੋਂ ਕੁਝ ਦੇ ਹਜ਼ਾਰਾਂ ਫੌਲੋਅਰਜ਼ ਹਨ, ਨੂੰ ਖਾਸ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ "ਗੁਆਂਢੀ ਦੇਸ਼ਾਂ ਦੀਆਂ ਵਿਦੇਸ਼ ਨੀਤੀਆਂ ਦੇ ਮੁੱਦਿਆਂ 'ਤੇ ਟਿੱਪਣੀ ਨਾ ਕਰਨ ਕਿਉਂਕਿ ਉਸ ਨਾਲ ਸਾਡੇ ਉਨ੍ਹਾਂ ਨਾਲ ਸਬੰਧਾਂ 'ਤੇ ਪ੍ਰਭਾਵ ਪਏਗਾ"।

ਅਤੀਤ ਵਿੱਚ, ਤਾਲਿਬਾਨ ਆਪਣੇ ਨੇਤਾਵਾਂ ਅਤੇ ਲੜਾਕਿਆਂ ਦੀ ਪਛਾਣ ਨੂੰ ਗੁਪਤ ਰੱਖਣ ਲਈ ਜਾਣੇ ਜਾਂਦੇ ਸਨ, ਇੰਨਾ ਜ਼ਿਆਦਾ ਕਿ ਸਮੂਹ ਦੇ ਸੰਸਥਾਪਕ, ਮੁੱਲਾ ਉਮਰ ਦੀ ਸ਼ਾਇਦ ਹੀ ਕੋਈ ਸਾਫ ਤਸਵੀਰ ਹੋਵੇ।

ਅੱਜ, ਕੌਮਾਂਤਰੀ ਪ੍ਰਮਾਣਿਕਤਾ ਹਾਸਲ ਕਰਨ ਦੀ ਕੋਸ਼ਿਸ਼ ਵਿੱਚ, ਉਨ੍ਹਾਂ ਦੇ ਨੇਤਾ ਨਾ ਸਿਰਫ ਮੀਡੀਆ ਵਿੱਚ ਦਿਖਾਈ ਦੇ ਰਹੇ ਹਨ ਬਲਕਿ ਸੋਸ਼ਲ ਮੀਡੀਆ 'ਤੇ ਵੀ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ।

ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਜਿਵੇਂ ਹੀ ਸਮੂਹ ਦੇ ਗੁਪਤ ਰਹਿਣ ਵਾਲੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਪ੍ਰੈਸ ਮਿਲਣੀ ਕੀਤੀ, ਤਾਂ ਬਹੁਤ ਸਾਰੇ ਤਾਲਿਬਾਨ ਟਵਿੱਟਰ ਖਾਤਿਆਂ ਦੀਆਂ ਪ੍ਰੋਫਾਈਲ ਤਸਵੀਰਾਂ ਨੂੰ ਬਦਲ ਕੇ ਉਨ੍ਹਾਂ ਦੀਆਂ ਤਸਵੀਰਾਂ ਲਗਾ ਦਿੱਤੀਆਂ ਗਈਆਂ।

ਇਸ ਦੇ ਉਲਟ, ਬਹੁਤ ਸਾਰੇ ਅਫਗਾਨ ਨਾਗਰਿਕ ਜੋ ਕੌਮਾਂਤਰੀ ਤਾਕਤਾਂ, ਸੰਗਠਨਾਂ, ਮੀਡੀਆ ਅਤੇ ਹੋਰਾਂ ਲਈ ਕੰਮ ਕਰਦੇ ਸਨ ਅਤੇ ਜੋ ਸੋਸ਼ਲ ਮੀਡੀਆ 'ਤੇ ਤਾਲਿਬਾਨ ਦੀ ਆਲੋਚਨਾ ਕਰਦੇ ਸਨ, ਹੁਣ ਉਹ ਆਪਣੇ ਖਾਤਿਆਂ ਨੂੰ ਬੰਦ ਕਰ ਰਹੇ ਹਨ।

ਉਨ੍ਹਾਂ ਨੂੰ ਡਰ ਹੈ ਕਿ ਇੱਥੇ ਮੌਜੂਦ ਜਾਣਕਾਰੀ ਕਾਰਨ ਉਹ ਤਾਲਿਬਾਨ ਦੇ ਨਿਸ਼ਾਨੇ 'ਤੇ ਆ ਸਕਦੇ ਹਨ।

ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਵਾਚ ਦਾ ਕਹਿਣਾ ਹੈ ਕਿ ਤਾਲਿਬਾਨ ਲੜਾਕਿਆਂ ਵੱਲੋਂ ਬਦਲਾਖੋਰੀ ਲਈ ਲੋਕਾਂ ਦੀ ਭਾਲ ਕਰਨ ਅਤੇ ਕਥਿਤ ਕਤਲਾਂ ਦੀਆਂ ਰਿਪੋਰਟਾਂ ਉਨ੍ਹਾਂ ਨੂੰ ਪਹਿਲਾਂ ਹੀ ਮਿਲ ਚੁੱਕੀਆਂ ਹਨ।

ਫੇਸਬੁੱਕ ਨੇ ਅਫਗਾਨਿਸਤਾਨ ਦੇ ਲੋਕਾਂ ਲਈ 'ਇੱਕਹਿਰੀ-ਕਲਿਕ ਟੂਲ' ਲਾਂਚ ਕੀਤਾ ਹੈ ਜਿਸ ਨਾਲ ਉਨ੍ਹਾਂ ਦੇ ਅਕਾਊਂਟ ਨੂੰ ਤੇਜ਼ੀ ਨਾਲ ਲੌਕ ਕੀਤਾ ਜਾ ਸਕਦਾ ਹੈ।

ਅਤੇ ਜਿਸਦੇ ਨਾਲ ਪਹਿਲਾਂ ਤੋਂ ਹੀ ਉਨ੍ਹਾਂ ਦੀ ਫਰੈਂਡ ਲਿਸਟ ਵਿੱਚ ਸ਼ਾਮਿਲ ਲੋਕਾਂ ਦੇ ਇਲਾਵਾ ਹੋਰ ਕਿਸੇ ਨੂੰ ਵੀ ਉਨ੍ਹਾਂ ਸਬੰਧੀ ਜਾਣਕਾਰੀ ਦੇਖਣ ਤੋਂ ਰੋਕਿਆ ਜਾ ਸਕਦਾ ਹੈ।

ਸਾਈਟ ਨੇ ਇਹ ਐਲਾਨ ਵੀ ਕੀਤਾ ਹੈ ਕਿ ਉਨ੍ਹਾਂ ਨੇ ਅਫਗਾਨਿਸਤਾਨ ਵਿੱਚ ਅਕਾਊਂਟਸ 'ਚ "ਦੋਸਤ/ਫ੍ਰੈਂਡਸ" ਸੂਚੀ ਨੂੰ ਵੇਖਣ ਅਤੇ ਖੋਜਣ ਦੀ ਯੋਗਤਾ/ਆਪਸ਼ਨ ਨੂੰ ਅਸਥਾਈ ਤੌਰ 'ਤੇ ਹਟਾ ਦਿੱਤਾ ਹੈ।

ਸਵਾਲ ਇਹ ਹੈ ਕਿ ਕੀ ਤਾਲਿਬਾਨ ਨੇ ਸਮੂਹ ਨਾਲ ਜੁੜੀ ਬੇਰਹਿਮੀ ਨੂੰ ਬਦਲ ਅਤੇ ਛੱਡ ਦਿੱਤਾ ਹੈ।

ਅਫਗਾਨਿਸਤਾਨ ਅਤੇ ਦੁਨੀਆ ਭਰ ਦੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਬਦਲਾਅ ਵਾਲੇ ਵਾਅਦਿਆਂ 'ਤੇ ਵਿਸ਼ਵਾਸ ਨਹੀਂ ਕਰਦੇ।

ਪਰ ਹੁਣ ਉਨ੍ਹਾਂ ਨੇ ਇਹ ਜ਼ਰੂਰ ਸਮਝ ਲਿਆ ਹੈ ਕਿ ਉਹ ਤਕਨੀਕ ਜਿਸ 'ਤੇ ਉਨ੍ਹਾਂ ਨੇ ਇੱਕ ਵਾਰ ਰੋਕ ਲਗਾ ਦਿੱਤੀ ਸੀ, ਉਹੀ ਹੁਣ ਵਿਸ਼ਵੀ ਮੰਚ 'ਤੇ ਉਨ੍ਹਾਂ ਬਾਰੇ ਰਾਇ ਬਣਾਉਣ ਵਿੱਚ ਸਹਾਇਤਾ ਕਰ ਸਕਦੀ ਹੈ।

ਸੋਸ਼ਲ ਮੀਡੀਆ ਟੀਮ ਦੇ ਮੈਂਬਰ ਨੇ ਕਿਹਾ, "ਸੋਸ਼ਲ ਮੀਡੀਆ ਜਨਤਕ ਧਾਰਨਾ ਨੂੰ ਬਦਲਣ ਦਾ ਸ਼ਕਤੀਸ਼ਾਲੀ ਸਾਧਨ ਹੈ। ਅਸੀਂ ਤਾਲਿਬਾਨ ਦੀ ਧਾਰਨਾ ਨੂੰ ਬਦਲਣਾ ਚਾਹੁੰਦੇ ਹਾਂ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)