ਕਿਸਾਨ ਅੰਦੋਲਨ˸ ਦੂਜੇ ਦਿਨ ਵੀ ਕਿਸਾਨਾਂ ਤੇ ਸਰਕਾਰ ਦੀ ਗੱਲਬਾਤ ਸਿਰੇ ਕਿਉਂ ਨਹੀਂ ਚੜ੍ਹੀ

ਹਰਿਆਣਾ ਦੇ ਕਰਨਾਲ ਜ਼ਿਲ੍ਹਾ ਸਕੱਤਰੇਤ ਦੇ ਬਾਹਰ ਮੰਗਲਵਾਰ ਤੋਂ ਕਿਸਾਨ ਪੱਕੇ ਧਰਨੇ 'ਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਦੇ ਮੰਗਾਂ ਮੰਨੇ ਜਾਣ ਤੱਕ ਧਰਨੇ ਨੂੰ ਹੋਰ ਪੱਕਾ ਤੇ ਵਿਸ਼ਾਲ ਕਰਨ ਦਾ ਐਲਾਨ ਕੀਤਾ ਹੈ।

ਕਰਨਾਲ ਤੋਂ ਬੀਬੀਸੀ ਸਹਿਯੋਗੀ ਕਮਲ ਸੈਣੀ ਮੁਤਾਬਕ ਕਿਸਾਨਾਂ ਅਤੇ ਸਰਕਾਰ ਵਿਚਾਲੇ ਦੂਜੇ ਦਿਨ ਵੀ ਗੱਲਬਾਤ ਬੇਸਿੱਟਾ ਰਹੀ।

ਕਿਸਾਨਾਂ ਦੀ 11 ਮੈਂਬਰੀ ਕਮੇਟੀ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਵਿਚਾਲੇ ਬੁੱਧਵਾਰ ਨੂੰ ਕਰੀਬ ਤਿੰਨ ਘੰਟੇ ਗੱਲਬਾਤ ਹੋਈ, ਜਿਸ ਵਿਚ ਮਸਲੇ ਦਾ ਹੱਲ ਨਹੀਂ ਨਿਕਲਿਆ।

ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਆਮ ਲੋਕ ਆਪਣੇ ਰੋਜ਼ਮਰਾ ਦੇ ਕੰਮਾਂਕਾਰਾਂ ਲਈ ਸਕੱਤਰੇਤ ਆ ਸਕਦੇ ਹਨ ਅਤੇ ਧਰਨੇ ਦੀ ਥਾਂ ਤਬਦੀਲ ਨਹੀਂ ਕੀਤੀ ਜਾਵੇਗੀ।

ਦਰਅਸਲ, ਇਹ ਕਿਸਾਨ 28 ਅਗਸਤ ਨੂੰ ਕਰਨਾਲ ਵਿੱਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਕਰਨਾਲ ਦੀ ਦਾਣਾ ਮੰਡੀ ਵਿੱਚ ਮਹਾਪੰਚਾਇਤ ਲਈ ਇਕੱਠੇ ਹੋਏ ਸਨ।

ਜਥੇਬੰਦੀਆਂ ਦੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਕਿਸਾਨਾਂ ਖਿਲਾਫ਼ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਧਿਕਾਰੀ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ।

ਕਿਸਾਨਾਂ ਇਹ ਵੀ ਕਿਹਾ ਕਿ ਜੇਕਰ ਮਾਮਲਾ ਦਰਜ ਨਹੀਂ ਹੁੰਦਾ ਤਾਂ ਘੱਟੋ-ਘੱਟ ਉਸ ਨੂੰ ਸਸਪੈਂਡ ਹੀ ਕਰ ਦਿੱਤਾ ਜਾਵੇ।

ਹਾਲਾਂਕਿ, ਇਸ ਨੂੰ ਲੈ ਕੇ ਪ੍ਰਸ਼ਾਸਨ ਨਾਲ ਕਿਸਾਨਾਂ ਦੀ 11 ਮੈਂਬਰੀ ਕਮੇਟੀ ਦੀ ਦੋ ਵਾਰ ਗੱਲਬਾਤ ਵੀ ਹੋਈ ਪਰ ਕੋਈ ਸਿੱਟਾ ਨਾਲ ਨਿਕਲ ਸਕਿਆ।

ਇਹ ਵੀ ਪੜ੍ਹੋ-

ਦੂਜੀ ਵਾਰ ਗੱਲਬਾਤ ਫੇਲ੍ਹ ਹੋਣ ਤੋਂ ਬਾਅਦ ਕਿਸਾਨਾਂ ਨੇ ਕੀ ਕਿਹਾ

ਗੱਲਬਾਤ ਤੋਂ ਬਾਅਦ ਕਿਸਾਨ ਆਗੂ ਯੋਗਿੰਦਰ ਯਾਦਵ, ਗੁਰਨਾਮ ਸਿੰਘ ਚਢੂਨੀ ਅਤੇ ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ।

ਯੋਗਿੰਦਰ ਯਾਦਵ ਨੇ ਕਿਹਾ, ਉਨ੍ਹਾਂ ਨੂੰ ਅਫ਼ਸੋਸ ਹੈ ਕਿ ਕਰਨਾਲ "ਪ੍ਰਸ਼ਾਸਨ ਰਾਹੀਂ ਹਰਿਆਣਾ ਸਰਕਾਰ ਨਾਲ਼ ਦੂਜੇ ਦਿਨ ਦੀ ਗੱਲਬਾਤ ਵੀ, ਸਰਕਾਰ ਦੇ ਅੜੀਅਲ ਰਵਈਏ ਕਾਰਨ ਅਸਫ਼ਲ ਰਹੀ ਹੈ"।

ਕਿਸਾਨਾਂ ਨੇ ਆਈਏਐੱਸ ਅਫ਼ਸਰ ਆਯੂਸ਼ ਸਿਨ੍ਹਾ ਉੱਪਰ 302 ਅਤੇ 304 ਦੇ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ਪਰ 'ਸਰਕਾਰ, ਇਸ ਦੇ ਸਬੂਤ ਮਿਲਣ ਦੇ ਬਾਵਜੂਦ ਤਿਆਰ ਨਹੀਂ ਹੈ'।

ਕਿਸਾਨਾਂ ਦੀ ਦੂਜੀ ਮੰਗ ਸੀ ਕਿ ਅਜਿਹਾ ਗੈਰ-ਕਾਨੂੰਨੀ ਹੁਕਮ ਦੇਣ ਵਾਲੇ ਅਫ਼ਸਰ ਨੂੰ ਸੇਵਾ ਤੋਂ ਬਰਖ਼ਾਸਤ ਕੀਤਾ ਜਾਵੇ। ਸਰਕਾਰ ਇਸ ਲਈ ਤਿਆਰ ਨਹੀਂ ਹੈ।

ਇਸ ਦਾ ਮਤਲਬ ਹੈ ਕਿ ਇਸ ਤੋਂ ਸਾਫ਼ ਹੈ ਕਿ 'ਅਫ਼ਸਰ ਆਪਣੀ ਅਕਲ ਨਾਲ ਨਹੀਂ ਸਗੋਂ ਸੀਐੱਮ ਦੇ ਦਿਮਾਗ਼ ਨਾਲ ਕੰਮ ਕਰ ਰਿਹਾ ਸੀ'। ਹਾਲਾਂਕਿ ਅਜਿਹਾ ਕੰਮ ਹਰਿਆਣਾ ਵਿੱਚ ਹਰ ਰੋਜ਼ ਹੁੰਦਾ ਹੈ।

ਇਸ ਮੌਕੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅੱਜ ਤਿੰਨ ਘੰਟੇ ਬੈਠਕ ਹੋਈ ਅਤੇ ਦੋ ਘੰਟੇ ਕੱਲ੍ਹ ਬੈਠਕ ਹੋਈ ਪਰ ਅਧਿਕਾਰੀ ਪੂਰੀ ਤਰ੍ਹਾਂ ਉਸ ਅਫ਼ਸਰ ਦਾ ਬਚਾਅ ਕਰਦੇ ਰਹੇ ਅਤੇ ਉਸ ਨੂੰ ਸਸਪੈਂਡ ਕਰਨ ਲਈ ਤਿਆਰ ਨਹੀਂ ਹਨ।

"ਅਧਿਕਾਰੀ ਚੰਡੀਗੜ੍ਹ ਤੋਂ ਲਗਾਤਾਰ ਨਿਰਦੇਸ਼ ਲੈਂਦੇ ਹਨ।"

ਜਦੋਂ ਤੱਕ ਸਾਡੀ ਮੰਗ ਨਹੀਂ ਮੰਨ ਲਈ ਜਾਂਦੀ ਸਾਡਾ ਇੱਥੇ ਧਰਨਾ ਬਾਦਸਤੂਰ ਜਾਰੀ ਰਹੇਗਾ। ਪੰਜਾਬ ਤੋਂ ਦਿੱਲੀ ਤੋਂ ਅਤੇ ਹੋਰ ਥਾਵਾਂ ਤੋਂ ਸਾਡੇ ਲੋਕ ਇੱਥੇ ਆਉਂਦੇ ਰਹਿਣਗੇ।

ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਸਾਡੀ ਸਰਕਾਰ ਤੋਂ ਮੰਗ ਸੀ ਕਿ ਅਧਿਕਾਰੀਆਂ 'ਤੇ ਮੁਕੱਦਮਾ ਚੱਲੇ, ਦੂਜਾ ਜ਼ਖਮੀਆਂ ਅਤੇ ਟੁੱਟੀਆਂ ਹੱਡੀਆਂ ਦਾ ਮੁਆਵਜ਼ਾ ਮਿਲੇ ਅਤੇ ਤੀਜੀ ਮੰਗ ਸੀ ਕਿ ਮਰਨ ਵਾਲੇ ਦੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਮਿਲੇ।

'ਪ੍ਰਸ਼ਾਸਨ ਪਹਿਲੀ ਮੰਗ ਤੋਂ ਅੱਗੇ ਨਹੀਂ ਤੁਰਿਆ ਹੈ ਅਤੇ ਗੱਲ ਟੁੱਟ ਗਈ ਹੈ ਅਤੇ ਧਰਨਾ ਪੱਕਾ ਚਲੇਗਾ।"

ਡਿਪਟੀ ਕਮਿਸ਼ਨਰ ਨੇ ਕੀ ਕਿਹਾ

ਕਰਨਾਲ ਦੇ ਡਿਪਟੀ ਕਮਿਸ਼ਨਰ ਨਿਸ਼ਾਤ ਕੁਮਾਰ ਯਾਦਵ ਨੇ ਦੱਸਿਆ ਕਿ ਕਿਸਾਨਾਂ ਨਾਲ ਗੱਲਬਾਤ ਦੌਰਾਨ ਪ੍ਰਸਾਸ਼ਨ ਨੇ 28 ਅਗਸਤ ਨੂੰ ਹੋਏ ਲਾਠੀਚਾਰਜ ਦੇ ਪੂਰੇ ਮਾਮਲੇ ਦੀ ਨਿਰਪੱਖ਼ ਜਾਂਚ ਕਰਵਾਉਣ ਦੀ ਪੇਸ਼ਕਸ਼ ਕੀਤੀ ਸੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਾਂਚ ਤੋਂ ਬਿਨਾਂ ਕਿਸੇ ਅਧਿਕਾਰੀ ਖ਼ਿਲਾਫ਼ ਐਕਸ਼ਨ ਨਹੀਂ ਲਿਆ ਜਾ ਸਕਦਾ।

ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਸਾਸ਼ਨ ਸੰਜਮ ਨਾਲ ਕੰਮ ਲੈ ਰਿਹਾ ਹੈ, ਪਰ ਦਿਨ ਰਾਤ ਪੈਰਾ ਮਿਲਟਰੀ ਦੀਆਂ 20-20 ਕੰਪਨੀਆਂ ਨੂੰ ਪਹਿਰੇ ਉੱਤੇ ਲਗਾਇਆ ਜਾ ਰਿਹਾ ਹੈ।

ਡੀਸੀ ਨੇ ਕਿਹਾ ਕਿ ਗੱਲਬਾਤ ਜਾਰੀ ਰਹੇਗੀ ਅਤੇ ਮਸਲੇ ਦਾ ਹੱਲ ਗੱਲਬਾਤ ਰਾਹੀ ਕੱਢਣ ਦੀਆਂ ਕੋਸਿਸ਼ਾਂ ਜਾਰੀ ਹਨ।

ਕਿਸਾਨਾਂ ਦੀਆਂ ਮੰਗਾਂ ਕੀ ਹਨ

ਧਰਨੇ ਤੇ ਬੈਠੇ ਕਿਸਾਨ ਇਹ ਮੰਗ ਕਰ ਰਹੇ ਹਨ ਕਿ ਆਈਏਐਸ ਅਧਿਕਾਰੀ ਅਯੂਸ਼ ਸਿੰਘ, ਜੋ ਕਰਨਾਲ ਦੇ ਐਸਡੀਐਮ ਸਨ, ਖਿਲਾਫ ਕਾਰਵਾਈ ਹੋਣੀ ਚਾਹੀਦਾ ਹੈ।

ਅਯੂਸ਼ ਸਿੰਘ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਪੁਲਿਸ ਕਰਮੀਆਂ ਨੂੰ ਕਹਿ ਰਹੇ ਸਨ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ।

28 ਅਗਸਤ ਨੂੰ ਹੋਏ ਲਾਠੀਚਾਰਜ ਤੋਂ ਬਾਅਦ ਕਿਸਾਨ ਅਯੂਸ਼ ਸਿੰਘ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ।

ਕਿਸਾਨਾਂ ਦੀ ਇਹ ਵੀ ਮੰਗ ਹੈ ਕਿ ਉਸ ਦਿਨ ਜ਼ਖ਼ਮ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਲਾਠੀਚਾਰਜ ਦੇ ਬਾਅਦ ਜਿਸ ਕਿਸਾਨ ਦੀ ਮੌਤ ਹੋ ਗਈ, ਉਸ ਦੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।

ਧਰਨੇ ਦੇ ਦੂਜੇ ਦਿਨ ਦੀਆਂ ਕੁਝ ਤਸਵੀਰਾਂ

ਬੀਤੇ ਦਿਨ ਕੀ-ਕੀ ਹੋਇਆ

  • ਸੱਦੇ ਤਹਿਤ ਵੱਡੀ ਗਿਣਤੀ ਵਿੱਚ ਕਿਸਾਨ ਮਹਾਪੰਚਾਇਤ ਲਈ ਕਿਸਾਨ ਦੀ ਦਾਣਾ ਵਿੱਚ ਇਕੱਠੇ ਹੋਏ ਸਨ।
  • ਮਹਾਪੰਚਾਇਤ ਵਿੱਚ ਬਲਬੀਰ ਸਿੰਘ ਰਾਜੇਵਾਲ, ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਢੂਨੀ ਸਮੇਤ ਕਈ ਕਿਸਾਨ ਆਗੂ ਮੌਜੂਦ ਸਨ।
  • ਪ੍ਰਸ਼ਾਸਨ ਵੱਲੋਂ ਧਾਰਾ 144 ਲਗਾਉਣ ਤੋਂ ਇਲਾਵਾ ਪੰਜ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਅਤੇ ਟ੍ਰੈਫਿਕ ਰੂਟ ਵੀ ਬਦਲੇ ਦਿੱਤੇ ਗਏ ਸਨ।
  • ਸੁਰੱਖਿਆ ਪ੍ਰਬੰਧਾਂ ਸਬੰਧੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਆਖਿਆ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ ਅਤੇ ਕਿਸਾਨ ਸ਼ਾਂਤੀਪੂਰਵਕ ਆਪਣੀ ਬੈਠਕ ਕਰਨ।
  • ਕਰਨਾਲ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ 11 ਮੈਂਬਰੀ ਕਮੇਟੀ ਨੂੰ ਬੈਠਕ ਲਈ ਬੁਲਾਇਆ ਗਿਆ ਸੀ, ਇਨ੍ਹਾਂ ਆਗੂਆਂ ਵਿੱਚ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਡਾ ਦਰਸ਼ਨਪਾਲ, ਗੁਰਨਾਮ ਸਿੰਘ ਚਢੂਨੀ ਤੇ ਜੋਗਿੰਦਰ ਸਿੰਘ ਉਗਰਾਹਾਂ ਸ਼ਾਮਿਲ ਸਨ।
  • ਹਾਲਾਂਕਿ, ਪ੍ਰਸ਼ਾਸਨ ਨਾਲ ਚੱਲੀ ਡੇਢ-ਦੋ ਘੰਟੇ ਦੀ ਬੈਠਕ ਬੇਸਿੱਟ ਰਹੀ ਅਤੇ ਇਸ ਤੋਂ ਬਾਅਦ ਕਿਸਾਨਾਂ ਦੇ ਮਿਨੀ ਸਕੱਤਰੇਤ ਵੱਲ ਕੂਚ ਕੀਤਾ।
  • ਇਸ ਦੇ ਨਾਲ ਹੀ ਕਿਸਾਨਾਂ ਆਗੂਆਂ ਨੇ ਕਿਹਾ ਸੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਅਗਲਾ ਫੈਸਲਾ ਮੰਚ ਤੋਂ ਲਿਆ ਜਾਵੇਗਾ ਜਿੱਥੇ ਪੰਚਾਇਤ ਚੱਲ ਰਹੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

  • ਮਿਨੀ ਸਕੱਤਰੇਤ ਵੱਲ ਵਧ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਪੁਲਿਸ ਨੇ ਪਹਿਲਾਂ ਹਿਰਾਸਤ ਵਿੱਚ ਲਿਆ ਪਰ ਫਿਰ ਛੱਡ ਦਿੱਤਾ ਗਿਆ।
  • ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਦਾ ਇਸਤੇਮਾਲ ਕੀਤਾ ਪਰ ਕਿਸਾਨ ਫਿਰ ਵੀ ਮਿਨੀ ਸਕੱਤਰੇਤ ਤੱਕ ਪਹੁੰਚ ਗਏ ਸਨ ਅਤੇ ਵੀ ਉੱਥੇ ਬੀ ਬੈਠੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)