ਰਣਜੀਤ ਸਿੰਘ ਦੇ ਦੱਖਣ ਵੱਲ ਅਤੇ ਪੱਛਮ ਵੱਲ ਹੱਥ ਹਿਲਾਉਣ ਦੇ ਕੀ ਅਰਥ ਲਏ ਜਾਂਦੇ ਸਨ

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

ਇੱਕ ਵਾਰ ਇੱਕ ਕਾਤਿਬ ਨੇ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਆਪਣੇ ਹੱਥਾਂ ਨਾਲ ਬਹੁਤ ਹੀ ਸੋਹਣੇ ਲੇਖ ਵਿੱਚ ਕੁਰਾਨ ਦੀ ਇੱਕ ਕਾਪੀ ਤਿਆਰ ਕੀਤੀ। ਉਸ ਦੀ ਉਚਿਤ ਕੀਮਤ ਪ੍ਰਾਪਤ ਕਰਨ ਦੀ ਇੱਛਾ ਉਸ ਨੂੰ ਲਾਹੌਰ ਦੇ ਦਰਬਾਰ ਤੱਕ ਲੈ ਆਈ।

ਉਸ ਨੇ ਇਹ ਕਾਪੀ ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਫਕੀਰ ਅਜ਼ੀਜ਼ੂਦੀਨ ਨੂੰ ਵੇਚਣ ਦੀ ਕੋਸ਼ਿਸ਼ ਕੀਤੀ। ਫਕੀਰ ਨੇ ਉਸ ਦੇ ਕੰਮ ਦੀ ਪ੍ਰਸ਼ੰਸਾ ਤਾਂ ਕੀਤੀ ਪਰ ਉਸ ਨੂੰ ਖਰੀਦਣ ਤੋਂ ਅਸਮਰੱਥਾ ਪ੍ਰਗਟਾਈ।

ਜਦੋਂ ਇਨ੍ਹਾਂ ਦੋਹਾਂ ਦੀ ਗੱਲਬਾਤ ਮਹਾਰਾਜਾ ਦੇ ਕੰਨਾਂ ਵਿੱਚ ਪਈ ਤਾਂ ਉਨ੍ਹਾਂ ਨੇ ਉਸ ਕਾਤਿਬ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ।

ਕੁਰਾਨ ਦੀ ਉਸ ਕਾਪੀ ਨੂੰ ਵੇਖਦਿਆਂ ਹੀ ਮਹਾਰਾਜਾ ਨੇ ਉਸ ਨੂੰ ਆਪਣੇ ਮੱਥੇ 'ਤੇ ਲਗਾਇਆ ਅਤੇ ਫਿਰ ਉਸ ਨੂੰ ਧਿਆਨ ਨਾਲ ਵੇਖਿਆ।

ਇਸ ਨੂੰ ਵੇਖਦਿਆਂ ਹੀ ਉਨ੍ਹਾਂ ਨੇ ਇਸ ਦੇ ਲਈ ਕਾਤਿਬ ਨੂੰ ਵੱਡੀ ਰਕਮ ਅਦਾ ਕੀਤੀ ਅਤੇ ਇਸ ਨੂੰ ਖਰੀਦ ਲਿਆ।

ਕੁਝ ਸਮੇਂ ਬਾਅਦ ਉਨ੍ਹਾਂ ਦੇ ਵਿਦੇਸ਼ ਮੰਤਰੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਇਸ ਕਿਤਾਬ ਦੀ ਇੰਨੀ ਵੱਡੀ ਕੀਮਤ ਕਿਉਂ ਦੇ ਰਹੇ ਹੋ ਜਦਕਿ ਇੱਕ ਸਿੱਖ ਹੋਣ ਦੇ ਨਾਤੇ ਤੁਸੀਂ ਇਸ ਦੀ ਵਰਤੋਂ ਵੀ ਨਹੀਂ ਕਰ ਸਕੋਗੇ?

ਰਣਜੀਤ ਸਿੰਘ ਨੇ ਜਵਾਬ ਦਿੱਤਾ, "ਸ਼ਾਇਦ ਰੱਬ ਚਾਹੁੰਦਾ ਸੀ ਕਿ ਮੈਂ ਹਰ ਧਰਮ ਨੂੰ ਇੱਕ ਅੱਖ ਨਾਲ ਵੇਖਾਂ, ਇਸ ਲਈ ਉਸ ਨੇ ਮੇਰੀ ਇੱਕ ਅੱਖ ਦੀ ਰੌਸ਼ਨੀ ਲੈ ਲਈ।"

( ਰਣਜੀਤ ਸਿੰਘ ਦੀਆਂ ਫੌਜਾਂ 8 ਮਈ 1839 ਨੂੰ ਕੰਧਾਰ ਉੱਤੇ ਕਬਜ਼ਾ ਕੀਤਾ ਅਤੇ ਸ਼ਾਹ ਸੁਜ਼ਾ ਨੂੰ ਉਸ ਦਾ ਰਾਜ ਭਾਗ ਵਾਪਸ ਦੁਆਇਆ ਸੀ, ਇਸ ਮੌਕੇ ਉੱਤੇ ਉਨ੍ਹਾਂ ਦੇ ਜੀਵਨ ਉੱਤੇ ਝਾਤ ਪਾਉਂਦੀ ਇਹ ਰਿਪੋਰਟ ਪੇਸ਼ ਹੈ, ਜੋ ਪਹਿਲਾਂ 2021 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ)

ਹਾਲਾਂਕਿ ਇਸ ਕਹਾਣੀ ਦਾ ਕੋਈ ਭਰੋਸੇਯੋਗ ਸਰੋਤ ਨਹੀਂ ਹੈ, ਪਰ ਇਸ ਗੱਲ ਨੂੰ ਰੇਖਾਂਕਿਤ ਕਰਨ ਲਈ ਇਹ ਕਹਾਣੀ ਅੱਜ ਤੱਕ ਸੁਣਾਈ ਜਾਂਦੀ ਹੈ ਕਿ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਆਪਣੇ ਇਲਾਕੇ ਦੇ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਸਫ਼ਲ ਹੋਏ ਸਨ।

ਨੈਪੋਲੀਅਨ ਨਾਲ ਸਮਾਨਤਾ

ਫਰਾਂਸ ਦੇ ਸ਼ਾਸਕ ਨੈਪੋਲੀਅਨ ਬੋਨਾਪਾਰਟ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਭਾਵੇਂ 5000 ਕਿਲੋਮੀਟਰ ਦੀ ਦੂਰੀ ਸੀ, ਪਰ ਦੋਵੇਂ ਸਮਕਾਲੀ ਸਨ।

ਸਰ ਲੇਪਲ ਗ੍ਰਿਫਿਨ ਨੇ ਆਪਣੀ ਕਿਤਾਬ 'ਰਣਜੀਤ ਸਿੰਘ' ਵਿੱਚ ਲਿਖਿਆ, "ਦੋਵੇਂ ਹੀ ਛੋਟੇ ਕੱਦ ਦੇ ਸਨ। ਦੋਵਾਂ ਨੇ ਵੱਡੀ ਫੌਜੀ ਜਿੱਤ ਹਾਸਲ ਕੀਤੀ ਸੀ ਪਰ ਦੋਵੇਂ ਹੀ ਆਪਣੀ ਤਾਕਤ ਆਪਣੀ ਅਗਲੀ ਪੀੜ੍ਹੀ ਨੂੰ ਦੇਣ ਵਿੱਚ ਅਸਫਲ ਰਹੇ।"

1780 ਵਿੱਚ ਜਨਮੇ ਰਣਜੀਤ ਸਿੰਘ ਵੇਖਣ ਵਿੱਚ ਬਹੁਤੇ ਸੋਹਣੇ ਨਹੀਂ ਸਨ। ਬਚਪਨ ਵਿੱਚ ਹੀ ਚੇਚਕ ਦੇ ਕਾਰਨ ਉਨ੍ਹਾਂ ਦੀ ਖੱਬੀ ਅੱਖ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਦੇ ਚਿਹਰੇ ਉੱਤੇ ਚੇਚਕ ਦੇ ਡੂੰਘੇ ਨਿਸ਼ਾਨ ਰਹਿ ਗਏ ਸਨ।

ਅਲੈਕਜ਼ੈਂਡਰ ਬਰਨਜ਼ ਆਪਣੀ ਕਿਤਾਬ 'ਏ ਵੋਯਾਜ ਅਪ ਦਿ ਇੰਡਸ ਟੂ ਲਾਹੌਰ ਐਂਡ ਏ ਜਰਨੀ ਟੂ ਕਾਬੁਲ' ਵਿੱਚ ਲਿਖਦੇ ਹਨ, "ਰਣਜੀਤ ਸਿੰਘ ਦਾ ਕੱਦ 5 ਫੁੱਟ 3 ਇੰਚ ਤੋਂ ਜ਼ਿਆਦਾ ਨਹੀਂ ਸੀ।"

"ਉਨ੍ਹਾਂ ਦੇ ਮੋਢੇ ਚੌੜੇ ਸਨ, ਸਿਰ ਵੱਡਾ ਸੀ ਅਤੇ ਮੋਢਿਆਂ ਵਿੱਚ ਧਸਿਆ ਹੋਇਆ ਜਾਪਦਾ ਸੀ।"

"ਉਨ੍ਹਾਂ ਦੀ ਲੰਬੀ ਲਹਿਰਾਉਂਦੀ ਚਿੱਟੀ ਦਾੜ੍ਹੀ ਉਨ੍ਹਾਂ ਦੀ ਅਸਲ ਉਮਰ ਤੋਂ ਵੱਡਾ ਹੋਣ ਦਾ ਆਭਾਸ ਦਿੰਦੀ ਸੀ। ਉਹ ਸਾਦੇ ਕੱਪੜੇ ਪਾਉਂਦੇ ਸਨ ਅਤੇ ਕਦੇ ਵੀ ਗੱਦੀ ਜਾਂ ਤਖਤ 'ਤੇ ਨਹੀਂ ਬੈਠਦੇ ਸਨ।"

ਇੱਕ ਅੰਗਰੇਜ਼ ਮਹਿਲਾ ਏਮਿਲੀ ਈਡਨ ਨੇ ਆਪਣੀ ਕਿਤਾਬ 'ਏ ਕੰਟਰੀ: ਲੈਟਰਸ ਰਿਟਿਨ ਟੂ ਦਿ ਸਿਸਟਰ ਫਰਾਮ ਅਪਰ ਪ੍ਰੋਵਿੰਸਜ਼ ਆਫ਼ ਇੰਡੀਆ' ਵਿੱਚ ਲਿਖਿਆ ਸੀ, "ਰਣਜੀਤ ਸਿੰਘ ਦੇਖਣ ਵਿੱਚ ਇੱਕ ਬੁੱਢੇ ਚੂਹੇ ਵਰਗੇ ਸਨ ਜਿਨ੍ਹਾਂ ਦੀਆਂ ਚਿੱਟੀਆਂ ਮੁੱਛਾਂ ਅਤੇ ਇੱਕ ਅੱਖ ਸੀ।"

"ਉਹ ਆਪਣਾ ਇੱਕ ਪੈਰ ਦੂਜੇ ਪੈਰ ਉੱਪਰ ਰੱਖ ਕੇ ਬੈਠਦੇ ਸਨ ਅਤੇ ਉਨ੍ਹਾਂ ਦਾ ਹੱਥ ਹਮੇਸ਼ਾ ਖੇਡਦਾ ਰਹਿੰਦਾ ਸੀ। ਉਨ੍ਹਾਂ ਦੀ ਇੱਕ ਅਜੀਬ ਆਦਤ ਸੀ ਕਿ ਉਹ ਸਿਰਫ ਇੱਕ ਪੈਰ ਵਿੱਚ ਲੰਮੀ ਜੁਰਾਬ ਪਹਿਨਦੇ ਸਨ।"

"ਉਨ੍ਹਾਂ ਦਾ ਮੰਨਣਾ ਸੀ ਕਿ ਜੁਰਾਬ ਪਹਿਨਣ ਨਾਲ ਉਨ੍ਹਾਂ ਦੇ ਪੈਰ ਦਾ ਗਠਿਆ ਉਨ੍ਹਾਂ ਨੂੰ ਘੱਟ ਤਕਲੀਫ ਦੇਵੇਗਾ। ਉਨ੍ਹਾਂ ਨੇ ਕਈ ਤਾਕਤਵਰ ਦੁਸ਼ਮਣਾਂ ਨੂੰ ਹਰਾ ਕੇ ਆਪਣਾ ਸਾਮਰਾਜ ਬਣਾਇਆ ਸੀ ਅਤੇ ਉਨ੍ਹਾਂ ਦੇ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ।"

ਮੁਸਲਮਾਨਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼

7 ਜੁਲਾਈ, 1799 ਨੂੰ ਜਦੋਂ ਰਣਜੀਤ ਸਿੰਘ ਦੀ ਫ਼ੌਜ ਨੇ ਚੇਤ ਸਿੰਘ (ਭੰਗੀ ਸਰਦਾਰਾਂ) ਦੀ ਫ਼ੌਜ ਨੂੰ ਹਰਾਇਆ ਅਤੇ ਲਾਹੌਰ ਕਿਲ੍ਹੇ ਦੇ ਮੁੱਖ ਦਰਵਾਜ਼ੇ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨੂੰ ਸ਼ਾਹੀ ਤੋਪਾਂ ਦੀ ਸਲਾਮੀ ਦਿੱਤੀ ਗਈ।

ਲਾਹੌਰ ਵਿੱਚ ਦਾਖਲ ਹੁੰਦਿਆਂ ਹੀ ਉਨ੍ਹਾਂ ਦਾ ਪਹਿਲਾ ਕੰਮ ਔਰੰਗਜ਼ੇਬ ਦੁਆਰਾ ਬਣਾਈ ਗਈ ਬਾਦਸ਼ਾਹੀ ਮਸਜਿਦ ਵਿੱਚ ਹਾਜ਼ਰੀ ਦੇਣਾ ਸੀ। ਇਸ ਤੋਂ ਬਾਅਦ ਉਹ ਸ਼ਹਿਰ ਦੀ ਮਸ਼ਹੂਰ ਮਸਜਿਦ ਵਜ਼ੀਰ ਖਾਨ ਵੀ ਗਏ।

ਪ੍ਰਸਿੱਧ ਸਿੱਖ ਵਿਦਵਾਨ ਪਤਵੰਤ ਸਿੰਘ ਆਪਣੀ ਕਿਤਾਬ 'ਦਿ ਸਿੱਖਸ' ਵਿੱਚ ਲਿਖਦੇ ਹਨ, "ਇਹ ਜਾਣਦੇ ਹੋਏ ਕਿ ਉਨ੍ਹਾਂ ਦੀ ਜ਼ਿਆਦਾਤਰ ਪ੍ਰਜਾ (ਜਨਤਾ) ਮੁਸਲਮਾਨ ਹੈ, ਰਣਜੀਤ ਸਿੰਘ ਨੇ ਅਜਿਹਾ ਕੁਝ ਨਹੀਂ ਕੀਤਾ ਜਿਸ ਨਾਲ ਉਨ੍ਹਾਂ ਨੂੰ ਅਲੱਗ-ਥਲੱਗ ਮਹਿਸੂਸ ਹੋਵੇ।"

"ਉਨ੍ਹਾਂ ਨੇ ਲਾਹੌਰ ਦੀਆਂ ਵੱਡੀਆਂ ਮਸਜਿਦਾਂ ਨੂੰ ਸਰਕਾਰੀ ਸਹਾਇਤਾ ਮੁਹੱਈਆ ਕਰਵਾਉਣੀ ਜਾਰੀ ਰੱਖੀ ਅਤੇ ਇਹ ਵੀ ਸਾਫ਼ ਕਰ ਦਿੱਤਾ ਕਿ ਮੁਸਲਮਾਨਾਂ 'ਤੇ ਇਸਲਾਮੀ ਕਾਨੂੰਨ ਲਾਗੂ ਹੋਣ 'ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।"

ਉਨ੍ਹਾਂ ਨੇ ਆਪਣੀ ਫੌਜ ਵਿੱਚ ਕਈ ਹਿੰਦੂ ਅਤੇ ਮੁਸਲਿਮ ਅਫ਼ਸਰ ਨਿਯੁਕਤ ਕੀਤੇ। ਉਨ੍ਹਾਂ ਦੇ ਰਾਜ ਦੌਰਾਨ ਕੱਢੇ ਗਏ ਸਿੱਕਿਆਂ ਉੱਤੇ ਰਣਜੀਤ ਸਿੰਘ ਦਾ ਨਾਮ ਨਹੀਂ ਸੀ, ਬਲਕਿ ਉਨ੍ਹਾਂ ਨੂੰ ਨਾਨਕਸ਼ਾਹੀ ਸਿੱਕੇ ਕਿਹਾ ਜਾਂਦਾ ਸੀ।

ਉਨ੍ਹਾਂ ਉੱਤੇ ਫ਼ਾਰਸੀ ਵਿੱਚ ਇੱਕ ਵਾਕ ਲਿਖਿਆ ਸੀ, ਜਿਸ ਦਾ ਅਰਥ ਸੀ, "ਆਪਣੇ ਸਾਮਰਾਜ, ਆਪਣੀ ਜਿੱਤ ਅਤੇ ਆਪਣੀ ਪ੍ਰਸਿੱਧੀ ਲਈ ਮੈਂ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦਾ ਦੇਣਦਾਰ ਹਾਂ।"

ਰਣਜੀਤ ਸਿੰਘ ਦੀ ਫੌਜੀ ਸ਼ਕਤੀ ਦੇ ਮੁਰੀਦ ਅੰਗਰੇਜ਼

ਮਹਾਰਾਜਾ ਰਣਜੀਤ ਸਿੰਘ ਇੱਕ ਚੰਗੇ ਸ਼ਾਸਕ ਹੋਣ ਦੇ ਨਾਲ-ਨਾਲ ਇੱਕ ਸਮਰੱਥ ਫੌਜੀ ਕਮਾਂਡਰ ਵੀ ਸਨ। ਉਨ੍ਹਾਂ ਨੇ ਸਿੱਖ ਖਾਲਸਾ ਫੌਜ ਦਾ ਗਠਨ ਕੀਤਾ ਸੀ, ਜਿਸ ਨੂੰ ਅੰਗਰੇਜ਼ ਭਾਰਤ ਦੀ ਸਰਬੋਤਮ ਫੌਜ ਮੰਨਦੇ ਸਨ।

ਆਪਣੀ ਕਿਤਾਬ 'ਦਿ ਸਿੱਖਸ ਐਂਡ ਦਿ ਸਿੱਖ ਵਾਰ' ਦੀ ਭੂਮਿਕਾ ਵਿੱਚ ਸਰ ਚਾਰਲਸ ਗਫ਼ ਅਤੇ ਆਰਥਰ ਇਨੇਸ ਨੇ ਲਿਖਿਆ, "ਭਾਰਤ ਦੀ ਧਰਤੀ 'ਤੇ ਵੰਡੀਵਾਸ਼ ਦੀ ਲੜਾਈ ਵਿੱਚ, ਫਰਾਂਸੀਸੀਆਂ ਤੋਂ ਬਾਅਦ ਸਿੱਖਾਂ ਤੋਂ ਜ਼ਿਆਦਾ ਸਖਤ ਵਿਰੋਧੀ ਦਾ ਸਾਹਮਣਾ ਅਸੀਂ ਨਹੀਂ ਕੀਤਾ।

42 ਸਾਲਾਂ ਦੇ ਰਣਜੀਤ ਸਿੰਘ ਦੇ ਰਾਜ ਦੌਰਾਨ, ਉਨ੍ਹਾਂ ਦੀ ਫੌਜ ਨੇ ਬਹੁਤ ਸਾਰੀਆਂ ਉਚਾਈਆਂ ਨੂੰ ਛੂਹਿਆ ਅਤੇ ਕਈ ਜਿੱਤਾਂ ਦਰਜ ਕੀਤੀਆਂ।

ਅੰਗਰੇਜ਼ਾਂ ਨਾਲ ਉਨ੍ਹਾਂ ਦੀ ਕਦੇ ਸਿੱਧੀ ਲੜਾਈ ਨਹੀਂ ਹੋਈ। ਪਰ ਉਨ੍ਹਾਂ ਨੇ ਸ਼ਾਹ ਸ਼ੁਜਾ ਨੂੰ ਆਪਣਾ ਗੁਆਚਿਆ ਤਖਤ ਮੁੜ ਪ੍ਰਾਪਤ ਕਰਨ ਅਤੇ ਬਾਰਕਜ਼ਈਆਂ ਨਾਲ ਲੜਨ ਲਈ ਪ੍ਰੇਰਿਤ ਕੀਤਾ, ਜਿਨ੍ਹਾਂ ਨਾਲ ਅੰਗਰੇਜ਼ ਵਪਾਰਿਕ ਸੰਧੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਖੁਸ਼ਵੰਤ ਸਿੰਘ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨੂੰ ਸਪੱਸ਼ਟ ਕਰ ਦਿੱਤਾ ਕਿ ਰੂਸੀ ਉਨ੍ਹਾਂ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।"

"ਨੇਪਾਲ ਦੇ ਰਾਜਾ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਸਨ ਅਤੇ ਅਫਵਾਹਾਂ ਇਹ ਵੀ ਸਨ ਕਿ ਮਰਾਠਿਆਂ ਦੇ ਮੁਖੀ ਅਤੇ ਨਿਜ਼ਾਮ ਹੈਦਰਾਬਾਦ ਨੇ ਵੀ ਉਨ੍ਹਾਂ ਨੂੰ ਮਿਲਣ ਲਈ ਆਪਣੇ-ਆਪਣੇ ਨੁਮਾਇੰਦੇ ਭੇਜੇ ਸਨ।"

ਪੜ੍ਹੇ-ਲਿਖੇ ਨਾ ਹੋਣ ਦੇ ਬਾਵਜੂਦ ਸੁਚਾਰੂ ਪ੍ਰਸ਼ਾਸਨ

ਮਹਾਰਾਜਾ ਰਣਜੀਤ ਸਿੰਘ ਨੇ ਕੋਈ ਰਸਮੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਸੀ। ਉਹ ਨਾ ਤਾਂ ਲਿਖ ਸਕਦੇ ਸਨ ਅਤੇ ਨਾ ਹੀ ਪੜ੍ਹ ਸਕਦੇ ਸਨ। ਪਰ ਉਨ੍ਹਾਂ ਦੇ ਮਨ ਵਿੱਚ ਪੜ੍ਹੇ-ਲਿਖੇ ਅਤੇ ਕਾਬਲ ਲੋਕਾਂ ਲਈ ਸਤਿਕਾਰ ਬਹੁਤ ਸੀ।

ਜਿਹੜੇ ਲੋਕ ਉਨ੍ਹਾਂ ਨੂੰ ਮਿਲਦੇ ਸਨ, ਉਹ ਉਨ੍ਹਾਂ ਬਾਰੇ ਚੰਗੀ ਰਾਇ ਲੈ ਕੇ ਜਾਂਦੇ ਸਨ।

ਇੱਕ ਫਰੈਂਚ ਯਾਤਰੀ, ਵਿਕਟਰ ਜਾਕਮਾਂ ਨੇ ਆਪਣੀ ਕਿਤਾਬ 'ਏ ਜਰਨੀ ਟੂ ਇੰਡੀਆ' ਵਿੱਚ ਲਿਖਿਆ, "ਰਣਜੀਤ ਸਿੰਘ ਦੀ ਤੁਲਨਾ ਵਿੱਚ ਸਾਡੇ ਉੱਤਮ ਤੋਂ ਉੱਤਮ ਕੂਟਨੀਤਿਕ ਲੋਕ ਵੀ ਘੱਟ ਜਾਪਦੇ ਹਨ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਇੰਨੇ ਸਵਾਲ ਕਰਨ ਵਾਲਾ ਭਾਰਤੀ ਨਹੀਂ ਵੇਖਿਆ।"

"ਉਨ੍ਹਾਂ ਨੇ ਮੇਰੇ ਕੋਲੋਂ ਭਾਰਤ, ਬ੍ਰਿਟੇਨ, ਯੂਰਪ ਅਤੇ ਨੈਪੋਲੀਅਨ ਬਾਰੇ ਲਗਭਗ ਇੱਕ ਲੱਖ ਸਵਾਲ ਪੁੱਛ ਮਾਰੇ। ਇਹੀ ਨਹੀਂ, ਉਨ੍ਹਾਂ ਨੂੰ ਸਵਰਗ-ਨਰਕ, ਰੱਬ-ਸ਼ੈਤਾਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵਿੱਚ ਦਿਲਚਸਪੀ ਸੀ।"

ਸਈਅਦ ਮੁਹੰਮਦ ਲਤੀਫ ਆਪਣੀ ਕਿਤਾਬ 'ਮਹਾਰਾਜਾ ਰਣਜੀਤ ਸਿੰਘ ਪੰਜਾਬਜ਼ ਮੈਨ ਆਫ਼ ਡੈਸਟਿਨੀ' ਵਿੱਚ ਲਿਖਦੇ ਹਨ, "ਉਨ੍ਹਾਂ ਦੇ ਸਹਿਯੋਗੀ ਉਨ੍ਹਾਂ ਨੂੰ ਸਾਰੇ ਕਾਗਜ਼ ਫਾਰਸੀ, ਪੰਜਾਬੀ ਜਾਂ ਹਿੰਦੀ ਵਿੱਚ ਪੜ੍ਹ ਕੇ ਸੁਣਾਉਂਦੇ ਸਨ।"

"ਆਪਣੇ ਲੋਕਾਂ ਨਾਲ ਉਹ ਪੰਜਾਬੀ ਵਿੱਚ ਗੱਲ ਕਰਦੇ ਸਨ ਪਰ ਯੂਰਪੀ ਲੋਕਾਂ ਨਾਲ ਉਹ ਹਿੰਦੂਸਤਾਨੀ 'ਚ ਗੱਲ ਕਰਨਾ ਪਸੰਦ ਕਰਦੇ ਸਨ।"

"ਉਹ ਧਾਰਮਿਕ ਰੂਪ ਨਾਲ ਕੱਟੜ ਨਹੀਂ ਸਨ ਪਰ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਿਆ ਕਰਦੇ ਸਨ।"

ਉਹ ਲਿਖਦੇ ਹਨ, "ਅੰਤਿਮ ਸਮੇਂ ਵਿੱਚ ਉਨ੍ਹਾਂ ਦੀ ਬੋਲਣ ਦੀ ਸ਼ਕਤੀ ਚਲੀ ਗਈ ਸੀ ਪਰ ਉਹ ਉਸ ਸਮੇਂ ਵੀ ਪੂਰੀ ਤਰ੍ਹਾਂ ਹੋਸ਼ ਵਿੱਚ ਸਨ।"

"ਉਹ ਹੌਲੀ ਜਿਹੀ ਆਪਣਾ ਹੱਥ ਦੱਖਣ ਵੱਲ ਹਿਲਾਉਂਦੇ ਸਨ, ਜਿਸ ਦਾ ਮਤਲਬ ਸੀ ਕਿ ਉਨ੍ਹਾਂ ਨੂੰ ਬ੍ਰਿਟਿਸ਼ ਸਰਹੱਦ ਤੋਂ ਆਉਣ ਵਾਲੀਆਂ ਖਬਰਾਂ ਦੱਸੀਆਂ ਜਾਣ।"

"ਜੇ ਉਨ੍ਹਾਂ ਦਾ ਹੱਥ ਪੱਛਮ ਵੱਲ ਹਿੱਲਦਾ, ਤਾਂ ਇਸਦਾ ਮਤਲਬ ਇਹ ਸੀ ਕਿ ਅਫ਼ਗਾਨਿਸਤਾਨ ਤੋਂ ਕਿਹੜੀ ਖੂਫੀਆ ਜਾਣਕਾਰੀ ਆ ਰਹੀ ਹੈ।"

ਕਤਲ ਦੇ ਵਿਰੁੱਧ

ਮਹਾਰਾਜਾ ਰਣਜੀਤ ਸਿੰਘ ਦੀ ਇੱਕ ਹੋਰ ਖਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਜੰਗ ਤੋਂ ਇਲਾਵਾ ਕਦੇ ਵੀ ਕਿਸੇ ਦੀ ਜਾਨ ਨਹੀਂ ਲਈ ਸੀ ਅਤੇ ਉਹ ਹਮੇਸ਼ਾ ਆਪਣੇ ਦੁਸ਼ਮਣਾਂ ਨੂੰ ਹਰਾਉਣ ਤੋਂ ਬਾਅਦ ਉਨ੍ਹਾਂ ਨਾਲ ਨਰਮੀ ਨਾਲ ਪੇਸ਼ ਆਏ।

ਉਨ੍ਹਾਂ ਦਾ ਰਾਜ ਪੱਛਮ ਵਿੱਚ ਖੈਬਰ ਦੱਰੇ ਤੋਂ ਅਫ਼ਗਾਨਿਸਤਾਨ ਦੀਆਂ ਪਹਾੜੀ ਸ਼੍ਰੇਣੀਆਂ ਦੇ ਨਾਲ-ਨਾਲ ਦੱਖਣ ਵਿੱਚ ਹਿੰਦੁਕੁਸ਼, ਦਰਦੀਸਤਾਨ ਅਤੇ ਉੱਤਰੀ ਖੇਤਰ ਵਿੱਚ ਚਿਤਰਾਲ, ਸਵਾਤ ਅਤੇ ਹਜ਼ਾਰਾ ਘਾਟੀਆਂ ਤੱਕ ਫੈਲਿਆ ਹੋਇਆ ਸੀ।

ਇਸ ਤੋਂ ਇਲਾਵਾ ਕਸ਼ਮੀਰ, ਲੱਦਾਖ, ਸਤਲੁਜ ਦਰਿਆ ਦਾ ਇਲਾਕਾ, ਪਟਿਆਲਾ, ਜੀਂਦ ਅਤੇ ਨਾਭਾ ਤੱਕ ਉਨ੍ਹਾਂ ਦਾ ਸਾਮਰਾਜ ਸੀ।

ਰਣਜੀਤ ਸਿੰਘ ਨੇ ਕੁੱਲ 20 ਵਿਆਹ ਕੀਤੇ। ਇਨ੍ਹਾਂ ਵਿੱਚੋਂ ਦੱਸ ਵਿਆਹ ਰਵਾਇਤੀ ਸਨ। ਉਨ੍ਹਾਂ ਦੀਆਂ ਪਤਨੀਆਂ ਵਿੱਚ ਪੰਜ ਸਿੱਖ, ਤਿੰਨ ਹਿੰਦੂ ਅਤੇ ਦੋ ਮੁਸਲਿਮ ਔਰਤਾਂ ਸਨ।

ਇਸ ਤੋਂ ਇਲਾਵਾ, ਉਨ੍ਹਾਂ ਨੇ ਚਾਦਰ ਦੀ ਰਸਮ ਰਾਹੀਂ ਦਸ ਹੋਰ ਵਿਆਹ ਕੀਤੇ ਸਨ। ਹਰੀਰਾਮ ਗੁਪਤਾ ਦੇ ਅਨੁਸਾਰ, ਉਨ੍ਹਾਂ ਦੇ ਹਰਮ ਵਿੱਚ 23 ਹੋਰ ਮਹਿਲਾਵਾਂ ਵੀ ਸਨ।

13 ਸਾਲਾ ਨਰਤਕੀ 'ਤੇ ਆਇਆ ਦਿਲ

ਲਾਹੌਰ ਦੇ ਮਹਾਰਾਜਾ ਬਣਨ ਤੋਂ ਬਾਅਦ, ਰਣਜੀਤ ਸਿੰਘ ਦਾ ਦਿਲ 13 ਸਾਲਾਂ ਦੀ ਇੱਕ ਨੱਚਣ ਵਾਲੀ ਮੁਸਲਿਮ ਕੁੜੀ ਮੋਹਰਾਨ ਉੱਤੇ ਆ ਗਿਆ ਅਤੇ ਉਨ੍ਹਾਂ ਨੇ ਉਸ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ।

ਸਰਬਪ੍ਰੀਤ ਸਿੰਘ ਆਪਣੀ ਕਿਤਾਬ 'ਦਿ ਕੈਮਲ ਮਰਚੈਂਟ ਆਫ ਫਿਲਡੇਲਫਿਆ' ਵਿੱਚ ਲਿਖਦੇ ਹਨ, "ਉਸ ਨੱਚਣ ਵਾਲੀ ਕੁੜੀ ਦੇ ਪਰਿਵਾਰ ਵਿੱਚ ਇਹ ਰਿਵਾਜ ਸੀ ਕਿ ਜਵਾਈ ਨੂੰ ਉਦੋਂ ਹੀ ਸਵੀਕਾਰ ਕੀਤਾ ਜਾਂਦਾ ਸੀ ਜਦੋਂ ਉਹ ਆਪਣੇ ਸਹੁਰੇ ਘਰ ਵਿੱਚ ਚੁੱਲ੍ਹਾ ਬਾਲੇ।"

"ਮੋਹਰਾਨ ਦੇ ਪਿਤਾ ਆਪਣੀ ਧੀ ਦਾ ਵਿਆਹ ਰਣਜੀਤ ਸਿੰਘ ਨਾਲ ਨਹੀਂ ਕਰਨਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਇਹ ਸੋਚ ਕੇ ਇਹ ਸ਼ਰਤ ਉਨ੍ਹਾਂ ਦੇ ਸਾਹਮਣੇ ਰੱਖ ਦਿੱਤੀ ਕਿ ਮਹਾਰਾਜਾ ਹੋਣ ਦੇ ਨਾਤੇ ਰਣਜੀਤ ਸਿੰਘ ਇਸ ਸ਼ਰਤ ਨੂੰ ਪੂਰਾ ਨਹੀਂ ਕਰ ਸਕਣਗੇ।"

"ਪਰ ਮਹਾਰਾਜਾ ਰਣਜੀਤ ਸਿੰਘ ਮੋਹਰਾਨ ਦੇ ਪਿਆਰ ਵਿੱਚ ਇਸ ਹੱਦ ਤੱਕ ਡੁੱਬ ਚੁੱਕੇ ਸਨ ਕਿ ਉਨ੍ਹਾਂ ਨੇ ਬਿਨਾਂ ਪਲਕ ਝਪਕਾਏ ਆਪਣੇ ਹੋਣ ਵਾਲੇ ਸਹੁਰੇ ਦੀ ਇਹ ਗੱਲ ਸਵੀਕਾਰ ਕਰ ਲਈ। ਪਰ ਕੁਝ ਸਿੱਖਾਂ ਨੇ ਇਸ ਦਾ ਬਹੁਤ ਬੁਰਾ ਮੰਨਿਆ।"

ਅਕਾਲ ਤਖਤ ਦੇ ਸਾਹਮਣੇ ਪੇਸ਼ੀ

ਸਰਬਪ੍ਰੀਤ ਸਿੰਘ ਅੱਗੇ ਲਿਖਦੇ ਹਨ, "ਮਹਾਰਾਜਾ ਨੂੰ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ। ਰਣਜੀਤ ਸਿੰਘ ਨੇ ਮੰਨਿਆ ਕਿ ਉਨ੍ਹਾਂ ਤੋਂ ਗਲਤੀ ਹੋਈ ਹੈ ਅਤੇ ਉਹ ਇਸ ਦੇ ਲਈ ਮਾਫੀ ਚਾਹੁੰਦੇ ਹਨ।"

"ਪਰ ਬਾਵਜੂਦ ਇਸ ਦੇ, ਉਨ੍ਹਾਂ ਨੂੰ ਪਿੱਠ 'ਤੇ ਸੌ ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ। ਉਨ੍ਹਾਂ ਦੀ ਕਮੀਜ਼ ਉਤਾਰੀ ਗਈ ਅਤੇ ਉਨ੍ਹਾਂ ਨੂੰ ਅਕਾਲ ਤਖਤ ਦੇ ਬਾਹਰ ਇਮਲੀ ਦੇ ਦਰਖ਼ਤ ਦੇ ਤਣੇ ਨਾਲ ਬੰਨ੍ਹ ਦਿੱਤਾ ਗਿਆ।"

"ਮਹਾਰਾਜਾ ਦੀ ਨਿਮਰਤਾ ਵੇਖ ਕੇ ਉੱਥੇ ਮੌਜੂਦ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸੇ ਵੇਲੇ ਅਕਾਲ ਤਖਤ ਦੇ ਜਥੇਦਾਰ ਫੂਲਾ ਸਿੰਘ ਨੇ ਖੜ੍ਹੇ ਹੋ ਕੇ ਐਲਾਨ ਕੀਤਾ ਕਿ ਮਹਾਰਾਜਾ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਅਕਾਲ ਤਖਤ ਦੇ ਹੁਕਮ ਨੂੰ ਮੰਨਣ ਲਈ ਤਿਆਰ ਹੋ ਗਏ ਹਨ।"

"ਇਸ ਦੇ ਲਈ ਉਨ੍ਹਾਂ ਦੀ ਤਾਰੀਫ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਉਹ ਮਹਾਰਾਜਾ ਹਨ ਅਤੇ ਸਨਮਾਨ ਦੇ ਹੱਕਦਾਰ ਹਨ ਇਸ ਲਈ ਇਸ ਸਜ਼ਾ ਨੂੰ ਸੌ ਕੋੜਿਆਂ ਤੋਂ ਘਟਾ ਕੇ ਸਿਰਫ ਇੱਕ ਕੋੜਾ ਕੀਤੀ ਜਾਂਦੀ ਹੈ। ਇੰਨਾ ਸੁਣਨ ਦੀ ਦੇਰ ਸੀ ਕਿ ਉੱਥੇ ਮੌਜੂਦ ਸਾਰੇ ਲੋਕ ਖੜ੍ਹੇ ਹੋ ਗਏ ਅਤੇ ਤਾੜੀਆਂ ਵਜਾਉਣ ਲੱਗ ਪਏ।"

ਬਾਅਦ ਵਿੱਚ ਰਣਜੀਤ ਸਿੰਘ ਨੇ ਮੋਹਰਾਨ ਲਈ ਇੱਕ ਮਸਜਿਦ ਬਣਵਾਈ ਜੋ ਅੱਜ ਮਸਜਿਦ-ਏ-ਮੋਹਰਾਨ ਵਜੋਂ ਜਾਣੀ ਜਾਂਦੀ ਹੈ।

ਜੇ ਡੀ ਕਨਿੰਗਮ ਆਪਣੀ ਕਿਤਾਬ 'ਹਿਸਟਰੀ ਆਫ਼ ਦਿ ਸਿੱਖਸ' ਵਿੱਚ ਲਿਖਦੇ ਹਨ, "ਮੋਹਰਾਨ ਦਾ ਰਣਜੀਤ ਸਿੰਘ ਉੱਤੇ ਇੰਨਾ ਪ੍ਰਭਾਵ ਸੀ ਕਿ 1811 ਵਿੱਚ ਉਨ੍ਹਾਂ ਨੇ ਉਨ੍ਹਾਂ ਦੇ ਨਾਂ 'ਤੇ ਸਿੱਕੇ ਬਣਵਾਏ।"

ਪੇਸ਼ਾਵਰ ਉੱਤੇ ਜਿੱਤ

ਅਕਤੂਬਰ 1818 ਵਿੱਚ ਰਣਜੀਤ ਸਿੰਘ ਨੇ ਪਸ਼ਤੂਨ ਸ਼ਹਿਰ ਪੇਸ਼ਾਵਰ ਉੱਤੇ ਹਮਲਾ ਕਰ ਦਿੱਤਾ। ਪੇਸ਼ਾਵਰ ਖੈਬਰ ਦੱਰੇ ਤੋਂ 10 ਮੀਲ ਅਤੇ ਕਾਬੁਲ ਤੋਂ 150 ਮੀਲ ਦੀ ਦੂਰੀ 'ਤੇ ਸੀ।

19 ਨਵੰਬਰ, 1819 ਨੂੰ ਮਹਾਰਾਜਾ ਅਤੇ ਉਨ੍ਹਾਂ ਦੀ ਫੌਜ ਪੇਸ਼ਾਵਰ ਵਿੱਚ ਦਾਖਲ ਹੋਏ।

ਅਗਲੇ ਦਿਨ ਮਹਾਰਾਜਾ ਰਣਜੀਤ ਸਿੰਘ ਹਾਥੀ 'ਤੇ ਬੈਠ ਕੇ ਪੇਸ਼ਾਵਰ ਦੀਆਂ ਗਲੀਆਂ ਵਿੱਚ ਘੁੰਮੇ।

ਆਪਣੀ ਪੁਸਤਕ 'ਰਣਜੀਤ ਸਿੰਘ ਮਹਾਰਾਜਾ ਆਫ਼ ਦਿ ਪੰਜਾਬ' ਵਿੱਚ ਖੁਸ਼ਵੰਤ ਸਿੰਘ ਲਿਖਦੇ ਹਨ, "700 ਸਾਲਾਂ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਇਸ ਸ਼ਹਿਰ ਨੇ ਕਿਸੇ ਭਾਰਤੀ ਜੇਤੂ ਨੂੰ ਆਪਣੀਆਂ ਸੜਕਾਂ 'ਤੇ ਚੱਲਦੇ ਹੋਏ ਵੇਖਿਆ।"

"ਚਾਰ ਦਿਨ ਪੇਸ਼ਾਵਰ ਵਿੱਚ ਰਹਿਣ ਤੋਂ ਬਾਅਦ, ਜਹਾਂਦਾਦ ਖਾਨ ਨੂੰ ਉੱਥੋਂ ਦਾ ਗਵਰਨਰ ਬਣਾ ਕੇ ਰਣਜੀਤ ਸਿੰਘ ਵਾਪਸ ਮੁੜ ਆਏ।"

"ਪਰ ਕੁਝ ਦਿਨਾਂ ਮਗਰੋਂ ਹੀ ਫਤਿਹ ਖਾਨ ਦੇ ਇੱਕ ਭਾਈ-ਦੋਸਤ ਮੁਹੰਮਦ ਖਾਨ ਨੇ ਜਹਾਂਦਾਦ ਖਾਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ।"

"ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਲੱਖ ਰੁਪਏ ਦਾ ਸਾਲਾਨਾ ਨਜ਼ਰਾਨਾ ਦੇਣ ਦਾ ਪ੍ਰਸਤਾਵ ਰੱਖਿਆ ਜਿਸ ਨੂੰ ਰਣਜੀਤ ਸਿੰਘ ਨੇ ਸਵੀਕਾਰ ਕਰ ਲਿਆ।"

ਫਰੈਂਚ ਕਮਾਂਡਰਾਂ ਦੀ ਭਰਤੀ

1815 ਵਿੱਚ ਨੈਪੋਲੀਅਨ ਦੀ ਹਾਰ ਦੇ ਨਾਲ, ਫਰਾਂਸੀਸੀਆਂ ਦਾ ਭਾਰਤ ਤੋਂ ਅੰਗਰੇਜ਼ਾਂ ਨੂੰ ਹਟਾਉਣ ਦਾ ਸੁਪਨਾ ਚਕਨਾਚੂਰ ਹੋ ਗਿਆ।

ਪਰ ਇਸ ਕਾਰਨ ਕੁਝ ਫਰਾਂਸੀਸੀ ਅਤੇ ਇਟਾਲੀਅਨ ਸਿਪਾਹੀਆਂ ਨੇ ਯੂਰਪ ਤੋਂ ਬਾਹਰ ਆ ਕੇ ਨੌਕਰੀਆਂ ਕਰਨ ਦਾ ਮਨ ਬਣਾ ਲਿਆ।

1822 ਵਿੱਚ, ਦੋ ਫਰਾਂਸੀਸੀ ਕਮਾਂਡਰ, ਜਿਆਂ-ਫ੍ਰਾਂਸਵਾ ਅਲਾ ਅਤੇ ਜਿਆਂ-ਬੈਪਟਿਸਟ ਵੈਂਟੁਆ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸ਼ਾਮਲ ਹੋ ਗਏ।

ਕੁਝ ਹਫਤਿਆਂ ਦੇ ਅੰਦਰ ਹੀ ਪੰਜਾਹ ਤੋਂ ਵੱਧ ਗੋਰੇ ਅਤੇ ਯੂਰਪੀਅਨ ਸਿਪਾਹੀ ਵੀ ਮਹਾਰਾਜਾ ਦੀ ਫੌਜ ਵਿੱਚ ਸ਼ਾਮਲ ਹੋ ਗਏ।

ਸਾਲ 1829 ਵਿੱਚ, ਰਣਜੀਤ ਸਿੰਘ ਨੇ ਇੱਕ ਹੰਗਰੀਆਈ ਹੋਮਿਓਪੈਥ ਡਾਕਟਰ ਮਾਰਟਿਨ ਹੋਨਿਗਬਰਗਰ ਨੂੰ ਆਪਣਾ ਨਿੱਜੀ ਡਾਕਟਰ ਬਣਾ ਲਿਆ।

ਰਾਜਮੋਹਨ ਗਾਂਧੀ ਆਪਣੀ ਪੁਸਤਕ 'ਪੰਜਾਬ ਏ ਹਿਸਟਰੀ ਫਰਾਮ ਔਰੰਗਜ਼ੇਬ ਟੂ ਮਾਊਂਟਬੇਟਨ' ਵਿੱਚ ਲਿਖਦੇ ਹਨ, "ਰਣਜੀਤ ਸਿੰਘ ਨੇ ਇਨ੍ਹਾਂ ਯੂਰਪੀਅਨਾਂ 'ਤੇ ਆਪਣੀ ਫੌਜ ਵਿੱਚ ਕੰਮ ਕਰਨ ਲਈ ਕੁਝ ਸ਼ਰਤਾਂ ਲਗਾਈਆਂ।

"ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਨਾ ਤਾਂ ਸਿਗਰਟ ਪੀਣਗੇ ਅਤੇ ਨਾ ਹੀ ਦਾੜ੍ਹੀ ਕਟਵਾਉਣਗੇ। ਉਨ੍ਹਾਂ ਦੇ ਗਊ-ਮਾਸ ਖਾਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ।"

"ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਸਥਾਨਕ ਔਰਤਾਂ ਨਾਲ ਵਿਆਹ ਕਰਵਾਉਣ ਅਤੇ ਪੰਜਾਬ ਛੱਡਣ ਤੋਂ ਪਹਿਲਾਂ ਮਹਾਰਾਜਾ ਦੀ ਇਜਾਜ਼ਤ ਲੈਣ।"

8 ਮਈ, 1939 ਨੂੰ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਦੀ ਮਦਦ ਨਾਲ ਸ਼ਾਹ ਸ਼ੁਜਾ ਇੱਕ ਵਾਰ ਫਿਰ ਅਫ਼ਗਾਨਿਸਤਾਨ ਦੇ ਬਾਦਸ਼ਾਹ ਬਣੇ।

ਸ਼ੇਖ ਬਾਸਵਾਂ ਦੀ ਅਗਵਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਮੁਸਲਿਮ ਦਸਤਾ ਸ਼ਹਿਜ਼ਾਦੇ ਤੈਮੂਰ ਨੂੰ ਖੈਬਰ ਦੱਰੇ ਰਾਹੀਂ ਕਾਬੁਲ ਲੈ ਆਇਆ।

ਕੁਝ ਦਿਨਾਂ ਬਾਅਦ ਜਦੋਂ ਸ਼ਾਹ ਸ਼ੁਜਾ, ਅੰਗਰੇਜ਼ਾਂ ਅਤੇ ਲਾਹੌਰ ਦੇ ਸਿਪਾਹੀਆਂ ਨੇ ਇੱਕ ਸਾਂਝਾ ਜਿੱਤ ਦਾ ਜਲੂਸ ਕੱਢਿਆ ਤਾਂ ਕਾਬੁਲ ਦੀਆਂ ਸੜਕਾਂ 'ਤੇ ਰਣਜੀਤ ਸਿੰਘ ਦੇ ਮੁਸਲਮਾਨ ਸਿਪਾਹੀਆਂ ਨੇ ਲਾਹੌਰ ਦਾ ਝੰਡਾ ਬੁਲੰਦ ਕੀਤਾ।

ਲੰਮੀ ਬਿਮਾਰੀ ਤੋਂ ਬਾਅਦ ਮੌਤ

17 ਅਪ੍ਰੈਲ, 1835 ਨੂੰ ਮਹਾਰਾਜਾ ਨੂੰ ਅਧਰੰਗ ਹੋ ਗਿਆ, ਜਿਸ ਕਾਰਨ ਉਨ੍ਹਾਂ ਦੇ ਸਰੀਰ ਦੇ ਸੱਜੇ ਪਾਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ।

ਉਹ ਕਦੇ ਚੰਗੇ ਮਰੀਜ਼ ਸਾਬਿਤ ਨਹੀਂ ਹੋਏ। ਉਨ੍ਹਾਂ ਦਾ ਇਲਾਜ ਕਰਨ ਵਾਲੇ ਅੰਗਰੇਜ਼ ਡਾਕਟਰ ਮੈਕਗ੍ਰੇਗਰ ਨੇ ਕਿਹਾ, "ਮਹਾਰਾਜਾ ਕਿਸੇ ਵੀ ਕੀਮਤ 'ਤੇ ਕੌੜੀਆਂ ਦਵਾਈਆਂ ਨਹੀਂ ਖਾਣਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣਾ ਰੋਜ਼ਾਨਾ ਦਾ ਕਾਰਜ-ਕ੍ਰਮ ਵੀ ਨਹੀਂ ਬਦਲਿਆ।"

"ਤੇਜ਼ ਬੁਖਾਰ ਵਿੱਚ ਵੀ, ਉਹ ਰੋਜ਼ ਸਵੇਰੇ ਪਾਲਕੀ ਵਿੱਚ ਬੈਠ ਕੇ ਨਦੀ ਕਿਨਾਰੇ ਚਲੇ ਜਾਂਦੇ ਸਨ ਅਤੇ ਫਿਰ ਵਾਪਿਸ ਆ ਕੇ ਦਰਬਾਰ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲੱਗ ਜਾਂਦੇ।"

1837 ਵਿੱਚ ਉਨ੍ਹਾਂ ਨੂੰ ਦੂਸਰੀ ਵਾਰ ਅਧਰੰਗ ਹੋ ਗਿਆ ਅਤੇ ਫਿਰ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਚਲੀ ਗਈ।

ਜੂਨ, 1839 ਤੱਕ ਆਉਂਦੇ-ਆਉਂਦੇ 6 ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਸਨ। ਇਨ੍ਹਾਂ ਵਿੱਚੋਂ ਤਿੰਨ ਉਨ੍ਹਾਂ ਦੇ ਡਾਕਟਰ ਸਨ ਅਤੇ ਬਾਕੀ ਤਿੰਨ ਡਾਕਟਰ ਗਵਰਨਰ ਜਨਰਲ ਦੁਆਰਾ ਭੇਜੇ ਗਏ ਸਨ।

27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਖਰੀ ਸਾਹ ਲਿਆ।

ਹਾਲਾਂਕਿ ਸਿੱਖ ਧਰਮ ਵਿੱਚ ਸਤੀ ਪ੍ਰਥਾ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ ਹੈ, ਪਰ ਫਿਰ ਵੀ ਉਨ੍ਹਾਂ ਦੀਆਂ ਚਾਰ ਰਾਣੀਆਂ ਨੇ ਐਲਾਨ ਕੀਤਾ ਕਿ ਉਹ ਉਨ੍ਹਾਂ ਦੇ ਨਾਲ ਸਤੀ ਹੋਣਗੀਆਂ।

ਉਦੋਂ ਤੱਕ ਭਾਰਤ ਵਿੱਚ ਸਤੀ ਪ੍ਰਥਾ 'ਤੇ ਪਾਬੰਦੀ ਲੱਗਿਆਂ ਵੀ 10 ਸਾਲ ਬੀਤ ਚੁੱਕੇ ਸਨ, ਪਰ ਇਸ ਦੇ ਬਾਵਜੂਦ ਚਾਰ ਮਹਾਰਾਣੀਆਂ ਦੇ ਨਾਲ-ਨਾਲ ਸੱਤ ਦਾਸੀਆਂ ਵੀ ਮਹਾਰਾਜਾ ਨਾਲ ਸਤੀ ਹੋ ਗਈਆਂ ਤਾਂ ਜੋ ਅਗਲੇ ਜਨਮ ਵਿੱਚ ਉਹ ਆਪਣੇ ਮਾਲਕ ਦੀ ਸੇਵਾ ਕਰਨ ਲਈ ਉਪਲੱਭਧ ਰਹਿਣ।

ਇਸ ਦਾ ਵਰਣਨ ਕਰਦਿਆਂ ਸਰਬਪ੍ਰੀਤ ਸਿੰਘ ਨੇ ਲਿਖਿਆ ਹੈ, "ਮਹਾਰਾਣੀ ਮਹਿਤਾਬ ਦੇਵੀ, ਜੋ ਗੁੱਡਨ ਦੇ ਨਾਮ ਨਾਲ ਵੀ ਮਸ਼ਹੂਰ ਸਨ, ਨੰਗੇ ਪੈਰੀਂ ਹਰਮ ਤੋਂ ਬਾਹਰ ਨਿਕਲੇ। ਪਹਿਲੀ ਵਾਰ ਉਨ੍ਹਾਂ ਨੇ ਕਿਸੇ ਜਨਤਕ ਸਥਾਨ 'ਤੇ ਪਰਦਾ ਨਹੀਂ ਕੀਤਾ ਹੋਇਆ ਸੀ।"

"ਉਨ੍ਹਾਂ ਨਾਲ ਤਿੰਨ ਰਾਣੀਆਂ ਹੋਰ ਆਈਆਂ। ਉਹ ਹੌਲੀ-ਹੌਲੀ ਚੱਲ ਰਹੀਆਂ ਸਨ ਅਤੇ ਉਨ੍ਹਾਂ ਨਾਲ ਕੁਝ ਸੌ ਕੁ ਲੋਕ, ਦੂਰੀ ਬਣਾ ਕੇ ਚੱਲ ਰਹੇ ਸਨ। ਉਨ੍ਹਾਂ ਤੋਂ ਕੁਝ ਅੱਗੇ, ਇੱਕ ਵਿਅਕਤੀ ਉਨ੍ਹਾਂ ਵੱਲ ਮੂੰਹ ਕਰਕੇ ਪੁੱਠਾ ਚੱਲ ਰਿਹਾ ਸੀ।"

"ਉਸ ਵਿਅਕਤੀ ਦੇ ਹੱਥ ਵਿੱਚ ਇੱਕ ਸ਼ੀਸ਼ਾ ਸੀ ਤਾਂ ਜੋ ਰਾਣੀ ਇਸ ਵਿੱਚ ਆਪਣਾ ਚਿਹਰਾ ਵੇਖ ਕੇ ਇਹ ਤਸੱਲੀ ਕਰ ਸਕਣ ਕਿ ਸਤੀ ਹੋਣ ਸਮੇਂ ਉਨ੍ਹਾਂ ਦੇ ਚਿਹਰੇ 'ਤੇ ਕੋਈ ਡਰ ਨਹੀਂ ਸੀ। ਸਾਰੀਆਂ ਰਾਣੀਆਂ, ਪੌੜੀਆਂ ਰਾਹੀਂ ਚਿਤਾ 'ਤੇ ਚੜ੍ਹੀਆਂ। ਰਾਣੀਆਂ ਮਹਾਰਾਜਾ ਦੇ ਸਿਰਹਾਣੇ ਬੈਠ ਗਈਆਂ ਜਦਕਿ ਦਾਸੀਆਂ ਉਨ੍ਹਾਂ ਦੇ ਪੈਰਾਂ ਵੱਲ ਬੈਠੀਆਂ।"

ਜਿਵੇਂ ਹੀ ਉਨ੍ਹਾਂ ਦੇ ਪੁੱਤਰ ਖੜਕ ਸਿੰਘ ਨੇ ਉਨ੍ਹਾਂ ਦੀ ਚਿਤਾ ਨੂੰ ਅੱਗ ਲਗਾਈ, ਮਹਾਰਾਜਾ ਰਣਜੀਤ ਸਿੰਘ ਨੂੰ 180 ਤੋਪਾਂ ਦੀ ਅੰਤਿਮ ਸਲਾਮੀ ਦਿੱਤੀ ਗਈ।

ਉਨ੍ਹਾਂ ਦੇ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਨੇ ਚਾਰ ਵਾਰ ਉਨ੍ਹਾਂ ਦੀ ਚਿਤਾ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ।

ਦੋ ਦਿਨਾਂ ਬਾਅਦ, ਜਦੋਂ ਉਨ੍ਹਾਂ ਦੀਆਂ ਅਸਥੀਆਂ ਲਾਹੌਰ ਦੀਆਂ ਗਲੀਆਂ ਵਿੱਚੋਂ ਦੀ ਲੰਘੀਆਂ ਤਾਂ ਲੋਕ ਸੜਕਾਂ 'ਤੇ ਇਕੱਠੇ ਹੋ ਗਏ।

ਕੁਝ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ 'ਤੇ ਖੜ੍ਹੇ ਹੋ ਕੇ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕੀਤੀ।

ਸਾਲ 2019 ਵਿੱਚ, ਜਦੋਂ ਬੀਬੀਸੀ ਵਰਲਡ ਹਿਸਟਰੀ ਮੈਗਜ਼ੀਨ ਨੇ ਆਪਣੇ ਪਾਠਕਾਂ ਵਿੱਚ ਇੱਕ ਸਰਵੇਖਣ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਵਿਸ਼ਵ ਦਾ ਸਰਵ-ਕਾਲਿਕ ਮਹਾਨ ਨੇਤਾ ਚੁਣਿਆ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)