9/11 ਅੱਤਵਾਦੀ ਹਮਲਾ: ਅਮਰੀਕਾ ਵਿੱਚ ਉਸ ਦਿਨ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ

    • ਲੇਖਕ, ਪੈਟਰਿਕ ਜੈਕਸਨ
    • ਰੋਲ, ਬੀਬੀਸੀ ਪੱਤਰਕਾਰ

ਮੰਗਲਵਾਰ 11 ਸਤੰਬਰ 2001 ਦੀ ਸਵੇਰ ਆਤਮਘਾਤੀ ਹਮਲਾਵਰਾਂ ਨੇ ਅਮਰੀਕਾ ਦੇ ਦੋ ਯਾਤਰੀ ਜਹਾਜ਼ਾਂ ਨੂੰ ਅਗਵਾ ਕਰ ਲਿਆ ਅਤੇ ਨਿਊ ਯਾਰਕ ਦੀਆਂ ਦੋ ਅਸਮਾਨ ਛੂਹੰਦੀਆਂ ਇਮਾਰਤਾਂ ਵਿੱਚ ਲਿਜਾ ਮਾਰੇ। ਹਜ਼ਾਰਾਂ ਲੋਕਾਂ ਦੀ ਜਾਨ ਗਈ।

ਇਨ੍ਹਾਂ ਹਮਲਿਆਂ ਨੂੰ ਨਾ ਸਿਰਫ਼ ਅਮਰੀਕਾ ਸਗੋਂ ਦੁਨੀਆਂ ਭਰ ਵਿੱਚ ਇਸ ਸਦੀ ਦੇ ਸਭ ਤੋਂ ਖ਼ੌਫ਼ਨਾਕ ਦਹਿਸ਼ਤਗਰਦ ਹਮਲਿਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ।

ਨਿਸ਼ਾਨੇ ਕੀ ਸਨ?

ਅਗਵਾਕਾਰਾਂ ਦੇ ਇੱਕ ਛੋਟੇ ਸਮੂਹ ਨੇ ਪੱਛਮੀ ਅਮਰੀਕਾ ਵਿੱਚ ਉੱਡ ਰਹੇ ਚਾਰ ਯਾਤਰੀ ਜਹਾਜ਼ਾਂ ਨੂੰ ਹਾਈਜੈਕ ਕੀਤਾ।

ਉਨ੍ਹਾਂ ਨੂੰ ਵੱਡੀਆਂ ਨਿਰਦੇਸ਼ਿਤ ਮਿਜ਼ਾਈਲਾਂ ਵਜੋਂ ਵਰਤਿਆ ਗਿਆ ਅਤੇ ਨਿਊਯਾਰਕ ਅਤੇ ਵਾਸ਼ਿੰਗਟਨ ਦੀਆਂ ਦੋ ਮਸ਼ਹੂਰ ਇਮਾਰਤਾਂ ਵਿੱਚ ਮਾਰਿਆ ਗਿਆ।

ਦੋ ਜਹਾਜ਼ ਨਿਊਯਾਰਕ ਦੇ ਟਵਿਨ ਟਾਵਰਾਂ ਵਿੱਚ ਮਾਰੇ ਗਏ, ਜਿਨ੍ਹਾਂ ਨੂੰ ਵਰਲਡ ਟਰੇਡ ਸੈਂਟਰ ਕਿਹਾ ਜਾਂਦਾ ਸੀ।

ਪਹਿਲਾ ਹਮਲਾ ਉੱਤਰੀ ਟਾਵਰ 'ਤੇ ਪੂਰਬੀ ਸਮੇਂ ਮੁਤਾਬਕ ਸਵੇਰੇ 08:46 ਵਜੇ (13:46 ਵਿਸ਼ਵੀ ਔਸਤ ਸਮਾਂ) ਅਤੇ ਦੂਜਾ ਜਹਾਜ਼ ਦੱਖਣੀ ਟਾਵਰ ਨਾਲ 09:03 ਵਜੇ ਟਕਰਾਇਆ।

ਇਮਾਰਤਾਂ ਨੂੰ ਪਲਾਂ ਵਿੱਚ ਹੀ ਅੱਗ ਲੱਗ ਗਈ ਅਤੇ ਉੱਪਰਲੀਆਂ ਮੰਜ਼ਿਲਾਂ ਵਿੱਚ ਲੋਕ ਫ਼ਸ ਗਏ ਅਤੇ ਸ਼ਹਿਰ ਧੂੰਏਂ ਨਾਲ ਭਰ ਗਿਆ।

ਇਹ ਵੀ ਪੜ੍ਹੋ:

ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ 110 ਮੰਜ਼ਿਲਾ ਇਮਾਰਤਾਂ ਧੂੰਏਂ ਅਤੇ ਗਰਦ ਦੇ ਬੱਦਲ ਦੇ ਓਹਲੇ ਵਿੱਚ ਮਲਬੇ ਦਾ ਢੇਰ ਬਣ ਗਈਆਂ।

ਇਸ ਮਗਰੋਂ 09:37 ਤੀਜਾ ਜਹਾਜ਼ ਅਮਰੀਕੀ ਰੱਖਿਆ ਵਿਭਾਗ ਦੇ ਹੈਡਕੁਆਰਟਰ ਪੈਂਟਾਗਨ ਦੀ ਪੱਛਮੀ ਬਾਹੀ ਨਾਲ ਆ ਕੇ ਟਕਰਾਇਆ ਜੋ ਕਿ ਕੌਮੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਬਿਲਕੁਲ ਬਾਹਰ ਸੀ।

ਇਸ ਮਗਰੋਂ ਚੌਥਾ ਜਹਾਜ਼ ਯਾਤਰੀਆਂ ਵੱਲੋਂ ਮੁਕਾਬਲਾ ਕੀਤੇ ਜਾਣ ਮਗਰੋਂ 10:03 ਵਜੇ ਪੈਨਸਲਵੇਨੀਆ ਦੇ ਇੱਕ ਖੇਤ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ।

ਕਿਆਸ ਹਨ ਕਿ ਇਸ ਨੂੰ ਵਾਸ਼ਿੰਗਟਨ ਡੀਸੀ ਵਿੱਚ ਸਥਿਤ ਅਮਰੀਕਾ ਦੀ ਸੰਸਦ ਕੈਪੀਟਲ ਹਿੱਲ ਬਿਲਡਿੰਗ ਵਿੱਚ ਮਾਰਿਆ ਜਾਣਾ ਸੀ।

ਕਿੰਨੇ ਲੋਕਾਂ ਦੀ ਜਾਨ ਗਈ?

ਕੁੱਲ ਮਿਲਾ ਕੇ ਇਸ ਹਮਲੇ ਵਿੱਚ 2,977 ਜਣਿਆਂ ਦੀ ਜਾਨ ਗਈ (ਇਸ ਗਿਣਤੀ ਵਿੱਚ 19 ਹਾਈਜੈਕਰ ਸ਼ਾਮਲ ਨਹੀਂ ਹਨ)।

  • ਚਾਰਾਂ ਜਹਾਜ਼ਾਂ ਦੇ 246 ਯਾਤਰੀ ਅਤੇ ਕ੍ਰਊ ਮੈਂਬਰ
  • ਟਵਿਨ ਟਾਵਰਾਂ ਵਿੱਚ ਮੌਕੇ 'ਤੇ ਅਤੇ ਫਿਰ ਜ਼ਖਮਾਂ ਕਾਰਨ 2,606 ਲੋਕਾਂ ਦੀ ਮੌਤ ਹੋਈ
  • ਪੈਂਟਾਗਨ ਵਿੱਚ 125 ਜਣੇ ਮਾਰੇ ਗਏ

ਸਭ ਤੋਂ ਨਿੱਕੀ ਪੀੜਤ ਇੱਕ ਦੋ ਸਾਲ ਦੀ ਬੱਚੀ ਸੀ, ਜੋ ਕਿ ਆਪਣੇ ਮਾਪਿਆਂ ਨਾਲ ਇੱਕ ਜਹਾਜ਼ ਵਿੱਚ ਸਵਾਰ ਸੀ।

ਸਭ ਤੋਂ ਬਜ਼ੁਰਗ ਪੀੜਤ ਇੱਕ 82 ਸਾਲਾ ਬਜ਼ੁਰਗ ਸਨ ਜੋ ਆਪਣੀ ਪਤਨੀ ਨਾਲ ਇੱਕ ਹੋਰ ਜਹਾਜ਼ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।

ਜਦੋਂ ਪਹਿਲਾਂ ਜਹਾਜ਼ ਟਕਰਾਇਆ ਤਾਂ ਅੰਦਾਜ਼ੇ ਮੁਤਾਬਕ 17,400 ਲੋਕ ਇਮਰਾਤ ਦੇ ਅੰਦਰ ਸਨ।

ਉੱਤਰੀ ਟਾਵਰ ਵਿੱਚ ਟੱਕਰ ਵਾਲੀ ਥਾਂ ਤੋਂ ਉੱਪਰਲੀਆਂ ਮੰਜ਼ਿਲਾਂ ਵਿੱਚੋਂ ਕੋਈ ਨਹੀਂ ਬਚ ਸਕਿਆ ਪਰ ਦੱਖਣੀ ਟਾਵਰ ਵਿੱਚੋਂ 18 ਜਣੇ ਬਚਣ ਵਿੱਚ ਕਾਮਯਾਬ ਹੋ ਗਏ।

ਮਰਨ ਵਾਲਿਆਂ ਵਿੱਚ 77 ਦੇਸ਼ਾਂ ਦੇ ਨਾਗਰਿਕ ਸ਼ਾਮਲ ਸਨ।

ਹਜ਼ਾਰਾਂ ਲੋਕ ਫੱਟੜ ਹੋਏ ਜਾਂ ਬਾਅਦ ਵਿੱਚ ਹਮਲੇ ਨਾਲ ਜੁੜੀਆਂ ਬੀਮਾਰੀਆਂ ਵਿਕਸਿਤ ਹੋ ਗਈਆਂ। ਇਨ੍ਹਾਂ ਪੀੜਤਾਂ ਵਿੱਚ ਦਮਕਲ ਦੇ ਜ਼ਹਿਰੀਲੇ ਮਲਬੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵੀ ਸ਼ਾਮਲ ਸਨ।

ਹਮਲਾਵਰ ਕੌਣ ਸਨ?

ਇਸ ਹਮਲੇ ਦੀ ਜ਼ਿੰਮੇਵਾਰੀ ਅਫ਼ਗਾਨਿਸਤਾਨ ਤੋਂ ਇੱਕ ਇਸਲਾਮਿਕ ਕੱਟੜਪੰਥੀ ਸਮੂਹ ਅਲ-ਕਾਇਦਾ ਨੇ ਲਈ।

ਉਸਾਮਾ ਬਿਨ ਲਾਦੇਨ ਇਸ ਦੇ ਆਗੂ ਸਨ। ਉਨ੍ਹਾਂ ਦਾ ਇਲਜ਼ਾਮ ਸੀ ਕਿ ਮੁਸਲਿਮ ਦੁਨੀਆਂ ਵਿੱਚ ਜਾਰੀ ਤਣਾਅ ਲਈ ਅਮਰੀਕਾ ਜ਼ਿੰਮੇਵਾਰ ਹੈ।

ਉੱਨੀ ਲੋਕਾਂ ਨੇ ਜਹਾਜ਼ ਅਗਵਾ ਕੀਤੇ। ਇਹ ਚਾਰ-ਚਾਰ ਦੀਆਂ ਤਿੰਨ ਅਤੇ ਇੱਕ ਟੀਮ ਚਾਰ ਜਣਿਆਂ ਦੀ, ਵਿੱਚ ਵੰਡੇ ਹੋਏ ਸਨ।

ਹਰ ਟੀਮ ਵਿੱਚੋਂ ਇੱਕ ਜਣੇ ਨੇ ਜਹਾਜ਼ ਉਡਾਉਣ ਦੀ ਸਿਖਲਾਈ ਲਈ ਹੋਈ ਸੀ। ਉਨ੍ਹਾਂ ਨੇ ਇਹ ਸਿਖਲਾਈ ਅਮਰੀਕਾ ਦੇ ਫਲਾਈਂਗ ਸਕੂਲਾਂ ਵਿੱਚ ਹੀ ਲਈ ਸੀ।

ਪੰਦਰਾਂ ਅਗਵਾਕਾਰ ਬਿਨ ਲਾਦੇਨ ਵਾਂਗ ਹੀ ਸਾਊਦੀ ਨਾਲ ਸੰਬੰਧਿਤ ਸਨ। ਦੋ ਸੰਯੁਕਤ ਅਰਬ ਅਮੀਰਾਤ ਤੋਂ ਸਨ, ਇੱਕ ਮਿਸਰ ਤੋਂ ਅਤੇ ਇੱਕ ਲੰਡਨ ਤੋਂ ਸੀ।

ਅਮਰੀਕਾ ਨੇ ਕੀ ਪ੍ਰਤੀਕਿਰਿਆ ਦਿੱਤੀ?

ਹਮਲਿਆਂ ਤੋਂ ਬਾਅਦ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅਮਰੀਕੀ ਰਾਸ਼ਟਰਪਤੀ ਜੌਰਜ ਡਬਲਿਊ ਬੁਸ਼ ਨੇ ਅਫ਼ਗਾਨਿਸਤਾਨ ਉੱਪਰ ਹਮਲੇ ਦਾ ਐਲਾਨ ਕਰ ਦਿੱਤਾ।

ਅਲਕਾਇਦਾ ਅਤੇ ਬਿਨ ਲਾਦੇਨ ਨੂੰ ਮਾਰ ਮੁਕਾਉਣ ਦੇ ਇਸ ਮਿਸ਼ਨ ਵਿੱਚ ਨਾਟੋ ਅਤੇ ਮਿੱਤਰ ਦੇਸ਼ਾਂ ਦੀਆਂ ਫ਼ੌਜਾਂ ਨੇ ਵੀ ਅਮਰੀਕਾ ਦਾ ਸਾਥ ਦਿੱਤਾ।

ਹਾਲਾਂਕਿ ਬਿਨ ਲਾਦੇਨ ਨੂੰ ਲੱਭ ਕੇ ਮਾਰਨ ਵਿੱਚ ਸਫ਼ਲਤਾ ਅਮਰੀਕਾ ਨੂੰ 2011 ਵਿੱਚ ਹੀ ਹਾਸਲ ਹੋ ਸਕੀ। ਮਾਰੇ ਜਾਣ ਸਮੇਂ ਲਾਦੇਨ ਪਾਕਿਸਤਾਨ ਵਿੱਚ ਸੀ।

ਹਮਲਿਆਂ ਦੇ ਕਥਿਤ ਮੁਲਜ਼ਮ ਖ਼ਾਲਿਦ ਸ਼ੇਖ਼ ਮੁਹੰਮਦ ਨੂੰ ਪਾਕਿਸਤਾਨ ਵਿੱਚੋਂ ਸਾਲ 2003 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।

ਉਸ ਖ਼ਿਲਾਫ਼ ਅਜੇ ਅਮਰੀਕਾ ਵਿੱਚ ਮੁਕੱਦਮਾ ਚੱਲ ਰਿਹਾ ਹੈ।

ਅਲ ਕਾਇਦਾ ਅਜੇ ਵੀ ਹੋਂਦ ਰੱਖਦੀ ਹੈ। ਉਪ-ਸਹਾਰਨ ਅਫ਼ਰੀਕਾ ਨੂੰ ਇਸ ਦਾ ਗੜ੍ਹ ਮੰਨਿਆ ਜਾਂਦਾ ਹੈ। ਉਸ ਦੇ ਕੁਝ ਮੈਂਬਰ ਅਫ਼ਗਾਨਿਸਤਾਨ ਵਿੱਚ ਵੀ ਹਨ।

ਅਮਰੀਕੀ ਫ਼ੌਜਾਂ ਅਫ਼ਗਾਨਿਸਤਾਨ ਵਿੱਚ 20 ਸਾਲ ਬਾਅਦ ਨਿਕਲੀਆਂ। ਜਿਸ ਤੋਂ ਬਾਅਦ ਉੱਥੇ ਤਾਲਿਬਾਨ ਦਾ ਕਬਜ਼ਾ ਕਾਇਮ ਹੋ ਗਿਆ ਅਤੇ ਇਸਲਾਮਿਕ ਸਟੇਟ ਦੀ ਵਾਪਸੀ ਦੇ ਡਰ ਵੀ ਜਤਾਏ ਜਾ ਰਹੇ ਹਨ।

9/11 ਦੇ ਹਮਲੇ ਦੀ ਵਿਰਾਸਤ

ਹਮਲਿਆਂ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਹਵਾਈ ਜਹਾਜ਼ਾਂ ਦੀ ਸੁਰੱਖਿਆ ਵਧਾ ਦਿੱਤੀ ਗਈ।

ਅਮਰੀਕਾ ਵਿੱਚ ਹਵਾਈ ਅੱਡਿਆਂ ਅਤੇ ਹਵਾਈ ਜਹਾਜ਼ਾਂ ਦੀ ਸੁਰੱਖਿਆ ਦੇਖਣ ਲਈ ਟਰਾਂਸਪੋਰਟੇਸ਼ਨ ਸਕਿਊਰਿਟੀ ਐਡਮਨਿਸਟਰੇਸ਼ਨ ਖੜ੍ਹੀ ਕੀਤੀ ਗਈ।

ਟਵਿਨ ਟਾਵਰਾਂ ਦੇ ਮਲਬੇ ਨੂੰ ਸਾਫ਼ ਕਰਨ ਵਿੱਚ ਅੱਠ ਤੋਂ ਜ਼ਿਆਦਾ ਮਹੀਨਿਆਂ ਦਾ ਸਮਾਂ ਲੱਗਿਆ।

ਜਿੱਥੇ ਟਾਵਰ ਡਿੱਗੇ ਸਨ ਜਾਂ ਹਮਲਾ ਹੋਇਆ ਸੀ ਉਸ ਥਾਂ ਨੂੰ 'ਗ੍ਰਾਊਂਡ ਜ਼ੀਰੋ' ਦਾ ਨਾਮ ਦਿੱਤਾ ਗਿਆ।

ਇਸ ਜਗ੍ਹਾ ਤੇ ਹੁਣ ਇੱਕ ਯਾਦਗਾਰ ਅਤੇ ਅਜਾਇਬਘਰ ਹੈ। ਇਮਾਰਤਾਂ ਦੀ ਮੁੜ ਉਸਾਰੀ ਕਰ ਦਿੱਤੀ ਗਈ ਹੈ।

ਹੁਣ ਇਨ੍ਹਾਂ ਦੇ ਨਾਮ ਵਨ ਵਰਲਡ ਟਰੇਡ ਸੈਂਟਰ ਜਾਂ ਫਰੀਡਮ ਟਾਵਰ ਨਾਮ ਦਿੱਤੇ ਗਏ ਹਨ।

ਹੁਣ ਇਨ੍ਹਾਂ ਦੀ ਉਚਾਈ ਪਹਿਲੇ ਟਾਵਰਾਂ ਨਾਲੋਂ ਵੀ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)