ਤਾਲਿਬਾਨ ਨੇ ਪਾਕਿਸਤਾਨ ਬਾਰਡਰ ਕੀਤਾ ਸੀਲ, ਭਾਰਤ ਨਾਲ ਵਪਾਰਕ ਰਿਸ਼ਤਿਆਂ 'ਤੇ ਕੀ ਹੋਵੇਗਾ ਅਸਰ

    • ਲੇਖਕ, ਅਭਿਜੀਤ ਸ਼੍ਰਿਵਾਸਤਵ
    • ਰੋਲ, ਬੀਬੀਸੀ ਪੱਤਰਕਾਰ

ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਦੇ ਨਾਲ ਵਪਾਰ ਨੂੰ ਲੈ ਕੇ ਸਭ ਤੋਂ ਜ਼ਿਆਦਾ ਖ਼ਦਸ਼ੇ ਜਤਾਏ ਜਾ ਰਹੇ ਸਨ। ਹੁਣ ਇਹ ਹਕੀਕਤ 'ਚ ਹੁੰਦਾ ਦਿਖ ਰਿਹਾ ਹੈ। ਭਾਰਤ ਨੇ ਕਿਹਾ ਹੈ ਕਿ ਤਾਲਿਬਾਨ ਨੇ ਉਸ ਦੇ ਨਾਲ ਸਰਹੱਦੀ ਵਪਾਰ ਬੰਦ ਕਰ ਦਿੱਤਾ ਹੈ।

ਚੁਫ਼ੇਰਿਓਂ ਮੈਦਾਨੀ ਹਿੱਸੇ ਨਾਲ ਘਿਰੇ ਅਫ਼ਗਾਨਿਸਤਾਨ ਦੇ ਨਾਲ ਭਾਰਤ ਦਾ ਵਪਾਰਕ ਲੈਣ-ਦੇਣ ਮੁੱਖ ਤੌਰ 'ਤੇ ਪਾਕਿਸਤਾਨ ਦੇ ਰਾਹ ਤੋਂ ਹੋ ਕੇ ਲੰਘਦਾ ਹੈ। ਦੋਵਾਂ ਦੇਸ਼ਾਂ ਵਿਚਾਲੇ ਸੜਕ ਤੋਂ ਹੋਣ ਵਾਲਾ ਇਹ ਵਪਾਰ ਹੁਣ ਠੱਪ ਹੈ।

ਫ਼ੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ (FIEO) ਨੇ ਕਿਹਾ ਹੈ ਕਿ ਗੱਡੀਆਂ ਦੀ ਆਵਾਜਾਈ ਹੁਣ ਰੋਕ ਦਿੱਤੀ ਗਈ ਹੈ ਜਿਸ ਕਾਰਨ ਲੱਖਾਂ ਡਾਲਰ ਦੇ ਸਮਾਨ ਦਾ ਇੰਪੋਰਟ ਤੇ ਐਕਸਪੋਰਟ ਰੁੱਕ ਗਿਆ ਹੈ।

ਫ਼ੈਡਰੇਸ਼ਨ ਦੇ ਮਹਾਨਿਦੇਸ਼ਕ ਅਜੇ ਸਹਾਇ ਨੇ ਬੀਬੀਸੀ ਨੂੰ ਕਿਹਾ, ''ਤਾਲਿਬਾਨ ਨੇ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਬਾਰਡਰ ਸੀਲ ਕਰ ਦਿੱਤਾ ਹੈ। ਅਫ਼ਗਾਨਿਸਤਾਨ ਤੋਂ ਹੋਣ ਵਾਲਾ ਜ਼ਿਆਦਾਤਰ ਇੰਪੋਰਟ ਪਾਕਿਸਤਾਨ ਦੇ ਟ੍ਰਾਂਜ਼ਿਟ ਰੂਟ ਤੋਂ ਹੋਕੇ ਆਉਂਦਾ ਹੈ। ਫ਼ਿਲਹਾਲ ਉਹ ਰੂਟ ਬੰਦ ਹੈ। ਜਦੋਂ ਤੱਕ ਉਸ ਸਰਹੱਦ ਨੂੰ ਖੋਲ੍ਹਿਆ ਨਹੀਂ ਜਾਂਦਾ, ਉੱਥੋਂ ਵਪਾਰ ਬੰਦ ਹੈ। ਐਕਸਪੋਰਟਰ ਚਿੰਤਾ 'ਚ ਹਨ ਤੇ ਸ਼ਸ਼ੋਪੰਜ ਦੀ ਸਥਿਤੀ ਵਿੱਚ ਹਨ।''

ਉਨ੍ਹਾਂ ਨੇ ਕਿਹਾ, ''ਫ਼ਿਲਹਾਲ ਸਥਿਤੀ ਚਿੰਤਾਜਨਕ ਹੈ। ਅਸੀਂ ਸਥਿਤੀ 'ਤੇ ਨਜ਼ਰ ਰੱਖੀ ਹੋਈ ਹੈ।''

ਇਹ ਵੀ ਪੜ੍ਹੋ:

ਅਫ਼ਗਾਨਿਸਤਾਨ ਦੇ ਐਕਸਪੋਰਟ 'ਚ ਭਾਈਵਾਲ

ਅਫ਼ਗਾਨਿਸਤਾਨ ਦੇ ਐਕਸਪੋਰਟ ਵਿੱਚ ਉਸ ਦੇ ਕੁੱਲ ਘਰੇਲੂ ਉਤਪਾਦ ਦਾ 20 ਫੀਸਦ ਹੈ। ਕਹਿਣ ਤੋਂ ਭਾਵ ਇਹ ਕਿ ਅਫ਼ਗਾਨਿਸਤਾਨ ਦੀ ਅਰਥਵਿਵਸਥਾ ਦਾ ਪੰਜਵਾਂ ਹਿੱਸਾ ਉਸ ਦੇ ਐਕਸਪੋਰਟ ਉੱਤੇ ਨਿਰਭਰ ਹੈ। ਉਸ ਦੇ ਕੁੱਲ ਐਕਸਪੋਰਟ ਦਾ 45 ਫੀਸਦ ਹਿੱਸਾ ਕਾਲੀਨ (ਗਲੀਚਾ) ਅਤੇ ਕਾਰਪੇਟ ਦਾ ਹੈ। ਇਸ ਤੋਂ ਬਾਅਕ ਸੁੱਕਾ ਮੇਵਾ (31 ਫੀਸਦੀ) ਅਤੇ ਔਸ਼ਧੀ ਪੌਧੇ (12 ਫੀਸਦੀ) ਆਉਂਦੇ ਹਨ।

ਜੇ ਗੱਲ ਉਨ੍ਹਾਂ ਦੇਸ਼ਾਂ ਦੀ ਕਰੀਏ ਜੋ ਅਫ਼ਗਾਨਿਸਤਾਨ ਦੇ ਸਭ ਤੋਂ ਵੱਡੇ ਐਕਸਪੋਰਟ ਭਾਈਵਾਲ ਹਨ ਤਾਂ ਪਾਕਿਸਤਾਨ (ਕੁੱਲ ਐਕਸਪੋਰਟ ਦਾ 48 ਫੀਸਦ) ਦਾ ਸਥਾਨ ਸਭ ਤੋਂ ਉੱਤੇ ਹੈ। ਇਸ ਤੋਂ ਬਾਅਦ ਭਾਰਤ (19 ਫੀਸਦ) ਦੂਜੇ ਨੰਬਰ 'ਤੇ ਹੈ ਅਤੇ ਰੂਸ (9 ਫੀਸਦ) ਤੀਜੇ ਨੰਬਰ 'ਤੇ ਹੈ। ਹੋਰ ਭਾਈਵਾਲ ਮੁਲਕਾਂ ਵਿੱਚ ਇਰਾਨ, ਈਰਾਕ ਅਤੇ ਤੁਰਕੀ ਸ਼ਾਮਲ ਹਨ।

10 ਹਜ਼ਾਰ ਕਰੋੜ ਤੋਂ ਵੱਧ ਦਾ ਦੋ-ਪਾਸੜ ਵਪਾਰ

ਭਾਰਤ ਲੰਘੇ 20 ਸਾਲਾਂ ਦੌਰਾਨ ਅਫ਼ਗਾਨਿਸਤਾਨ ਦਾ ਸਭ ਤੋਂ ਵੱਡਾ ਸਹਿਯੋਗੀ ਰਿਹਾ ਹੈ। ਉੱਥੇ ਬੰਨ੍ਹ, ਸਕੂਲ ਅਤੇ ਸੜਕਾਂ ਦੇ ਵਿਕਾਸ 'ਚ ਭਾਰਤ ਨੇ ਲੱਖਾਂ ਰੁਪਏ ਨਿਵੇਸ਼ ਕੀਤੇ ਹਨ। ਅਫ਼ਗਾਨਿਸਤਾਨ ਦੀ ਸੰਸਦ ਦੀ ਇਮਾਰਤ ਵੀ ਭਾਰਤ ਦੀ ਹੀ ਦੇਣ ਹੈ।

ਭਾਰਤ ਐਕਸਪੋਰਟ ਦੇ ਮਾਮਲੇ 'ਚ ਵੀ ਅਫ਼ਗਾਨਿਸਤਾਨ ਦਾ (ਪਾਕਿਸਤਾਨ ਤੋਂ ਬਾਅਦ) ਦੂਜਾ ਸਭ ਤੋਂ ਵੱਡਾ ਸਹਿਯੋਗੀ ਹੈ।

ਭਾਰਤ-ਅਫ਼ਗਾਨਿਸਤਾਨ ਵਿਚਾਲੇ ਲੰਘੇ ਸਾਲ (2020-21) 1.4 ਬਿਲੀਅਨ ਡਾਲਰ ਯਾਨੀ ਲਗਭਗ 10,387 ਕਰੋੜ ਰੁਪਏ ਦਾ ਦੋ-ਪਾਸੜ ਵਪਾਰ ਕੀਤਾ ਗਿਆ ਜਦ ਕਿ 2019-20 ਦੇ ਵਿੱਤੀ ਵਰੇ 'ਚ 1.5 ਅਰਬ ਡਾਲਰ ਯਾਨੀ ਲਗਭਗ 11,131 ਕਰੋੜ ਰੁਪਏ ਦਾ ਵਪਾਰ ਹੋਇਆ ਸੀ।

2020-21 ਵਿੱਚ ਭਾਰਤ ਨੇ ਲਗਭਗ 6,129 ਕਰੋੜ ਰੁਪਏ ਦਾ ਐਕਸਪੋਰਟ ਕੀਤਾ ਸੀ ਅਤੇ ਲਗਭਗ 3,783 ਕਰੋੜ ਰੁਪਏ ਦੇ ਉਤਪਾਦਾਂ ਦਾ ਐਕਸਪੋਰਟ ਕੀਤੀ ਸੀ।

ਵਿੱਤੀ ਵਰੇ 2019-20 'ਚ ਭਾਰਤ ਨੇ ਅਫ਼ਗਾਨਿਸਤਾਨ ਤੋਂ 7,410 ਕਰੋੜ ਰੁਪਏ ਦਾ ਐਕਸਪੋਰਟ ਕੀਤਾ ਸੀ ਅਤੇ 3936.87 ਕਰੋੜ ਰੁਪਏ ਦਾ ਇੰਪੋਰਟ ਕੀਤਾ ਗਿਆ।

2001 ਵਿੱਚ ਤਾਲਿਬਾਨ ਸਰਕਾਰ ਦੇ ਪਤਨ ਤੋਂ ਬਾਅਦ ਅਫ਼ਗਾਨਿਸਤਾਨ ਅੰਤਰਰਾਸ਼ਟਰੀ ਵਪਾਰ ਲਈ ਖੁੱਲ਼੍ਹਿਆ।

ਇਸ ਤੋਂ ਬਾਅਦ ਲੰਘੇ 20 ਸਾਲਾਂ ਦੌਰਾਨ ਅਫ਼ਗਾਨਿਸਤਾਨ ਦੀ ਅਰਥਵਿਵਸਥਾ ਮੂਲ ਰੂਪ 'ਚ ਅੰਤਰਰਾਸ਼ਟਰੀ ਸਹਾਇਤਾ ਉੱਤੇ ਹੀ ਟਿਕੀ ਰਹੀ ਅਤੇ ਭਾਰਤ ਉਸ ਦਾ ਸਭ ਤੋਂ ਵੱਡਾ ਭਾਈਵਾਲ ਦੇਸ਼ ਬਣਿਆ।

ਉੱਥੇ ਕਈ ਪਰਿਯੋਜਨਾਵਾਂ 'ਚ ਨਿਵੇਸ਼ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਾਂਝ ਵੀ ਵੱਡੇ ਪੱਧਰ ਉੱਤੇ ਹੋਈ।

ਦੋਵਾਂ ਦੇਸ਼ਾਂ ਵਿਚਾਲੇ ਵਪਾਰ 'ਚ ਕਿਸ ਕਦਰ ਤੱਕ ਇਜ਼ਾਫ਼ਾ ਹੋਇਆ, ਇਸ ਨੂੰ ਅਸੀਂ ਅੰਕੜਿਆਂ ਰਾਹੀਂ ਦੇਖ ਸਕਦੇ ਹਾਂ।

2015-16 ਅਤੇ 2019-20 ਵਿਚਾਲੇ ਅਫ਼ਗਾਨਿਸਤਾਨ 'ਚ ਭਾਰਤ ਤੋਂ ਐਕਸਪੋਰਟ 'ਚ 89 ਫੀਸਦ ਦਾ ਵਾਧਾ ਦੇਖਿਆ ਗਿਆ ਤਾਂ ਇਸੇ ਦੌਰਾਨ ਭਾਰਤ 'ਚ ਇੰਪੋਰਟ 72 ਫੀਸਦ ਵਧਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਅਫ਼ਗਾਨਿਸਤਾਨ ਤੋਂ ਭਾਰਤ ਕੀ ਖਰੀਦਦਾ ਹੈ?

ਦੁਨੀਆ ਭਰ ਵਿੱਚ ਇੰਪੋਰਟ ਹੁੰਦੇ ਸੁੱਕੇ ਮੇਵੇ, ਅਖਰੋਟ ਅਤੇ ਬਾਦਾਮ ਦਾ 80 ਫੀਸਦੀ ਹਿੱਸਾ ਯੂਰਪ ਅਤੇ ਏਸ਼ੀਆ ਵਿੱਚ ਜਾਂਦਾ ਹੈ। 2006 ਤੋਂ 2016 ਵਿਚਾਲੇ ਸੁੱਕੇ ਮੇਵੇ, ਅਖਰੋਟ, ਬਾਦਾਮ ਦਾ ਵਿਸ਼ਵ ਪੱਧਰ 'ਤੇ ਇੰਪੋਰਟ ਦੁੱਗਣਾ ਹੋ ਗਿਆ।

ਏਸ਼ੀਆ ਵਿੱਚ ਇਸ ਦੇ ਸਭ ਤੋਂ ਵੱਡੇ ਇੰਪੋਰਟਰ ਚੀਨ, ਭਾਰਤ ਅਤੇ ਵਿਅਤਨਾਮ ਹਨ ਜਿੱਥੇ ਲੰਘੇ ਡੇਢ ਦਹਾਕੇ ਦੌਰਾਨ ਆਰਥਿਕ ਵਿਕਾਸ ਵਿੱਚ ਤੇਜ਼ੀ ਦੇਖੀ ਗਈ ਹੈ।

ਹਾਲਾਂਕਿ ਅਫ਼ਗਾਨਿਸਤਾਨ ਡ੍ਰਾਈ ਫਰੂਟ ਦੇ ਦੁਨੀਆ ਦੇ ਸਭ ਤੋਂ ਵੱਡੇ ਐਕਸਪੋਰਟਰ ਦੇਸ਼ਾਂ ਵਿੱਚ ਨਹੀਂ ਆਉਂਦਾ। ਪਰ ਅਫ਼ਗਾਨਿਸਤਾਨ ਦੇ ਡ੍ਰਾਈ ਫਰੂਟ ਦੇ ਸਭ ਤੋਂ ਵੱਡੇ ਇੰਪੋਰਟਰ ਦੇਸ਼ਾਂ ਵਿੱਚ ਭਾਰਤ ਹੈ।

ਫ਼ੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ (FIEO) ਦੇ ਅਜੇ ਸਹਾਇ ਕਹਿੰਦੇ ਹਨ, ''ਅਸੀਂ ਅਫ਼ਗਾਨਿਸਤਾਨ ਤੋਂ ਜੋ ਉਤਪਾਦ ਇੰਪੋਰਟ ਕਰਦੇ ਹਾਂ ਉਸ ਦਾ ਅੱਧੇ ਤੋਂ ਵੱਧ ਹਿੱਸਾ ਡ੍ਰਾਈ ਫਰੂਟ ਦਾ ਹੈ। ਥੋੜ੍ਹਾ ਫ੍ਰੈਸ਼ ਫਰੂਟ ਹੈ। ਕੁਝ ਮਸਾਲੇ ਹਨ, ਥੋੜ੍ਹਾ ਪਿਆਜ਼ ਵੀ ਖਰੀਦਦੇ ਹਾਂ। ਸਰਹੱਦਾਂ ਬੰਦ ਕਰਨ ਨਾਲ ਜੇ ਕਿਸੇ ਉਤਪਾਦ ਉੱਤੇ ਅਸਰ ਪੈ ਸਕਦਾ ਹੈ ਤਾਂ ਉਹ ਡ੍ਰਾਈ ਫਰੂਟ ਹੈ।''

ਅਫ਼ਗਾਨਿਸਤਾਨ ਤੋਂ ਖਰੀਦੇ ਜਾਣ ਵਾਲੇ ਡ੍ਰਾਈ ਫਰੂਟਸ ਦੀ ਲਿਸਟ ਲੰਬੀ ਹੈ। ਉੱਥੋਂ ਭਾਰਤ ਬਦਾਮ, ਅਖਰੋਟ, ਕਿਸ਼ਮਿਸ਼, ਅੰਜੀਰ, ਪਿਸਤਾ, ਪਾਈਨ ਨਟ, ਸੁੱਕੀ ਖੁਬਾਨੀ ਦਾ ਇੰਪੋਰਟ ਕਰਦਾ ਹੈ।

ਤਾਜ਼ਾ ਫਲਾਂ 'ਚ ਖੁਬਾਨੀ, ਅਨਾਰ, ਸੇਬ, ਚੈਰੀ, ਖਰਬੂਜਾ, ਤਰਬੂਜ਼ ਅਤੇ ਕਈ ਔਸ਼ਧੀ ਜੜੀ ਬੂਟੀਆਂ ਅਫ਼ਗਾਨਿਸਤਾਨ ਤੋਂ ਇੰਪੋਰਟ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਉੱਥੋਂ ਹੀਂਗ, ਜੀਰਾ ਅਤੇ ਕੇਸਰ ਵੀ ਇੰਪੋਰਟ ਕੀਤਾ ਜਾਂਦਾ ਹੈ।

ਅਫ਼ਗਾਨਿਸਤਾਨ ਦੀ ਐਕਸਪੋਰਟ ਰਣਨੀਤੀ 'ਤੇ ਇੰਟਰਨੈਸ਼ਨਲ ਟ੍ਰੇਡ ਸੈਂਟਰ ਦੀ ਇੱਕ ਰਿਪੋਰਟ ਅਨੁਸਾਰ ਦੁਨੀਆ 'ਚ ਡ੍ਰਾਈ ਫਰੂਟ ਦੇ ਵੱਡੇ ਇੰਪੋਰਟਰਾਂ ਵਿੱਚੋਂ ਭਾਰਤ ਇੱਕ ਹੈ।

ਡ੍ਰਾਈ ਫਰੂਟ ਇੰਪੋਰਟ ਕਰਨ ਦੇ ਮਾਮਲੇ 'ਚ ਅਮਰੀਕਾ, ਜਰਮਨੀ ਅਤੇ ਹਾਂਗ-ਕਾਂਗ ਤੋਂ ਬਾਅਦ ਭਾਰਤ ਚੌਥੇ ਨੰਬਰ 'ਤੇ ਹੈ। ਭਾਰਤ 'ਚ ਇੰਪੋਰਟ ਕੀਤੇ ਜਾਣ ਵਾਲੀ ਡ੍ਰਾਈ ਫਰੂਟ ਦਾ ਵੱਡਾ ਹਿੱਸਾ ਅਫ਼ਗਾਨਿਸਤਾਨ ਤੋਂ ਆਉਂਦਾ ਹੈ।

ਐਕਸਪੋਰਟ 'ਤੇ ਅਸਰ

ਭਾਰਤ ਜੋ ਚੀਜ਼ਾਂ ਅਫ਼ਗਾਨਿਸਤਾਨ ਨੂੰ ਵੇਚਦਾ ਹੈ, ਉਸ 'ਚ ਦਵਾਈਆਂ, ਚਾਹ ਪੱਤੀ ਅਤੇ ਕੌਫ਼ੀ ਮੁੱਖ ਹਨ। ਭਾਰਤ ਤੋਂ ਕਾਲੀ ਮਿਰਚ ਅਤੇ ਕਪਾਹ ਐਕਸਪੋਰਟ ਕੀਤੀ ਜਾਂਦੀ ਹੈ।

ਅਜੇ ਸਹਾਇ ਕਹਿੰਦੇ ਹਨ, ''ਸਾਡਾ ਜ਼ਿਆਦਾਤਰ ਐਕਸਪੋਰਟ ਇਰਾਨ ਤੋਂ ਹੋ ਕੇ ਜਾਂਦਾ ਹੈ, ਕੁਝ ਦੁਬਈ ਤੋਂ ਵੀ ਜਾਂਦਾ ਹੈ। ਐਕਸਪੋਰਟਰ ਚਿੰਤਤ ਹਨ। ਉਹ ਸ਼ਸ਼ੋਪੰਜ ਵਿੱਚ ਹਨ, ਡਿਲੀਵਰੀ ਲਈ ਥੋੜ੍ਹਾ ਰੁਕਣ ਦਾ ਜਿਨ੍ਹਾਂ ਕੋਲ ਵਕਤ ਹੈ ਉਹ ਥੋੜ੍ਹੀ ਦੇਰੀ ਕਰ ਰਹੇ ਹਨ। ਕੁਝ ਮਾਮਲਿਆਂ 'ਚ ਅਫ਼ਗਾਨਿਸਤਾਨ ਦੇ ਇੰਪੋਰਟਰਾਂ ਨੇ ਵੀ ਉਤਪਾਦਕਾਂ ਤੋਂ ਸ਼ਿਪਮੈਂਟ ਭੇਜਣ ਨੂੰ ਲੈ ਕੇ ਥੋੜ੍ਹ ਰੁਕਣ ਨੂੰ ਕਿਹਾ ਹੈ।''

ਉਨ੍ਹਾਂ ਨੇ ਕਿਹਾ ਕਿ ਵਪਾਰੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਕ੍ਰੈਡਿਟ ਇੰਸ਼ੋਰੈਂਸ ਜ਼ਰੂਰ ਲੈਣ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਅਸਰ ਪੈ ਸਕਦਾ ਹੈ।

ਉਹ ਕਹਿੰਦੇ ਹਨ, ''ਐਕਸਪੋਰਟਰਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜੇ ਅਫ਼ਗਾਨਿਸਤਾਨ 'ਚ ਡਿਲੀਵਰੀ ਕਰਨੀ ਹੈ ਤਾਂ ਕ੍ਰੈਡਿਟ ਇੰਸ਼ੋਰੈਂਸ ਜ਼ਰੂਰ ਲੈਣ। ਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਪੇਮੈਂਟ 'ਤੇ ਕਿਸ ਤਰ੍ਹਾਂ ਦੀ ਪਾਬੰਦੀ ਲਗਾਈ ਜਾਂਦੀ ਹੈ, ਬੈਂਕਿੰਗ ਸੁਵਿਧਾਵਾਂ ਕੀ ਹੋਣਗੀਆਂ, ਵਪਾਰ 'ਤੇ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ, ਇਹ ਪਤਾ ਨਹੀਂ ਹੈ।"

"ਇਸ ਲਈ ਫ਼ਿਲਹਾਲ ਅਸੀਂ ਇਸ 'ਤੇ ਨਜ਼ਰ ਬਣਾਈ ਹੈ ਪਰ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਸਥਿਤੀ ਆਉਂਦੀ ਹੈ ਤਾਂ ਕੁਝ ਦਿਨ ਤੱਕ ਵਪਾਰ ਉੱਤੇ ਅਸਰ ਜ਼ਰੂਰ ਪੈਂਦਾ ਹੈ।''

''ਕਿਉਂਕਿ ਭਾਰਤ ਤੋਂ ਐਕਸਪੋਰਟ ਦਾ ਇੱਕ ਬਹੁਤ ਛੋਟਾ ਹਿੱਸਾ ਅਫ਼ਗਾਨਿਸਤਾਨ ਨੂੰ ਜਾਂਦਾ ਹੈ ਯਾਨੀ ਇਹ ਇੰਨਾ ਜ਼ਿਆਦਾ ਸਮਾਨ ਨਹੀਂ ਹੈ ਕਿ ਇਸ ਨਾਲ ਬਜ਼ਾਰ ਪ੍ਰਭਾਵਿਤ ਹੋ ਸਕੇ। ਹਾਂ, ਇਸ ਦਾ ਕਿਸੇ ਵਿਅਕਤੀਗਤ ਐਕਸਪੋਰਟਰ ਉੱਤੇ ਅਸਰ ਜ਼ਰੂਰ ਪੈ ਸਕਦਾ ਹੈ ਪਰ ਭਾਰਤ 'ਚ ਕਿਸੇ ਇੱਕ ਸੈਕਟਰ ਉੱਤੇ ਇਸ ਦਾ ਸਿੱਧਾ ਅਸਰ ਪਵੇ ਇਹ ਸੰਭਵ ਨਹੀਂ ਹੈ।''

ਹਾਲਾਂਕਿ ਸਹਾਇ ਇਹ ਵੀ ਕਹਿੰਦੇ ਹਨ ਕਿ ਜਦੋਂ ਵੀ ਕਿਸੇ ਸਰੋਤ ਤੋਂ ਇੰਪੋਰਟ ਰੁਕਦਾ ਹੈ ਤਾਂ ਅਟਕਲਾਂ 'ਚ ਕੀਮਤਾਂ ਵੱਧ ਜਾਂਦੀਆਂ ਹਨ ਅਤੇ ਜੇ ਵਪਾਰਕ ਰਿਸ਼ਤੇ ਬੰਦ ਕਰ ਦਿੱਤੇ ਜਾਣ ਤਾਂ ਨਿਸ਼ਚਤ ਤੌਰ 'ਤੇ ਹੀ ਡ੍ਰਾਈ ਫਰੂਟ ਦੀਆਂ ਕੀਮਤਾਂ ਉੱਤੇ ਅਸਰ ਪਵੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)