ਲਵਪ੍ਰੀਤ ਸਿੰਘ ਮਾਮਲਾ: ਕੁੜੀ ਖ਼ਿਲਾਫ਼ ਕੇਸ ਦਰਜ ਹੋਣ ਦੇ ਬਾਵਜੂਦ ਪਰਿਵਾਰ ਨਿਰਾਸ਼ ਕਿਉਂ

ਲਵਪ੍ਰੀਤ ਸਿੰਘ

ਤਸਵੀਰ ਸਰੋਤ, Sukhcharanpreet/bbc

ਤਸਵੀਰ ਕੈਪਸ਼ਨ, ਲਵਪ੍ਰੀਤ ਸਿੰਘ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਕੁੜੀ ਨੇ ਧੋਖਾ ਦਿੱਤਾ ਹੈ
    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

ਵਿਦੇਸ਼ ਜਾਣ ਦੀ ਇੱਛਾ ਲਈ ਵਿਆਹ, ਕਥਿਤ ਧੋਖਾਧੜੀ ਅਤੇ ਮੌਤ ਕਰਕੇ ਪਿਛਲੇ ਕਈ ਦਿਨਾਂ ਤੋਂ ਬਰਨਾਲਾ ਦੇ ਕੋਠਾ ਗੋਬਿੰਦਪੁਰਾ ਦੇ ਲਵਪ੍ਰੀਤ ਸਿੰਘ ਕੇਸ ਵਿੱਚ ਪੰਜਾਬ ਪੁਲਿਸ ਨੇ ਐੱਫ਼ਆਈਆਰ ਦਰਜ ਕਰ ਲਈ ਹੈ।

ਮੰਗਲਵਾਰ ਸ਼ਾਮ ਨੂੰ ਪੰਜਾਬ ਪੁਲਿਸ ਵੱਲੋਂ ਥਾਣਾ ਧਨੌਲਾ ਵਿਖੇ ਹੋਈ ਐਫਆਈਆਰ ਅਨੁਸਾਰ ਲਵਪ੍ਰੀਤ ਸਿੰਘ ਦੀ ਪਤਨੀ ਖਿਲਾਫ਼ ਧਾਰਾ 420 ਤਹਿਤ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।

ਵਿਦੇਸ਼ ਜਾਣ ਅਤੇ ਉੱਥੋਂ ਦੀ ਨਾਗਰਿਕਤਾ ਹਾਸਿਲ ਕਰਨ ਲਈ ਬਰਨਾਲਾ ਦੇ ਕੋਠੇ ਗੋਬਿੰਦਪੁਰਾ ਨਿਵਾਸੀ ਲਵਪ੍ਰੀਤ ਸਿੰਘ ਨੇ ਪੰਜਾਬ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ। ਜੋ ਬਾਅਦ ਵਿੱਚ ਕੈਨੇਡਾ ਚਲੀ ਗਈ।

ਭਾਰਤ ਵਿੱਚ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ, ਜਿਸ ਨੂੰ ਪਰਿਵਾਰ ਆਤਮਹੱਤਿਆ ਮੰਨਦਾ ਹੈ।

ਪੰਜਾਬ ਵਿੱਚ ਅਜਿਹਾ ਰੁਝਾਨ ਕਾਫ਼ੀ ਚੱਲ ਪਿਆ ਹੈ ਕਿ ਲੋਕ ਜਿੰਨ੍ਹਾਂ ਦਾ ਆਪਣਾ ਮੁੰਡਾ ਆਈਲੈੱਟਸ ਪਾਸ ਨਹੀਂ ਕਰ ਸਕਦਾ, ਉਹ ਅਜਿਹੀ ਕੁੜੀ ਲੱਭਦੇ ਹਨ ਜੋ ਆਈਲੈੱਟਸ ਵਿੱਚ ਵਿਦੇਸ਼ ਜਾਣ ਲਈ ਲੋੜੀਂਦੇ ਬੈਂਡ ਲੈ ਸਕੇ।

ਅਜਿਹੀ ਕੁੜੀ ਨਾਲ ਮੁੰਡੇ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਕੁੜੀ ਨੂੰ ਪੜ੍ਹਨ ਵਿਦੇਸ਼ ਭੇਜ ਦਿੱਤਾ ਜਾਂਦਾ ਹੈ। ਮੁੰਡੇ ਵਾਲੇ ਸਾਰਾ ਖ਼ਰਚਾ ਚੁੱਕਦੇ ਹਨ ਅਤੇ ਕੁੜੀ ਪੜ੍ਹਾਈ ਕਰਨ ਦੇ ਨਾਲ ਮੁੰਡੇ ਨੂੰ ਵੀ ਵਿਦੇਸ਼ ਲੈ ਜਾਂਦੀ ਹੈ।

ਲਵਪ੍ਰੀਤ ਦਾ ਮਾਮਲਾ ਵੀ ਅਜਿਹਾ ਹੀ ਦੱਸਿਆ ਜਾ ਰਿਹਾ ਹੈ, ਪਰ ਇਸ ਵਿੱਚ ਕੁੜੀ ਉੱਤੇ ਇਲਜ਼ਾਮ ਹੈ ਕਿ ਉਹ ਕੈਨੇਡਾ ਜਾ ਕੇ ਮੁੰਡੇ ਨੂੰ ਲਿਜਾਉਣ ਤੋਂ ਮੁੱਕਰ ਗਈ।

ਇਹ ਵੀ ਪੜ੍ਹੋ-

ਪਰਿਵਾਰ ਵੱਲੋਂ ਬਠਿੰਡਾ ਚੰਡੀਗੜ੍ਹ ਹਾਈਵੇ ਜਾਮ

ਕੈਨੇਡਾ ਰਹਿੰਦੀ ਲਵਪ੍ਰੀਤ ਦੀ ਪਤਨੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਪਰ ਮ੍ਰਿਤਕ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਲੋਕ ਇਸ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ। ਬੁੱਧਵਾਰ ਨੂੰ ਵਿਰੋਧ ਦੇ ਤੌਰ 'ਤੇ ਉਨ੍ਹਾਂ ਨੇ ਬਠਿੰਡਾ-ਚੰਡੀਗੜ੍ਹ ਹਾਈਵੇ ਜਾਮ ਕੀਤਾ।

ਇਸ ਪਰਚੇ ਦੀ ਜਾਣਕਾਰੀ ਦਿੰਦਿਆਂ ਧਨੌਲਾ ਥਾਣੇ ਦੇ ਮੁੱਖ ਪੁਲਿਸ ਅਫ਼ਸਰ ਹਰਸਿਮਰਨਜੀਤ ਸਿੰਘ ਨੇ ਦੱਸਿਆ, "ਪੁਲਿਸ ਵੱਲੋਂ ਇਸ ਕੇਸ ਵਿੱਚ 420 ਦਾ ਮਾਮਲਾ ਦਰਜ ਕੀਤਾ ਗਿਆ ਹੈ। ਲਵਪ੍ਰੀਤ ਸਿੰਘ ਦੇ ਪਿਤਾ ਦੇ ਬਿਆਨ ਦੇ ਆਧਾਰ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।"

ਲਵਪ੍ਰੀਤ ਦੇ ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ

ਤਸਵੀਰ ਸਰੋਤ, SUKHCHARANPREET/BBC

ਲਵਪ੍ਰੀਤ ਸਿੰਘ ਦਾ ਪਰਿਵਾਰ ਅਤੇ ਵਕੀਲ ਇਸ ਵਿੱਚ ਆਤਮਹੱਤਿਆ ਲਈ ਮਜਬੂਰ ਕਰਨ ਨਾਲ ਸੰਬੰਧਿਤ ਧਾਰਾਵਾਂ ਜੋੜਨ ਦੀ ਮੰਗ ਕਰ ਰਹੇ ਹਨ।

ਪਰਿਵਾਰ ਦੇ ਵਕੀਲ ਸੁਨੀਲ ਮੱਲ੍ਹਣ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਪੁਲਿਸ ਵੱਲੋਂ ਇਹ ਪਰਚਾ ਵਿਰੋਧ ਅਤੇ ਕੈਂਡਲ ਮਾਰਚ ਤੋਂ ਬਾਅਦ ਕੀਤਾ ਗਿਆ ਹੈ, 420 ਦਾ ਮੁਕੱਦਮਾ ਧੋਖਾਧੜੀ ਨਾਲ ਸਬੰਧਿਤ ਹੈ।"

"ਅਸੀਂ ਪੰਜਾਬ ਪੁਲਿਸ ਨੂੰ ਇਸ ਕੇਸ ਨਾਲ ਸਬੰਧਤ ਸਬੂਤ ਸੌਂਪ ਦਿੱਤੇ ਹਨ ਅਤੇ ਅਸੀਂ ਮੰਗ ਕਰਦੇ ਹਾਂ ਕਿ ਇਸ ਵਿੱਚ ਆਤਮਹੱਤਿਆ ਲਈ ਉਕਸਾਉਣ ਨਾਲ ਜੁੜੀਆਂ ਧਾਰਾਵਾਂ ਜਿਵੇਂ 306 ਜੋੜੀਆਂ ਜਾਣ।"

ਇਹ ਵੀ ਪੜ੍ਹੋ-

ਕੀ ਹੈ ਸਾਰਾ ਮਾਮਲਾ

ਮਰਹੂਮ ਲਵਪ੍ਰੀਤ ਦੇ ਪਰਿਵਾਰ ਮੁਤਾਬਕ 24 ਸਾਲਾ ਲਵਪ੍ਰੀਤ ਦਾ ਦੋ ਸਾਲ ਪਹਿਲਾਂ ਆਈਲੈੱਟਸ ਪਾਸ ਕੁੜੀ ਨਾਲ ਵਿਆਹ ਹੋਇਆ ਸੀ।

ਕੁੜੀ ਨੂੰ ਕੈਨੇਡਾ ਭੇਜਣ ਲਈ ਲਵਪ੍ਰੀਤ ਦੇ ਪਰਿਵਾਰ ਨੇ 24 ਲੱਖ ਰੁਪਏ ਦਾ ਖ਼ਰਚਾ ਕੀਤਾ ਸੀ।

ਪੰਜਾਬ ਪੁਲਿਸ ਵੱਲੋਂ ਧਾਰਾ 420 ਤਹਿਤ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ

ਤਸਵੀਰ ਸਰੋਤ, SUKHCARANPREET/BBC

ਤਸਵੀਰ ਕੈਪਸ਼ਨ, ਪੰਜਾਬ ਪੁਲਿਸ ਵੱਲੋਂ ਧਾਰਾ 420 ਤਹਿਤ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ

ਲਵਪ੍ਰੀਤ ਦੇ ਪਰਿਵਾਰ ਨੇ ਦੱਸਿਆ ਸੀ ਕਿ ਲਵਪ੍ਰੀਤ ਨਾਲ ਵਿਆਹ ਕਰਨ ਤੋਂ ਬਾਅਦ ਕੈਨੇਡਾ ਜਾ ਕੇ ਕੁੜੀ ਨੇ ਗੱਲਬਾਤ ਕਰਨੀ ਬੰਦ ਕਰ ਦਿੱਤੀ, ਜਿਸ ਤੋਂ ਨਿਰਾਸ਼ ਹੋ ਕੇ ਲਵਪ੍ਰੀਤ ਨੇ ਖ਼ੁਦਕੁਸ਼ੀ ਕਰ ਲਈ।

ਲਵਪ੍ਰੀਤ ਦੇ ਚਾਚਾ ਹਰਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਭਤੀਜੇ ਅਤੇ ਪਰਿਵਾਰ ਨਾਲ ਹੋਏ ਧੋਖੇ ਨੂੰ ਲੈ ਕੇ ਆਪਣੀ ਆਵਾਜ਼ ਸੋ਼ਸਲ ਮੀਡੀਆ 'ਤੇ ਚੁੱਕੀ ਸੀ।

ਧੋਖਾਧੜੀ ਨਾਲ ਸੰਬੰਧਿਤ ਐਫਆਈਆਰ ਦਰਜ ਹੋਣ ਤੋਂ ਬਾਅਦ ਬੁੱਧਵਾਰ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਆਖਿਆ,"ਅਸੀਂ ਲੱਖਾਂ ਰੁਪਏ ਕੁੜੀ ਨੂੰ ਵਿਦੇਸ਼ ਭੇਜਣ ਲਈ ਲਗਾਏ ਸਨ। ਅਸੀਂ ਆਪਣੀ ਜ਼ਮੀਨ ਵੇਚਣ ਦੇ ਕਿਨਾਰੇ ਖੜ੍ਹੇ ਹਾਂ। ਸਾਡੀ ਮੰਗ ਹੈ ਕਿ ਇਸ ਵਿੱਚ ਖ਼ੁਦਕੁਸ਼ੀ ਦੀਆਂ ਧਾਰਾਵਾਂ ਜੁੜਨ।"

ਲਵਪ੍ਰੀਤ ਦੇ ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ

ਤਸਵੀਰ ਸਰੋਤ, SUKHCHARANPREET/BBC

ਤਸਵੀਰ ਕੈਪਸ਼ਨ, ਲਵਪ੍ਰੀਤ ਦੇ ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ

ਪਰਿਵਾਰ ਦੀ ਇਸ ਮੰਗ ਨਾਲ ਸਬੰਧਤ ਸਵਾਲ ਪੁੱਛੇ ਜਾਣ ਬਾਰੇ ਪੁਲਿਸ ਅਧਿਕਾਰੀ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸੈਂਪਲ ਵਿਸਰਾ ਰਿਪੋਰਟ ਲਈ ਭੇਜੇ ਗਏ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ।

ਉਨ੍ਹਾਂ ਕਿਹਾ, "ਅਸੀਂ ਲੱਖਾਂ ਰੁਪਏ ਕੁੜੀ ਨੂੰ ਵਿਦੇਸ਼ ਭੇਜਣ ਲਈ ਲਗਾਏ ਸਨ ਪਰ ਉਸ ਨੇ ਲਵਪ੍ਰੀਤ ਨੂੰ ਲਿਜਾਣ ਲਈ ਕੋਈ ਪੈਰਵੀ ਨਹੀਂ ਕੀਤੀ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ਕੁੜੀ ਦੇ ਪਰਿਵਾਰ ਨੇ ਕੀ ਕਿਹਾ

ਉੱਧਰ ਕੁੜੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕੁੜੀ ਦੀ ਪਹਿਲਾਂ ਲਵਪ੍ਰੀਤ ਨਾਲ ਮੰਗਣੀ ਹੋਈ ਸੀ।

ਮੰਗਣੀ ਤੋਂ ਸਾਲ ਬਾਅਦ ਦੋਵਾਂ ਦਾ ਪੂਰੇ ਰੀਤੀ-ਰਿਵਾਜ਼ਾਂ ਨਾਲ ਵਿਆਹ ਹੋਇਆ ਸੀ। ਇਸ ਮਗਰੋਂ ਲਗਾਤਾਰ ਉਨ੍ਹਾਂ ਦੀ ਕੁੜੀ ਵਲੋਂ ਲਵਪ੍ਰੀਤ ਅਤੇ ਪੂਰੇ ਸਹੁਰਾ ਪਰਿਵਾਰ ਨਾਲ ਗੱਲਬਾਤ ਕੀਤੀ ਜਾਂਦੀ ਰਹੀ ਹੈ।

ਕੁੜੀ ਦਾ ਪਰਿਵਾਰ

ਤਸਵੀਰ ਸਰੋਤ, Sukhcharanpreet/bbc

ਤਸਵੀਰ ਕੈਪਸ਼ਨ, ਕੁੜੀ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਕੁੜੀ ਨੂੰ ਬੇਵਜਾ ਬਦਨਾਮ ਕੀਤਾ ਜਾ ਰਿਹਾ ਹੈ

ਲਵਪ੍ਰੀਤ ਨੂੰ ਕੈਨੇਡਾ ਲਿਜਾਣ ਲਈ ਵੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ।

ਪਰ ਕੋਰੋਨਾਵਾਇਰਸ ਕਰਕੇ ਲਵਪ੍ਰੀਤ ਦੇ ਕੈਨੇਡਾ ਜਾਣ ਵਿੱਚ ਦੇਰੀ ਹੋ ਗਈ। ਫਿਰ ਵੀ ਲਵਪ੍ਰੀਤ ਅਤੇ ਉਸ ਦਾ ਪਰਿਵਾਰ ਉਨ੍ਹਾਂ ਦੀ ਕੁੜੀ 'ਤੇ ਕੈਨੇਡਾ ਲਿਜਾਣ ਲਈ ਦਬਾਅ ਬਣਾਉਂਦਾ ਰਿਹਾ।

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕੁੜੀ ਵਲੋਂ ਲਵਪ੍ਰੀਤ ਅਤੇ ਪਰਿਵਾਰ ਨੂੰ ਪੈਸੇ ਵੀ ਭੇਜੇ ਜਾਂਦੇ ਰਹੇ ਹਨ ਪਰ ਹੁਣ ਲਵਪ੍ਰੀਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਕੁੜੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਚਰਚਾ

ਪੰਜਾਬ ਵਿੱਚ ਵਿਦੇਸ਼ ਜਾਣ ਲਈ ਹੁੰਦੇ ਫ਼ਰਜ਼ੀ ਵਿਆਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਵੀ ਇੱਕ ਨਿੱਜੀ ਚੈਨਲ ਦੁਆਰਾ ਇਸ ਬਾਰੇ ਸਵਾਲ ਕੀਤਾ ਗਿਆ ਸੀ।

ਜਵਾਬ ਵਿੱਚ ਟਰੂਡੋ ਵੱਲੋਂ ਕਿਹਾ ਗਿਆ ਸੀ ਕਿ, "ਇਹ ਘਿਣਾਉਣਾ ਰੁਝਾਨ ਬਣ ਗਿਆ ਹੈ, ਜਿਸ ਨੂੰ ਫਰਜ਼ੀ ਇਮੀਗ੍ਰੇਸ਼ਨ ਵਾਲੇ ਉਨ੍ਹਾਂ ਲੋਕਾਂ ਉੱਤੇ ਥੋਪਦੇ ਹਨ, ਜਿਹੜੇ ਚੰਗੀ ਜ਼ਿੰਦਗੀ ਦੀ ਆਸ ਲਈ ਕੈਨੇਡਾ ਆਉਣਾ ਚਾਹੁੰਦੇ ਹਨ।"

"ਜੇ ਤੁਹਾਨੂੰ ਕੋਈ ਕਹਿੰਦਾ ਹੈ ਕਿ ਉਹ ਤੁਹਾਡੀ ਕੈਨੇਡਾ ਜਾਣ ਦੀ ਪ੍ਰਕਿਰਿਆ ਤੇਜ਼ੀ ਨਾਲ ਮੁੰਕਮਲ ਕਰ ਸਕਦਾ ਹੈ ਤਾਂ ਉਹ ਝੂਠ ਬੋਲਦਾ ਹੈ।"

ਕੈਨੈਡਾ ਸਰਕਾਰ ਨੇ ਫਰਜ਼ੀ ਇਮੀਗ੍ਰੇਸ਼ਨ ਵਾਲਿਆਂ ਖ਼ਿਲਾਫ਼ ਕਈ ਕਦਮ ਚੁੱਕੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ

ਟਰੂਡੋ ਨੇ ਅੱਗੇ ਕਿਹਾ ਸੀ , "ਕੈਨੈਡਾ ਸਰਕਾਰ ਨੇ ਫਰਜ਼ੀ ਇਮੀਗ੍ਰੇਸ਼ਨ ਵਾਲਿਆਂ ਖ਼ਿਲਾਫ਼ ਕਈ ਕਦਮ ਚੁੱਕੇ ਹਨ।"

"ਮੈਂ ਸਹੀ ਜਾਣਕਾਰੀ ਲਈ ਅਕਸਰ ਲੋਕਾਂ ਨੂੰ ਕੈਨੇਡਾ ਦੀ ਅਧਿਕਾਰਤ ਸਾਈਟ 'ਤੇ ਜਾਣ ਲਈ ਉਤਸ਼ਾਹਿਤ ਕਰਦਾ ਹਾਂ, ਤਾਂ ਜੋ ਉਹ ਅਜਿਹੇ ਲੋਕਾਂ ਤੋਂ ਬਚ ਸਕਣ ਜੋ ਪੈਸੇ ਲੈ ਕੇ ਉਨ੍ਹਾਂ ਨਾਲ ਧੋਖਾਧੜੀ ਕਰਦੇ ਹਨ ਅਤੇ ਲੋਕਾਂ ਨੂੰ ਕੈਨੇਡਾ ਆਉਣ ਦਾ ਆਪਣਾ ਵਾਅਦਾ ਪੂਰਾ ਨਹੀਂ ਕਰਦੇ।"ਪਿਛਲੇ ਦਿਨੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲ੍ਹਾਟੀ ਲਵਪ੍ਰੀਤ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੀ ਸੀ।

ਮਨੀਸ਼ਾ ਗੁਲ੍ਹਾਟੀ ਨੇ ਲਵਪ੍ਰੀਤ ਕੇਸ ਦੇ ਹਵਾਲੇ ਨਾਲ ਇਸ ਰੁਝਾਨ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ।

ਗੁਲਾਟੀ ਨੇ ਨੌਜਵਾਨ ਲੜਕੇ ਲੜਕੀਆਂ ਨਾਲ ਕੈਨੇਡਾ ਦੀ ਨਾਗਰਿਕਤਾ ਲਈ ਹੁੰਦੀ ਧੋਖੇਧੜੀ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਸੀ।

ਮਨੀਸ਼ਾ ਗੁਲਾਟੀ

ਤਸਵੀਰ ਸਰੋਤ, Manisha Gulati/BBC

ਤਸਵੀਰ ਕੈਪਸ਼ਨ, ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੀਐੱਮ ਟਰੂਡੋ ਨੂੰ ਇਸ ਬਾਰੇ ਚਿੱਠੀ ਲਿਖੀ

ਗੁਲਾਟੀ ਨੇ ਆਪਣੇ ਪੱਤਰ ਵਿਚ ਲਿਖਿਆ ਸੀ, "ਮੈਂ ਤੁਹਾਨੂੰ ਇਸ ਤਰ੍ਹਾਂ ਦੇ ਸੋਸ਼ਣ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਨਿਆਂ ਦਿਵਾਉਣ ਲਈ ਤੇਜ਼ ਅਤੇ ਸਖ਼ਤ ਕਦਮ ਚੁੱਕਣ ਦੀ ਅਪੀਲ ਕਰਦੀ ਹਾਂ।"

ਉਨ੍ਹਾਂ ਨੇ ਅੱਗੇ ਲਿਖਿਆ, "ਵਿਆਹ ਦੇ ਬੰਧਨ ਦੀ ਆੜ ਵਿੱਚ ਬੇਗੁਨਾਹ ਪੰਜਾਬੀਆਂ ਨੂੰ ਠੱਗ ਕੇ ਬਦਮਾਸ਼ ਛੇਤੀ ਪੈਸਾ ਬਣਾਉਦੇ ਹਨ। ਇਸ ਤਰ੍ਹਾਂ ਦੇ ਧੋਖੇਬਾਜ਼ ਆਮ ਤੌਰ 'ਤੇ ਮਨੁੱਖਤਾ ਅਤੇ ਵਿਸ਼ੇਸ਼ ਤੌਰ 'ਤੇ ਦੋਵਾਂ ਦੇਸਾਂ ਲਈ ਅਸਲ ਅਪਮਾਨ ਹੈ।"

"ਮੈਂ ਤੁਹਾਨੂੰ ਇੱਕ ਮਜ਼ਬੂਤ ਪ੍ਰਣਾਲੀ ਸਥਾਪਿਤ ਕਰਨ ਦੀ ਅਪੀਲ ਕਰਦੀ ਹਾਂ, ਜਿਸ ਵਿੱਚ ਕੈਨੇਡਾ ਦੇ ਅਧਿਕਾਰੀ ਅਤੇ ਪੀਐੱਸਡਬਲਿਊਸੀ ਤਾਲਮੇਲ ਕਰਕੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੇ ਯੋਗ ਹੋਣ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)