ਕੈਨੇਡਾ ਵਿੱਚ ਆਦਿਵਾਸੀ ਬੱਚਿਆਂ ਨੂੰ ਤਸੀਹੇ ਦੇਣ ਪਿੱਛੇ ਇਹ ਸੋਚ ਤੇ ਮਕਸਦ ਸੀ

ਤਸਵੀਰ ਸਰੋਤ, Reuters
ਹਰ ਸਾਲ 30 ਜੂਨ ਨੂੰ ਕੈਨੇਡਾ ਆਪਣਾ ਰਾਸ਼ਟਰੀ ਦਿਹਾੜਾ ਮਨਾਉਂਦਾ ਹੈ।
ਇਸ ਸਾਲ ਇੱਕ ਪਾਸੇ ਜਸ਼ਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਸਨ, ਤਾਂ ਦੂਜੇ ਪਾਸੇ ਸਸਕਾਚੇਵਾਨ 'ਚ ਆਦਿਵਾਸੀ ਬੱਚਿਆਂ ਲਈ ਬਣੇ ਇੱਕ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਵਿੱਚ ਇੱਕ ਤੋਂ ਬਾਅਦ ਇੱਕ 751 ਕਬਰਾਂ ਮਿਲੀਆਂ।
ਇਸ ਖੋਜ ਨੇ ਜਸ਼ਨ ਦੇ ਮਾਹੌਲ ਨੂੰ ਮਾਤਮ ਵਿੱਚ ਤਬਦੀਲ ਕਰ ਦਿੱਤਾ।
ਇਹ ਵੀ ਪੜ੍ਹੋ-
ਮਈ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿੱਚ 215 ਬੱਚਿਆਂ ਦੀਆਂ ਕਬਰਾਂ ਮਿਲੀਆਂ ਸਨ। ਇਸ ਤੋਂ ਪਹਿਲਾਂ ਕੁਝ ਸਕੂਲਾਂ 'ਚ ਸੈਂਕੜੇ ਕਬਰਾਂ ਪੁੱਟੀਆਂ ਗਈਆਂ ਸਨ।
ਇੱਕ ਅੰਦਾਜ਼ੇ ਮੁਤਾਬਕ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਹੁਣ ਤੱਕ 6000 ਤੋਂ ਵੱਧ ਬੱਚਿਆਂ ਦੀ ਮੌਤ ਦਿੀ ਤਸਦੀਕ ਹੋਈ ਹੈ।
ਇਸ ਨਾਲ ਹੀ ਇਹ ਸਵਾਲ ਵੀ ਉੱਠਣ ਲੱਗਿਆ ਕਿ ਕੀ ਇਸ ਤਰ੍ਹਾਂ ਦੇ ਸਾਰੇ 139 ਸਕੂਲਾਂ ਦੇ ਹੇਠਾਂ ਸੈਂਕੜੇ ਕੰਕਾਲ ਦੱਬੇ ਹੋਏ ਹਨ?
ਸਵਾਲ ਇਹ ਵੀ ਉੱਠਿਆ ਕਿ ਦੇਸ਼ ਦੇ ਮੂਲ ਵਾਸੀਆਂ ਯਾਨਿ ਆਦੀਵਾਸੀਆਂ ਦੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਹੁੰਦਾ ਸੀ?
ਸੱਭਿਅਤਾ ਮਿਟਾਉਣ ਦੀ ਯੋਜਨਾਬੱਧ ਮੁਹਿੰਮ
1830 ਦੇ ਦਹਾਕੇ 'ਚ ਕੈਨੇਡਾ 'ਚ ਪਹਿਲਾ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਬਣਿਆ। ਬਾਅਦ ਦੇ ਸਾਲਾਂ ਵਿੱਚ ਇੱਥੇ ਸੈਂਕੜੇ ਅਜਿਹੇ ਸਕੂਲ ਬਣਾਏ ਗਏ।
ਇਨ੍ਹਾਂ ਦਾ ਮਕਸਦ ਸੀ ਇੱਥੋਂ ਦੇ ਮੂਲ ਵਾਸੀਆਂ ਨੂੰ ਉਨ੍ਹਾਂ ਦੀ ਸੱਭਿਅਤਾ ਤੋਂ ਦੂਰ ਕਰ ਕੇ, ਉਨ੍ਹਾਂ ਨੂੰ ਗੋਰਿਆਂ ਦੀ ਸੱਭਿਅਤਾ ਵਾਲੀ ਮੁੱਖ ਧਾਰਾ 'ਚ ਸ਼ਾਮਲ ਕਰਨਾ।

ਤਸਵੀਰ ਸਰੋਤ, Reuters
ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਮੁਤਾਬਕ ਦਰਅਸਲ ਇਹ 'ਮੂਲ ਆਬਾਦੀ ਨੂੰ ਸੱਭਿਅਕ ਬਣਾਉਣ ਦੀ ਮੁਹਿੰਮ' ਸੀ। ਇਨ੍ਹਾਂ ਸਕੂਲਾਂ ਵਿੱਚ ਕਰੀਬ ਡੇਢ ਲੱਖ ਬੱਚਿਆਂ ਨੂੰ ਰੱਖਿਆ ਗਿਆ ਸੀ।
ਇਹ ਸਕੂਲ ਸਰਕਾਰ ਨੇ ਬਣਾਏ ਸਨ ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਪ੍ਰਸ਼ਾਸਨ ਰੋਮ ਕੈਥਲਿਕ ਚਰਚ ਦੇ ਹੱਥਾਂ 'ਚ ਸੀ।
ਪੱਤਰਕਾਰ ਬ੍ਰੈਂਡੀ ਮੌਰੇਨ ਦੀ ਦਾਦੀ ਨੇ ਐਲਬਰਟਾ ਦੇ ਐਡਮੰਟਨ ਕੋਲ ਇੱਕ ਰੈਜ਼ੀਡੈਂਸ਼ੀਅਲ ਸਕੂਲ 'ਚ ਪੜ੍ਹਾਈ ਕੀਤੀ ਸੀ।
ਆਪਣੀ ਦਾਦੀ ਦੇ ਵਿਦਿਆਰਥੀ ਜੀਵਨ ਬਾਰੇ ਬ੍ਰੈਂਡੀ ਦੱਸਦੇ ਹਨ, ''ਇਹ ਸਕੂਲ ਕਾਰਖਾਨੇ ਵਾਂਗ ਲਾਲ ਇੱਟਾਂ ਨਾਲ ਬਣੀਆਂ ਵੱਡੀਆਂ-ਵੱਡੀਆਂ ਇਮਾਰਤਾਂ ਸਨ, ਜਿਨ੍ਹਾਂ 'ਚ ਡੌਮੇਰਟਰੀ 'ਚ ਬੈੱਡ ਦੀਆਂ ਕਤਾਰਾਂ ਲੱਗੀਆਂ ਸੀ।"
"ਹਰ ਡੌਮੇਰਟਰੀ 'ਚ ਬਹੁਤ ਸਾਰੇ ਬੱਚੇ ਰਹਿ ਸਕਦੇ ਸਨ। ਉੱਥੇ ਫੌਜ ਦੀ ਬੈਰਕ ਵਾਂਗ ਵੱਡੀ ਮੈੱਸ ਸੀ ਅਤੇ ਵੱਡੇ-ਵੱਡੇ ਕਲਾਸ ਰੂਮ ਸਨ।"
"ਕਮਰਿਆਂ ਨੂੰ ਗਰਮ ਰੱਖਣ ਦੀ ਵਿਵਸਥਾ ਨਹੀਂ ਸੀ ਅਤੇ ਸਰਦੀ ਵਿੱਚ ਬੱਚਿਆਂ ਦੇ ਹੱਥ ਪੈਰ ਜੰਮ ਜਾਂਦੇ ਸੀ। ਇਹ ਸਕੂਲ ਪਿੰਡਾਂ ਤੇ ਸ਼ਹਿਰਾਂ ਤੋਂ ਕਾਫ਼ੀ ਦੂਰ ਹੁੰਦੇ ਸਨ।''
ਜ਼ਿਆਦਾਤਰ ਮਾਮਲਿਆਂ 'ਚ ਇਨ੍ਹਾਂ ਸਕੂਲਾਂ 'ਚ ਪੜ੍ਹਾਈ ਨਹੀਂ ਹੁੰਦੀ ਸੀ।

ਤਸਵੀਰ ਸਰੋਤ, collections.irshdc.ubc.ca
ਬ੍ਰੈਂਡੀ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਅਜਿਹੇ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਇਨ੍ਹਾਂ ਸਕੂਲਾਂ ਵਿੱਚ 10 ਸਾਲ ਬਿਤਾਏ ਪਰ ਉਨ੍ਹਾਂ ਨੂੰ ਪੜ੍ਹਨਾ ਵੀ ਨਹੀਂ ਆਉਂਦਾ।
ਇਨ੍ਹਾਂ ਬੱਚਿਆਂ ਦਾ ਇਸਤੇਮਾਲ ਕਾਰਖ਼ਾਨਿਆਂ ਅਤੇ ਖ਼ੇਤਾਂ 'ਚ ਗੁਲਾਮਾਂ ਵਜੋਂ ਕੀਤਾ ਜਾਂਦਾ ਸੀ।
1948 ਤੱਕ ਚਾਰ ਤੋਂ 16 ਸਾਲ ਦੇ ਆਦੀਵਾਸੀ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿੱਚ ਜਾਣਾ ਲਾਜ਼ਮੀ ਸੀ।
ਇਸ ਤੋਂ ਬਾਅਦ ਸਰਕਾਰ ਨੇ ਅਜਿਹੇ ਨਿਯਮ ਲਾਗੂ ਕੀਤੇ ਜਿਨ੍ਹਾਂ ਨਾਲ ਬੱਚਿਆਂ ਨੂੰ ਸਕੂਲ ਭੇਜਣਾ ਪਰਿਵਾਰਾਂ ਲਈ ਲਾਜ਼ਮੀ ਹੋ ਜਾਵੇ।
ਬ੍ਰੈਂਡੀ ਦੱਸਦੇ ਹਨ, ''ਬੱਚਿਆਂ ਨੂੰ ਜ਼ਬਰਦਸਤੀ ਉਨ੍ਹਾਂ ਦੇ ਪਰਿਵਾਰਾਂ ਤੋਂ ਦੂਰ ਕੀਤਾ ਜਾਂਦਾ ਸੀ। ਜੇ ਕੋਈ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਮਨ੍ਹਾ ਕਰਦਾ ਤਾਂ ਕੈਨੇਡੀਅਨ ਮਾਉਂਟੇਡ ਪੁਲਿਸ ਹਰਕਤ 'ਚ ਆ ਜਾਂਦੀ ਸੀ।"
ਹੌਲੀ-ਹੌਲੀ ਸਕੂਲਾਂ ਬਾਰੇ ਲੋਕਾਂ ਨੂੰ ਪਤਾ ਲੱਗਾ। ਕਈ ਪਰਿਵਾਰ ਬੱਚਿਆਂ ਨੂੰ ਉੱਥੇ ਭੇਜਣ ਤੋਂ ਇਨਕਾਰ ਕਰਨ ਲੱਗੇ। ਕਈ ਵਾਰ ਤਾਂ ਮਾਤਾ-ਪਿਤਾ ਬੱਚਿਆਂ ਨੂੰ ਜੰਗਲ ਵਿੱਚ ਲੁਕਾ ਦਿੰਦੇ ਸਨ।
ਪਰ ਸਰਕਾਰ ਦਾ ਇਰਾਦਾ ਸਪਸ਼ਟ ਸੀ। ਉਹ ਚਾਹੁੰਦੀ ਸੀ ਕਿ ਇਹ ਬੱਚੇ ਆਪਣੀ ਮੂਲ ਪਛਾਣ ਭੁਲਾ ਦੇਣ।

ਤਸਵੀਰ ਸਰੋਤ, EPA/Provincial Archives Saskatchew
ਬ੍ਰੈਂਡੀ ਕਹਿੰਦੇ ਹਨ, ''ਬੱਚਿਆਂ ਨੂੰ ਨਿਸ਼ਾਨਾ ਬਣਾਉਣ ਪਿੱਛੇ ਸਰਕਾਰ ਦੀ ਕੋਸ਼ਿਸ਼ ਸੀ ਕਿ ਮੁੱਖ ਧਾਰਾ ਦੇ ਭਾਈਚਾਰੇ ਦੀ ਪਛਾਣ ਬਣਾਉਣ ਲਈ ਆਦਿਵਾਸੀਆਂ ਦੀ ਪਛਾਣ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇ।"
"ਇਹ ਇੱਕ ਤਰ੍ਹਾਂ ਨਾਲ ਕਥਿਤ ਆਦਿਵਾਸੀ ਸਮੱਸਿਆ ਤੋਂ ਨਿਜ਼ਾਤ ਪਾਉਣ ਦੀ ਕਵਾਇਦ ਸੀ। ਇਸ ਲਈ ਉਨ੍ਹਾਂ ਨੇ ਭੋਲੇ-ਭੋਲੇ ਆਦਿਵਾਸੀਆਂ ਦੇ ਨਾਲ ਅੱਤਵਾਦੀਆਂ ਵਰਗਾ ਵਤੀਰਾ ਕੀਤਾ।"
ਇਸ ਦੌਰਾਨ ਆਦਿਵਾਸੀਆਂ 'ਤੇ ਸਰੀਰਕ, ਮਾਨਸਿਕ ਅਤੇ ਜਿਨਸੀ ਸ਼ੋਸ਼ਣ ਦੇ ਹਜ਼ਾਰਾਂ ਮਾਮਲੇ ਸਾਹਮਣੇ ਆਏ। ਇਨ੍ਹਾਂ ਸਕੂਲਾਂ ਵਿੱਚ ਭੁੱਖ ਅਤੇ ਮਾੜੇ ਹਾਲਾਤਾਂ ਕਾਰਨ ਸੈਂਕੜੇ ਬੱਚਿਆਂ ਦੀ ਮੌਤ ਹੋਈ।
ਸਰਕਾਰ ਦੀ ਕੋਸ਼ਿਸ਼ ਇਨ੍ਹਾਂ ਨੂੰ 'ਸੱਭਿਅਕ' ਬਣਾਉਣ ਦੀ ਸੀ ਪਰ ਇਹ ਮਕਸਦ ਕਦੇ ਹਾਸਲ ਨਹੀਂ ਸਕਿਆ।
ਪਰ ਇਹ ਸਮਝਣਾ ਮੁਸ਼ਕਲ ਹੈ ਕਿ ਬੱਚਿਆਂ ਦੀਆਂ ਕਬਰਾਂ ਨੂੰ ਲੱਭਣ ਅਤੇ ਉਨ੍ਹਾਂ 'ਤੇ ਹੋਏ ਤਸ਼ੱਦਦ ਨੂੰ ਸਮਝਣ 'ਚ 100 ਸਾਲ ਤੋਂ ਜ਼ਿਆਦਾ ਦਾ ਸਮਾਂ ਕਿਉਂ ਲੱਗਿਆ।
ਕੀ ਸਰਕਾਰ ਨੇ ਇਸ ਮੁੱਦੇ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾਂ ਫ਼ਿਰ ਕਾਰਨ ਕੋਈ ਹੋਰ ਹੈ।
ਬ੍ਰੈਂਡੀ ਕਹਿੰਦੇ ਹਨ, ''ਅਜਿਹੇ ਆਦਿਵਾਸੀ ਪਰਿਵਾਰ ਜੋ ਖ਼ੁਦ ਇਸ ਤਸ਼ੱਦਦ ਦਾ ਸ਼ਿਕਾਰ ਰਹੇ ਹਨ ਉਹ ਇਸ ਮੁੱਦੇ 'ਤੇ ਗੱਲ ਨਹੀਂ ਕਰਦੇ।"

ਤਸਵੀਰ ਸਰੋਤ, EPA/Provincial Archives Saskatchew
"ਕੁਝ ਲਈ ਇਹ ਦਰਦਨਾਕ ਅਨੁਭਵ ਸੀ ਤਾਂ ਕਿਸੇ ਨੂੰ ਇਸ ਬਾਰੇ ਗੱਲ ਕਰਨ ਵਿੱਚ ਮੁਸ਼ਕਲ ਹੁੰਦੀ ਹੈ। ਕਈ ਪਰਿਵਾਰਾਂ ਨੂੰ ਅੱਜ ਵੀ ਇਹ ਨਹੀਂ ਪਤਾ ਕਿ ਸਕੂਲ 'ਚ ਉਨ੍ਹਾਂ ਦੇ ਬੱਚਿਆਂ ਦੇ ਨਾਲ ਕੀ ਹੋਇਆ।"
1960 ਦੇ ਦਹਾਕੇ 'ਚ ਇਨ੍ਹਾਂ ਸਕੂਲਾਂ ਨੂੰ ਬੰਦ ਕੀਤਾ ਜਾਣ ਲੱਗਾ। 2008 ਵਿੱਚ ਪਹਿਲੀ ਵਾਰ ਤਤਕਾਲੀ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਜਨਤਕ ਤੌਰ 'ਤੇ ਸਰਕਾਰ ਵੱਲੋਂ ਆਦਿਵਾਸੀਆਂ ਤੋਂ ਮੁਆਫ਼ੀ ਮੰਗੀ ਸੀ।
ਉਨ੍ਹਾਂ ਨੇ ਇਸ ਦੌਰ ਨੂੰ ਦੇਸ਼ ਦੇ ਇਤਿਹਾਸ ਦਾ ਦੁਖਦਾਈ ਹਿੱਸਾ ਦੱਸਿਆ।
ਇਸ ਤੋਂ ਬਾਅਦ ਉਸ ਦੌਰ ਵਿੱਚ ਬੱਚਿਆਂ ਦੇ ਨਾਲ ਕੀ ਹੋਇਆ, ਇਸ ਦੀ ਜਾਂਚ ਲਈ ਟਰੂਥ ਐਂਡ ਰੀਕੰਸਲਿਏਸ਼ਨ ਕਮਿਸ਼ਨ ਬਣਾਇਆ ਗਿਆ।
ਛੇ ਸਾਲ ਬਾਅਦ 2015 ਵਿੱਚ ਕਮਿਸ਼ਨ ਇਸ ਨਤੀਜੇ 'ਤੇ ਪਹੁੰਚਿਆ ਕੀ ਉਸ ਦੌਰਾਨ ਸਕੂਲਾਂ ਵਿੱਚ ਜੋ ਹੋਇਆ ਉਹ ਸੱਭਿਅਕ ਕਤਲ-ਏ-ਆਮ ਸੀ।
ਇਹ ਵੀ ਪੜ੍ਹੋ-
ਦਿਲ ਦਹਿਲਾ ਦੇਣ ਵਾਲੇ ਤਸ਼ੱਦਦ ਦੀਆਂ ਕਹਾਣੀਆਂ
ਟਰੂਥ ਐਂਡ ਰੀਕੰਸਲਿਏਸ਼ਨ ਕਮਿਸ਼ਨ ਦੀ ਕਮਿਸ਼ਨਰ ਰਹੀ ਡਾਕਟਰ ਮਰੀ ਵਿਲਸਨ ਦੱਸਦੇ ਹਨ ਕਿ ਪੜਤਾਲ ਦੌਰਾਨ ਉਨ੍ਹਾਂ ਬੱਚਿਆਂ ਅਤੇ ਪਰਿਵਾਰਾਂ ਉੱਤੇ ਤਸ਼ੱਦਦ ਦੀਆਂ ਸੈਂਕੜੇ ਕਹਾਣੀਆਂ ਸੁਣਨ ਨੂੰ ਮਿਲੀਆਂ।
ਪਰ ਜੋ ਗੱਲ ਹਰ ਕਹਾਣੀ ਵਿੱਚ ਆਮ ਸੀ, ਉਹ ਸੀ ਬੱਚਿਆਂ ਨੂੰ ਜਬਰਨ ਪਰਿਵਾਰ ਤੋਂ ਦੂਰ ਕੀਤੇ ਜਾਣ ਤੋਂ ਪੈਦਾ ਹੋਇਆ ਡਰ।
ਉਹ ਕਹਿੰਦੇ ਹਨ, ''ਸਕੂਲ ਵਿੱਚ ਕੁਝ ਬੱਚੇ ਤਿੰਨ, ਪੰਜ ਜਾਂ ਛੇ ਸਾਲ ਦੀ ਉਮਰ ਦੇ ਸਨ। ਉਹ ਇੰਨੇ ਵੱਡੀ ਨਹੀਂ ਸਨ ਕਿ ਆਪਣੀ ਸੁਰੱਖਿਆ ਖ਼ੁਦ ਕਰ ਸਕਣ ਜਾਂ ਸਮਝ ਸਕਣ ਕਿ ਉਨ੍ਹਾਂ ਨੂੰ ਅਜਿਹੀ ਥਾਂ 'ਤੇ ਇਕੱਲੇ ਕਿਉਂ ਛੱਡਿਆ ਗਿਆ ਹੈ।"
"ਉਨ੍ਹਾਂ ਲਈ ਇਹ ਸਮਝਣਾ ਮੁਸ਼ਕਲ ਸੀ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਇੱਥੇ ਛੱਡਣ ਤੋਂ ਬਾਅਦ ਵਾਰ-ਵਾਰ ਉਨ੍ਹਾਂ ਨੂੰ ਲੈਣ ਕਿਉਂ ਨਹੀਂ ਆਉਂਦੇ।"
ਡਾਕਟਰ ਮਰੀ ਦੱਸਦੇ ਹਨ ਕਿ ਬੱਚਿਆਂ ਨੂੰ ਮਾਨਸਿਕ ਤਸ਼ੱਦਦ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ ਬੇਕਾਰ, ਬਦਬੂਦਾਰ ਵਾਲੇ ਅਤੇ ਘਿਣੌਨੇ ਕਿਹਾ ਜਾਂਦਾ ਸੀ ਅਤੇ ਕਿਹਾ ਜਾਂਦਾ ਸੀ ਕਿ ਉਹ ਨਰਕ ਦੀ ਅੱਗ ਵਿੱਚ ਸੜਨ ਵਾਲੇ ਹਨ।
ਕੁਝ ਬੱਚਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਕੂਲ ਵਿੱਚ ਆਦਿਵਾਸੀ ਭਾਸ਼ਾ ਵਿੱਚ ਗੱਲ ਕਰਨ ਦੀ ਸਖ਼ਤ ਮਨਾਹੀ ਸੀ।
ਉਹ ਦੱਸਦੇ ਹਨ, "ਆਦਿਵਾਸੀ ਭਾਸ਼ਾ ਵਿੱਚ ਗੱਲ ਕਰਨ 'ਤੇ ਉਨ੍ਹਾਂ ਨੂੰ ਮਾਰ ਪੈਂਦੀ ਸੀ। ਉਨ੍ਹਾਂ ਨੂੰ ਜੀਭ ਦੇ ਸੂਈਆਂ ਮਾਰਨਾ, ਮੂੰਹ ਵਿੱਚ ਸਾਬਣ ਜਾਂ ਲਾਲ ਮਿਰਚ ਭਰ ਦੇਣ ਜਾਂ ਇਕੱਲੇ ਰਹਿਣ ਦੀ ਸਜ਼ਾ ਦਿੱਤੀ ਜਾਂਦੀ ਸੀ।"
"ਕੁਝ ਲੋਕਾਂ ਨੇ ਇਹ ਵੀ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਭਾਸ਼ਾ ਯਾਦ ਤਾਂ ਹੈ ਪਰ ਉਹ ਇਸ ਨੂੰ ਬੋਲਣ ਤੋਂ ਡਰਦੇ ਹਨ।"
ਮਰੀ ਦੱਸਦੀ ਹੈ ਕਿ ਉਸ ਦੌਰ ਦੀਆਂ ਸਰਕਾਰੀ ਰਿਪੋਰਟਾਂ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਇਮਾਰਤਾਂ ਵਿੱਚ ਅੱਗ ਤੋਂ ਬਚਣ ਦੀ ਵੀ ਕੋਈ ਵਿਵਸਥਾ ਨਹੀਂ ਸੀ।
ਕਈ ਬੱਚਿਆਂ ਦੀ ਮੌਤ ਅੱਗ ਨਾਲ ਹੋਈ। ਕਈ ਬੱਚੇ ਸਕੂਲੋਂ ਭੱਜਣ ਦੀ ਕੋਸ਼ਿਸ਼ ਵਿੱਚ ਠੰਢ ਨਾਲ ਜੰਮ ਕੇ ਮਰ ਗਏ। ਪਰ ਬੱਚਿਆਂ ਦੀ ਮੌਤ ਦਾ ਇੱਕ ਵੱਡਾ ਕਾਰਨ ਬਿਮਾਰੀ ਸੀ।
ਉਹ ਕਹਿੰਦੀ ਹੈ, "ਜ਼ਾਹਿਰ ਤੌਰ 'ਤੇ ਟੀਬੀ ਅਤੇ ਫਲੂ ਵਰਗੀਆਂ ਮਹਾਮਾਰੀਆਂ ਨੇ ਕਾਫੀ ਬੱਚਿਆਂ ਦੀ ਜਾਨ ਲਈ। ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਸੀ ਅਤੇ ਰਹਿਣ ਦੀ ਵਿਵਸਥਾ ਬੇਹੱਦ ਬੁਰੀ। ਕੁਝ ਬੱਚਿਆਂ ਨੂੰ ਲਾਗ ਵਾਲੀ ਹਾਲਤ ਵਿੱਚ ਜਬਰਨ ਸਕੂਲਾਂ ਵਿੱਚ ਲਿਆਂਦਾ ਗਿਆ, ਜਿਸ ਕਰਕੇ ਲਾਗ ਹੋਰਨਾਂ ਬੱਚਿਆਂ ਵਿੱਚ ਫੈਲਿਆ।"

ਤਸਵੀਰ ਸਰੋਤ, EPA/Provincial Archives Saskatchew
ਮਰੀ ਦੱਸਦੇ ਹਨ ਕਿ ਕੁਝ ਪੀੜਤਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕਈ ਬੱਚਿਆਂ ਦੀ ਮੌਤ ਬੇਤਹਾਸ਼ਾ ਕੁੱਟਮਾਰ ਕਾਰਨ ਹੋਈ।
ਉਹ ਕਹਿੰਦੀ ਹੈ, "ਕਈ ਵਾਰ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਖ਼ੂਨ ਨਾਲ ਲਿਬੜੇ ਹੋਏ ਬਾਹਰ ਲੈ ਜਾਂਦੇ ਸਨ। ਉਹ ਬੱਚੇ ਫਿਰ ਦੁਬਾਰਾ ਨਜ਼ਰ ਹੀਂ ਆਉਂਦੇ ਅਤੇ ਉਨ੍ਹਾਂ ਦਾ ਕੀ ਹੋਇਆ ਇਹ ਕਿਸੇ ਨੂੰ ਨਹੀਂ ਪਤਾ।"
"ਕੁਝ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਬਰਾਂ ਪੁੱਟ ਕੇ ਲਾਸ਼ਾਂ ਦਫ਼ਨਾਉਣ ਦੇ ਕੰਮ 'ਤੇ ਲਗਾਇਆ ਜਾਂਦਾ ਸੀ।"
ਇਨ੍ਹਾਂ ਸਾਰੇ ਤਸੀਹਿਆਂ ਵਿੱਚੋਂ ਲੰਘਣ ਤੋਂ ਬਾਅਦ ਜੋ ਬੱਚੇ ਪਰਿਵਾਰ ਕੋਲ ਵਾਪਸ ਆਉਂਦੇ ਸਨ ਉਹ ਆਪਣੀ ਭਾਸ਼ਾ ਭੁੱਲ ਗਏ ਹੁੰਦੇ ਸਨ, ਆਪਣੀ ਪਛਾਣ 'ਤੇ ਸ਼ਰਮਿੰਦਾ ਹੁੰਦੇ ਸਨ ਅਤੇ ਪਰਿਵਾਰ ਵਿੱਚ ਰਹਿਣਾ ਉਨ੍ਹਾਂ ਲਈ ਬੇਹੱਦ ਮੁਸ਼ਕਲ ਸੀ।
ਇਨ੍ਹਾਂ ਸਕੂਲਾਂ ਵਿੱਚ ਅੱਤਿਆਚਾਰ ਦਾ ਅਸਰ ਪਰਿਵਾਰ ਤੱਕ ਹੀ ਸੀਮਤ ਨਹੀਂ ਸੀ ਬਲਕਿ ਭਾਈਚਾਰੇ 'ਤੇ ਵੀ ਇਸ ਦਾ ਕਾਫੀ ਅਸਰ ਪਿਆ।
ਦੁਚਿੱਤੀ ਵਿੱਚ ਜ਼ਿੰਦਗੀ
ਟੈਰੀਸਾ ਐਡਵਰਸ ਲੇਗਸੀ ਆਫ ਹੋਪ ਫਾਊਂਡੇਸ਼ਨ ਵਿੱਚ ਸੀਨੀਅਰ ਵਕੀਲ ਹਨ। ਇਹ ਸੰਸਥਾ ਨੌਜਵਾਨਾਂ 'ਤੇ ਉਨ੍ਹਾਂ ਸਕੂਲਾਂ ਦੇ ਅਸਰ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਦਾ ਕੰਮ ਕਰਦੀ ਹੈ।

ਤਸਵੀਰ ਸਰੋਤ, REUTERS/Shannon VanRaes
ਆਦਿਵਾਸੀ ਬੱਚਿਆਂ ਦੀਆਂ ਸੱਤ ਪੀੜ੍ਹੀਆਂ ਇਨ੍ਹਾਂ ਸਕੂਲਾਂ ਵਿੱਚ ਗਈਆਂ ਸਨ। ਟੈਰੀਸਾ ਦੱਸਦੀ ਹੈ ਕਿ ਉਨ੍ਹਾਂ ਦੀ ਮਾਂ ਕੇਵਲ ਦੋ ਸਾਲ ਲਈ ਰੈਜ਼ੀਡੈਂਸ਼ੀਅਲ ਸਕੂਲ ਵਿੱਚ ਗਈ ਸੀ ਪਰ ਉਨ੍ਹਾਂ ਦੇ ਜੀਵਨ 'ਤੇ ਇਨ੍ਹਾਂ ਦੋ ਸਾਲਾਂ ਦੀ ਡੂੰਘੀ ਛਾਪ ਸੀ।
ਉਹ ਦੱਸਦੀ ਹੈ, "ਸਕੂਲ ਵਿੱਚ ਉਨ੍ਹਾਂ ਦੇ ਵਾਲ ਕੱਟ ਦਿੱਤੇ ਗਏ। ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਵਾਲ ਗੰਦੇ ਹਨ ਅਤੇ ਉਨ੍ਹਾਂ ਨੂੰ ਵਾਰ-ਵਾਰ ਧੋਣੇ ਹਨ ਤੇ ਇਨ੍ਹਾਂ ਨੂੰ ਰੀਬਨ ਨਾਲ ਬੰਨ੍ਹਣਾ ਹੈ।"
"ਉਨ੍ਹਾਂ ਨੂੰ ਰੋਜ਼ਾਨਾ ਸਵੇਰੇ-ਸ਼ਾਮੀਂ, ਇੱਕ-ਇੱਕ ਘੰਟੇ ਲਈ ਪ੍ਰਾਰਥਨਾ ਕਰਨ ਲਈ ਕਿਹਾ ਜਾਂਦਾ। ਜੇ ਕਦੇ ਡਰ ਦੇ ਮਾਰ ਉਹ ਬਿਸਤਰਾ ਗਿੱਲਾ ਕਰ ਦਿੰਦੀ ਤਾਂ ਉਨ੍ਹਾਂ ਨੂੰ ਗਿੱਲੀ ਚਾਦਰ ਨਾਲ ਕਮਰੇ ਵਿੱਚ ਬਿਠਾ ਕੇ ਪੂਰਾ ਦਿਨ ਉਨ੍ਹਾਂ ਦੀ ਬੇਇਜ਼ਤੀ ਕੀਤੀ ਜਾਂਦੀ ਸੀ।"
ਇਨ੍ਹਾਂ ਸਕੂਲਾਂ ਵਿੱਚੋਂ ਨਿਕਲੇ ਵਧੇਰੇ ਬੱਚੇ ਬਾਅਦ ਵਿੱਚ ਕਿਸੇ ਨਾਲ ਚੰਗੇ ਰਿਸ਼ਤੇ ਨਹੀਂ ਬਣਾ ਸਕੇ।
ਹਾਲਾਂਕਿ, ਟੈਰੀਸਾ ਦੀ ਮਾਂ ਨੇ ਵਿਆਹ ਕੀਤਾ ਅਤੇ ਉਹ ਆਪਣੇ ਪਤੀ ਦੀ ਮੌਤ ਤੱਕ ਉਨ੍ਹਾਂ ਦੇ ਨਾਲ ਰਹੀ ਪਰ ਆਪਣੇ ਤਜਰਬੇ ਨੂੰ ਲੈ ਕੇ ਉਹ ਸਹਿਜ ਨਹੀਂ ਸੀ।
ਟੈਰੀਸਾ ਕਹਿੰਦੀ ਹੈ, "ਤੁਸੀਂ ਸੋਚ ਸਕਦੇ ਹੋਣੇ ਆਪਣੀ ਜ਼ਿੰਦਗੀ ਦੇ 45 ਸਾਲ ਤੋਂ ਵੱਧ ਸਾਲਾਂ ਵਿੱਚ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਕਿਸੇ ਸਾਹਮਣੇ ਜ਼ਾਹਿਰ ਨਹੀਂ ਕੀਤੀਆਂ। ਉਹ ਖੁਸ਼ ਦਿੱਸਣ ਦੀ ਕੋਸ਼ਿਸ਼ ਕਰਦੀ ਅਤੇ ਸਾਡਾ ਲੋੜ ਤੋਂ ਵੱਧ ਖ਼ਿਆਲ ਰੱਖਦੀ ਸੀ।"

ਤਸਵੀਰ ਸਰੋਤ, EPA/Provincial Archives Saskatchew
"ਉਹ ਆਪ ਸਾਡੇ ਕੱਪੜੇ ਸਿਉਂਦੀ ਅਤੇ ਵਾਲ ਵਾਹੁੰਦੀ ਸੀ।"
ਇਨ੍ਹਾਂ ਸਕੂਲਾਂ ਵਿੱਚ ਆਦਿਵਾਸੀ ਬੱਚਿਆਂ ਨੂੰ ਆਪਣੀ ਪਰੰਪਰਾ ਛੱਡ ਕੇ ਇਸਾਈ ਧਰਮ ਅਪਨਾਉਣਾ ਪੈਂਦਾ ਸੀ।
ਇਹ ਧਰਮ ਬਾਅਦ ਵਿੱਚ ਉਨ੍ਹਾਂ ਦੀ ਪਛਾਣ ਤਾਂ ਬਣ ਜਾਂਦਾ ਸੀ ਪਰ ਉਨ੍ਹਾਂ ਲਈ ਇਹ ਉਨ੍ਹਾਂ ਅੰਦਰ ਚੱਲ ਰਹੀ ਦੁਚਿੱਤੀ ਦੀ ਭਾਵਨਾ ਵਾਂਗ ਰਹਿੰਦਾ।"
ਉਹ ਦੱਸਦੀ ਹੈ, "ਆਪਣੀ ਮੌਤ ਤੱਕ ਉਹ ਸਵੇਰੇ 8 ਵਜੇ ਚਰਚ ਜਾਂਦੀ ਰਹੀ, ਸਵੇਰੇ ਅਤੇ ਸ਼ਾਮੀਂ ਇੱਕ-ਇੱਕ ਘੰਟਾ ਪ੍ਰਾਰਥਨਾ ਕਰਦੀ ਸੀ।"
"ਪਰ ਇਹ ਮੰਨਣਾ ਸਹੀ ਨਹੀਂ ਹੋਵੇਗਾ ਕਿ ਇਹ ਧਰਮ ਪ੍ਰਤੀ ਉਨ੍ਹਾਂ ਦੀ ਆਸਥਾ ਸੀ ਬਲਕਿ ਇਹ ਤਾਂ ਉਨ੍ਹਾਂ ਦਾ ਡਰ ਸੀ ਜੋ ਸਾਰੀ ਜ਼ਿੰਦਗੀ ਉਨ੍ਹਾਂ ਦੇ ਨਾਲ ਰਿਹਾ।"
ਟੈਰੀਸਾ ਕਹਿੰਦੀ ਹੈ ਕਿ ਆਪਣੀ ਮਾਂ ਦਾ ਜਿਸ ਤਰ੍ਹਾਂ ਦਾ ਵਤੀਰਾ ਉਨ੍ਹਾਂ ਨੇ ਦੇਖਿਆ ਠੀਕ ਉਵੇਂ ਦਾ ਹੀ ਕਈ ਹੋਰ ਆਦਿਵਾਸੀ ਪਰਿਵਾਰਾਂ ਵਿੱਚ ਦੇਖਿਆ ਹੈ।
ਉਹ ਕਹਿੰਦੀ ਹੈ, "ਵਧੇਰੇ ਪਰਿਵਾਰਾਂ ਵਿੱਚ ਰਿਸ਼ਤਾ ਦੋ ਅਜਿਹੇ ਲੋਕਾਂ ਵਿੱਚ ਹੁੰਦਾ ਹੈ, ਜੋ ਇੱਕ ਦੂਜੇ ਨਾਲ ਗੱਲ ਕਰਨਾ ਨਹੀਂ ਜਾਣਦੇ ਸਨ, ਉਨ੍ਹਾਂ ਆਪਣੀਆਂ ਭਾਵਨਾਵਾਂ ਨਹੀਂ ਜਤਾ ਸਕਦੇ ਸਨ। ਮੈਂ ਕਿਸਮਤ ਵਾਲੀ ਸੀ ਕਿ ਅਜਿਹੇ ਮਾਹੌਲ ਵਿੱਚ ਮੇਰਾ ਪਾਲਣ-ਪੋਸ਼ਣ ਨਹੀਂ ਹੋਇਆ ਸੀ।"

ਤਸਵੀਰ ਸਰੋਤ, Publicdomain/WikimediaCC/thecanadianencyclopedia
ਇਨ੍ਹਾਂ ਰੈਜ਼ੀਡੈਂਸ਼ੀਅਲ ਸਕੂਲਾਂ ਨੇ ਆਦਿਵਾਸੀ ਪਰਿਵਾਰਾਂ ਵਿੱਚ ਭਿਆਨਕ ਤਬਾਹੀ ਮਚਾਈ ਸੀ ਪਰ ਆਪਣੇ ਉਦੇਸ਼ ਯਾਨਿ ਭਾਈਚਾਰੇ ਦੀ ਪਰੰਪਰਾ ਖ਼ਤਮ ਕਰਨ ਵਿੱਚ ਉਹ ਸਫ਼ਲ ਨਹੀਂ ਹੋ ਸਕੇ ਸਨ।
ਹੁਣ ਪੁਰਾਣੇ ਸਕੂਲਾਂ ਦੇ ਨੇੜੇ ਅਣਗਿਣਤ ਬੱਚਿਆਂ ਦੀਆਂ ਬੇਨਾਮ ਕਬਰਾਂ ਮਿਲ ਰਹੀਆਂ ਹਨ ਅਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਹਕੀਕਤ ਸਾਹਮਣੇ ਆ ਰਹੀ ਹੈ।
ਪਰ ਕੀ ਹੁਣ ਇਤਿਹਾਸ ਵਿੱਚ ਹੋਈ ਗ਼ਲਤੀ ਸੁਧਾਰਨ ਦੀ ਦਿਸ਼ਾ ਵਿੱਚ ਕੁਝ ਕੀਤਾ ਜਾ ਰਿਹਾ ਹੈ? ਅਤੇ ਕੀ ਇੰਨੇ ਤਸੀਹਿਆਂ ਤੋਂ ਬਾਅਦ ਆਦਿਵਾਸੀ ਭਾਈਚਾਰੇ ਅਤੇ ਸਰਕਾਰ ਵਿਚਾਲੇ ਸੁਲਾਹ ਸੰਭਵ ਹੈ?
ਆਪਣੀ ਪਛਾਣ ਵਾਪਸ ਲੈਣ ਦੀ ਲੜਾਈ
ਆਦਿਵਾਸੀਆਂ ਅਤੇ ਸਰਕਾਰ ਵਿਚਾਲੇ ਸਬੰਧ ਬਿਹਤਰ ਕਰਨ ਲਈ ਲਾਜ਼ਮੀ ਹੈ ਕਿ ਕਬਰਾਂ ਦੀ ਪਛਾਣ ਕੀਤੀ ਜਾਵੇ।
ਹੁਣ ਤੱਕ ਪੁਰਾਣੇ ਸਕੂਲਾਂ ਕੋਲ ਹਜ਼ਾਰ ਤੋਂ ਵੱਧ ਬੱਚਿਆਂ ਦੀਆਂ ਕਬਰਾਂ ਮਿਲੀਆਂ ਹਨ ਪਰ ਅਸਲ ਅੰਕੜਾ ਇਸ ਤੋਂ ਕਿਤੇ ਵੱਡਾ ਹੋ ਸਕਦਾ ਹੈ।
ਇੱਕ ਅੰਦਾਜ਼ੇ ਮੁਤਾਬਕ ਕਬਰਾਂ ਦੀ ਕੁੱਲ ਗਿਣਤੀ 25,000 ਹੋ ਸਕਦੀ ਹੈ।
ਸਿੰਡੀ ਬਲੈਕਸਟੌਕ ਫਰਸਟ ਨੈਸ਼ਨਸ ਚਾਈਲਡ ਐਂਡ ਫੈਮਿਲੀ ਕੇਅਰਿੰਗ ਸੁਸਾਇਟੀ ਦੀ ਕਾਰਜਕਾਰਨੀ ਨਿਦੇਸ਼ਕ ਹੈ।
ਉਹ ਦੱਸਦੇ ਹੈ, "ਸਕੂਲਾਂ ਤੋਂ ਨਿਕਲਣ ਤੋਂ ਬਾਅਦ ਬੱਚੇ ਆਪਣੇ ਪਰਿਵਾਰਾਂ ਨੂੰ ਦੱਸਦੇ ਕਿ ਇਨ੍ਹਾਂ ਸਕੂਲਾਂ ਵਿੱਚ ਕਈ ਬੱਚੇ ਦਫ਼ਨ ਕਰ ਦਿੱਤੇ ਗਏ ਹਨ। ਉਨ੍ਹਾਂ ਮੁਤਾਬਕ ਬੱਚਿਆਂ ਦੀ ਮੌਤ ਬਿਮਾਰੀ, ਅੱਤਿਆਚਾਰ ਜਾਂ ਫਿਰ ਸਕੂਲੋਂ ਭੱਜਣ ਦੀ ਕੋਸ਼ਿਸ਼ ਵਰਗੇ ਵੱਖ-ਵੱਖ ਕਾਰਨਾਂ ਨਾਲ ਹੋਈ।"
"ਸਰਕਾਰ ਨੂੰ ਹਰੇਕ ਬੱਚੇ ਦੀ ਮੌਤ ਦਾ ਸਹੀ-ਸਹੀ ਕਾਰਨ ਪਤਾ ਲਗਾਉਣਾ ਹੋਵੇਗਾ।"
ਚਰਚ ਕੋਲ ਮੌਜੂਦ ਦਸਤਾਵੇਜ਼ਾਂ ਤੋਂ ਕਾਫੀ ਜਾਣਕਾਰੀ ਮਿਲ ਸਕਦੀ ਹੈ ਪਰ ਇਨ੍ਹਾਂ ਤੱਕ ਪਹੁੰਚ ਬੇਹੱਦ ਔਖੀ ਹੈ। ਰਹੀ ਗੱਲ ਸਰਕਾਰ ਕੋਲ ਮੌਜੂਦ ਦਸਤਾਵੇਜ਼ਾਂ ਦੀ, ਤਾਂ ਉਨ੍ਹਾਂ ਨੂੰ ਜਾਣਬੁਝ ਕੇ ਅਧੂਰਾ ਛੱਡ ਦਿੱਤਾ ਗਿਆ ਸੀ।
ਸਿੰਡੀ ਦੱਸਦੀ ਹੈ, "1907 ਵਿੱਚ ਕੈਨੇਡਾ ਦੀ ਸਰਕਾਰ ਦੇ ਇੱਕ ਪਬਲਿਕ ਵੈਲਫੇਅਰ ਅਫ਼ਸਰ ਪੀਟਰ ਹੈਂਡਰਸਨ ਬ੍ਰਾਇਸ ਨੇ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਬੱਚਿਆਂ 'ਤੇ ਕੀਤੇ ਜਾ ਰਹੇ ਗ਼ੈਰ-ਮਨੁੱਖੀ ਅੱਤਿਆਚਾਰ ਦੀ ਜਾਣਕਾਰੀ ਦਿੱਤੀ ਸੀ।"

"ਇਸ ਵੇਲੇ ਤੱਕ ਸਕੂਲਾਂ ਵਿੱਚ ਵਿਦਿਆਰਥੀਆਂ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਦਰਜ ਕੀਤੀਆਂ ਜਾਂਦੀਆਂ ਸਨ। ਸਰਕਾਰ ਨਹੀਂ ਚਾਹੁੰਦੀ ਸੀ ਕਿ ਹੈਂਡਰਸਨ ਦੀ ਰਿਪੋਰਟ ਨੂੰ ਲੈ ਕੇ ਹੰਗਾਮਾ ਹੋਵੇ, ਇਸ ਲਈ 1908 ਤੋਂ ਉਨ੍ਹਾਂ ਨੇ ਵਿਦਿਆਰਥੀਆਂ ਦੇ ਰਿਕਾਰਡ ਦਰਜ ਕਰਨੇ ਹੀ ਬੰਦ ਕਰ ਦਿੱਤੇ ਅਤੇ ਹੋਰ ਤਾਂ ਹੋਰ ਸਕੂਲਾਂ ਨਾਲ ਸਬੰਧਤ ਜੋ ਦਸਤਾਵੇਜ਼ ਪਹਿਲਾਂ ਤੋਂ ਮੌਜੂਦ ਸਨ ਸਰਕਾਰ ਨੇ ਉਨ੍ਹਾਂ ਨੂੰ ਵੀ ਨਸ਼ਟ ਕਰ ਦਿੱਤਾ।"
ਸਿੰਡੀ ਕਹਿੰਦੀ ਹੈ ਕਿ 139 ਰੈਜ਼ੀਡੈਂਸ਼ੀਅਲ ਸਕੂਲਾਂ ਵਿਚੋਂ 60 ਫੀਸਦ ਦਾ ਕੰਟ੍ਰੋਲ ਕੈਥਲਿਕ ਚਰਚ ਕੋਲ ਸੀ।
ਸਾਲ 2007 ਵਿੱਚ ਸਕੂਲ ਦੇ ਸਾਬਕਾ ਵਿਦਿਆਰਥੀਆਂ, ਚਰਚ, ਆਦਿਵਾਸੀਆਂ ਦੇ ਸਿਆਸੀ ਸਮੂਹ ਅਸੈਂਬਲੀ ਆਫ ਫਰਸਟ ਨੈਸ਼ਨਸ ਅਤੇ ਸਰਕਾਰ ਵਿਚਾਲੇ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲਸ ਸੈਟਲਮੈਂਟ ਐਗਰੀਮੈਂਟ ਨਾਮ ਦਾ ਅਹਿਮ ਸਮਝੌਤਾ ਹੋਇਆ ਸੀ।
ਉਹ ਕਹਿੰਦੀ ਹੈ, "ਸਮਝੌਤੇ ਤਹਿਤ ਚਰਚ ਨੇ ਹਰਜਾਨੇ ਵਜੋਂ ਢਾਈ ਕਰੋੜ ਡਾਲਰ ਦੇਣ ਦੀ ਗੱਲ ਆਖੀ, ਜਿਸ ਦੀ ਵਰਤੋਂ ਆਦਿਵਾਸੀਆਂ ਦੇ ਸੱਭਿਆਚਾਰ ਦੀ ਬਹਾਲੀ ਅਤੇ ਪੀੜਤਾਂ ਦੀ ਬਿਹਤਰੀ ਲਈ ਕੀਤਾ ਜਾਣਾ ਸੀ।"
"ਪਰ 40 ਲੱਖ ਡਾਲਰ ਜਮਾ ਕਰਨ ਤੋਂ ਬਾਅਦ ਚਰਚ ਨੇ ਹੋਰ ਪੈਸਾ ਜਮਾ ਕਰਨ ਤੋਂ ਮਨ੍ਹਾਂ ਕਰ ਦਿੱਤਾ। ਹਾਲਾਂਕਿ, ਇਸ ਤੋਂ ਬਾਅਦ ਵੀ ਨਵੇਂ ਕੈਥਲਿਕ ਚਰਚ ਬਣਾਉਣ ਲਈ ਕਰੋੜਾਂ ਡਾਲਰ ਜਮਾ ਕੀਤੇ ਗਏ।"
"ਜੇਕਰ ਉਹ ਨਵੇਂ ਚਰਚ ਲਈ ਪੈਸੇ ਇਕੱਠੇ ਕਰ ਸਕਦੇ ਹਨ ਤਾਂ ਆਪਣੀਆਂ ਜ਼ਿੰਮੇਦਾਰੀਆਂ ਨਿਭਾਉਂਦਾ ਹੋਇਆ ਆਦਿਵਾਸੀਆਂ ਲਈ ਵੀ ਇਹ ਕਰ ਸਕਦੇ ਹਨ।"
ਸਾਲ 2009 ਵਿੱਚ ਕੈਨੇਡਾ ਆਦਿਵਾਸੀਆਂ ਨਾਲ ਹੋਏ ਮਾੜੇ ਵਤੀਰੇ ਅਤੇ ਉਨ੍ਹਾਂ 'ਤੇ ਕੀਤੇ ਗਏ ਅੱਤਿਆਚਾਰ ਲਈ ਮੁਆਫ਼ੀ ਤਾਂ ਮੰਗ ਲਈ ਪਰ ਹੁਣ ਤੱਕ ਚਰਚ ਨੇ ਪੂਰਾ ਹਰਜਾਨਾ ਨਹੀਂ ਦਿੱਤਾ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਟਰੁੱਥ ਐਂਡ ਰੀਕੰਸਲਿਏਸ਼ਨ ਕਮਿਸ਼ਨ ਨੇ ਕੈਥਲਿਕ ਚਰਚ ਕੋਲੋਂ ਰਸਮੀ ਮੁਆਫ਼ੀ ਅਤੇ ਪੂਰੇ ਹਰਜਾਨੇ ਦੀ ਮੰਗ ਹੈ। ਹੁਣ ਤੱਕ ਦੋਵਾਂ ਮੰਗਾਂ ਪੂਰੀ ਨਹੀਂ ਹੋਈ ਹੈ।
ਪਰ ਇਹ ਸਵਾਲ ਹੁਣ ਵੀ ਖੜ੍ਹਾ ਹੋਇਆ ਹੈ ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਮੌਤ ਕਿਉਂ ਹੋਈ।
ਇੰਨਾ ਸਪੱਸ਼ਟ ਹੈ ਕਿ ਇਹ ਸਕੂਲ ਸਿੱਖਿਆ ਲਈ ਨਹੀਂ ਬਲਕਿ ਬੱਚਿਆਂ ਨੂੰ ਉਨ੍ਹਾਂ ਦੀ ਪਛਾਣ ਅਤੇ ਸੱਭਿਆਚਾਰ ਤੋਂ ਵੱਖ ਕਰਨ ਲਈ ਬਣੇ ਸਨ।
ਇਹ ਯੋਜਨਾਬੱਧ ਤਰੀਕੇ ਨਾਲ ਇੱਕ ਭਾਈਚਾਰੇ ਨੂੰ ਮਿਟਾਉਣ ਦੀ ਕੋਸ਼ਿਸ਼ ਸੀ ਅਤੇ ਉਹ ਵੀ ਇੱਕ ਅਜਿਹੇ ਦੇਸ਼ ਵਿੱਚ ਜੋ ਮਨੁੱਖੀ ਅਧਿਕਾਰਾਂ ਦੇ ਸਨਮਾਨ ਨੂੰ ਆਜ਼ਾਦ ਗਣਤੰਤਰ ਰਾਸ਼ਟਰ ਦੇ ਕੇਂਦਰ ਵਿੱਚ ਮੰਨਦਾ ਹੈ।
ਇਹ ਗੱਲ ਬੇਸ਼ੱਕ ਹੀ 100 ਸਾਲ ਪੁਰਾਣੀ ਹੋਵੇ ਪਰ ਇਸ ਦੇ ਜਖ਼ਮ ਅੱਜ ਵੀ ਆਦਿਵਾਸੀ ਭਾਈਚਾਰੇ ਦੇ ਸੀਨੇ ਵਿੱਚ ਹਨ।
ਅੱਜ ਇਹ ਆਪਣੀ ਉਸ ਪੁਰਾਣੀ ਪਛਾਣ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਮਿਟਾ ਦੇਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













