You’re viewing a text-only version of this website that uses less data. View the main version of the website including all images and videos.
ਅਸਾਮ 'ਚ ਨਵਾਂ ਬਿੱਲ: ਹਿੰਦੂ, ਸਿੱਖ ਤੇ ਜੈਨ ਖ਼ੇਤਰਾਂ ਸਣੇ ਮੰਦਰ ਦੇ 5 ਕਿਲੋਮੀਟਰ ਖ਼ੇਤਰ 'ਚ ਬੀਫ਼ ਵੇਚਣ 'ਤੇ ਹੋ ਸਕਦੀ ਹੈ ਮਨਾਹੀ - ਪ੍ਰੈੱਸ ਰਿਵੀਊ
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵ ਸਰਮਾ ਦੀ ਅਗਵਾਈ ਵਾਲੀ ਸਰਕਾਰ ਨੇ ਅਸਾਮ ਵਿਧਾਨਸਭਾ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਸ ਬਿੱਲ ਦਾ ਮਕਸਦ ਸੂਬੇ ਦੇ ਉਨ੍ਹਾਂ ਹਿੱਸਿਆਂ ਵਿੱਚ ਮਵੇਸ਼ੀਆਂ ਦੇ ਵੱਡਣ ਅਤੇ ਵੇਚਣ ਉੱਤੇ ਰੋਕ ਲਗਾਉਣਾ ਹੈ ਜਿੱਥੇ ਹਿੰਦੂ, ਸਿੱਖ ਅਤੇ ਜੈਨ ਲੋਕ ਜ਼ਿਆਦਾ ਗਿਣਤੀ 'ਚ ਰਹਿੰਦੇ ਹਨ।
ਇਸ ਬਿੱਲ ਵਿੱਚ ਦਸਤਾਵੇਜ਼ਾਂ ਦੀ ਘਾਟ ਵਿੱਚ ਮਵੇਸ਼ੀਆਂ ਦੇ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤੇ ਅਸਾਮ ਤੋਂ ਬਾਹਰ ਲੈ ਕੇ ਜਾਣ ਨੂੰ ਵੀ ਗ਼ੈਰ-ਕਾਨੂੰਨੀ ਬਣਾਉਣ ਦੀ ਤਜਵੀਜ਼ ਹੈ।
ਅਸਾਮ ਕੈਟਲ ਪ੍ਰੀਜ਼ਰਵੇਸ਼ਨ ਬਿੱਲ 2021 ਦੇ ਤਹਿਤ ਅਪਰਾਧ ਗ਼ੈਰ-ਜ਼ਮਾਨਤੀ ਹੋਣਗੇ। ਇਹ ਕਾਨੂੰਨ ਪੂਰੇ ਅਸਮ 'ਚ ਲਾਗੂ ਹੋਵੇਗਾ ਅਤੇ ਮਵੇਸ਼ੀ ਸ਼ਬਦ ਗਾਂ, ਮੱਝ, ਵੱਛੇ, ਵੱਛੀ, ਸਾਂਢ ਉੱਤੇ ਲਾਗੂ ਹੋਵੇਗਾ।
ਮੁੱਖ ਮੰਤਰੀ ਨੇ ਬਿੱਲ ਪੇਸ਼ ਕਰਨ ਤੋਂ ਬਾਅਦ ਕਿਹਾ, ''ਨਵੇਂ ਕਾਨੂੰਨ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਮਵੇਸ਼ੀਆਂ ਨੂੰ ਵੱਡਣ ਦੀ ਉਨ੍ਹਾਂ ਖ਼ੇਤਰਾਂ ਵਿੱਚ ਇਜਾਜ਼ਤ ਨਾ ਦਿੱਤੀ ਜਾਵੇ ਜਿੱਥੇ ਹਿੰਦੂ, ਜੈਨ, ਸਿੱਖ ਤੇ ਬੀਫ਼ ਨਾ ਖਾਣ ਵਾਲੇ ਭਾਈਚਾਰੇ ਰਹਿੰਦੇ ਹਨ ਜਾਂ ਉਹ ਥਾਵਾਂ ਕਿਸੇ ਮੰਦਰ ਜਾਂ ਅਧਿਕਾਰੀਆਂ ਵੱਲੋਂ ਨਿਰਧਾਰਿਤ ਕਿਸੇ ਸੰਸਥਾ ਦੇ ਪੰਜ ਕਿਲੋਮੀਟਰ ਦਾਇਰੇ ਵਿੱਚ ਆਉਂਦੇ ਹਨ। ਕੁਝ ਧਾਰਮਿਕ ਮੌਕਿਆਂ ਲਈ ਛੂਟ ਦਿੱਤੀ ਜਾ ਸਕਦੀ ਹੈ।''
ਇਹ ਵੀ ਪੜ੍ਹੋ:
ਰਾਵਤ ਨੇ ਦੱਸਿਆ ਪੰਜਾਬ ਕਾਂਗਰਸ ਨੂੰ ਕਦੋਂ ਮਿਲੇਗਾ ਨਵਾਂ ਪ੍ਰਧਾਨ
ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪਾਰਟੀ ਜਲਦੀ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਥਾਂ ਕਿਸੇ ਹੋਰ ਨੂੰ ਪ੍ਰਧਾਨ ਲਾਵੇਗੀ ਤੇ ਨਾਲ ਹੀ ਕੈਬਿਨਟ 'ਚ ਵੀ ਬਦਲਾਅ ਹੋਵੇਗਾ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਰਾਵਤ ਨੇ ਕਿਹਾ ਹੈ ਕਿ ਇਹ ਬਦਲਾਅ "2-3 ਦਿਨਾਂ ਵਿੱਚ ਹੋਣਗੇ"। ਹਰੀਸ਼ ਰਾਵਤ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਅਹੁਦੇ ਉੱਤੇ ਕਾਇਮ ਰਹਿਣਗੇ।
ਅਖ਼ਬਾਰ ਨਾਲ ਗੱਲ ਕਰਦਿਆਂ ਰਾਵਤ ਨੇ ਕਿਹਾ, "ਪੰਜਾਬ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਅਤੇ ਕੁਝ ਨਵੇਂ ਚਿਹਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਿਨਟ ਵਿੱਚ ਮਿਲਣਗੇ।"
ਉਨ੍ਹਾਂ ਅੱਗੇ ਕਿਹਾ, "ਮੁੱਖ ਮੰਤਰੀ ਦੇ ਅਹੁਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਕਿਸੇ ਨੇ ਵੀ ਇਸ ਪੱਧਰ 'ਤੇ ਬਦਲਾਅ ਦੀ ਡਿਮਾਂਡ ਨਹੀਂ ਕੀਤੀ। ਪਾਰਟੀ ਮੈਂਬਰਾਂ ਦੇ ਕੁਝ ਮਸਲੇ ਸਨ ਤੇ ਇਹ ਜਲਦੀ ਸੁਲਝਾ ਲਏ ਜਾਣਗੇ। ਪਾਰਟੀ ਨੂੰ ਕਈ ਫੈਕਟਰ ਧਿਆਨ ਵਿੱਚ ਰੱਖਣੇ ਪਏ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਬੈਂਸ 'ਤੇ ਰੇਪ ਦਾ ਕੇਸ, ਹਾਈ ਕੋਰਟ ਨੇ ਕੀ ਕਿਹਾ
ਪੰਜਾਬ ਹਰਿਆਣਾ ਹਾਈ ਕੋਰਟ ਨੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋ ਦਾਖ਼ਲ ਅਰਜ਼ੀ ਉੱਤੇ ਸੁਣਵਾਈ ਕਰਦਿਆਂ ਸੂਬੇ ਨੂੰ ਨੋਟਿਸ ਦਿੱਤਾ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬੈਂਸ ਨੇ ਹੇਠਲੀ ਅਦਾਲਤ ਵੱਲੋਂ ਉਨ੍ਹਾਂ ਖ਼ਿਲਾਫ਼ ਰੇਪ ਦਾ ਕੇਸ ਰਜਿਸਟਰ ਕਰਨ ਖ਼ਿਲਾਫ਼ ਹਾਈ ਕੋਰਟ ਦਾ ਰੁਖ ਕੀਤਾ ਸੀ। ਮਾਮਲੇ ਦੀ ਸੁਣਵਾਈ 15 ਜੁਲਾਈ ਨੂੰ ਹੋਵੇਗੀ।
ਲੁਧਿਆਣਾ ਪੁਲਿਸ ਨੇ ਬੈਂਸ, ਨਿੱਜੀ ਸਹਾਇਕ ਗੋਗੀ ਸ਼ਰਮਾ, ਭਰਾ ਕਰਮਜੀਤ ਸਿੰਘ, ਭਾਬੀ ਜਸਬੀਰ ਕੌਰ ਅਤੇ ਤਿੰਨ ਹੋਰਾਂ ਖ਼ਿਲਾਫ਼ ਕਥਿਤ ਤੌਰ 'ਤੇ ਰੇਪ, ਜਿਨਸੀ ਸ਼ੋਸ਼ਣ, ਅਪਰਾਧਿਕ ਸਾਜ਼ਿਸ਼ ਤਹਿਤ ਮਾਮਲਾ ਦਰਜ ਕੀਤਾ ਸੀ।
ਬੈਂਸ ਦਾ ਦਾਅਵਾ ਹੈ ਕਿ ਉਨ੍ਹਾਂ ਹਮੇਸ਼ਾ ਮੌਜੂਦਾ ਸਰਕਾਰ ਦੀਆਂ ਗਲਤ ਨਿਤੀਆਂ ਦਾ ਵਿਰੋਧ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਇਸ ਕੇਸ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਜੋ ਉਨ੍ਹਾਂ ਦਾ ਸਿਆਸੀ ਕਰੀਅਰ ਤਬਾਹ ਹੋ ਸਕੇ।
ਰੇਪ ਮਾਮਲੇ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਇੱਕ ਔਰਤ ਵੱਲੋਂ 16 ਨਵੰਬਰ, 2020 ਨੂੰ ਸ਼ਿਕਾਇਤ ਦਿੱਤੀ ਗਈ ਸੀ।
ਮਹਿੰਗਾਈ ਦਰ ਜੂਨ 'ਚ 6.26% ਹੋਈ
ਸਰਕਾਰ ਨੇ ਰਿਟੇਲ ਮਹਿੰਗਾਈ ਦੇ ਅੰਕੜੇ ਜਾਰੀ ਕਰ ਦਿੱਤੇ ਹਨ।
ਭਾਸਕਰ ਦੀ ਖ਼ਬਰ ਮੁਤਾਬਕ ਕੰਜ਼ਿਊਮਰ ਪ੍ਰਾਈਜ਼ ਇੰਡੈਕਸ (CPI) ਅਧਾਰਿਤ ਰਿਟੇਲ ਮਹਿੰਗਾਈ ਦਰ ਜੂਨ ਵਿੱਚ ਘੱਟ ਕੇ 6.26% ਹੋ ਗਈ ਜੋ ਮਈ ਵਿੱਚ 6.30% ਸੀ।
ਮਈ ਮੁਕਾਬਲੇ ਜੂਨ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਪਿੱਛੇ ਮਹਿੰਗਾ ਪੈਟਰੋਲ-ਡੀਜ਼ਲ ਇੱਕ ਵੱਡਾ ਕਾਰਨ ਹੈ। ਜੂਨ ਵਿੱਚ ਮਹਿੰਗਾਈ ਦਾ ਅੰਕੜਾ ਲਗਾਤਾਰ ਦੂਜੇ ਮਹੀਨੇ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੇ ਤੈਅ ਦਾਇਰੇ 4 ਤੋਂ ਅੱਗੇ ਪਹੁੰਚਿਆ ਹੈ।
ਰਾਸ਼ਟਰੀ ਅੰਕੜਾ ਦਫ਼ਤਰ (NSO) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮਈ ਮਹੀਨੇ ਵਿੱਚ ਨਿਰਮਾਣ ਖੇਤਰ ਦੇ ਉਤਪਾਦਨ 'ਚ 34.5 ਫੀਸਦੀ ਦਾ ਵਾਧਾ ਹੋਇਆ ਹੈ। ਖਣਨ ਖੇਤਰ ਦਾ ਉਤਪਾਦਨ 23.3 ਫੀਸਦੀ ਅਤੇ ਬਿਜਲੀ ਦਾ 7.5 ਫੀਸਦੀ ਵਧਿਆ ਹੈ।
ਇਹ ਵੀ ਪੜ੍ਹੋ: