You’re viewing a text-only version of this website that uses less data. View the main version of the website including all images and videos.
ਗੋਪਾਲ ਸ਼ਰਮਾ : ਹਰਿਆਣਾ ਪੁਲਿਸ ਵਲੋਂ ਫ਼ਿਰਕੂ ਹਿੰਸਾ ਭੜਕਾਉਣ ਵਾਲੀ ਬਿਆਨਬਾਜ਼ੀ ਕਰਨ ਦੇ ਮਾਮਲੇ ਵਿਚ ਫੜਿਆ ਵਿਅਕਤੀ ਕੌਣ
ਹਰਿਆਣਾ ਦੇ ਜ਼ਿਲ੍ਹੇ ਗੁਰੂਗ੍ਰਾਮ ਦੇ ਪਟੌਦੀ ਦੀ ਮਹਾਪੰਚਾਇਤ ਵਿਖੇ ਘੱਟਗਿਣਤੀ ਭਾਈਚਾਰੇ ਖਿਲਾਫ਼ ਨਫਰਤ ਭਰਿਆ ਭਾਸ਼ਣ ਦੇਣ ਦੇ ਮਾਮਲੇ 'ਚ ਗੋਪਾਲ ਸ਼ਰਮਾ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਟੌਦੀ ਸ਼ਹਿਰ ਜਾਣੇ- ਪਛਾਣੇ ਫਿਲਮ ਅਦਾਕਾਰ ਸੈਫ਼ ਅਲ਼ੀ ਖਾਨ ਦਾ ਜੱਦੀ ਸ਼ਹਿਰ ਹੈ, ਪਟੌਦੀ ਖਾਨਦਾਨ ਇੱਥੋਂ ਦਾ ਰਜਵਾੜਾ ਪਰਿਵਾਰ ਹੈ।
ਬੀਬੀਸੀ ਪੰਜਾਬੀ ਦੇ ਹਰਿਆਣਾ ਤੋਂ ਸਹਿਯੋਗੀ ਸਤ ਸਿੰਘ ਮੁਤਾਬਕ ਪਟੌਦੀ ਥਾਣੇ 'ਚ ਆਈਪੀਸੀ ਦੀ ਧਾਰਾ 153 ਏ (ਧਾਰਮਿਕ ਮਾਮਲੇ 'ਚ ਭੜਕਾਊ ਬਿਆਨ ਦੇਣ ਅਤੇ 295 ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ) ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
4 ਜੁਲਾਈ ਨੂੰ ਪਟੌਦੀ ਦੇ ਰਾਮਲੀਲਾ ਗਰਾਉਂਡ ਵਿਖੇ ਮਹਾਂ ਪੰਚਾਇਤ ਕੀਤੀ ਗਈ ਸੀ। ਇਹ ਪੰਚਾਇਤ ਦਿੱਲੀ-ਐਨਸੀਆਰ ਅਤੇ ਯੂਪੀ ਦੇ ਕੁਝ ਸ਼ਹਿਰਾਂ ਵਿੱਚ ਗੂੰਗੇ-ਬੋਲੇ ਵਿਦਿਆਰਥੀਆਂ ਨੂੰ ਧਰਮ ਵਿੱਚ ਬਦਲਣ, ਲਵ ਜੇਹਾਦ ਆਦਿ ਨੂੰ ਲੈ ਕੇ ਹੋਈ ਸੀ।
ਜਿਸ ਵਿਚ ਗੋਪਾਲ ਸ਼ਰਮਾਂ ਅਤੇ ਕਰਨੀ ਸੈਨਾ ਦੇ ਪ੍ਰਧਾਨ ਤੇ ਹਰਿਆਣਾ ਭਾਜਪਾ ਦੇ ਬੁਲਾਰੇ ਸੂਰਜਪਾਲ ਅਮੂ ਨੇ ਕਾਫ਼ੀ ਵਿਵਾਦਮਈ ਭਾਸ਼ਣ ਦਿੱਤੇ ਸਨ।
ਹੁਣ ਪਿੰਡ ਜਮਾਲਪੁਰ ਦੇ ਵਸਨੀਕ ਨੇ ਥਾਣੇ ਵਿਚ ਸ਼ਿਕਾਇਤ ਕੀਤੀ ਸੀ ਕਿ ਗੋਪਾਲ ਨੇ ਨਾ ਸਿਰਫ ਭੜਕਾਊ ਭਾਸ਼ਣ ਦਿੱਤੇ ਬਲਕਿ ਦੋਵਾਂ ਭਾਈਚਾਰਿਆਂ ਵਿਚਾਲੇ ਸਦਭਾਵਨਾ ਭੰਗ ਕਰਨ ਦੀ ਕੋਸ਼ਿਸ਼ ਕੀਤੀ।
ਗੋਪਾਲ ਸ਼ਰਮਾਂ ਉਹੀ ਬੰਦਾ ਹੈ, ਜੋ ਸਿਟੀਜਨਸ਼ਿਪ ਐਕਟ ਦੇ ਵਿਰੋਧ ਦਰਜ ਕਰਵਾਉਣ ਵਾਲਿਆਂ ਉੱਤੇ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਫਾਇਰਿੰਗ ਕਰਕੇ ਸੁਰਖੀਆਂ ਵਿੱਚ ਆਇਆ ਸੀ।
ਇਹ ਵੀ ਪੜ੍ਹੋ
ਹਿੰਦੂ ਸੰਗਠਨਾਂ ਨੇ ਇਹ ਮਹਾਪੰਚਾਇਤ ਨੂੰ ਬੁਲਾਈ ਸੀ ਅਤੇ ਕਥਿਤ ਲਵ ਜੇਹਾਦ ਤੇ ਜ਼ਬਰੀ ਧਰਮ ਪਰਿਵਰਤਨ ਦੇ ਖਿਲਾਫ ਵਿਰੋਧ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਦੌਰਾਨ ਗੋਪਾਲ ਸ਼ਰਮਾ ਨੇ ਮਹਾਪੰਚਾਇਤ ਵਿੱਚ ਵਿਵਾਦਪੂਰਨ ਬਿਆਨ ਦਿੱਤਾ। ਇਸ ਭਾਸ਼ਣ ਦੀ ਵੀਡੀਓ ਕਾਫ਼ੀ ਵਾਇਰਲ ਹੋ ਗਈ ਸੀ।
ਸ਼ਿਕਾਇਤ ਕਰਨ ਵਲੇ ਸ਼ਖ਼ਸ ਨੇ ਯੂ-ਟਿਊਬ 'ਤੇ ਵਾਇਰਲ ਹੋਈਆਂ ਦੋ ਵੀਡਿਓਜ ਦੇ ਲਿੰਕ ਵੀ ਪੁਲਿਸ ਨੂੰ ਦੇ ਕੇ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਹੈ।
ਪਟੌਦੀ ਖਾਨਦਾਨ ਖ਼ਿਲਾਫ਼ ਸ਼ਬਦੀ ਹਮਲੇ
ਮਨਸ਼ੂਰ ਅਲੀ ਖਾਨ ਪਟੌਦੀ ਦੇ ਪਿਤਾ ਨਵਾਬ ਇਫਤਖ਼ਾਰ ਖਾਨ ਭਾਰਤ ਦੀ ਕ੍ਰਿਕਟ ਟੀਮ ਵਿਚ ਆਪਣੇ ਸਮਾਂ ਦੇ ਵੱਡੇ ਖਿਡਾਰੀ ਸਨ। ਉਨ੍ਹਾਂ ਦਾ ਕ੍ਰਿਕਟ ਜਗਤ ਵਿਚ ਕਾਫ਼ੀ ਮਾਣ ਸਤਿਕਾਰ ਸੀ।
ਇਸ ਤਰ੍ਹਾਂ ਮਨਸੂਰ ਅਲੀ ਖਾਨ ਪਟੌਦੀ ਵੀ ਭਾਰਤੀ ਕ੍ਰਿਕਟ ਦੇ ਵੱਡੇ ਸਿਤਾਰੇ ਰਹੇ ਹਨ ਅਤੇ ਕੌਮਾਂਤਰੀ ਕ੍ਰਿਕਟ ਵਿਚ ਵੀ ਉਨ੍ਹਾਂ ਦੇ ਨਾਂ ਦਾ ਡੰਕਾ ਵੱਜਦਾ ਸੀ।
ਮਨਸੂਰ ਖਾਨ ਨੇ ਉਸ ਵੇਲੇ ਦੀ ਬਾਲੀਵੁੱਡ ਅਦਾਕਾਰ ਸ਼ਰਮੀਲਾ ਟੈਗੋਰ ਨਾਲ ਵਿਆਹ ਕਰਵਾਇਆ ਅਤੇ ਹੁਣ ਉਨ੍ਹਾਂ ਦਾ ਪੁੱਤਰ ਸੈਫ਼ ਅਲੀ ਖਾਨ ਫਿਲਮ ਜਗਤ ਦਾ ਚਰਚਿਤ ਅਦਾਕਾਰ ਹੈ।
ਸੈਫ ਅਲ਼ੀ ਖਾਨ ਨੇ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਨਾਲ ਵਿਆਹ ਕਰਵਾਇਆ ਹੋਇਆ ਹੈ ਅਤੇ ਉਨ੍ਹਾ ਦੇ ਪੁੱਤਰ ਦਾ ਨਾਂ ਤੈਮੂਰ ਹੈ।
ਸੂਰਜ ਪਾਲ ਸਣੇ ਦੂਜੇ ਕਈ ਬੁਲਾਰਿਆ ਨੇ ਪਟੌਦੀ ਦੇ ਖਾਨ ਪਰਿਵਾਰ ਖ਼ਿਲਾਫ਼ ਵੀ ਕਾਫ਼ੀ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ।
ਪਟੌਦੀ ਖਾਨਦਾਨ ਨਾਲ ਸਬੰਧਤ ਫਿਲਮ ਅਦਾਕਾਰ ਸੈਫ਼ ਅਲੀ ਖਾਨ ਦੀ ਮਾਂ ਸ਼ਰਮੀਲਾ ਟੈਗੋਰ ਦੇ ਖ਼ਿਲਾਫ਼ ਵੀ ਬਿਆਨਬਾਜ਼ੀ ਕੀਤੀ ਗਿਆ।
ਸੈਫ਼ ਦੇ ਬੱਚੇ ਤੈਮੂਰ ਦੇ ਨਾਂ ਨਾਲ ਮੁਗਲ ਰਾਜਿਆਂ ਦੇ ਨਾਂ ਜੋੜ ਕੇ ਅਸਿੱਧੇ ਸ਼ਬਦੀ ਹਮਲੇ ਕੀਤੇ ਗਏ।
ਭਾਜਪਾ ਆਗੂ ਸੂਰਜਪਾਲ ਅਮੂ ਨੇ ਕੀ ਕਿਹਾ ਸੀ
ਸੂਰਜ ਪਾਲ ਅਮੂ ਨੇ ਮਹਾਪੰਚਾਇਤ ਵਿੱਚ ਸ਼ਾਮਿਲ ਲੋਕਾਂ ਨੂੰ ਕਿਹਾ ਸੀ ਕਿ 'ਇਨ੍ਹਾਂ' ( ਘੱਟ ਗਿਣਤੀ ਭਾਈਚਾਰਿਆਂ) ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇ, ਤਾਂ ਜੋ ਸਬੰਧਿਤ ਸਮੱਸਿਆਵਾਂ ਖ਼ਤਮ ਹੋ ਸਕਣ।
ਉਨ੍ਹਾਂ ਨੇ ਨੌਜਵਾਨਾਂ ਨੂੰ ਅਜਿਹੇ ਪਾਰਕਾਂ ਵਿੱਚੋਂ ਪੱਥਰ ਪੁੱਟ ਸੁੱਟਣ ਲਈ ਕਿਹਾ ਜਿੱਥੇ ਖ਼ਾਸ ਭਾਈਚਾਰੇ ਦੇ ਲੋਕਾਂ ਦੇ ਨਾਮ ਦੇਖੇ ਜਾ ਸਕਦੇ ਹਨ।
ਇਸ ਦੌਰਾਨ ਸੂਰਜ ਪਾਲ ਨੇ ਬੋਹਰਾ ਕਲਾਂ ਦੇ ਪਿੰਡ ਵਾਸੀਆਂ ਦੀ ਪਿੱਠ ਥਪਥਪਾਈ, ਜਿੰਨ੍ਹਾਂ ਨੇ ਪਿੰਡ ਵਿੱਚ ਮਸਜਿਦ ਦਾ ਨਿਰਮਾਣ ਨਹੀਂ ਹੋਣ ਦਿੱਤਾ।
ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਗੁਰੁਗ੍ਰਾਮ ਦੇ ਪਿੰਡ ਬੋਹਰਾ ਕਲਾਂ ਵਿੱਚ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਸੀ ਜਦੋਂ ਪਿੰਡ ਵਿੱਚ ਮਸਜਿਦ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਪੁਲਿਸ ਨੂੰ ਕਾਨੂੰਨ ਅਤੇ ਸ਼ਾਂਤੀ ਕਾਇਮ ਰੱਖਣ ਲਈ ਦਖ਼ਲ ਦੇਣਾ ਪਿਆ ਸੀ।
ਹਿੰਦੂ ਪੰਚਾਇਤ ਦਾ ਮਕਸਦ
ਪਟੌਦੀ ਪਿੰਡ ਵਿੱਚ ਮਹਾਪੰਚਾਇਤ ਦੇ ਪ੍ਰਬੰਧ ਕਰਨ ਵਾਲੇ ਵਕੀਲ ਸੁਧੀਰ ਮੋਦਗਿਲ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਇਸ ਦਾ ਮਕਸਦ ਦੱਸਿਆ।
ਮੋਦਗਿਲ ਨੇ ਕਿਹਾ, ''ਹਿੰਦੂ ਭਾਈਚਾਰੇ ਦੇ ਲੋਕਾਂ ਦਾ ਧਰਮ ਪਰਿਵਰਤਨ ਅਤੇ ਭਾਈਚਾਰੇ ਦੀਆਂ ਕੁੜੀਆਂ ਦੇ ਮੁਸਲਮਾਨ ਮੁੰਡਿਆਂ ਨਾਲ ਵਿਆਹ ਕਰਨ ਤੋਂ ਰੋਕਣ ਲਈ ਮਹਾਪੰਚਾਇਤ ਕਰਵਾਈ ਗਈ ਸੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਪਿਛਲੇ ਇੱਕ ਦਹਾਕੇ ਵਿੱਚ 18 ਅਜਿਹੇ (ਲਵ ਜਿਹਾਦ) ਦੇ ਮਾਮਲੇ ਸਾਹਮਣੇ ਆਏ ਹਨ ਅਤੇ ਉਨ੍ਹਾਂ ਨੂੰ ਰੋਕਣ ਲਈ ਬੈਠਕਾਂ ਕਰਵਾਈਆਂ ਗਈਆਂ ਹਨ।
ਗੁਰੂਗ੍ਰਾਮ ਦੇ ਪਿੰਡ ਬ੍ਰਹਮਨਵਾਸ ਦੇ ਵਾਸੀ ਹੇਮੰਤ ਸ਼ਰਮਾ ਨੇ ਵੀ ਮਹਾਪੰਚਾਇਤ ਵਿੱਚ ਸ਼ਮੂਲੀਅਤ ਕੀਤੀ।
ਉਨ੍ਹਾਂ ਕਿਹਾ ਕਿ ਲਵ ਜਿਹਾਦ ਦੇ ਮਾਮਲਿਆਂ ਨੂੰ ਰੋਕਣ ਲਈ ਹਿੰਦੂਆਂ ਨੂੰ ਹੱਥ ਮਿਲਾਉਣਾ ਹੋਵੇਗਾ।
ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਜਾਣਕਾਰ ਪਰਿਵਾਰ ਵਿੱਚ ਕਿਸੇ ਨੇ ਧਰਮ ਪਰਿਵਰਤਨ ਕੀਤਾ ਹੈ ਤਾਂ ਉਨ੍ਹਾਂ ਦਾ ਜਵਾਬ ਨਾਂਹ ਵਿਚ ਸੀ।
ਸਰਕਾਰ ਤੇ ਭਾਜਪਾ ਦਾ ਪ੍ਰਤੀਕਰਮ
ਭਾਜਪਾ ਆਗੂ ਸੂਰਜ ਪਾਲ ਵਲੋਂ ਹਿੰਦੂ ਮਹਾਪੰਚਾਇਤ ਵਿਚ ਇੱਕ ਖਾਸ ਭਾਈਚਾਰੇ ਵਿਰੁੱਧ ਨਫ਼ਰਤ ਵਾਲੇ ਬਿਆਨ ਉੱਤੇ ਪਾਰਟੀ ਦੇ ਸੂਬਾ ਪ੍ਰਧਾਨ ਓਪੀ ਧਨਖੜ਼ ਸਣੇ ਦੂਜੇ ਆਗੂਆਂ ਨੇ ਇਸ ਨੂੰ ਸੂਰਜਪਾਲ ਦਾ ਨਿੱਜੀ ਬਿਆਨ ਕਹਿ ਕੇ ਪੱਲਾ ਝਾੜ ਲਿਆ ਸੀ।
ਬੀਬੀਸੀ ਪੰਜਾਬੀ ਨੇ ਓਪੀ ਧਨਖੜ ਤੋਂ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪ੍ਰਿੰਸੀਪਲ ਮੀਡੀਆ ਸਲਾਹਕਾਰ ਤੋਂ ਸਰਕਾਰ ਦਾ ਪ੍ਰਤੀਕਰਮ ਮੰਗਿਆਂ ਤਾਂ ਉਨ੍ਹਾਂ ਕਿਹਾ ਸੀ ਕਿ ਇਹ ਸੂਰਜ ਪਾਲ ਦਾ ਨਿੱਜੀ ਬਿਆਨ ਹੈ।
ਮਾਨੇਸਰ ਦੇ ਡੀਸੀਪੀ ਵਰੁਣ ਸਿੰਘਲਾ ਨੇ ਬੀਬੀਸੀ ਨੂੰ ਦੱਸਿਆ ਉਦੋਂ ਕਿਹਾ ਸੀ ਕਿ ਪੁਲਿਸ ਨੂੰ ਅਜਿਹਾ ਕੋਈ ਵੀਡੀਓ ਨਹੀਂ ਮਿਲਿਆ ਅਤੇ ਨਾਲ ਕੋਈ ਰਸਮੀ ਸ਼ਿਕਾਇਤ ਮਿਲੀ ਹੈ।
ਹੁਣ ਪੁਲਿਸ ਨੇ ਰਸਮੀ ਸ਼ਿਕਾਇਤ ਮਿਲਣ ਤੋਂ ਬਾਅਦ ਗੋਪਾਲ ਸ਼ਰਮਾਂ ਨੂੰ ਹਿਰਾਸਤ ਵਿਚ ਲਿਆ ਹੈ , ਪਰ ਸੂਰਜ ਪਾਲ ਅਮੂ ਖ਼ਿਲਾਫ਼ ਅਜੇ ਕੋਈ ਕਾਰਵਾਈ ਨਹੀਂ ਹੋਈ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: