ਅਮਰੀਕਾ ਵਿੱਚ ਰਿਕਾਰਡ ਤੋੜ ਗਰਮੀ ਦਾ ਕਹਿਰ: ਕਰੋੜਾਂ ਲੋਕ ਹੋ ਸਕਦੇ ਹਨ ਬਿਮਾਰੀ ਦਾ ਸ਼ਿਕਾਰ - ਪ੍ਰੈੱਸ ਰਿਵੀਊ

ਅਮਰੀਕਾ ਦੇ ਕਈ ਇਲਾਕਿਆਂ ਵਿੱਚ ਵਧ ਰਹੀ ਗਰਮੀ ਆਪਣੇ ਸਾਰੇ ਪੁਰਾਣੇ ਰਿਕਾਰਡ ਤੋੜਨ ਦੀ ਕਗਾਰ ’ਤੇ ਹੈ।

ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਲਾਸ ਵੇਗਸ ਵਿੱਚ ਇਸ ਹਫ਼ਤੇ ਦੇ ਅੰਤ ਦੌਰਾਨ ਤਾਪਮਾਨ 47 ਡਿਗਰੀ ਤੋਂ ਵੀ ਟੱਪ ਸਕਦਾ ਹੈ।

ਇਸ ਗਰਮੀ ਤੋਂ ਅਮਰੀਕਾ ਦੇ ਪੱਛਮੀ ਅਤੇ ਦੱਖਣ ਪੱਛਮੀ ਇਲਾਕਿਆਂ ਵਿੱਚ ਲਗਭਗ ਤਿੰਨ ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਣਗੇ।ਅੰਗਰੇਜ਼ੀ ਅਖ਼ਬਾਰ 'ਦਿ ਗਾਰਡੀਅਨ' ਦੀ ਰਿਪੋਰਟ ਅਨੁਸਾਰ ਇਨ੍ਹਾਂ ਇਲਾਕਿਆਂ ਵਿੱਚ ਦਿਨ ਅਤੇ ਰਾਤ ਵੇਲੇ ਤਾਪਮਾਨ ਦੇ ਵਧਣ ਕਾਰਨ ਲੋਕਾਂ ਦੇ ਬੀਮਾਰ ਹੋਣ ਦਾ ਖਤਰਾ ਵੀ ਵਧ ਗਿਆ ਹੈ। ਕੈਲੀਫੋਰਨੀਆ ਆਫ਼ਿਸ ਆਫ਼ ਐਮਰਜੈਂਸੀ ਸਰਵਿਸਿਜ਼ ਅਨੁਸਾਰ ਇਸ ਸਾਲ ਤਾਪਮਾਨ ਆਮ ਨਾਲੋਂ ਦੱਸ ਡਿਗਰੀ ਵੱਧ ਰਹਿਣ ਦੇ ਆਸਾਰ ਹਨ ।

ਵਾਸ਼ਿੰਗਟਨ ਅਤੇ ਔਰੇਗਨ ਇਲਾਕਿਆਂ ਵਿੱਚ ਪਿਛਲੇ ਹਫਤੇ ਗਰਮੀ ਕਾਰਨ ਦੋ ਸੌ ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਲਗਭਗ ਪੰਜ ਸੌ ਜਾਨਾਂ ਗਰਮੀ ਕਾਰਨ ਜਾਣ ਦੀਆਂ ਖਬਰਾਂ ਸਨ।

ਇਹ ਵੀ ਪੜ੍ਹੋ:

ਵਧ ਰਹੀ ਗਰਮੀ ਕਾਰਨ ਜੰਗਲ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਧ ਰਹੀਆਂ ਹਨ। ਵੈਦਰ ਡਾਟ ਕਾਮ ਅਨੁਸਾਰ ਕੈਲੀਫੋਰਨੀਆ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ ਲਗਭਗ 4600 ਅਜਿਹੇ ਮਾਮਲੇ ਸਾਹਮਣੇ ਆਏ ਹਨ। ਅਮਰੀਕੀ ਅਧਿਕਾਰੀਆਂ ਨੇ ਨਾਗਰਿਕਾਂ ਨੂੰ ਘਰਾਂ ਦੇ ਅੰਦਰ ਰਹਿਣ, ਪਾਣੀ ਪੀਂਦੇ ਰਹਿਣ ਅਤੇ ਬਿਜਲੀ ਦੀ ਲੋੜ ਮੂਜਬ ਹੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।

ਵਟਸਐਪ ਨੇ ਨਿੱਜਤਾ ਨੀਤੀ ’ਤੇ ਲਾਈ ਆਰਜੀ ਰੋਕ

ਵੱਟਸਐਪ ਨੇ ਡਾਟਾ ਸੁਰੱਖਿਆ ਬਿੱਲ ਦੇ ਪਾਸ ਹੋਣ ਤੱਕ ਪ੍ਰਾਈਵੇਸੀ ਪਾਲਿਸੀ ਉੱਤੇ ਰੋਕ ਲਗਾ ਦਿੱਤੀ ਹੈ। ਇਹ ਜਾਣਕਾਰੀ ਵੱਟਸਐਪ ਨੇ ਦਿੱਲੀ ਹਾਈ ਕੋਰਟ ਨੂੰ ਦਿੱਤੀ ਅਤੇ ਕਿਹਾ ਕਿ ਜਦੋਂ ਭਾਰਤੀ ਸੰਸਦ ਇਸ ਦੀ ਇਜਾਜ਼ਤ ਦੇਵੇਗਾ ਉਦੋਂ ਹੀ ਇਹ ਲਾਗੂ ਹੋਵੇਗੀ।ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ ਕੰਪਨੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵਟਸਐਪ ਦੀ ਨਵੀਂ ਨਿੱਜਤਾ ਨੀਤੀ ਅਤੇ ਸਵੀਕਾਰ ਨਹੀਂ ਕੀਤੀ ਹੈ ਉਨ੍ਹਾਂ ਲਈ ਵੀ ਐਪ ਜਿਉਂ ਦੀ ਤਿਉਂ ਕੰਮ ਕਰਦੀ ਰਹੇਗੀ। ਉਨ੍ਹਾਂ ਨੂੰ ਵੀ ਵਟਸਐਪ ਦੇ ਅਪਡੇਟ ਮਿਲਦੇ ਰਹਿਣਗੇ।

ਇਹ ਬਿਆਨ ਕੰਪਨੀ ਦੇ ਪੁਰਾਣੇ ਸਟੈਂਡ ਮੁਤਾਬਕ ਬਿਨਾਂ ਨਿੱਜਤਾ ਨੀਤੀ ਸਵੀਕਾਰ ਕੀਤਿਆਂ ਵਟਸਐਪ ਚੱਲਣੀ ਬੰਦ ਹੋ ਜਾਣੀ ਸੀ ਅਤੇ ਅਜਿਹੇ ਲੋਕਾਂ ਦੇ ਅਕਾਊਂਟ ਡਿਲੀਟ ਕਰ ਦਿੱਤੇ ਜਾਣੇ ਸਨ।

ਇਲੈਕਟ੍ਰਾਨਿਕ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲਾ ਵੱਲੋਂ ਜਨਵਰੀ ਵਿੱਚ ਵੱਟਸਐਪ ਨੂੰ ਚਿੱਠੀ ਲਿਖੀ ਗਈ ਸੀ ਅਤੇ ਮਈ ਵਿੱਚ ਦੂਸਰੀ ਚਿੱਠੀ ਰਾਹੀਂ ਇਸ ਪਾਲਿਸੀ ਨੂੰ ਵਾਪਸ ਲੈਣ ਲਈ ਕਿਹਾ ਗਿਆ ਸੀ।

ਕੋਟਕਪੂਰਾ ਗੋਲੀਕਾਂਡ: ਮੁਅੱਤਲ ਆਈਜੀ ਉਮਰਾਨੰਗਲ ਨਾਰਕੋ ਟੈਸਟ ਲਈ ਸਹਿਮਤ

ਕੋਟਕਪੂਰਾ ਗੋਲੀਕਾਂਡ ਵਿੱਚ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਆਪਣੀ ਨਾਰਕੋ ਟੈਸਟ ਲਈ ਲਿਖਤੀ ਸਹਿਮਤੀ ਦੇ ਦਿੱਤੀ ਹੈ। ਦਿ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਇਸ ਗੋਲੀਕਾਂਡ ਦੀ ਜਾਂਚ ਲਈ ਬਣਾਈ ਗਈ ਐੱਸਆਈਟੀ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਦਾ ਵੀ ਨਾਰਕੋ ਟੈਸਟ ਕਰਨਾ ਚਾਹੁੰਦੀ ਸੀ ਪਰ ਉਨ੍ਹਾਂ ਨੇ ਅਦਾਲਤ ਵਿੱਚ ਟੈਸਟ ਲਈ ਸਹਿਮਤੀ ਨਹੀਂ ਦਿੱਤੀ। ਉਮਰਾਨੰਗਲ ਦੇ ਵਕੀਲ ਨੇ ਉਮੀਦ ਜਤਾਈ ਕਿ ਇਸ ਟੈਸਟ ਲਈ ਅਜਿਹੀਆਂ ਦਵਾਈਆਂ ਅਤੇ ਕੈਮੀਕਲਾ ਦੀ ਵਰਤੋਂ ਨਹੀਂ ਹੋਵੇਗੀ ਜਿਨ੍ਹਾਂ ਦਾ ਉਮਰਾਨੰਗਲ ਦੀ ਸਿਹਤ ’ਤੇ ਬੁਰਾ ਅਸਰ ਪਵੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)