ਸ੍ਰੀਨਗਰ ਵਿਚ ਸਿੱਖ ਕੁੜੀ ਨੂੰ ਜ਼ਬਰੀ ਅਗਵਾ ਕਰਕੇ ਧਰਮ ਪਰਿਵਰਤਨ ਦਾ ਮਾਮਲਾ - ਪ੍ਰੈੱਸ ਰਿਵੀਊ

ਭਾਰਤ ਸਾਸ਼ਿਤ ਕਸ਼ਮੀਰ ਦੇ ਸ੍ਰੀਨਗਰ ਵਿਚ ਸਿੱਖ ਭਾਈਚਾਰੇ ਨਾਲ ਸਬੰਧਤ ਇੱਕ ਕੁੜੀ ਨੂੰ ਹੋਰ ਭਾਈਚਾਰੇ ਵੱਲੋਂ ਅਗਵਾ ਕੀਤੇ ਜਾਣ ਦੇ ਇਲਜ਼ਾਮਾਂ ਤੋਂ ਬਾਅਦ ਸਿੱਖ ਭਾਈਚਾਰੇ ਨੇ ਰੋਸ-ਪ੍ਰਦਰਸ਼ਨ ਕੀਤਾ ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ 18 ਸਾਲਾਂ ਕੁੜੀ ਨੂੰ ਬਚਾਅ ਲਿਆ ਹੈ ਅਤੇ ਪਰਿਵਾਰ ਨੂੰ ਸੌਂਪ ਦਿੱਤਾ ਹੈ।

ਇਸ ਮਾਮਲੇ ਵਿਚ ਪੁਲਿਸ ਨੇ 29 ਸਾਲਾਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ।

ਇਹ ਵੀ ਪੜ੍ਹੋ-

ਸ਼੍ਰੀਨਗਰ ਦੇ ਐੱਸਪੀ (ਨੌਰਥ) ਮੁਬਾਸ਼ਰ ਹੁਸੈਨ ਨੇ ਕਿਹਾ, "ਕੁੜੀ ਨੂੰ ਬਚਾਅ ਕੇ ਪਹਿਲਾਂ ਕੋਰਟ ਅੱਗੇ ਪੇਸ਼ ਕੀਤਾ ਗਿਆ ਅਤੇ ਫਿਰ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ।"

ਪਰ ਸਿੱਖ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਾਈਚਾਰੇ ਦੀਆਂ ਦੋ ਜਵਾਨ ਔਰਤਾਂ ਨੂੰ ਕਥਿਤ ਤੌਰ ਉੱਤੇ ਅਗਵਾ ਕੀਤਾ ਗਿਆ ਅਤੇ ਇੱਕ ਨੂੰ ਰਿਹਾਅ ਕਰਵਾਇਆ ਗਿਆ ਹੈ।

ਜੰਮੂ-ਕਸ਼ਮੀਰ ਵਿੱਚ ਧਰਮ ਪਰਿਵਰਤਨ ਕਾਨੂੰਨ ਹੋਵੇ ਲਾਗੂ- ਜਥੇਦਾਰ ਅਕਾਲ ਤਖ਼ਤ

ਜੰਮੂ-ਕਸ਼ਮੀਰ ਵਿੱਚ ਸਿੱਖ ਕੁੜੀਆਂ ਦੇ 'ਜ਼ਬਰਨ ਪਰਿਵਰਤਨ' ਤੋਂ ਬਾਅਦ ਜਥੇਦਾਰ ਅਕਾਲ ਤਖ਼ਤ ਹਰਪ੍ਰੀਤ ਸਿੰਘ ਨੇ ਐੱਲਜੀ ਨੂੰ ਚਿੱਠੀ ਲਿਖੀ।

ਉਨ੍ਹਾਂ ਨੇ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਤਰਜ 'ਤੇ ਯੂਨੀਅਨ ਟੈਰੇਟਰੀ (ਯੂਟੀ) ਵਿੱਚ ਧਰਮ ਪਰਿਵਰਤਨ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਹੈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਇੱਕ ਸਿੱਖ ਪਰਿਵਾਰ ਦੀ 18 ਸਾਲਾ ਕੁੜੀ ਦਾ ਨਿਕਾਹ (ਵਿਆਹ) ਜਿਸ ਦੇ ਮਾਪਿਆਂ ਮੁਤਾਬਕ ਉਹ ਡਿਸਏਬਲਡ ਹੈ, ਉਸ ਦਾ ਵਿਆਹ 60 ਸਾਲਾਂ ਦੇ ਵਡੇਰੀ ਉਮਰ ਦੇ ਵਿਅਕਤੀ ਨਾਲ ਕੀਤਾ ਗਿਆ।

ਕੁੜੀ ਨੂੰ ਕਥਿਤ ਤੌਰ 'ਤੇ ਬੁੱਢੇ ਵਿਅਕਤੀ ਨੇ ਅਗਵਾ ਕਰ ਲਿਆ ਸੀ, ਜੋ ਪਹਿਲਾਂ ਤੋਂ ਵਿਆਹਿਆਂ-ਵਰਿਆਂ ਸੀ ਤੇ ਉਸ ਦੇ ਬੱਚੇ ਵੀ ਸਨ।

ਪਰ ਪੁਲਿਸ ਨੇ ਦਾਅਵਾ ਕੀਤਾ ਹੈ ਉਸ 36 ਘੰਟਿਆਂ ਵਿੱਚ ਲੱਭ ਲਿਆ ਗਿਆ ਸੀ।

ਸਿੱਖ ਭਾਈਚਾਰੇ ਵੱਲੋਂ ਇਸ ਘਟਨਾ ਦੇ ਵਿਰੋਧ ਵਿੱਚ ਰੋਸ-ਮੁਜ਼ਾਹਰਾ ਕੀਤਾ ਗਿਆ।

ਇਸ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਸ਼੍ਰੀਨਗਰ ਪਹੁੰਚੇ।

ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜ਼ਮੀਨੀ ਹਕੀਕਤ ਜਾਣਨ ਲਈ ਗਏ ਇੱਕ ਵਫ਼ਦ ਦੀ ਅਗਵਾਈ ਕੀਤੀ ਅਤੇ ਸਰਕਾਰ ਨੂੰ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਕੁੜੀਆਂ ਜ਼ਬਰੀ ਅਗਵਾ ਕਰਕੇ ਅਤੇ ਦੂਜੇ ਭਾਈਚਾਰੇ ਵਿੱਚ ਨਿਕਾਹ ਕਰਵਾਉਣ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਬਾਰੇ ਟਵੀਟ ਕਰ ਕੇ ਇਸ ਦੀ ਨਿੰਦਾ ਕੀਤੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਬਸਪਾ ਹਿੱਸੇ ਆਉਂਦੀ ਕੋਈ ਸੀਟ ਨਹੀਂ ਬਦਲੀ ਜਾਵੇਗੀ: ਮਾਇਆਵਤੀ

ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਵਿੱਚ ਹੋਏ ਸਿਆਸੀ ਗਠਜੋੜ ਤੋਂ ਬਾਅਦ ਸੀਟਾਂ ਦੀ ਵੰਡ ਨੂੰ ਲੈ ਕੇ ਬਸਪਾ ਵਿੱਚ ਘਸਮਾਣ ਪੈ ਗਿਆ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇੱਕ ਪਾਸੇ ਜਿੱਥੇ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਇਸ ਗਠਜੋੜ ਤਹਿਤ ਹੋਈ ਸੀਟਾਂ ਦੀ ਵੰਡ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ।

ਉੱਥੇ ਹੀ ਦੂਜੇ ਪਾਸੇ ਲਖਨਊ (ਉੱਤਰ ਪ੍ਰਦੇਸ਼) ਵਿੱਚ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਅਕਾਲੀ ਦਲ ਨਾਲ ਜੋ ਗਠਜੋੜ ਹੋਇਆ ਹੈ ਉਸ ਵਿੱਚ ਬਸਪਾ ਦੇ ਹਿੱਸੇ ਆਉਂਦੀਆਂ 20 ਸੀਟਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਇਸ ਸਬੰਧੀ ਜਾਣਕਾਰੀ ਆਪਣੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ ਹੈ।

ਸਿੱਖ ਫਾਰ ਜਸਟਿਸ ਨੇ ਲੌਬਿੰਗ ਮੁਹਿੰਮ ਨੂੰ ਲਿਆ ਵਾਪਸ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਭਾਰਤ ਵਿੱਚ ਕਈ ਜਾਂਚਾਂ ਦਾ ਸਾਹਮਣਾ ਕਰ ਰਹੇ ਅਤੇ ਗ਼ੈਰਕਾਨੂੰਨੀ ਐਲਾਨੇ ਗਏ ਗਰੁੱਪ ਸਿੱਖ ਫਾਰ ਜਸਟਿਸ ਨੇ ਅਮਰੀਕੀ ਸੰਸਦ ਮੈਂਬਰਾਂ ਵਿਚਾਲੇ ਲੌਬਿੰਗ ਦੀ ਆਪਣੀ ਮੁਹਿੰਮ ਨੂੰ ਤਿੰਨ ਮਹੀਨਿਆਂ ਵਿਚਾਲੇ ਹੀ ਬੰਦ ਕਰ ਦਿੱਤਾ ਹੈ।

ਆਪਣੇ ਰਜਿਸਟਰਡ ਲੌਬਿਸਟ, 'ਬਲੂ ਸਟਾਰ ਸਟ੍ਰੈਟੇਜੀਸ ਐੱਲਐੱਲਸੀ', 'ਸਿੱਖ ਫਾਰ ਜਸਟਿਸ' ਨੂੰ "ਯੂਐੱਸ ਆਧਾਰਿਤ ਐੱਨਜੀਓ, ਜੋ ਪੰਜਾਬ ਨੂੰ ਭਾਰਤ ਨਾਲੋਂ ਵੱਖ ਕਰਵਾਉਣਾ ਚਾਹੁੰਦੀ ਹੈ" ਵਜੋਂ ਦਰਸਾਇਆ ਗਿਆ ਹੈ।

ਲੌਬਿੰਗ ਨੇ ਆਪਣੀ ਫਾਇਲਿੰਗ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਉਸ ਦੇ ਮੁਵੱਕਿਲ ਦੇ ਵਿਸ਼ੇਸ਼ ਲੌਬਿੰਗ ਮੁੱਦਾ "ਭਾਰਤ ਵਿੱਚ ਸਿੱਖ ਭਾਈਚਾਰੇ ਬਾਰੇ ਅਮਰੀਕਾ ਵਿੱਚ ਜਾਗਰੂਕਤਾ ਫੈਲਾਉਣਾ ਸੀ।"

ਹਾਲਾਂਕਿ, ਇਸ ਮੁੰਹਿਮ ਦੇ ਵਾਪਸ ਲਏ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)