You’re viewing a text-only version of this website that uses less data. View the main version of the website including all images and videos.
ਜੰਮੂ ਏਅਰਬੇਸ ਹਮਲੇ ਬਾਰੇ ਹੁਣ ਤੱਕ ਕੀ-ਕੀ ਪਤਾ ਹੈ ਤੇ ਕਿੰਨਾ ਅਹਿਮ ਹੈ ਇਹ ਏਅਰਬੇਸ
ਜੰਮੂ ਏਅਰ ਫੋਰਸ ਸਟੇਸ਼ਨ ਦੇ ਟੈਕਨੀਕਲ ਖੇਤਰ ਵਿੱਚ ਦੋ ਜ਼ੋਰਦਾਰ ਰਹੱਸਮਈ ਧਮਾਕੇ ਤੋਂ ਬਾਅਦ ਸਰਗਮੀਆਂ ਤੇਜ਼ ਹੋ ਗਈਆਂ ਹਨ। ਕੇਂਦਰੀ ਰੱਖਿਆ ਮੰਤਰੀ ਨੇ ਇਸ ਸੰਬਧ ਵਿੱਚ ਇੱਕ ਉੱਚ ਪੱਧਰੀ ਬੈਠਰ ਵੀ ਕੀਤੀ ਹੈ।
ਭਾਰਤੀ ਹਵਾਈ ਸੈਨਾ ਨੇ ਇਸ ਘਟਨਾ 'ਤੇ ਟਵੀਟ ਕੀਤਾ ਹੈ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ, "ਐਤਵਾਰ ਦੀ ਸਵੇਰੇ ਜੰਮੂ ਏਅਰ ਫੋਰਸ ਸਟੇਸ਼ਨ ਦੇ ਟੈਕਨੀਕਲ ਇਲਾਕੇ ਵਿੱਚ ਘੱਟ ਤੀਬਰਤਾ ਦੇ ਦੋ ਧਮਾਕੇ ਹੋਏ।"
ਖ਼ਬਰ ਏਜੰਸੀ ਪੀਟੀਆਈ ਨੇ ਛੇ ਮਿੰਟਾਂ ਵਿੱਚ ਹੋਏ ਇਨ੍ਹਾਂ ਧਮਾਕਿਆਂ ਵਿੱਚ ਅਧਿਕਾਰੀਆਂ ਦੇ ਹਵਾਲੇ ਨਾਲ ਹਵਾਈ ਫ਼ੌਜ ਦੇ ਦੋ ਜਵਾਨਾਂ ਦੇ ਫੱਟੜ ਹੋਣ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ :
ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਜੰਮੂ ਦੇ ਧਮਾਕਿਆਂ ਤੋਂ ਬਾਅਦ ਪੰਜਾਬ ਦੇ ਸਰਹੱਦੀ ਖੇਤਰਾਂ ਤੇ ਫੌਜ ਨਾਲ ਜੁੜੀਆਂ ਥਾਵਾਂ ਉੱਤੇ ਅਲਟਰ ਜਾਰੀ ਕੀਤਾ ਗਿਆ ਹੈ।
ਰਵਿੰਦਰ ਸਿੰਘ ਰੌਬਿਨ ਨੇ ਸੂਹੀਆ ਏਜੰਸੀਆਂ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਜੰਮੂ ਏਅਰਬੇਸ ਹਮਲੇ ਦਾ ਨਿਸ਼ਾਨਾ ਏਅਰ ਟਰੈਫਿਕ ਕੰਟਰੋਲ ਦੀ ਇਮਾਰਤ ਅਤੇ ਟਿਕਾਣੇ ਉੱਪਰ ਖੜ੍ਹੇ ਐੱਮਆਈ-17 ਜਹਾਜ਼ ਅਤੇ ਹੈਲੀਕਾਪਟਰ ਸਨ। ਹਾਲਾਂਕਿ ਦੋਵੇਂ ਹੀ ਆਪਣਾ ਨਿਸ਼ਾਨਾ ਖੁੰਝ ਗਏ।
ਸੂਤਰਾਂ ਨੇ ਦੱਸਿਆ ਕਿ ਇੱਕ ਡਰੋਨ ਨਾਲ ਪੰਜ ਕਿੱਲੋ ਟੀਐੱਨਟੀ ਬੰਬ ਬੰਨ੍ਹਿਆ ਹੋਇਆ ਸੀ ਜਦਕਿ ਦੂਜੇ ਨਾਲ ਕੁਝ ਥੋੜ੍ਹਾ ਪੇਲੋਡ ਸੀ।
ਕੌਮੀ ਜਾਂਚ ਏਜੰਸੀ ਅਤੇ ਕੌਮੀ ਸੁਰੱਖਿਆ ਗਾਰਡ ਦੇ ਮਾਹਰ ਮੌਕੇ 'ਤੇ ਜਾਂਚ ਕਰ ਰਹੇ ਹਨ।
ਇੱਕ ਹੋਰ ਵੱਡਾ ਹਮਲਾ ਅਸਫ਼ਲ
ਜੰਮੂ-ਕਸ਼ਮੀਰ ਦੇ ਏਡੀਜੀਪੀ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ ਕਿ ਪੁਲਿਸ ਨੇ ਇੱਕ ਹੋਰ ਹਮਲੇ ਦੀ ਕੋਸ਼ਿਸ਼ ਅਸਫ਼ਲ ਕਰ ਦਿੱਤੀ ਹੈ।
ਉਨ੍ਹਾਂ ਨੇ ਦੱਸਿਆ,"ਜੰਮੂ ਪੁਲਿਸ ਨੇ 5-6 ਕਿੱਲੋ ਵਜ਼ਨ ਦਾ ਇੱਕ ਹੋਰ ਆਈਈਡੀ ਬਰਾਮਦ ਕੀਤਾ ਹੈ। ਜੋ ਕਿ ਲਸ਼ਕਰ ਦੇ ਇੱਕ ਆਪਰੇਟਿਵ ਤੋਂ ਮਿਲਿਆ ਸੀ। ਇਸ ਨੂੰ ਸ਼ਹਿਰ ਵਿੱਚ ਕਿਸੇ ਭੀੜਭੜੱਕੇ ਵਾਲੀ ਥਾਂ ਤੇ ਰੱਖਿਆ ਜਾਣਾ ਸੀ।"
"ਫੜੇ ਗਏ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰ ਵੀ ਗ੍ਰਿਫ਼ਤਾਰੀਆਂ ਦੀ ਸੰਭਾਵਾਨਾ ਹੈ। ਇਸ ਦਿਸ਼ਾ ਵਿੱਚ ਪੁਲਿਸ ਹੋਰ ਏਜੰਸੀਆਂ ਦੇ ਤਾਲਮੇਲ ਵਿੱਚ ਕੰਮ ਕਰ ਰਹੀ ਹੈ।"
"ਜੰਮੂ ਹਵਾਈ ਅੱਡੇ ਉੱਪਰ ਹੋਏ ਦੋਵਾਂ ਧਮਾਕਿਆਂ ਵਿੱਚ ਵਰਤੇ ਗਏ ਵਿਸਫ਼ੋਟਕਾਂ ਨੂੰ ਡਰੋਨ ਦੁਆਰਾ ਸੁੱਟੇ ਜਾਣ ਦਾ ਸ਼ੱਕ ਹੈ।"
ਮਾਮਲੇ ਵਿੱਚ ਪੁਲਿਸ ਨੇ ਯੂਏਪੀਏ ਦੀ ਧਾਰਾ 16,18,23 ਅਤੇ ਆਈਪੀਸੀ ਦੀ ਧਾਰਾ 307 ਅਤੇ 120-ਬੀ ਅਤੇ ਤਿੰਨ ਵਿਸਫੋ਼ਟਕ ਪਦਾਰਥ ਆਰਡੀਨੈਂਸ ਦੀਆਂ ਧਾਰਾਵਾਂ ਤਹਿਤ ਐੱਫ਼ਆਈਆਰ ਦਰਜ ਕੀਤੀ ਹੈ।
ਬੀਬੀਸੀ ਦੇ ਸਹਿਯੋਗੀ ਪੱਤਰਕਾਰ ਮੋਹਿਤ ਕੰਧਾਰੀ ਨੇ ਦੱਸਿਆ ਕਿ ਜੰਮੂ ਏਅਰਪੋਰਟ ਦੀ ਹਵਾਈ ਪੱਟੀ ਅਤੇ ਏਅਰ ਟਰੈਫ਼ਿਕ ਕੰਟਰੋਲ ਭਾਰਤੀ ਹਵਾਈ ਫ਼ੌਜ ਦੇ ਕੰਟਰੋਲ ਵਿੱਚ ਹੈ ਜਿਸ ਨੂੰ ਆਮ ਮੁਸਾਫ਼ਰੀ ਉਡਾਣਾਂ ਲਈ ਵੀ ਵਰਤਿਆ ਜਾਂਦਾ ਹੈ।
ਏਐੱਨਆਈ ਦੀ ਟੀਮ ਜਿਵੇਂ ਕਿ ਉੱਪਰ ਦੱਸਿਆ ਹੈ ਪਹਿਲਾਂ ਹੀ ਉੱਥੇ ਮੌਜੂਦ ਹੈ। ਜੰਮੂ-ਕਸ਼ਮੀਰ ਸਰਹੱਦ ਉੱਪਰ ਲਾਲ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਨਾਲ ਲਗਦੇ ਸੂਬਿਆਂ ਪੰਜਾਬ ਅਤੇ ਹਰਿਆਣੇ ਵਿੱਚ ਵੀ ਨਾਕਿਆਂ ਉੱਪਰ ਪੈਟਰੋਲਿੰਗ ਵਧਾ ਦਿੱਤੀ ਗਈ ਹੈ।
ਡੀਆਈਜੀ ਸੀਆਰਪੀਐੱਫ਼ ਵੀ ਜੰਮੂ ਏਅਰਫੋਰਸ ਸਟੇਸ਼ਨ 'ਤੇ ਪਹੁੰਚ ਗਏ ਹਨ।
ਰੱਖਿਆ ਮੰਤਰੀ ਨੇ ਕੀਤੀ ਬੈਠਕ
ਇਸੇ ਦੌਰਾਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਫ਼ੌਜ, ਬੀਆਰਓ, ਹਵਾਈ ਫ਼ੌਜ, ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ਼ ਦੇ ਪ੍ਰਸ਼ਾਸਨ ਅਤੇ ਲੇਹ ਤੇ ਕਾਰਗਿਲ ਦੇ ਸਾਂਸਦਾਂ ਨਾਲ ਇੱਕ ਉੱਚ ਪੱਧਰੀ ਬੈਠਕ ਕੀਤੀ ਹੈ।
ਬੈਠਕ ਵਿੱਚ ਲਦਾਖ਼ ਦੇ ਲੈਫ਼ਟੀਨੈਂਟ ਗਵਰਨਰ ਆਰਕੇ ਮਾਥੁਰ ਵੀ ਸ਼ਾਮਲ ਸਨ।
ਬੈਠਕ ਵਿੱਚ ਸਰਹੱਦ ਉੱਪਰ ਬਣੀ ਤਾਜ਼ਾ ਸਥਿਤੀ, ਸਰਹੱਦੀ ਇਲਾਕਿਆਂ ਵਿੱਚ ਵਸਣ ਵਾਲੇ ਲੋਕਾਂ ਬਾਰੇ ਅਤੇ ਸਰਹੱਦਾਂ ਦੀ ਰਾਖੀ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ।
ਕਦੋਂ ਹੋਇਆ ਧਮਾਕਾ ਤੇ ਕਿੰਨਾ ਨੁਕਸਾਨ
"ਇੱਕ ਧਮਾਕੇ ਕਾਰਨ ਇੱਕ ਇਮਾਰਤ ਦੀ ਛਤ ਨੂੰ ਨੁਕਸਾਨ ਪਹੁੰਚਿਆ ਹੈ ਉੱਥੇ ਦੂਜਾ ਧਮਾਕਾ ਖੁੱਲ੍ਹੇ ਵਿੱਚ ਹੋਇਆ ਹੈ।"
ਜੰਮੂ-ਕਸ਼ਮੀਰ ਅੱਡਾ ਇੱਕ ਘਰੇਲੂ ਹਵਾਈ ਅੱਡਾ ਹੈ ਜੋ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੌਮਾਂਤਰੀ ਸੀਮਾ ਤੋਂ 14 ਕਿਲੋਮੀਟਰ ਦੂਰੀ 'ਤੇ ਹੈ।
ਹਵਾਈ ਸੈਨਾ ਨੇ ਦੂਜੇ ਟਵੀਟ ਵਿੱਚ ਦੱਸਿਆ ਹੈ ਕਿ ਇਸ ਘਟਨਾ ਵਿੱਚ ਕਿਸੇ ਸਾਮਾਨ ਨੂੰ ਕੋਈ ਸਾਮਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਨਾਗਰਿਕ ਏਜੰਸੀਆਂ ਦੇ ਨਾਲ ਜਾਂਚ ਜਾਰੀ ਹੈ।
ਦੱਸਿਆ ਗਿਆ ਹੈ ਕਿ ਇਹ ਧਮਾਕਾ ਦੇਰ ਰਾਤ ਦੋ ਵਜੇ, ਟੈਕਨੀਕਲ ਇਲਾਕੇ ਦੇ ਅੰਦਰ ਹੋਇਆ ਜਿਸ ਵਿੱਚ ਭਾਰਤੀ ਹਵਾਈ ਸੈਨਾ ਇਸਤੇਮਾਲ ਕਰਦੀ ਹੈ।
ਬੀਬੀਸੀ ਦੇ ਸਹਿਯੋਗੀ ਪੱਤਰਕਾਰ ਮੋਹਿਤ ਕੰਧਾਰੀ ਨੇ ਦੱਸਿਆ ਹੈ ਕਿ ਜੰਮੂ ਏਅਰਪੋਰਟ ਦੀ ਹਵਾਈ ਪੱਟੀ ਅਤੇ ਏਅਰ ਟ੍ਰੈਫਿਕ ਭਾਰਤੀ ਹਵਾਈ ਸੈਨਾ ਕੰਟ੍ਰੋਲ ਵਿੱਚ ਹਨ, ਜਿਸ ਨੂੰ ਹਵਾਈ ਯਾਤਰੀਆਂ ਦੀ ਉਡਾਣ ਲਈ ਵਰਤੋਂ ਕੀਤਾ ਜਾਂਦਾ ਹੈ।
ਜੰਮੂ ਏਅਰ ਫੋਰਸ ਸਟੇਸ਼ਨ ਜੰਮੂ ਆਈਏਐੱਫ ਦਾ ਇੱਕ ਸਭ ਤੋਂ ਪੁਰਾਣਾ ਏਅਰ ਬੇਸ ਹੈ ਅਤੇ ਇਸ ਦਾ ਗਠਨ ਇੱਥੇ 10 ਮਰਚ, 1948 ਨੂੰ ਹੋਇਆ ਸੀ।
ਇਹ ਵੀ ਪੜ੍ਹੋ:
ਦੱਸਿਆ ਗਿਆ ਹੈ ਕਿ ਫੌਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਦੀ ਜਾਂਚ ਕਰ ਕੇ, ਉੱਥੋਂ ਕੁਝ ਨਮੂਨੇ ਇਕੱਠਾ ਕੀਤੇ ਹਨ।
ਪਹਿਲਾ ਮਾਮਲਾ ਨਹੀਂ
ਇਹ ਜੰਮੂ-ਕਸ਼ਮੀਰ ਖੇਤਰ ਵਿੱਚ ਕੀਤਾ ਗਿਆ ਕੋਈ ਪਹਿਲਾ ਡਰੋਨ ਹਮਲਾ ਨਹੀਂ ਹੈ।
ਪਿਛਲੇ ਸਾਲ 20 ਦਸੰਬਰ ਨੂੰ ਵੀ ਇੱਕ ਰਹੱਸਮਈ ਧਮਾਕਾ ਕਠੂਆ ਜਿਲ੍ਹੇ ਦੇ ਝੰਡੀ ਪਿੰਡ ਦੇ ਮੰਦਰ ਕੋਲ ਹੋਇਆ ਸੀ।
ਉਸ ਸਮੇ ਵੀ ਜਾਂਚ ਏਜੰਸੀਆਂ ਨੇ ਧਮਾਕੇ ਪਿੱਛੇ ਕਿਸੇ ਡਰੋਨ ਹਮਲੇ ਦਾ ਸ਼ੱਕ ਜਤਾਇਆ ਸੀ।
ਕਿਹਾ ਗਿਆ ਸੀ ਕਿ ਪਾਕਿਸਤਾਨ ਸਰਹੱਦ ਪਾਰੋਂ ਡਰੋਨ ਰਾਹੀਂ ਇੰਪਰੋਵਾਈਜ਼ਡ ਇਕਸਪਲੋਜ਼ਿਵ ਡਿਵਾਈਸ ਦੀ ਵਰਤੋਂ ਕਰ ਕੇ ਧਮਾਕਾ ਕਰ ਸਕਦਾ ਹੈ।
ਟੈਕਨੀਕਲ ਖੇਤਰ ਕਿੰਨਾ ਅਹਿਮ ਹੁੰਦਾ ਹੈ?
ਬੀਬੀਸੀ ਪੱਤਰਕਾਰ ਜੁਗਲ ਪ੍ਰੋਹਿਤ ਮੁਤਾਬਕ ਇਸ ਮਾਮਲੇ ਵਿੱਚ ਕਿਸੇ ਵੀ ਨਤੀਜੇ ਤੇ ਪਹੁੰਚਣਾ ਜਾਂ ਕੋਈ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ। ਫਿਰ ਵੀ ਜਿਵੇਂ ਕਿ ਏਅਰਫੋਰਸ ਨੇ ਆਪਣੇ ਟਵੀਟ ਵਿੱਚ ਟੈਕਨੀਕਲ ਖੇਤਰ ਦਾ ਜ਼ਿਕਰ ਕੀਤਾ ਹੈ, ਫਿਕਰ ਦੀ ਗੱਲ ਹੈ।
ਟੈਕਨੀਕਲ ਖੇਤਰ ਕਿਸੇ ਏਅਰਫੋਰਸ ਸਟੇਸ਼ਨ ਦਾ ਅਹਿਮ ਖੇਤਰ ਹੁੰਦਾ ਹੈ ਕਿਉਂਕਿ ਉੱਥੇ ਹੀ ਸਾਰੇ ਪੁਰਜੇ, ਏਅਰਕਰਾਫ਼ਟ ਅਤੇ ਹੈਲੀਕਾਪਟਰ ਰੱਖੇ ਗਏ ਹੁੰਦੇ ਹਨ। ਉੱਥੇ ਹੀ ਸਾਰਾ ਹਾਰਡਵੇਅਰ ਦਾ ਸਮਾਨ ਹੁੰਦਾ ਹੈ।
ਜੁਗਲ ਮੁਤਾਬਕ ਜੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਡਰੋਨ ਦੀ ਵਰਤੋਂ ਕੀਤੀ ਗਈ ਹੈ ਤਾਂ ਇਹ ਬਹੁਤ ਗੰਭੀਰ ਹੈ।
ਏਅਰਫੋਰਸ ਸਟੇਸ਼ਨ ਦੇ ਦੋ ਅਹਿਮ ਵਿੰਗ ਹੁੰਦੇ ਹਨ ਟੈਕਨੀਕਲ ਖੇਤਰ ਅਤੇ ਪ੍ਰਸ਼ਾਸਕੀ ਖੇਤਰ। ਇਸ ਲਈ ਇਸ ਘਟਨਾ ਨੂੰ ਮਹਿਜ਼ ਦੋ ਛੋਟੇ ਧਮਾਕਿਆਂ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ।
ਇਹ ਵੀ ਪੜ੍ਹੋ: